Monday, November 28, 2011

ਕੁਝ ਗੱਲਾਂ ਜ਼ਰੂਰ ਸਿਖਾਓ ਵਿਆਹੁਣ ਵਾਲੀ ਬੇਟੀ ਨੂੰ - ਨੀਤੂ ਗੁਪਤਾ

• ਬੇਟੀ ਨੂੰ ਇਹ ਸਮਝਾਓ ਕਿ ਲੜਕੇ ਦੇ ਮਾਤਾ-ਪਿਤਾ ਹੁਣ ਉਸ ਦੇ ਵੀ ਮਾਤਾ-ਪਿਤਾ ਹਨ, ਜਿਨ੍ਹਾਂ ਨੂੰ ਉਹ ਪੂਰਾ ਸਨਮਾਨ ਤੇ ਸਨੇਹ ਦੇਵੇ, ਜਿਵੇਂ ਉਹ ਆਪਣੇ ਮਾਤਾ-ਪਿਤਾ ਨੂੰ ਦਿੰਦੀ ਹੈ।

• ਉਸ ਨੂੰ ਇਹ ਦੱਸੋ ਕਿ ਆਪਣੇ ਸਦ-ਵਿਹਾਰ ਨਾਲ ਹੀ ਉਹ ਪਰਿਵਾਰ ਦੇ ਮੈਂਬਰਾਂ ਦਾ ਦਿਲ ਜਿੱਤ ਸਕਦੀ ਹੈ।

• ਆਪਣੀ ਲਾਡਲੀ ਨੂੰ ਇਹ ਵੀ ਦੱਸੋ ਕਿ ਵਿਆਹ ਤੋਂ ਬਾਅਦ ਉਹ ਸਹੁਰੇ ਘਰ ਦੇ ਰੀਤੀ-ਰਿਵਾਜਾਂ ਨੂੰ ਹੀ ਅਪਣਾਵੇ। ਸਾਡੇ ਪੇਕੇ ਵਿਚ ਇਹ ਰਿਵਾਜ ਹੈ, ਇਸ ਦੀ ਵਿਆਖਿਆ ਨਾ ਕਰੇ।

• ਸਹੁਰੇ ਘਰ ਵਿਚ ਲੜਕੀ ਨੂੰ ਮਿੱਠੀ ਤੇ ਧੀਮੀ ਆਵਾਜ਼ ਵਿਚ ਗੱਲ ਕਰਨੀ ਚਾਹੀਦੀ ਹੈ, ਉਸ ਨੂੰ ਇਹ ਗੁਣ ਜ਼ਰੂਰ ਦੱਸੋ।

• ਬੇਟੀ ਨੂੰ ਇਹ ਵੀ ਸਿਖਾਓ ਕਿ ਨੂੰਹ ਬਣਨ 'ਤੇ ਉਸ ਨੂੰ ਦੋਵਾਂ ਪਰਿਵਾਰਾਂ ਵਿਚਕਾਰ ਇਕ ਪੁਲ ਦਾ ਕੰਮ ਕਰਨਾ ਪੈਣਾ ਹੈ ਅਤੇ ਇਹ ਵੀ ਧਿਆਨ ਰੱਖਣਾ ਹੈ ਕਿ ਪੁਲ ਵਿਚ ਦਰਾੜ ਨਾ ਪਵੇ।

• ਬੇਟੀ ਨੂੰ ਘਰ ਦੇ ਕੰਮਾਂ ਵਿਚ ਤਜਰਬੇਕਾਰ ਬਣਾਓ ਤਾਂ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਸ਼ਰਮਿੰਦਗੀ ਨਾ ਝੱਲਣੀ ਪਵੇ ਅਤੇ ਉਸ ਨੂੰ ਸਮਝਾਓ ਕਿ ਘਰ ਦਾ ਕੰਮ ਕਰਨ ਵਿਚ ਕੋਈ ਬੁਰਾਈ ਨਹੀਂ ਹੈ, ਇਸ ਲਈ ਕੰਮ ਕਰਨ ਵਿਚ ਝਿਜਕੇ ਨਾ।

• ਬੇਟੀ ਨੂੰ ਆਪਣੇ ਨਾਲ ਲਿਆਂਦੇ ਤੋਹਫਿਆਂ ਤੇ ਭੌਤਿਕ ਸੁਖ-ਸਹੂਲਤਾਂ ਦੀਆਂ ਚੀਜ਼ਾਂ 'ਤੇ ਘੁਮੰਡ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਪਰਿਵਾਰ ਦੇ ਹੋਰ ਮੈਂਬਰ ਵੀ ਵਰਤੋਂ ਵਿਚ ਲਿਆ ਸਕਦੇ ਹਨ, ਅਜਿਹੀਆਂ ਭਾਵਨਾਵਾਂ ਬੇਟੀ ਨੂੰ ਦਿਓ।

• ਆਪਣੇ ਰੂਪ, ਖੂਬਸੂਰਤੀ ਅਤੇ ਆਪਣੀ ਪ੍ਰਤਿਭਾ 'ਤੇ ਹੰਕਾਰ ਨਹੀਂ ਕਰਨਾ ਚਾਹੀਦਾ।

• ਪਤੀ ਤੇ ਪਰਿਵਾਰ ਪ੍ਰਤੀ ਸੱਚੇ ਤੇ ਇਮਾਨਦਾਰ ਰਹਿਣਾ ਚਾਹੀਦਾ ਹੈ। ਪਤੀ ਦੀ ਹਮਸਫਰ ਬਣ ਕੇ ਰਹੋ, ਸ਼ਾਸਕ ਬਣ ਕੇ ਨਹੀਂ।

• ਦਿਓਰ, ਜੇਠ-ਜੇਠਾਣੀ, ਨਣਾਨ ਆਦਿ ਸਾਰੇ ਉਸ ਦੇ ਨਜ਼ਦੀਕੀ ਹਨ। ਉਨ੍ਹਾਂ ਨਾਲ ਮਰਿਆਦਾ ਅਨੁਸਾਰ ਸੰਪਰਕ ਕਰੋ।

• ਸਹੁਰੇ ਘਰ ਦੇ ਮਿੱਤਰਾਂ ਤੇ ਸਬੰਧੀਆਂ ਪ੍ਰਤੀ ਸੀਮਤ ਵਿਹਾਰ ਰੱਖੋ।

• ਪਰਿਵਾਰ ਵਿਚ ਕਿਸੇ ਵੀ ਕਮੀ ਨੂੰ ਦੂਰ ਕਰਨ ਲਈ ਧੀਰਜ ਤੋਂ ਕੰਮ ਲਓ। ਜਲਦਬਾਜ਼ੀ ਨਾਲ ਗੱਲ ਵਿਗੜਦੀ ਹੈ। ਗੱਲ ਨੂੰ ਵਿਗਾੜਨਾ ਨਹੀਂ, ਸਮੇਟਣਾ ਸਿਖਾਓ।

• ਪਤੀ-ਪਤਨੀ ਵਿਚਕਾਰ ਆਏ ਮਤਭੇਦਾਂ ਦੀ ਚਰਚਾ ਨਾ ਕਰੋ। ਉਸ ਨੂੰ ਪ੍ਰੇਮ ਤੇ ਧੀਰਜ ਨਾਲ ਦੂਰ ਕਰਨ ਦੀ ਕੋਸ਼ਿਸ਼ ਕਰੋ। ਗੱਲ ਜ਼ਿਆਦਾ ਵਿਗੜ ਰਹੀ ਹੋਵੇ ਤਾਂ ਆਪਣੇ ਕਿਸੇ ਵਿਸ਼ਵਾਸਪਾਤਰ ਤੋਂ ਸਲਾਹ ਲਓ।

• ਬੇਟੀ ਨੂੰ ਸਮਝਾਓ ਕਿ ਗ਼ਲਤੀ ਹੋਣ 'ਤੇ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ, ਨਾ ਕਿ ਮੂੰਹ ਫੁਲਾ ਕੇ ਬੈਠ ਜਾਓ।

• ਬੇਟੀ ਵਿਆਹ ਤੋਂ ਬਾਅਦ ਕਿਤੇ ਆਉਣ-ਜਾਣ ਲਈ ਮਾਤਾ-ਪਿਤਾ ਤੇ ਪਤੀ ਤੋਂ ਜ਼ਰੂਰ ਪੁੱਛੇ।

• ਚੰਗੇ ਸੰਸਕਾਰਾਂ ਨਾਲ ਬੇਟੀ ਨੂੰ ਵਿਦਾ ਕਰੋ, ਜਿਸ ਨਾਲ ਉਸ ਦਾ ਅਤੇ ਆਪਣਾ ਜੀਵਨ ਸੁਖਮਈ ਬਣਿਆ ਰਹੇ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 24.11.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms