Wednesday, January 11, 2012

ਆਓ ਜਾਣੀਏ ਤੁਹਾਡਾ ਅਸਲੀ ਰੂਪ - ਪੇਸ਼ਕਸ਼ : ਪਿੰਕੀ

ਕਹਿੰਦੇ ਹਨ ਕਿ ਚੰਗੇ ਵਕਤ ਵਿਚ ਕਿਸੇ ਦੇ ਕੰਮ ਆਓ ਜਾਂ ਨਾ ਆਓ ਪਰ ਬੁਰੇ ਵਕਤ ਵਿਚ ਹਮੇਸ਼ਾ ਲੋਕਾਂ ਦੇ ਕੰਮ ਆਉਣਾ ਚਾਹੀਦਾ ਹੈ। ਇਸ ਗੱਲ ਦੀ ਪੁਸ਼ਟੀ ਲਈ ਥੱਲੇ ਦਿੱਤੀ ਜਾ ਰਹੀ ਪੇਸ਼ਕਸ਼ ਵਿਚ ਇਮਾਨਦਾਰੀ ਨਾਲ ਹਿੱਸਾ ਲਓ ਅਤੇ ਜਾਣੋ ਕਿ ਤੁਸੀਂ ਸੱਚਮੁੱਚ ਦੂਜਿਆਂ ਨੂੰ ਕਿੰਨਾ ਸਹਿਯੋਗ ਦਿੰਦੇ ਹੋ?

1) ਪਿਛਲੇ ਹਫਤੇ ਤੋਂ ਤੁਹਾਡੀ ਇਕ ਸਹਿਕਰਮੀ ਦਫਤਰ ਨਹੀਂ ਆਉਂਦੀ ਅਤੇ ਮਾਲਕ ਨੇ ਇਕ ਨਵਾਂ ਪ੍ਰੋਜੈਕਟ ਦਿੱਤਾ ਹੈ। ਇਸ ਸਥਿਤੀ ਵਿਚ-

(ਕ) ਜੇਕਰ ਉਹ ਉਸ ਬਾਰੇ ਪੁੱਛੇਗੀ ਤਾਂ ਦੱਸਣ ਵਿਚ ਹਰਜ਼ ਨਹੀਂ ਹੈ।
(ਖ) ਮੈਂ ਕਿਉਂ ਦੱਸਾਂ? ਉਹ ਖੁਦ ਮਾਲਕ ਨੂੰ ਕਿਉਂ ਨਹੀਂ ਪੁੱਛਦੀ।
(ਗ) ਬਿਨਾਂ ਪੁੱਛੇ ਦੱਸ ਦਿਓਗੇ। ਆਖਰਕਾਰ ਅਜਿਹਾ ਮੇਰੇ ਨਾਲ ਵੀ ਹੋ ਸਕਦਾ ਹੈ।

2) ਘਰ ਵਿਚ ਖਾਣਾ ਬਣਾਉਣ ਵਾਲੀ ਨੇ ਬਹੁਤ ਸੁਆਦ ਖਾਣਾ ਬਣਾਇਆ। ਤੁਸੀਂ-

(ਕ) ਕਹੋਗੇ ਕਿ ਅੱਜ ਖਾਣਾ ਮੈਂ ਬਣਾਇਆ ਹੈ।
(ਖ) ਖੁਦ ਉਸ ਦੀ ਤਾਰੀਫ ਕਰੋਗੇ।
(ਗ) ਸੋਚੋਗੇ ਇਹ ਉਸ ਦਾ ਕੰਮ ਹੈ, ਇਸ ਵਿਚ ਤਾਰੀਫ ਕਰਨ ਦੀ ਕੀ ਗੱਲ ਹੈ।

3) ਤੁਹਾਡੇ ਗੁਆਂਢ ਵਿਚ ਅਚਾਨਕ ਅੱਧੀ ਰਾਤ ਨੂੰ ਕਿਸੇ ਦੀ ਤਬੀਅਤ ਬਹੁਤ ਖਰਾਬ ਹੋ ਗਈ ਹੈ ਤਾਂ ਤੁਸੀਂ ਸੋਚੋਗੇ-

(ਕ) ਗੁਆਂਢ ਹੋਣ ਨਾਤੇ ਮਦਦ ਕਰਨਾ ਫਰਜ਼ ਹੈ।
(ਖ) ਆਪਣੀ ਨੀਂਦ ਕੌਣ ਖਰਾਬ ਕਰਦਾ ਹੈ।
(ਗ) ਸੁਭਾਅ 'ਤੇ ਨਿਰਭਰ ਹੈ।

4) ਆਪਣੇ ਪਤੀ ਦੀ ਉਸ ਦੇ ਦਫਤਰੀ ਕੰਮਕਾਜ ਵਿਚ ਮਦਦ ਕਰਨ ਤੋਂ ਬਾਅਦ ਤੁਸੀਂ-

(ਕ) ਕਹੋਗੇ ਕਿ ਉਹ ਖੁਦ ਤਾਰੀਫ ਕਰੇ।
(ਖ) ਪਤੀ ਦੀ ਮਦਦ ਕਰਨਾ ਆਪਣੀ ਜ਼ਿੰਮੇਵਾਰੀ ਸਮਝਦੇ ਹੋ।
(ਗ) ਦੂਜਿਆਂ ਸਾਹਮਣੇ ਵਧਾ-ਚੜ੍ਹਾ ਕੇ ਕਹੋਗੇ ਕਿ ਤੁਸੀਂ ਆਪਣੇ ਪਤੀ ਦੀ ਮਦਦ ਕੀਤੀ ਹੈ।

5) ਤੁਸੀਂ ਆਪਣੇ ਸਹਿਯੋਗੀਆਂ ਨਾਲ ਪਿਕਨਿਕ 'ਤੇ ਜਾਣ ਵਾਲੇ ਹੋ। ਉਥੇ ਜਾਣ ਲਈ ਤੁਸੀਂ ਕੁਝ ਸੁਝਾਅ ਦਿੱਤੇ। ਇਸ ਸਥਿਤੀ ਵਿਚ ਤੁਸੀਂ-

(ਕ) ਵਧਾ-ਚੜ੍ਹਾ ਕੇ ਬੋਲੋਗੇ ਕਿ ਤੁਸੀਂ ਕਈ ਦਿਨਾਂ ਤੋਂ ਇਸ 'ਤੇ ਕੰਮ ਕਰ ਰਹੇ ਸੀ।
(ਖ) ਕਹੋਗੇ ਕਿ ਇਸ ਵਿਚ ਹੋਰ ਸਹਿਕਰਮੀਆਂ ਦਾ ਵੀ ਸਹਿਯੋਗ ਹੈ।
(ਗ) ਹੱਸ ਕੇ ਗੱਲ ਟਾਲ ਦਿਓਗੇ।

6) ਰਾਹ ਵਿਚ ਤੁਸੀਂ ਦੇਖਦੇ ਹੋ ਕਿ ਇਕ ਬੁੱਢੀ ਔਰਤ ਆਪਣਾ ਸਾਮਾਨ ਲੈ ਕੇ ਡਿਗਣ ਵਾਲੀ ਹੈ। ਤੁਸੀਂ-

(ਕ) ਦੌੜ ਕੇ ਉਸ ਦੀ ਮਦਦ ਕਰੋਗੇ।
(ਖ) ਸੋਚੋਗੇ ਸਮਾਂ ਕਿਉਂ ਬਰਬਾਦ ਕਰਨਾ।
(ਗ) ਦੇਖ ਕੇ ਅਣਦੇਖਿਆ ਕਰ ਦਿਓਗੇ।

7) ਦਫਤਰ ਵਿਚ ਤੁਹਾਡੇ ਸਹਿਕਰਮੀ ਨੇ ਤੁਹਾਡੀ ਪੂਰੀ ਮਦਦ ਕੀਤੀ ਹੈ। ਮਾਲਕ ਨੇ ਉਸ ਲਈ ਤੁਹਾਡੀ ਤਾਰੀਫ ਵੀ ਕੀਤੀ। ਇਸ ਸਥਿਤੀ ਵਿਚ ਤੁਸੀਂ-

(ਕ) ਮਾਲਕ ਨੂੰ ਦੱਸੋਗੇ ਕਿ ਪੂਰਾ ਕੰਮ ਤੁਹਾਡਾ ਨਹੀਂ ਹੈ।
(ਖ) ਮਾਲਕ ਸਾਹਮਣੇ ਚੁੱਪ ਰਹੋਗੇ।
(ਗ) ਸਹਿਕਰਮੀ ਦਾ ਨਾਂਅ ਲਵੋਗੇ ਪਰ ਮੁੱਖ ਭੂਮਿਕਾ ਤੁਹਾਡੀ ਹੈ, ਇਹ ਭਰਮ ਵੀ ਬਣਾਈ ਰੱਖੋਗੇ।

ਅੰਕ ਤਾਲਿਕਾ

ਕ੍ਰਮ ਕ ਖ ਗ

1) 2 0 5

2) 0 5 0

3) 5 0 0

4) 2 5 0

5) 0 5 5

6) 5 0 0

7) 5 0 2

ਨਤੀਜਾ

(ਕ) ਜੇਕਰ ਤੁਹਾਡੇ ਪ੍ਰਾਪਤ ਅੰਕ 25 ਤੋਂ 35 ਤੱਕ ਹਨ ਤਾਂ ਇਹ ਕਹਿਣਾ ਚਾਹੀਦਾ ਹੈ ਕਿ ਤੁਸੀਂ ਸੱਚਮੁੱਚ ਦੂਜਿਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹੋ ਅਤੇ ਉਸ ਮਦਦ ਦਾ ਜ਼ਿਕਰ ਵੀ ਨਹੀਂ ਕਰਨਾ ਚਾਹੁੰਦੇ। ਤੁਹਾਡੀ ਇਸ ਖੂਬੀ ਨਾਲ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਤੁਹਾਡੇ ਦੋਸਤਾਂ ਦੀ ਸੂਚੀ ਕਾਫੀ ਲੰਬੀ-ਚੌੜੀ ਹੋਵੇਗੀ। ਦਰਅਸਲ ਤੁਹਾਡੇ ਵਰਗੀ ਔਰਤ ਲੋਕਾਂ ਵਿਚਕਾਰ ਆਦਰਸ਼ ਦਾ ਕੰਮ ਕਰਦੀ ਹੈ। ਤੁਹਾਡੇ ਲਈ ਏਨਾ ਕਹਿਣਾ ਕਾਫੀ ਹੈ ਕਿ ਅਜਿਹੇ ਹੀ ਬਣੇ ਰਹੋ।

(ਖ) ਜੇ ਪ੍ਰਾਪਤ ਅੰਕ 13 ਤੋਂ 24 ਤੱਕ ਹਨ ਤਾਂ ਸਪੱਸ਼ਟ ਹੁੰਦਾ ਹੈ ਕਿ ਤੁਸੀਂ ਮਦਦ ਕਰਨ ਵਿਚ ਯਕੀਨ ਕਰਦੇ ਹੋ ਪਰ ਥੋੜ੍ਹੀ-ਬਹੁਤ ਦਿਖਾਵਟੀ ਵੀ ਹੋ। ਕਹਿਣ ਦਾ ਮਤਲਬ ਹੈ ਕਿ ਜਿਥੇ ਤੁਹਾਡਾ ਮਨ ਹੁੰਦਾ ਹੈ, ਤੁਸੀਂ ਉਥੇ ਮਦਦ ਕਰਦੇ ਹੋ, ਜਦਕਿ ਹਮੇਸ਼ਾ ਇਹ ਸਹੀ ਨਹੀਂ ਹੁੰਦਾ। ਕਿਉਂਕਿ ਕਦੇ-ਕਦੇ ਅਣਜਾਣ ਤੋਂ ਵੀ ਮਦਦ ਮੰਗਣੀ ਪੈਂਦੀ ਹੈ। ਇਸ ਲਈ ਉਨ੍ਹਾਂ ਦੀ ਵੀ ਮਦਦ ਕਰੋ, ਜਿਨ੍ਹਾਂ ਨਾਲ ਤੁਹਾਡਾ ਸਰੋਕਾਰ ਨਹੀਂ ਹੈ।

(ਗ) ਜੇਕਰ ਤੁਹਾਡੇ 14 ਤੋਂ ਘੱਟ ਅੰਕ ਹਨ ਤਾਂ ਤੁਹਾਡੇ ਲਈ ਏਨਾ ਹੀ ਕਹਿਣਾ ਬਹੁਤ ਹੈ ਕਿ ਤੁਸੀਂ ਕਰਦੇ ਕੁਝ ਨਹੀਂ ਹੋ ਪਰ ਜ਼ਿਕਰ ਕਰਵਾਉਣਾ ਚਾਹੁੰਦੇ ਹੋ। ਤੁਹਾਡੇ ਅਜਿਹੇ ਰਵੱਈਏ ਕਾਰਨ ਤੁਸੀਂ ਆਪਣੇ ਜਾਣਨ ਵਾਲਿਆਂ ਵਿਚਕਾਰ ਪਿਆਰੇ ਨਹੀਂ ਹੋ। ਦਿਖਾਵੇ ਦੇ ਰੂਪ ਵਿਚ ਕਿਸੇ ਦੀ ਮਦਦ ਕਰਨਾ ਦੂਜਿਆਂ ਦੀਆਂ ਨਜ਼ਰਾਂ ਵਿਚ ਮਹਾਨ ਨਹੀਂ ਬਣਾਉਂਦਾ। ਸੋ, ਖੁਦ ਨੂੰ ਬਦਲੋ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 05.11.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms