Tuesday, October 4, 2011

ਜਦੋਂ ਰਿਸ਼ਤੇ 'ਚ ਆਏ ਪ੍ਰੇਸ਼ਾਨੀ - ਜਯੋਤਸਨਾ

ਪਤੀ-ਪਤਨੀ ਦਾ ਰਿਸ਼ਤਾ ਆਪਸੀ ਪਿਆਰ ਅਤੇ ਵਿਸ਼ਵਾਸ 'ਤੇ ਟਿਕਿਆ ਹੁੰਦਾ ਹੈ। ਇਹ ਸਾਰੀ ਉਮਰ ਚੰਗਾ ਬਣਿਆ ਰਹੇ, ਇਸਦੇ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਕਿਉਂਕਿ ਤੁਹਾਨੂੰ ਆਪਣੇ ਰਿਸ਼ਤੇ ਨੂੰ ਬਣਾਈ ਰੱਖਣ ਲਈ ਕਾਫੀ ਮਿਹਨਤ ਕਰਨੀ ਪੈ ਰਹੀ ਹੈ, ਤਾਂ ਜ਼ਾਹਿਰ ਹੈ ਕਿ ਤੁਹਾਨੂੰ ਆਪਣੀ ਗੱਡੀ ਨੂੰ ਪੱਟੜੀ 'ਤੇ ਲਿਆਉਣ ਲਈ ਕੁਝ ਕਰਨਾ ਹੋਵੇਗਾ। ਹੱਥ 'ਤੇ ਹੱਥ ਰੱਖ ਕੇ ਬੈਠਣ ਨਾਲ ਕੁਝ ਨਹੀਂ ਹੋਵੇਗਾ। ਭੁੱਲ ਜਾਓ ਕਿ ਤੁਸੀਂ ਪਿੱਛੇ ਕੀ ਗੁਆ ਚੁੱਕੇ ਹੋ ਅਤੇ ਆਪਣੇ ਰਿਸ਼ਤੇ ਨੂੰ ਬਿਹਤਰ ਬਣਾਉਣ ਲਈ ਇਨ੍ਹਾਂ ਸੁਝਾਵਾਂ 'ਤੇ ਧਿਆਨ ਦਿਓ।
ਕੁਝ ਸਪੈਸ਼ਲ ਕਰੋ :

ਜੇਕਰ ਤੁਸੀਂ ਕ੍ਰਿਏਟਿਵ ਹੋ ਅਤੇ ਕੁਝ ਕਰਨ ਦੀ ਇੱਛਾ ਰੱਖਦੇ ਹੋ ਤਾਂ ਕੋਈ ਵੀ ਪ੍ਰੇਸ਼ਾਨੀ ਆਸਾਨੀ ਨਾਲ ਸੁਲਝਾ ਸਕਦੇ ਹੋ। ਭਾਵੇਂਕਿ ਇਸ ਦੇ ਲਈ ਤੁਹਾਡੇ ਅੰਦਰ ਕੁਝ ਕਰਨ ਦਾ ਜਜ਼ਬਾ ਹੋਣਾ ਜ਼ਰੂਰੀ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖਿਰ ਤੁਸੀਂ ਆਪਣੇ ਸੁਪਨਿਆਂ ਅਤੇ ਲੋੜਾਂ ਨੂੰ ਆਪਣੇ ਪਾਰਟਨਰ ਦੇ ਨਾਲ ਕਿਉਂ ਨਹੀਂ ਵੰਡਦੇ?

ਜੇਕਰ ਤੁਸੀਂ ਉਨ੍ਹਾਂ ਨੂੰ ਕੁਝ ਦੱਸੋਗੇ ਹੀ ਨਹੀਂ ਤਾਂ ਤੁਹਾਡੇ ਸਾਥੀ ਨੂੰ ਤੁਹਾਡੀ ਚਾਹਤ ਬਾਰੇ ਕਿਵੇਂ ਪਤਾ ਲੱਗੇਗਾ। ਅਕਸਰ ਦੇਖਿਆ ਜਾਂਦਾ ਹੈ ਕਿ ਸਾਡੇ ਵਿਚੋਂ ਵਧੇਰੇ ਲੋਕ ਆਪਸੀ ਝਗੜੇ ਟਾਲਣ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਪਰ ਇਸ ਤਰ੍ਹਾਂ ਪ੍ਰੇਸ਼ਾਨੀ ਦਾ ਕੋਈ ਹੱਲ ਨਹੀਂ ਨਿਕਲੇਗਾ।

ਗੱਲ ਕਰੋ

ਇਕ-ਦੂਜੇ ਨੂੰ ਦਿਲ ਦੀ ਗੱਲ ਖੁੱਲ੍ਹ ਕੇ ਕਹਿ ਦੇਣ ਨਾਲ ਨੇੜੇ ਆਉਣ ਵਿਚ ਮਦਦ ਮਿਲਦੀ ਹੈ ਪਰ ਧਿਆਨ ਰੱਖੋ ਕਿ ਇਸ ਦੌਰਾਨ ਤੁਸੀਂ ਇਕ-ਦੂਜੇ 'ਤੇ ਇਲਜ਼ਾਮ ਨਾ ਲਗਾਓ। ਉਂਝ ਤਾਂ ਤੁਸੀਂ ਅਕਸਰ ਇਕ-ਦੂਜੇ ਦੀ ਗੱਲ ਕਰਦੇ ਹੋਵੋਗੇ ਪਰ ਸੱਚੇ ਦਿਲ ਨਾਲ ਗੱਲ ਕਰਨ ਦੀ ਗੱਲ ਹੀ ਕੁਝ ਹੋਰ ਹੁੰਦੀ ਹੈ। ਹੋ ਸਕਦਾ ਹੈ ਕਿ ਤੁਹਾਨੂੰ ਆਪਣੇ ਪਾਰਟਨਰ ਦੀ ਹਰੇਕ ਗੱਲ ਪਸੰਦ ਨਾ ਆਉਂਦੀ ਹੋਵੇ। ਇਸੇ ਤਰ੍ਹਾਂ ਤੁਹਾਡੇ ਪਾਰਟਨਰ ਦੀ ਪਸੰਦ ਅਤੇ ਨਾਪਸੰਦ ਹੋ ਸਕਦੀ ਹੈ ਪਰ ਇਨ੍ਹਾਂ ਗੱਲਾਂ ਦਾ ਪਤਾ ਤੁਹਾਨੂੰ ਗੱਲਬਾਤ ਨਾਲ ਹੀ ਲੱਗੇਗਾ।

ਈਮਾਨਦਾਰ ਬਣੋ

ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਤੁਹਾਨੂੰ ਇਕ-ਦੂਜੇ ਦੀ ਇਮੋਸ਼ਨਲ ਅਤੇ ਫਿਜ਼ੀਕਲ ਤੌਰ 'ਤੇ ਹੈਲਪ ਕਰਨ ਤੋਂ ਇਲਾਵਾ ਈਮਾਨਦਾਰ ਵੀ ਬਣਨਾ ਚਾਹੀਦਾ ਹੈ। ਧਿਆਨ ਰਹੇ ਕਿ ਜੇਕਰ ਤੁਸੀਂ ਦੋਵੇਂ ਆਪਣੇ ਰਿਸ਼ਤੇ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਤਾਂ ਤੁਸੀਂ ਕਾਫੀ ਆਸਾਨੀ ਨਾਲ ਆਪਣੀਆਂ ਪ੍ਰੇਸ਼ਾਨੀਆਂ ਦੇ ਹੱਲ ਲੱਭ ਲਓਗੇ। ਉਦਾਹਰਣ ਵਜੋਂ ਜੇਕਰ ਤੁਹਾਡੇ ਪਤੀ ਕਿਤਾਬ ਪੜ੍ਹਦੇ ਹੋਏ ਤੁਹਾਨੂੰ ਰੋਮਾਂਟਿਕ ਅੰਦਾਜ਼ 'ਚ ਵਿਸ਼ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਨਜ਼ਅੰਦਾਜ਼ ਕਰਨ ਦੀ ਬਜਾਏ ਉਨ੍ਹਾਂ ਨੂੰ ਆਪਣੇ ਨਾਲ ਕਿਤਾਬ ਪੜ੍ਹਨ ਦਾ ਮੌਕਾ ਦਿਓ। ਇਹ ਇਕ ਅਜਿਹਾ ਚਾਂਸ ਹੋਵੇਗਾ, ਜਦੋਂ ਤੁਸੀਂ ਇਕ-ਦੂਜੇ ਦੇ ਨੇੜੇ ਆ ਸਕਦੇ ਹੋ। ਪਹਿਲਾਂ ਉਨ੍ਹਾਂ ਨੂੰ ਉਨ੍ਹਾਂ ਦੀ ਚਾਹਤ ਪੂਰੀ ਕਰਨ ਦਾ ਮੌਕਾ ਦਿਓ ਅਤੇ ਉਸ ਤੋਂ ਬਾਅਦ ਤੁਸੀਂ ਵੀ ਉਨ੍ਹਾਂ ਨੂੰ ਵਿਸ਼ ਕਰ ਸਕਦੇ ਹੋ।

ਕੁਝ ਵੱਖਰਾ ਸੋਚੋ

ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਨ ਲਈ ਤੁਹਾਨੂੰ ਆਪਣਾ ਨਜ਼ਰੀਆ ਬਦਲਣ ਦੀ ਲੋੜ ਪੈਂਦੀ ਹੈ। ਇਸ ਨਾਲ ਤੁਹਾਡਾ ਰਿਸ਼ਤਾ ਵੀ ਮਜ਼ਬੂਤ ਹੁੰਦਾ ਹੈ ਪਰ ਇਸ ਤੋਂ ਪਹਿਲਾਂ ਤੁਸੀਂ ਆਪਸ ਵਿਚ ਕਾਫੀ ਲੰਬੀ ਗੱਲਬਾਤ ਕਰ ਚੁੱਕੇ ਹੁੰਦੇ ਹੋ। ਆਪਣੇ ਰਿਸ਼ਤੇ ਨੂੰ ਬਚਾਉਣ ਲਈ ਨਵੇਂ ਹੱਲ ਲੱਭਣ ਲਈ ਤਿਆਰ ਰਹੋ। ਉਦਾਹਰਣ ਵਜੋਂ ਇਕ ਵਿਆਹੁਤਾ ਜੋੜੇ ਦੀ ਆਪਸ ਵਿਚ ਨਹੀਂ ਬਣਦੀ ਕਿਉਂਕਿ ਪਤੀ ਨੂੰ ਸਟੰਟ ਪਸੰਦ ਸੀ ਅਤੇ ਪਤਨੀ ਨੂੰ ਘਰ ਦਾ ਆਰਾਮ। ਇਕ ਵਾਰ ਇਕ ਦੋਸਤ ਨੇ ਉਨ੍ਹਾਂ ਨੂੰ ਪੈਰਾਸ਼ੂਟ ਜੰਪ ਦਾ ਸਰਪ੍ਰਾਈਜ਼ ਗਿਫਟ ਦਿੱਤਾ ਅਤੇ ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੋਵਾਂ ਨੂੰ ਸਕਾਈ ਡਾਈਵਿੰਗ ਪਸੰਦ ਹੈ। ਹੋ ਸਕਦਾ ਹੈ ਕਿ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਹੋਵੇ ਪਰ ਥੋੜ੍ਹੀ ਕੋਸ਼ਿਸ਼ ਕਰਨ ਨਾਲ ਹੋ ਸਕਦਾ ਹੈ ਕਿ ਤੁਹਾਨੂੰ ਵੀ ਅਜਿਹਾ ਕੋਈ ਕਾਮਨ ਆਈਡੀਆ ਮਿਲ ਜਾਵੇ।

ਆਈਡੀਆ ਜੋ ਜ਼ਿੰਦਗੀ ਬਦਲ ਦੇਵੇ

ਜੇਕਰ ਤੁਸੀਂ ਆਪਣੇ ਰਿਸ਼ਤੇ ਵਿਚ ਚੈਲੰਜ ਭਰੇ ਦੌਰ 'ਚੋਂ ਲੰਘ ਰਹੇ ਹੋ ਤਾਂ ਤੁਹਾਨੂੰ ਆਪਣੀ ਸੋਚ ਸਪੱਸ਼ਟ ਰੱਖਣ ਦੀ ਲੋੜ ਹੈ। ਰਸਤਾ ਭਟਕਣਾ ਕਾਫੀ ਸੌਖਾ ਹੈ ਪਰ ਤੁਸੀਂ ਮਜ਼ਬੂਤ ਰਹਿੰਦੇ ਹੋਏ ਖੁਦ ਨੂੰ ਸੰਭਾਲ ਕੇ ਰੱਖਣਾ ਹੈ। ਜੇਕਰ ਤੁਹਾਡੇ ਰਿਸ਼ਤੇ ਵਿਚ ਬਹੁਤ ਦਿਨਾਂ ਵਿਚ ਕੋਈ ਬਦਲਾਅ ਨਹੀਂ ਆਇਆ ਹੈ ਤਾਂ ਤੁਹਾਨੂੰ ਕੁਝ ਤਾਜ਼ੀ ਹਵਾ ਮਤਲਬ ਇਕ ਨਵੇਂ ਆਈਡੀਆ ਦੀ ਲੋੜ ਹੈ। ਤੁਹਾਨੂੰ ਕੁਝ ਰਿਸਕ ਲੈਣੇ ਚਾਹੀਦੇ ਹਨ, ਨਾਲ ਹੀ ਮੌਜ-ਮਸਤੀ ਲਈ ਜਾਣਾ ਚਾਹੀਦਾ ਹੈ ਅਤੇ ਇਕੱਠੇ ਮਿਲ ਕੇ ਕੁਝ ਨਵਾਂ ਕਰਨਾ ਚਾਹੀਦਾ ਹੈ। ਯਕੀਨ ਮੰਨੋ ਇਹ ਆਈਡੀਆ ਤੁਹਾਡੇ ਰਿਸ਼ਤੇ ਨੂੰ ਦੁਬਾਰਾ ਖੁਸ਼ੀਆਂ ਨਾਲ ਭਰ ਦੇਵੇਗਾ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 30.09.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms