Tuesday, October 4, 2011

ਵਿਆਹ ਦੀ ਤਿਆਰੀ ਕਿਵੇਂ ਕਰੀਏ? - ਸੰਜੀਵਨ ਚੌਧਰੀ 'ਗੋਲਡੀ'

ਘਰ ਵਿਚ ਵਿਆਹ ਦਾ ਸਮਾਗਮ ਹੋਵੇ ਅਤੇ ਮਨ ਵਿਚ ਹੜਬੜਾਹਟ ਨਾ ਹੋਵੇ, ਅਜਿਹਾ ਹੋ ਹੀ ਨਹੀਂ ਸਕਦਾ। ਖਾਸਕਰ ਲੜਕੀ ਦੇ ਵਿਆਹ ਸਮੇਂ ਘਰ ਦੀਆਂ ਔਰਤਾਂ ਜ਼ਿਆਦਾ ਤਣਾਅ ਵਿਚ ਆ ਜਾਂਦੀਆਂ ਹਨ। ਅਸਲ ਵਿਚ ਵਿਆਹ ਦਾ ਸਮਾਗਮ ਇਕ ਚੁਣੌਤੀਪੂਰਨ ਕੰਮ ਹੈ ਅਤੇ ਸਾਰੇ ਪਰਿਵਾਰਕ ਮੈਂਬਰ ਇਹੀ ਪ੍ਰਾਰਥਨਾ ਕਰਦੇ ਹਨ ਕਿ ਸਾਰਾ ਕੁਝ ਠੀਕ-ਠਾਕ ਹੋ ਜਾਵੇ ਪਰ ਤਜਰਬਾ ਨਾ ਹੋਣਾ ਅਤੇ ਤਣਾਅ ਕਾਰਨ ਵਿਆਹ ਦਾ ਸਮਾਗਮ ਥਕਾਵਟ ਅਤੇ ਚਿੰਤਾ ਛੱਡ ਜਾਂਦਾ ਹੈ।

ਜੇਕਰ ਕੁੜੀ ਜਾਂ ਮੁੰਡੇ ਦੇ ਵਿਆਹ ਦੀ ਤਰੀਕ ਤੈਅ ਹੋ ਗਈ ਹੈ ਤਾਂ ਸਭ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਦੀ ਇਕ ਸਾਂਝੀ ਬੈਠਕ ਕਰਕੇ ਸੰਪੂਰਨ ਵਿਆਹ ਦੇ ਸਮਾਗਮ ਦੀ ਤਿਆਰੀ ਲਈ ਯੋਜਨਾ ਬਣਾ ਕੇ ਰੂਪ-ਰੇਖਾ ਨੂੰ ਅੰਤਿਮ ਰੂਪ ਦੇ ਦੇਣਾ ਚਾਹੀਦਾ ਹੈ। ਘਰ ਵਿਚ ਸਭ ਤੋਂ ਪਹਿਲਾਂ ਰੰਗ-ਰੋਗਨ ਸ਼ੁਰੂ ਕਰਵਾ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਬੁੱਕ ਕੀਤੇ ਜਾਣ ਵਾਲੇ ਸਾਮਾਨ, ਸਥਾਨ ਅਤੇ ਟੈਂਟ ਆਦਿ ਨੂੰ ਪਹਿਲਾਂ ਪੈਸਾ ਦੇ ਕੇ ਬੁੱਕ ਕਰ ਲੈਣਾ ਚਾਹੀਦਾ ਹੈ। ਟੈਂਟ ਦਾ ਸਾਮਾਨ, ਬੈਂਡ, ਡੀ. ਜੇ., ਹਲਵਾਈ, ਫੋਟੋਗ੍ਰਾਫਰ ਅਤੇ ਹੋਰ ਸਜਾਵਟ ਦੇ ਸਾਮਾਨ ਨੂੰ ਕਾਫੀ ਪਹਿਲਾਂ ਬੁੱਕ ਕਰਵਾਉਣ ਨਾਲ ਤੁਹਾਨੂੰ ਵਿਆਹ ਦੇ ਸਮੇਂ ਭੱਜ-ਦੌੜ ਨਹੀਂ ਕਰਨੀ ਪਵੇਗੀ ਅਤੇ ਨਾ ਹੀ ਵਾਧੂ ਧਨ ਦੇਣਾ ਪਵੇਗਾ।

ਵਿਆਹ ਦੇ ਸਥਾਨ ਨੂੰ ਬੁੱਕ ਕਰਦੇ ਸਮੇਂ ਇਹ ਸਾਵਧਾਨੀ ਵਰਤਣੀ ਚਾਹੀਦੀ ਹੈ ਕਿ ਇਹ ਰਿਹਾਇਸ਼ ਤੋਂ ਕਿੰਨੀ ਦੂਰੀ 'ਤੇ ਹੈ ਅਤੇ ਉਥੇ ਹੋਰ ਸਾਰੀਆਂ ਜ਼ਰੂਰੀ ਸਹੂਲਤਾਂ ਮੌਜੂਦ ਹਨ ਜਾਂ ਨਹੀਂ। ਬੁਕਿੰਗ ਕਰਵਾਉਣ ਤੋਂ ਬਾਅਦ ਸੱਦਾ ਕਿਸ-ਕਿਸ ਨੂੰ ਦੇਣਾ ਹੈ, ਇਸ ਦੀ ਸੂਚੀ ਬਣਾ ਲੈਣੀ ਚਾਹੀਦੀ ਹੈ। ਸੱਦਾ-ਪੱਤਰ ਛਪਵਾ ਕੇ ਸਭ ਤੋਂ ਪਹਿਲਾਂ ਡਾਕ ਵਾਲੇ ਜਾਂ ਕੋਰੀਅਰ ਵਾਲੇ ਸਹੀ ਪਤੇ 'ਤੇ ਭੇਜ ਦੇਣੇ ਚਾਹੀਦੇ ਹਨ। ਔਰਤਾਂ ਨੂੰ ਚਾਹੀਦਾ ਹੈ ਕਿ ਉਹ ਮਰਦਾਂ ਨੂੰ ਘਰ ਤੋਂ ਬਾਹਰਲੇ ਕੰਮ ਸੌਂਪ ਕੇ ਖੁਦ ਘਰ ਦੇ ਸਾਮਾਨ ਦਾ ਵਰਗੀਕਰਨ ਵਿਆਹ ਵਿਚ ਉਪਯੋਗਤਾ ਦੇ ਹਿਸਾਬ ਨਾਲ ਕਰਨ। ਸਾਮਾਨ ਅਤੇ ਕੱਪੜਿਆਂ ਦੀ ਖਰੀਦਦਾਰੀ ਵਿਆਹ ਤੋਂ ਮਹੀਨਾ, ਦੋ ਮਹੀਨੇ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ। ਕਿਤੇ ਅਜਿਹਾ ਨਾ ਹੋਵੇ ਕਿ ਮਹਿਮਾਨ ਘਰ ਬੈਠੇ ਹੋਣ ਅਤੇ ਤੁਸੀਂ ਖਰੀਦਦਾਰੀ ਕਰਨ ਚਲੇ ਜਾਓ।

ਰੰਗ-ਰੋਗਨ ਕਰਨ ਤੋਂ ਬਾਅਦ ਘਰ ਦਾ ਸਾਮਾਨ ਸਹੀ ਢੰਗ ਨਾਲ ਲਗਾਉਣਾ ਚਾਹੀਦਾ ਹੈ। ਵਰਤੋਂ ਵਿਚ ਨਾ ਆਉਣ ਵਾਲੇ ਤੇ ਕੀਮਤੀ ਸਾਮਾਨ ਨੂੰ ਸੁਰੱਖਿਆ ਦੀ ਨਜ਼ਰ ਨਾਲ ਉਚਿਤ ਜਗ੍ਹਾ 'ਤੇ ਰੱਖ ਕੇ ਜਿੰਦੇ ਵਿਚ ਬੰਦ ਕਰ ਦਿਓ। ਕੇਵਲ ਵਿਆਹ ਵਿਚ ਪ੍ਰਯੋਗ ਕੀਤੇ ਜਾਣ ਵਾਲੇ ਸਾਮਾਨ ਨੂੰ ਹੀ ਬਾਹਰ ਰੱਖੋ। ਹਲਵਾਈ ਦਾ ਸਾਮਾਨ ਪਹਿਲਾਂ ਹੀ ਮੰਗਵਾ ਕੇ ਇਕ ਕਮਰੇ ਵਿਚ ਰੱਖ ਦਿਓ, ਗੈਸ ਸਿਲੰਡਰ ਦੀ ਵਿਵਸਥਾ ਵੀ ਸਮਾਂ ਰਹਿੰਦਿਆਂ ਕਰ ਲੈਣੀ ਚਾਹੀਦੀ ਹੈ। ਰਸੋਈ ਵਿਚੋਂ ਵਾਧੂ ਭਾਂਡੇ ਤੇ ਕਰਾਕਰੀ ਕੱਢ ਲੈਣੀ ਚਾਹੀਦੀ ਹੈ।

ਵਿਆਹ ਵਾਲੇ ਘਰ ਵਿਚ ਕਰੀਬ 15 ਦਿਨ ਪਹਿਲਾਂ ਸਾਕ-ਸਬੰਧੀਆਂ ਦਾ ਆਉਣਾ-ਜਾਣਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਲਈ ਚਾਹ, ਨਾਸ਼ਤਾ, ਪਾਣੀ ਅਤੇ ਭੋਜਨ ਲਈ ਕਿਸੇ ਦੀ ਸਹਾਇਤਾ ਲੈਣੀ ਚਾਹੀਦੀ ਹੈ। ਪਿੰਡਾਂ ਤੇ ਸ਼ਹਿਰਾਂ ਵਿਚ ਕੁਝ ਔਰਤਾਂ ਵਿਆਹ ਵਾਲੇ ਘਰਾਂ ਵਿਚ ਖਾਣਾ ਬਣਾਉਣ ਦਾ ਕੰਮ ਉਚਿਤ ਕੀਮਤ 'ਤੇ ਕਰਦੀਆਂ ਹਨ। ਔਰਤਾਂ ਨੂੰ ਚਾਹੀਦਾ ਹੈ ਕਿ ਉਹ ਉਤਸ਼ਾਹ ਬਣਾਈ ਰੱਖਣ ਅਤੇ ਖੁਸ਼ੀ-ਖੁਸ਼ੀ ਤਿਆਰੀ ਕਰਦੀਆਂ ਰਹਿਣ। ਵਿਆਹ ਤੋਂ ਦੋ ਜਾਂ ਤਿੰਨ ਦਿਨ ਪਹਿਲਾਂ ਹਲਵਾਈ ਘਰੇ ਲੱਗ ਜਾਂਦਾ ਹੈ। ਉਸ ਦੀ ਸਹਾਇਤਾ ਲਈ ਘਰ ਦੇ ਬਜ਼ੁਰਗਾਂ ਦਾ ਸਹਾਰਾ ਲਿਆ ਜਾ ਸਕਦਾ ਹੈ।

ਵਿਆਹ ਵਿਚ ਪ੍ਰਯੋਗ ਹੋਣ ਵਾਲੇ ਭਾਂਡੇ, ਕਰਾਕਰੀ ਅਤੇ ਹੋਰ ਖਾਣ ਵਾਲੇ ਸਾਮਾਨ ਦੀ ਨਿਗਰਾਨੀ ਲਈ ਕੋਈ ਨਿਸ਼ਾਨ ਲਾ ਦੇਣਾ ਚਾਹੀਦਾ ਹੈ। ਵਿਆਹ ਸਮਾਗਮ ਵਿਚ ਬਾਹਰ ਤੋਂ ਆਉਣ ਵਾਲੇ ਮਹਿਮਾਨਾਂ ਤੇ ਰਿਸ਼ਤੇਦਾਰਾਂ ਨੂੰ ਠਹਿਰਾਉਣ ਲਈ ਉਚਿਤ ਵਿਵਸਥਾ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਕੀਮਤੀ ਸਾਮਾਨ ਅਤੇ ਗਹਿਣਿਆਂ ਨੂੰ ਸੁਰੱਖਿਅਤ ਰਖਵਾਉਣਾ ਚਾਹੀਦਾ ਹੈ। ਵਿਆਹ ਦੇ ਸਮਾਗਮ ਵਿਚ ਬਾਹਰਲੇ ਵਿਅਕਤੀਆਂ ਦੀਆਂ ਗਤੀਵਿਧੀਆਂ 'ਤੇ ਵੀ ਔਰਤਾਂ ਨੂੰ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਕੰਮ ਵਿਚ ਲੱਗੇ ਬਾਹਰਲੇ ਵਿਅਕਤੀ ਮੌਕਾ ਲਗਦੇ ਹੀ ਹੱਥ ਸਾਫ ਕਰ ਜਾਂਦੇ ਹਨ। ਛੋਟੇ ਬੱਚਿਆਂ ਲਈ ਦੁੱਧ ਆਦਿ ਦੀ ਵਿਵਸਥਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦਾ ਮਨੋਰੰਜਨ ਕਰਨ ਅਤੇ ਗੱਲਬਾਤ ਕਰਨ ਲਈ ਰੁਝੇਵਿਆਂ 'ਚੋਂ ਸਮਾਂ ਕੱਢਣਾ ਚਾਹੀਦਾ ਹੈ।

ਔਰਤਾਂ ਨੂੰ ਵਿਆਹ ਸਮਾਗਮ ਵਿਚ ਘੱਟ ਤੇ ਸ਼ਾਲੀਨਤਾ ਨਾਲ ਬੋਲਣਾ ਚਾਹੀਦਾ ਹੈ, ਕਿਉਂਕਿ ਉਹ ਉਨ੍ਹਾਂ ਦੇ ਵਿਅਕਤਿਤਵ ਦੀ ਪ੍ਰੀਖਿਆ ਹੈ। ਕਿਤੇ ਅਜਿਹਾ ਨਾ ਹੋਵੇ ਕਿ ਚੀਕਦੇ-ਚੀਕਦੇ ਵਿਆਹ ਵਾਲੇ ਦਿਨ ਗਲਾ ਹੀ ਖਰਾਬ ਹੋ ਜਾਵੇ। ਵਿਆਹ ਵਾਲੀ ਜਗ੍ਹਾ 'ਤੇ ਜਾਣ ਤੋਂ ਪਹਿਲਾਂ ਘਰ ਵਿਚ ਉਚਿਤ ਸਥਾਨਾਂ 'ਤੇ ਜਿੰਦੇ ਲਾ ਕੇ ਜਾਣਾ ਚਾਹੀਦਾ ਹੈ। ਸੁਰੱਖਿਆ ਸੇਵਾਵਾਂ ਤੋਂ ਇਕ-ਦੋ ਦਿਨ ਲਈ ਸੁਰੱਖਿਆ ਕਰਮਚਾਰੀ ਲੈ ਲੈਣੇ ਚਾਹੀਦੇ ਹਨ। ਇਸ ਨਾਲ ਤੁਹਾਡੇ ਘਰ ਦੀ ਸੁਰੱਖਿਆ ਸਹੀ ਢੰਗ ਨਾਲ ਹੋਵੇਗੀ। ਵਿਆਹ ਵਿਚ ਜਿੰਨਾ ਕੰਮ ਘਰ ਦੇ ਬਾਹਰ ਹੁੰਦਾ ਹੈ, ਓਨਾ ਹੀ ਘਰ ਦੇ ਅੰਦਰ ਹੁੰਦਾ ਹੈ ਅਤੇ ਇਸ ਦਾ ਭਾਰ ਔਰਤਾਂ ਦੇ ਮੋਢਿਆਂ 'ਤੇ ਹੁੰਦਾ ਹੈ। ਔਰਤਾਂ ਆਪਣੀ ਅਕਲ ਅਤੇ ਸਹੀ ਵਰਤਾਓ ਨਾਲ ਯੋਜਨਾ ਬਣਾ ਕੇ ਵਿਆਹ ਦੇ ਸਮਾਗਮ ਨੂੰ ਚਾਰ ਚੰਨ ਲਾ ਸਕਦੀਆਂ ਹਨ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 30.09.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms