Thursday, January 12, 2012

ਮਰਦ ਸਹਿਕਰਮੀਆਂ ਪ੍ਰਤੀ ਤੁਹਾਡਾ ਵਤੀਰਾ ਕੀ ਹੋਵੇ? - ਪ੍ਰੋ: ਕੁਲਜੀਤ ਕੌਰ

ਕੰਮਕਾਜੀ ਔਰਤਾਂ ਨੂੰ ਆਪਣੇ ਦਫ਼ਤਰ ਜਾਂ ਕਿਸੇ ਵੀ ਕੰਮ ਦੇ ਸਥਾਨ 'ਤੇ ਕਈ ਤਰ੍ਹਾਂ ਦੇ ਮਰਦਾਂ ਨਾਲ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿਚ ਕਈ ਮਰਦ ਤਾਂ ਬਹੁਤ ਚੰਗੇ ਸਹਿਯੋਗੀ ਹੁੰਦੇ ਹਨ ਤੇ ਕਈ ਸਹਿਕਰਮੀਆਂ ਨਾਲ ਤਾਲਮੇਲ ਬਿਠਾਉਣਾ ਮੁਸ਼ਕਿਲ ਹੋ ਜਾਂਦਾ ਹੈ। ਅੱਜ ਹਰ ਖੇਤਰ ਵਿਚ ਔਰਤਾਂ ਮਰਦਾਂ ਦੇ ਬਰਾਬਰ ਖੜ੍ਹੀਆਂ ਹਨ ਪਰ ਕੁਝ ਮਰਦ ਅੱਜ ਵੀ ਔਰਤਾਂ ਦੀ ਇਸ ਬਰਾਬਰੀ ਨੂੰ ਸਵੀਕਾਰ ਕਰਨ ਤੋਂ ਝਿਜਕਦੇ ਹਨ। ਇਸੇ ਕਰਕੇ ਹੀ ਕਈ ਔਰਤਾਂ ਦੇ ਸਹਿਕਰਮੀ ਮਰਦਾਂ ਨਾਲ ਤਣਾਓ ਉੱਭਰ ਆਉਂਦੇ ਹਨ। ਦਫ਼ਤਰ ਜਾਂ ਕਿਸੇ ਵੀ ਕੰਮ ਦੇ ਸਥਾਨ 'ਤੇ ਜਾਣ ਵਾਲੀਆਂ ਔਰਤਾਂ ਦਾ ਜਿਨ੍ਹਾਂ ਮਰਦਾਂ ਨਾਲ ਵਾਹ ਪੈਂਦਾ ਹੈ, ਉਨ੍ਹਾਂ ਵਿਚ ਕਈ ਕਮੀਆਂ ਅਤੇ ਕਈ ਖੂਬੀਆਂ ਹੋ ਸਕਦੀਆਂ ਹਨ ਪਰ ਔਰਤਾਂ ਨੇ ਕਿਸ ਤਰ੍ਹਾਂ ਸੰਤੁਲਨ ਰੱਖਣਾ ਹੈ, ਇਹ ਉਨ੍ਹਾਂ ਦੇ ਆਪਣੇ ਵਿਹਾਰ ਉੱਪਰ ਨਿਰਭਰ ਕਰਦਾ ਹੈ।

• ਕੁਝ ਮਰਦ ਸਹਿਕਰਮੀ ਅਜਿਹੇ ਵੀ ਮਿਲਣਗੇ, ਜੋ ਖੁਦ ਹੀਣ ਭਾਵਨਾ ਦਾ ਸ਼ਿਕਾਰ ਹੁੰਦੇ ਹਨ। ਜੇਕਰ ਔਰਤ ਉੱਚ ਰੁਤਬੇ ਉੱਪਰ ਹੈ ਤਾਂ ਅਜਿਹੇ ਸਹਿਕਰਮੀਆਂ ਨੂੰ ਔਰਤ ਦੇ ਅਧੀਨ ਕੰਮ ਕਰਨਾ ਆਪਣੀ ਸ਼ਾਨ ਦੇ ਖਿਲਾਫ ਜਾਪਦਾ ਹੈ। ਇਸ ਲਈ ਉਹ ਔਰਤ ਅਫਸਰ ਦਾ ਸਾਹਮਣਾ ਘੱਟ ਕਰਦੇ ਹਨ ਅਤੇ ਜੇਕਰ ਉਨ੍ਹਾਂ ਦੇ ਅਧੀਨ ਕੋਈ ਇਸਤਰੀ ਨੌਕਰੀ ਕਰਦੀ ਹੋਵੇ ਤਾਂ ਉਹ ਉਸ ਦੇ ਕੰਮ ਵਿਚ ਗਲਤੀਆਂ ਕੱਢਦੇ ਰਹਿਣਗੇ।

• ਕੁਝ ਮਰਦ ਸਹਿਕਰਮੀ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦਾ ਸਬੰਧ ਅਜਿਹੇ ਸਮਾਜਿਕ ਮਾਹੌਲ ਨਾਲ ਹੁੰਦਾ ਹੈ, ਜਿਥੇ ਉਨ੍ਹਾਂ ਨੇ ਔਰਤਾਂ ਨੂੰ ਕੰਮਕਾਜ ਕਰਦਿਆਂ ਦੇਖਿਆ ਹੁੰਦਾ ਹੈ ਅਤੇ ਉਨ੍ਹਾਂ ਦੀ ਮਾਨਸਿਕਤਾ ਕਾਫੀ ਸੁਧਰ ਚੁੱਕੀ ਹੁੰਦੀ ਹੈ। ਉਹ ਔਰਤ ਸਹਿਕਰਮੀਆਂ ਨਾਲ ਬੜਾ ਸੁਲਝਿਆ ਵਿਹਾਰ ਕਰਦੇ ਹਨ। ਜੇਕਰ ਉਹ ਔਰਤ ਤੋਂ ਉੱਚ ਅਹੁਦੇ 'ਤੇ ਹਨ ਤਾਂ ਉਹ ਝਿੜਕਣ ਲੱਗਿਆਂ ਵੀ ਸੱਭਿਅਕ ਤਰੀਕੇ ਤੋਂ ਹੀ ਕੰਮ ਲੈਂਦੇ ਹਨ। ਜੇਕਰ ਬਰਾਬਰੀ ਦੇ ਹਨ ਤਾਂ ਦੋਸਤਾਨਾ ਤਰੀਕੇ ਨਾਲ ਵਿਹਾਰ ਕਰਨਗੇ।

• ਅਜਿਹੇ ਸਹਿਕਰਮੀ ਮਰਦ ਵੀ ਹੋ ਸਕਦੇ ਹਨ, ਜੋ ਕੇਵਲ ਦਫ਼ਤਰ ਵਿਚ ਸਮਾਂ ਬਿਤਾਉਣ ਆਉਂਦੇ ਹਨ। ਉਹ ਬਿਨਾਂ ਵਜ੍ਹਾ ਹੀ ਔਰਤ ਸਹਿਕਰਮੀ ਨੂੰ ਬੁਲਾਉਣ, ਗੱਲਬਾਤ ਕਰਨ ਵਿਚ ਰੁਚੀ ਰੱਖਦੇ ਹਨ। ਉਹ ਆਪਣਾ ਵੀ ਅਤੇ ਔਰਤ ਸਹਿਕਰਮੀਆਂ ਦਾ ਸਮਾਂ ਵੀ ਖਰਾਬ ਕਰਦੇ ਹਨ। ਅਜਿਹੇ ਚਿਪਕੂ ਕਿਸਮ ਦੇ ਮਰਦ ਸਹਿਕਰਮੀਆਂ ਤੋਂ ਬਚਣਾ ਚਾਹੀਦਾ ਹੈ।

• ਕੰਮਕਾਜੀ ਔਰਤਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਕੁਝ ਮਰਦ ਸਹਿਕਰਮੀ ਅਜਿਹੇ ਵੀ ਹੁੰਦੇ ਹਨ, ਜਿਹੜੇ ਔਰਤਾਂ ਦੇ ਸਾਹਮਣੇ ਤਾਂ ਬੜਾ ਮਿੱਠਾ ਬੋਲਦੇ ਹਨ ਪਰ ਪਿੱਠ ਪਿੱਛੇ ਬੁਰਾਈਆਂ ਕਰਦੇ ਹਨ। ਔਰਤਾਂ ਦੀਆਂ ਝੂਠੀਆਂ ਕਹਾਣੀਆਂ, ਕਿੱਸੇ ਬਣਾ ਕੇ ਹੋਰਨਾਂ ਨੂੰ ਸੁਣਾਉਂਦੇ ਹਨ। ਅਜਿਹੇ ਮਰਦ ਸਹਿਕਰਮੀਆਂ ਤੋਂ ਬਚ ਕੇ ਰਹਿਣਾ ਜ਼ਰੂਰੀ ਹੈ।

• ਇਸ ਤਰ੍ਹਾਂ ਨਹੀਂ ਕਿ ਸਾਰੇ ਮਰਦ ਸਹਿਕਰਮੀ ਠੀਕ ਨਹੀਂ ਹੁੰਦੇ, ਬਹੁਤ ਘੱਟ ਹੀ ਸਹੀ ਪਰ ਅਜਿਹੇ ਮਰਦ ਸਹਿਕਰਮੀ ਵੀ ਹੁੰਦੇ ਹਨ, ਜੋ ਔਰਤਾਂ ਦੀ ਮਦਦ ਕਰਦੇ ਹਨ, ਉਨ੍ਹਾਂ ਉੱਪਰ ਭਰੋਸਾ ਕੀਤਾ ਜਾ ਸਕਦਾ ਹੈ। ਜੇਕਰ ਹੋਰ ਮਰਦ ਕਿਸੇ ਸਹਿਕਰਮੀ ਔਰਤ ਬਾਰੇ ਬੁਰੀ ਭਾਸ਼ਾ ਜਾਂ ਬੁਰੀ ਭਾਵਨਾ ਵਾਲੇ ਸ਼ਬਦ ਬੋਲਦੇ ਹਨ ਤਾਂ ਅਜਿਹੇ ਮਰਦ ਹਿੰਮਤ ਕਰਕੇ ਵਿਰੋਧ ਵੀ ਕਰਦੇ ਹਨ। ਉਨ੍ਹਾਂ ਲਈ ਇਸਤਰੀ ਜਾਂ ਪੁਰਖ ਸਹਿਕਰਮੀ ਹੋਣਾ ਕੋਈ ਅਰਥ ਨਹੀਂ ਰੱਖਦਾ, ਉਹ ਤਾਂ ਸਮਾਨ ਵਿਹਾਰ ਕਰਦੇ ਹਨ।

• ਮਰਦ ਸਹਿਕਰਮੀਆਂ ਵਿਚ ਇਕ ਵਰਗ ਉਨ੍ਹਾਂ ਮਰਦਾਂ ਦਾ ਵੀ ਹੈ, ਜਿਹੜੇ ਅਜਿਹੇ ਪਰਿਵਾਰਾਂ ਵਿਚੋਂ ਆਉਂਦੇ ਹਨ, ਜਿਥੇ ਕਦੀ ਔਰਤਾਂ ਬਾਹਰ ਹੀ ਨਹੀਂ ਨਿਕਲੀਆਂ ਹੁੰਦੀਆਂ, ਜਿਥੇ ਮਰਦਾਂ ਦਾ ਦਬਦਬਾ ਰਹਿੰਦਾ ਹੈ, ਉਹ ਔਰਤ ਨੂੰ ਘਰ ਦੀ ਸ਼ੋਭਾ ਮੰਨਦੇ ਹਨ। ਉਹ ਔਰਤਾਂ ਨੂੰ ਬਾਹਰ ਦਫ਼ਤਰੀ ਜਾਂ ਹੋਰ ਕੰਮਕਾਜੀ ਖੇਤਰ ਵਿਚ ਬਰਦਾਸ਼ਤ ਹੀ ਨਹੀਂ ਕਰ ਸਕਦੇ। ਉਹ ਅਕਸਰ ਇਸੇ ਤਾਕ ਵਿਚ ਰਹਿੰਦੇ ਹਨ ਕਿ ਔਰਤ ਕੋਈ ਗ਼ਲਤੀ ਕਰੇ ਤੇ ਉਹ ਉਸ ਨੂੰ ਦਫ਼ਤਰੀ ਕੰਮਕਾਜ ਵਿਚ ਨੀਵਾਂ ਦਿਖਾਉਣ।

ਹੁਣ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੰਮਕਾਜੀ ਔਰਤਾਂ ਪੁਰਖ ਸਹਿਕਰਮੀਆਂ ਨਾਲ ਕਿਵੇਂ ਤਾਲਮੇਲ ਬਿਠਾਉਣ ਕਿ ਉਨ੍ਹਾਂ ਦਾ ਕੰਮ ਵੀ ਪ੍ਰਭਾਵਿਤ ਨਾ ਹੋਵੇ ਅਤੇ ਤਣਾਓ ਵੀ ਨਾ ਹੋਵੇ।

• ਪਹਿਲੀ ਗੱਲ ਜੋ ਵਿਸ਼ੇਸ਼ ਧਿਆਨ ਦੇਣ ਯੋਗ ਹੈ, ਉਹ ਇਹ ਹੈ ਕਿ ਕੰਮਕਾਜੀ ਔਰਤਾਂ ਦਾ ਕੰਮ ਦੇ ਸਥਾਨ ਉੱਪਰ ਜਾਣ ਦਾ ਪਹਿਰਾਵਾ ਬੜਾ ਸਾਫ਼-ਸੁਥਰਾ ਅਤੇ ਸੱਭਿਅਕ ਹੋਵੇ। ਇਸ ਤਰ੍ਹਾਂ ਦਾ ਉਤੇਜਕ ਪਹਿਰਾਵਾ ਨਾ ਪਹਿਨੋ ਕਿ ਮਰਦ ਸਹਿਕਰਮੀਆਂ ਦਾ ਧਿਆਨ ਤੁਹਾਡੇ ਵੱਲ ਵਧੇਰੇ ਆਕਰਸ਼ਤ ਹੋਵੇ। ਉਹ ਪਿੱਠ ਪਿੱਛੇ ਤੁਹਾਡਾ ਮਜ਼ਾਕ ਨਾ ਉਡਾਉਣ।

• ਸਮੇਂ ਦੇ ਪਾਬੰਦ ਰਹੋ ਤਾਂ ਕਿ ਮਰਦ ਸਹਿਕਰਮੀਆਂ ਨੂੰ ਇਹ ਕਹਿਣ ਦਾ ਮੌਕਾ ਨਾ ਮਿਲੇ ਕਿ ਔਰਤਾਂ ਨੂੰ ਘਰ ਹੀ ਬੈਠਣਾ ਚਾਹੀਦਾ ਹੈ। ਚਾਹੇ ਘਰ ਦਾ ਕੰਮ-ਕਾਜ ਛੱਡ ਕੇ ਜਾਣਾ ਪਵੇ, ਦਫ਼ਤਰ ਵਿਚ ਕਿਸੇ ਮਰਦ ਦੇ ਤਰਸ ਦੇ ਪਾਤਰ ਨਾ ਬਣੀਏ। ਉਨ੍ਹਾਂ ਅੱਗੇ ਆਪਣੀਆਂ ਮਜਬੂਰੀਆਂ ਜਾਂ ਔਰਤ ਹੋਣ ਕਾਰਨ ਦੋਹਰੀ ਜ਼ਿੰਮੇਵਾਰੀ ਦੀ ਲਾਚਾਰੀ ਜ਼ਾਹਰ ਨਾ ਕਰੋ।

• ਆਪਣਾ ਕੰਮ ਖੁਦ ਕਰੋ। ਬੁਰੀਆਂ ਨਜ਼ਰਾਂ ਨਾਲ ਦੇਖਣ ਵਾਲੇ ਮਰਦਾਂ ਨੂੰ ਨਾਜਾਇਜ਼ ਫਾਇਦਾ ਨਾ ਉਠਾਉਣ ਦਿਓ। ਕੰਮ ਨਾਲ ਕੋਈ ਸਮਝੌਤਾ ਨਹੀਂ ਦਾ ਸਿਧਾਂਤ ਅਪਣਾ ਕੇ ਦੇਖੋ, ਮਰਦ ਸਹਿਕਰਮੀ ਤੁਹਾਡੀ ਪ੍ਰਤਿਭਾ ਦਾ ਲੋਹਾ ਮੰਨਣਗੇ।

• ਮਰਦ ਸਹਿਕਰਮੀਆਂ ਨਾਲ ਗੱਲਬਾਤ ਕਰਨੀ ਪੈਂਦੀ ਹੈ ਅਤੇ ਜ਼ਰੂਰੀ ਵੀ ਹੈ ਪਰ ਇਕ ਦੂਰੀ ਬਣਾਈ ਰੱਖੋ। ਉਨ੍ਹਾਂ ਦੁਆਰਾ ਕੀਤਾ ਕੋਈ ਵਿਹਾਰ ਬੁਰਾ ਲੱਗੇ ਤਾਂ ਅਹਿਸਾਸ ਕਰਾਓ ਕਿ ਉਨ੍ਹਾਂ ਨੇ ਬੁਰਾ ਕਿਹਾ ਜਾਂ ਕੀਤਾ ਹੈ।

• ਮਰਦ ਸਹਿਕਰਮੀਆਂ ਨਾਲ ਘਰ ਦੀਆਂ ਪ੍ਰੇਸ਼ਾਨੀਆਂ ਸਾਂਝੀਆਂ ਨਾ ਕਰੋ। ਆਪਣੇ ਪਤੀ ਜਾਂ ਹੋਰ ਪਰਿਵਾਰਕ ਮੈਂਬਰਾਂ ਨਾਲ ਹੋਏ ਝਗੜੇ ਨੂੰ ਦਫ਼ਤਰ ਦੇ ਮਰਦਾਂ ਨਾਲ ਸਾਂਝਾ ਨਾ ਕਰੋ।

• ਜੇਕਰ ਔਰਤ ਅਫਸਰ ਦੇ ਅਧੀਨ ਮਰਦ ਸਹਿਕਰਮੀ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਬਣਦਾ ਆਦਰ ਦੇਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦਾ ਕੰਮ ਕਰਨ ਵਿਚ ਉਤਸ਼ਾਹ ਬਣਿਆ ਰਹੇ।

ਇਸ ਪ੍ਰਕਾਰ ਉਪਰੋਕਤ ਗੱਲਾਂ ਦਾ ਧਿਆਨ ਰੱਖ ਕੇ ਮਰਦ ਸਹਿਕਰਮੀਆਂ ਨਾਲ, ਚਾਹੇ ਉਹ ਤੁਹਾਡੇ ਅਫਸਰ ਹੋਣ ਜਾਂ ਤੁਹਾਡੇ ਅਧੀਨ ਕੰਮ ਕਰਦੇ ਹੋਣ, ਉਨ੍ਹਾਂ ਨਾਲ ਰਿਸ਼ਤਾ ਚੰਗੀ ਤਰ੍ਹਾਂ ਨਿਭਾਇਆ ਜਾ ਸਕਦਾ ਹੈ।
-ਐਚ. ਐਮ. ਵੀ., ਜਲੰਧਰ।
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 12.01.2012

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms