Tuesday, October 4, 2011

ਹੱਸਦੇ ਰਹੋ ਤੇ ਹਸਾਉਂਦੇ ਰਹੋ - ਭੋਲਾ ਨੂਰਪੁਰਾ

ਅੱਜ ਦੇ ਰੁਝੇਵੇਂ ਭਰੇ ਅਤੇ ਤਣਾਅਪੂਰਨ ਜੀਵਨ ਵਿਚ ਖੁਸ਼ ਹੋ ਕੇ ਗੱਲਬਾਤ ਕਰਨੀ, ਉਂਜ ਵੀ ਚਿਹਰਾ ਹਸੂੰ-ਹਸੂੰ ਕਰਦਾ, ਗੁਲਾਬ ਦੇ ਫੁੱਲ ਵਾਂਗ ਜਾਪਦਾ ਕਿੰਨਾ ਸੁੰਦਰ ਲਗਦਾ ਹੈ। ਅਜਿਹੇ ਚਿਹਰੇ ਨੂੰ ਹਰ ਕੋਈ ਪਸੰਦ ਕਰਦਾ ਹੈ।

ਹਾਸਾ, 'ਸਿਹਤਮੰਦ' ਸਿਹਤ ਦੀ ਨਿਸ਼ਾਨੀ ਹੈ, ਇਸ ਨੂੰ ਰੱਬੀ ਨਿਆਮਤ ਵੀ ਮੰਨਿਆ ਗਿਆ ਹੈ। ਇਸ ਦੇ ਉਲਟ ਐਸੇ ਚਿਹਰੇ ਵੀ ਦੇਖਣ ਨੂੰ ਮਿਲਦੇ ਹਨ ਕਿ ਉਹ ਚਿਹਰੇ ਕਦੇ ਮੁਸਕਰਾਹਟ ਵੰਡਦੇ ਨਹੀਂ ਦੇਖੇ। ਮੱਥੇ 'ਤੇ ਤਿਊੜੀਆਂ, ਬੁੱਲ੍ਹ ਘੁੱਟ ਜਿਹੇ ਕੇ ਰੱਖਣੇ, ਚਿਹਰੇ ਉੱਪਰ ਕ੍ਰੋਧ ਦੀ ਪ੍ਰਛਾਈਂ ਛਾਈ ਰਹਿੰਦੀ ਹੈ। ਅਜਿਹੇ ਚਿਹਰੇ ਵਾਲੇ ਭਾਵੇਂ ਉਹ ਮਰਦ ਹੋਵੇ, ਭਾਵੇਂ ਔਰਤ, ਕਿਸੇ ਨੂੰ ਬੁਲਾਉਂਦੇ ਵੀ ਘੱਟ ਹਨ ਅਤੇ ਉਨ੍ਹਾਂ ਨੂੰ ਵੀ ਕੋਈ ਬਿਨਾਂ ਮਤਲਬ ਬੁਲਾਉਣ ਤੋਂ ਗੁਰੇਜ਼ ਕਰਦਾ ਹੈ। ਸਿਹਤ ਨੂੰ ਅਰੋਗ ਬਣਾ ਕੇ ਰੱਖਣ ਵਾਲਾ ਹਾਸਾ 'ਬਹੁਕੀਮਤੀ' ਟਾਨਿਕ ਹੈ, ਜੋ ਕਿਸੇ ਬਾਜ਼ਾਰ ਜਾਂ ਦੁਕਾਨ ਤੋਂ ਨਹੀਂ ਮਿਲਦਾ। ਅਗਰ ਆਪ ਅਜਿਹਾ ਟਾਨਿਕ ਲੈਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਆਪਣੇ ਸੁਭਾਅ ਵਿਚ ਤਬਦੀਲੀ ਲਿਆਓ। ਆਪਣੇ ਅੰਦਰੋਂ ਕ੍ਰੋਧ ਨੂੰ ਖਤਮ ਕਰੋ, ਆਪਣੇ ਚਿਹਰੇ 'ਤੇ ਅਸਲੀ ਮੁਸਕਰਾਹਟ ਲਿਆਓ, ਆਪਣੇ ਦੋਸਤਾਂ 'ਚ ਬੈਠ ਕੇ ਤਨੋਂ-ਮਨੋਂ ਖੁਸ਼ ਹੋ ਕੇ ਖੂਬ ਗੱਲਾਂ ਕਰੋ, ਹਾਸੇ ਵਾਲੀਆਂ ਗੱਲਾਂ 'ਤੇ ਜ਼ਰੂਰ ਹੱਸੋ ਪਰ ਬਿਨਾਂ ਹਾਸੇ ਵਾਲੀ ਗੱਲ 'ਤੇ ਚਿਹਰੇ ਉੱਪਰ ਨਕਲੀ ਹਾਸਾ ਨਾ ਲਿਆ ਕੇ ਹੱਸੋ।

ਮੁਸਕਰਾਹਟ ਦੇ ਗਹਿਣੇ ਨੂੰ ਸਾਹਮਣੇ ਰੱਖ ਕੇ ਇਸ ਦੀ ਅਸਲੀਅਤ ਤੋਂ ਅਨਜਾਣ ਵਧੇਰੇ ਲੜਕੀਆਂ ਸੁੰਦਰਤਾ ਸਮੱਗਰੀ ਅਤੇ ਸੋਨੇ, ਚਾਂਦੀ ਦੇ ਗਹਿਣੇ ਪਾ ਕੇ ਖੁਦ ਨੂੰ ਸੁੰਦਰਤਾ ਦੀ ਸ਼੍ਰੇਣੀ ਵਿਚ ਮੰਨਦੀਆਂ ਹਨ ਪਰ ਅਸਲੀ ਸੁੰਦਰਤਾ, ਖੂਬਸੂਰਤੀ ਜੋ ਕਿ ਪਿਆਰੀ ਜਿਹੀ ਮੁਸਕਰਾਹਟ ਹੈ, ਉਸ ਨੂੰ ਇਕਦਮ ਭੁੱਲ ਜਾਂਦੀਆਂ ਹਨ।

ਹੱਸਣ ਨਾਲ ਚਿਹਰੇ ਦੀ ਸੁੰਦਰਤਾ ਵਧਦੀ ਹੈ। ਮਾਨਸਿਕ ਤਣਾਅ, ਬੋਰੀਅਤ, ਪ੍ਰੇਸ਼ਾਨੀ ਦੂਰ ਹੋਣ ਦੇ ਨਾਲ ਦਿਮਾਗ ਵਿਚ ਇਕ ਤਰ੍ਹਾਂ ਦੀ ਉਤੇਜਨਾ ਵੀ ਪੈਦਾ ਹੁੰਦੀ ਹੈ।

ਜਦੋਂ ਅਸੀਂ ਹੱਸਦੇ ਹਾਂ ਤਾਂ ਖੂਨ ਸੰਚਾਰ ਤੇਜ਼ ਹੁੰਦਾ ਹੈ, ਪਾਚਨਤੰਤਰ ਕਾਰਜਸ਼ੀਲ ਹੋ ਕੇ ਸਾਰੇ ਸਰੀਰ ਨੂੰ ਤੰਦਰੁਸਤ ਬਣਾਉਂਦਾ ਹੈ। ਆਕਸੀਜਨ ਵਧ ਜਾਣ ਕਰਕੇ ਚਿਹਰਾ ਨੂਰਮਈ ਹੋ ਕੇ ਚਮਕ ਉਠਦਾ ਹੈ। ਕਿਸੇ ਵੀ ਪਾਰਟੀ ਜਾਂ ਮਹਿਫਲ ਵਿਚ ਹੱਸਦਾ ਚਿਹਰਾ ਆਪਣੇ-ਆਪ ਹੀ ਸਭ ਦੀ ਖਿੱਚ ਦਾ ਬਿੰਦੂ ਬਣ ਜਾਂਦਾ ਹੈ। ਤਣਾਅ ਭਰਪੂਰ ਜਾਂ ਗੁੱਸੇ ਨਾਲ ਭਰੀ ਔਰਤ ਦਾ ਸ਼ਿੰਗਾਰ ਕੀਤਾ ਚਿਹਰਾ ਬਦਸੂਰਤ ਜਿਹਾ ਲਗਦਾ ਹੈ।

ਗੱਲਬਾਤ ਸ਼ੁਰੂ ਕਰਨ ਲਈ ਪਹਿਲ ਦਾ ਇੰਤਜ਼ਾਰ ਨਾ ਕਰੋ। ਤੁਸੀਂ ਹੀ ਮੁਸਕਰਾ ਕੇ ਦੇਖੋ ਕਿ ਕਿਹੋ ਜਿਹਾ ਜਾਦੂ ਬੋਲ ਉਠਦਾ ਹੈ। ਮਿੱਤਰਤਾ ਜਾਂ ਆਪਣਾਪਨ ਦਰਸਾਉਣ ਵਿਚ ਮੁਸਕਰਾਹਟ ਹੀ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ। ਹੱਸਦੀਆਂ ਅੱਖਾਂ ਬਿਨਾਂ ਕੁਝ ਕਹੇ ਹੀ ਸੱਦਾ ਦਿੰਦੀਆਂ ਨਜ਼ਰ ਆਉਂਦੀਆਂ ਹਨ।

ਮੁਲਾਕਾਤ ਦੇ ਸਮੇਂ ਮੁਸਕਰਾਹਟ ਨਾਲ ਭਰਿਆ ਚਿਹਰਾ ਆਤਮਵਿਸ਼ਵਾਸ ਅਤੇ ਦ੍ਰਿੜ੍ਹਤਾ ਦੀ ਪਹਿਚਾਣ ਕਰਾਉਂਦਾ ਹੈ।

ਹੱਸਣਾ ਵੀ ਇਕ ਵੱਡੀ ਕਲਾ ਹੈ। ਇਸ ਦਾ ਪ੍ਰਯੋਗ ਸੋਚ-ਸਮਝ ਕੇ, ਸਮਾਂ, ਸਥਾਨ ਆਦਿ ਨੂੰ ਧਿਆਨ ਵਿਚ ਰੱਖ ਕੇ ਕਰਨਾ ਵੱਡੀ ਸਮਝਦਾਰੀ ਹੈ। ਮੁਸਕਰਾਉਂਦੇ ਸਮੇਂ ਕੰਜੂਸੀ ਨਹੀਂ ਕਰਨੀ ਚਾਹੀਦੀ। ਖੁੱਲ੍ਹ ਕੇ ਹੱਸੋ, ਆਪਣੇ ਹਾਸੇ ਦਾ ਜਾਦੂ ਬਿਖੇਰਨ ਮੌਕੇ ਪਿੱਛੇ ਨਾ ਰਹੋ। ਇਹ ਇਕ ਅਜਿਹਾ ਵੱਸ ਵਿਚ ਕਰਨ ਵਾਲਾ ਮੰਤਰ ਹੈ, ਜੋ ਪਰਾਏ ਲੋਕਾਂ ਨੂੰ ਆਪਣਾ ਬਣਾ ਲੈਂਦਾ ਹੈ। ਸਰੀਰ ਵਿਚਲੀ ਊਰਜਾ ਵਿਚ ਵਾਧਾ ਹੁੰਦਾ ਹੈ, ਕੰਮ ਕਰਨ ਦੀ ਇੱਛਾ ਬਣੀ ਰਹਿੰਦੀ ਹੈ। ਇਸ ਮੁਸਕਰਾਹਟ ਦੀ ਤਾਕਤ ਨਾਲ ਇਕ ਸਾਧਾਰਨ ਜਿਹੀ ਔਰਤ ਦੀ ਖੂਬਸੂਰਤੀ ਦੇ ਦਾਇਰੇ ਵਿਚ ਆ ਖੜੋਂਦੀ ਹੈ। ਸੋ, ਤੁਸੀਂ ਵੀ ਅੱਜ ਤੋਂ ਹੀ ਹੱਸਣ ਦੀ ਆਦਤ ਪਾਓ।

-ਵਾ: ਹਲਵਾਰਾ-141107. ਮੋਬਾ: 97819-19175
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 30.09.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms