Tuesday, October 4, 2011

੧) ਸਫਲਤਾ ਲਈ ਸ਼ਿਸ਼ਟਾਚਾਰ ਜ਼ਰੂਰੀ - ਸ਼ਿਸ਼ਟਾਚਾਰ ਕੀ ਹੈ? ੨) ਜਿੰਨਾ ਕਰੋਗੇ ਸਬਰ, ਓਨੀ ਮਿਲੇਗੀ ਛੇਤੀ ਸਫ਼ਲਤਾ

ਸਫਲਤਾ ਲਈ ਸ਼ਿਸ਼ਟਾਚਾਰ ਜ਼ਰੂਰੀ - ਸ਼ਿਸ਼ਟਾਚਾਰ ਕੀ ਹੈ?

ਸਾਰੇ ਆਪਣੇ ਆਪ ਨੂੰ ਸ਼ਿਸ਼ਟਾਚਾਰੀ ਕਹਿੰਦੇ ਹਨ। ਮੰਨਦੇ ਹਨ ਕਿ ਸੱਭਿਅਕ ਸਮਾਜ ਦੇ ਸਾਰੇ ਗੁਣ ਉਨ੍ਹਾਂ 'ਚ ਮੌਜੂਦ ਹਨ, ਪਰ ਜਾਣੇ-ਅਣਜਾਣੇ 'ਚ ਅਜਿਹੀਆਂ ਗਲਤੀਆਂ ਅਕਸਰ ਹੀ ਹੋ ਜਾਂਦੀਆਂ ਹਨ ਜੋ ਸ਼ਿਸ਼ਟਾਚਾਰ ਦੇ ਉਲਟ ਹਨ, ਉਦੋਂ ਇਹ ਗਲਤੀਆਂ ਮਜ਼ਾਕ ਜਾਂ ਨਿੰਦਿਆ ਦਾ ਪਾਤਰ ਬਣਾ ਦਿੰਦੀਆਂ ਹਨ। ਹੋਰ ਤਾਂ ਹੋਰ ਜ਼ਿੰਦਗੀ ਵਿਚ ਸਫਲਤਾ ਦੇ ਮਾਮਲੇ 'ਚ ਇਹ ਆਦਤਾਂ ਰੁਕਾਵਟ ਵੀ ਬਣ ਸਕਦੀਆਂ ਹਨ।

* ਕਿਸੇ ਦੂਸਰੇ ਦੀ ਚਿੱਠੀ ਜਾਂ ਈ-ਮੇਲ ਜਾਂ ਐੱਸ. ਐੱਮ. ਐੱਸ. ਨੂੰ ਬਿਨਾਂ ਉਸ ਦੀ ਇਜਾਜ਼ਤ ਪੜ੍ਹਨਾ ਸ਼ਿਸ਼ਟਾਚਾਰ ਦੇ ਖਿਲਾਫ ਹੈ।

* ਕੋਈ ਆਪਣੀ ਚਿੱਠੀ ਪੜ੍ਹ ਰਿਹਾ ਹੋਵੇ ਜਾਂ ਚਿੱਠੀ ਆਈ ਹੋਵੇ ਤਾਂ ਉਸ ਦੇ ਪਿੱਛੇ ਇਹ ਜਾਣਨ ਲਈ ਪੈ ਜਾਣਾ ਕਿ ਚਿੱਠੀ ਵਿਚ ਕੀ ਲਿਖਿਆ ਹੈ, ਸ਼ਿਸ਼ਟਾਚਾਰ ਦੇ ਉਲਟ ਹੈ।

* ਸੰਦੇਸ਼ਵਾਹਕ ਤੋਂ ਇਹ ਪੁੱਛਣਾ ਕੀ ਸੰਦੇਸ਼ ਕੀ ਹੈ? ਗਲਤ ਹੈ।

* ਕਿਸੇ ਦੇ ਘਰ ਵਿਚ ਬਿਨਾਂ ਦਰਵਾਜ਼ਾ ਖੜਕਾਏ ਵੜ ਜਾਣਾ ਤੁਹਾਡੇ ਅਸੱਭਿਅਕ ਹੋਣ ਦੀ ਨਿਸ਼ਾਨੀ ਹੈ।

* ਕਿਸੇ ਦੇ ਘਰ ਚੀਕ ਕੇ ਆਪਣੀ ਹਾਜ਼ਰੀ ਦਰਸਾਉਣਾ ਜਾਂ ਵਾਰ-ਵਾਰ ਜ਼ੋਰ-ਜ਼ੋਰ ਨਾਲ ਦਰਵਾਜ਼ਾ ਖੜਕਾਉਣਾ, ਵਾਰ-ਵਾਰ ਘੰਟੀ ਵਜਾਉਣਾ ਸ਼ਿਸ਼ਟਾਚਾਰ ਦੇ ਖਿਲਾਫ ਹੈ।

* ਕਿਸੇ ਦੇ ਕਮਰੇ 'ਚ ਝਾਕਣਾ ਅਸੱਭਿਅਕ ਹੋਣ ਦੀ ਨਿਸ਼ਾਨੀ ਹੈ।

* ਚੋਰੀ-ਚੋਰੀ ਕਿਸੇ ਦੀ ਗੱਲਬਾਤ ਸੁਣਨਾ ਸ਼ਿਸ਼ਟਾਚਾਰ ਵਿਰੋਧੀ ਕੰਮ ਹੈ।

* ਜੇਕਰ ਤੁਹਾਡਾ ਕੋਈ ਗੂੜ੍ਹਾ ਮਿੱਤਰ ਵੀ ਹੋਵੇ ਅਤੇ ਉਸ ਦੇ ਫੋਨ ਦੀ ਵਰਤੋਂ ਕਰਨੀ ਹੋਵੇ ਤਾਂ ਸ਼ਿਸ਼ਟਾਚਾਰ ਇਹੀ ਹੈ ਕਿ ਵਰਤੋਂ ਕਰਨ ਤੋਂ ਪਹਿਲਾਂ ਉਸ ਤੋਂ ਪੁੱਛ ਲਓ ਕਿ ਕੀ ਤੁਸੀਂ ਫੋਨ ਇਸਤੇਮਾਲ ਕਰ ਸਕਦੇ ਹੋ।

* ਅਕਸਰ ਲੋਕ ਗੁਆਂਢੀ ਦਾ ਫੋਨ ਨੰਬਰ ਬਿਨਾਂ ਉਸ ਤੋਂ ਪੁੱਛੇ ਆਪਣੇ ਜਾਣਕਾਰਾਂ ਨੂੰ ਦੇ ਦਿੰਦੇ ਹਨ ਜਾਂ ਆਪਣੇ ਵਿਜ਼ੀਟਿੰਗ ਕਾਰਡ 'ਤੇ ਛਪਵਾ ਲੈਂਦੇ ਹਨ। ਇਹ ਕੰਮ ਸ਼ਿਸ਼ਟਾਚਾਰ ਵਿਰੁੱਧ ਹੈ। ਅਜਿਹਾ ਕਰਨ ਤੋਂ ਪਹਿਲਾਂ ਉਸ ਤੋਂ ਇਜਾਜ਼ਤ ਲੈਣੀ ਸੱਭਿਅਕ ਹੋਣ ਦੀ ਨਿਸ਼ਾਨੀ ਹੋਵੇਗੀ।

* ਤੁਹਾਨੂੰ ਫੋਨ ਕਰਕੇ ਕੋਈ ਇਹ ਕਹਿੰਦਾ ਹੈ ਕਿ ਤੁਸੀਂ ਫਲਾਣੇ ਗੁਆਂਢੀ ਨਾਲ ਗੱਲ ਕਰਵਾ ਦਿਓ ਜਾਂ ਉਸ ਨੂੰ ਇਹ ਸੰਦੇਸ਼ ਦੇ ਦਿਓ ਤਾਂ ਸੱਭਿਅਕ ਵਿਅਕਤੀ ਦਾ ਇਹ ਫਰਜ਼ ਹੈ ਕਿ ਉਹ ਇਸ ਤਰ੍ਹਾਂ ਕਰੇ। ਜੇਕਰ ਅਜਿਹਾ ਕਰਨਾ ਸੰਭਵ ਨਾ ਹੋਵੇ ਤਾਂ ਫੋਨ ਕਰਨ ਵਾਲੇ ਤੋਂ ਨਿਮਰਤਾ ਨਾਲ ਮੁਆਫੀ ਮੰਗੋ ਅਤੇ ਦੱਸ ਦਿਓ ਕਿ ਅਜਿਹਾ ਕਰਨਾ ਕਿਉਂ ਸੰਭਵ ਨਹੀਂ ਹੈ।

* ਗੱਲਬਾਤ ਦਰਮਿਆਨ ਅਚਾਨਕ ਬਿਨਾਂ ਕੁਝ ਕਹੇ ਚਲੇ ਜਾਣਾ ਸ਼ਿਸ਼ਟਾਚਾਰ ਦੇ ਖਿਲਾਫ ਹੈ। ਉਠ ਕੇ ਜਾਣ ਤੋਂ ਪਹਿਲਾਂ ਨਿਮਰਤਾ ਨਾਲ ਇਜਾਜ਼ਤ ਲਓ।

* ਦੋ ਲੋਕ ਗੱਲ ਕਰ ਰਹੇ ਹੋਣ, ਅਚਾਨਕ ਉਨ੍ਹਾਂ ਦੇ ਵਿਚਕਾਰ ਚਲੇ ਜਾਣਾ ਅਸੱਭਿਅਤਾ ਦੇ ਦਾਇਰੇ ਵਿਚ ਆਉਂਦਾ ਹੈ। ਚੰਗਾ ਹੋਵੇ ਕਿ ਤੁਸੀਂ ਦੂਰੋਂ ਆਪਣੇ ਜਾਣਕਾਰ ਨੂੰ ਆਵਾਜ਼ ਦੇ ਕੇ ਉਸ ਨੂੰ ਇਹ ਇਸ਼ਾਰਾ ਕਰ ਦਿਓ ਕਿ ਉਹ ਤੁਹਾਡੇ ਕੋਲ ਆ ਜਾਵੇ।

* ਕਿਸੇ ਤੋਂ ਗਲਤੀ ਹੋ ਜਾਣ 'ਤੇ ਹੋਰਾਂ ਦੇ ਸਾਹਮਣੇ ਝਿੜਕਣਾ ਤੁਹਾਡੇ ਅਸੱਭਿਅਕ ਹੋਣ ਦਾ ਸਬੂਤ ਹੈ। ਸਹੀ ਇਹ ਹੈ ਕਿ ਉਸ ਨੂੰ ਇਕੱਲੇ 'ਚ ਪਿਆਰ ਨਾਲ ਉਸ ਦੀ ਗਲਤੀ ਦਾ ਅਹਿਸਾਸ ਕਰਾਓ ਅਤੇ ਚਾਹੋ ਤਾਂ ਭਵਿੱਖ ਲਈ ਸਖਤ ਚਿਤਾਵਨੀ ਵੀ ਦੇ ਦਿਓ।

* ਫਿਲਮ, ਟੀ. ਵੀ., ਨਾਟਕ ਦੇਖ ਰਹੇ ਹੋ ਤਾਂ ਵਿਚ-ਵਿਚ ਲਗਾਤਾਰ ਬੋਲਦੇ ਰਹਿਣਾ ਜਾਂ ਆਉਣ ਵਾਲੇ ਸੀਨ ਬਾਰੇ ਦੱਸਣਾ ਠੀਕ ਨਹੀਂ।

* ਗਾਲ੍ਹਾਂ ਕੱਢਣਾ ਜਾਂ ਸੁਣਨਾ ਤਾਂ ਕਿਸੇ ਵੀ ਸੱਭਿਅਕ ਵਿਅਕਤੀ ਨੂੰ ਪਸੰਦ ਨਹੀਂ।

* ਬੱਚਿਆਂ ਤੋਂ ਬੀੜੀ, ਸਿਗਰੇਟ, ਸ਼ਰਾਬ ਮੰਗਣਾ ਅਸੱਭਿਅਤਾ ਦਾ ਸਬੂਤ ਹੈ।

* ਦੋਸ਼ੀ ਦਾ ਪੱਖ ਲੈਣਾ ਸੱਭਿਅਤਾ ਦੀ ਨਿਸ਼ਾਨੀ ਨਹੀਂ ਪਰ ਦੋਸ਼ੀ ਦੇ ਮਾਮਲੇ 'ਚ ਅਜਿਹਾ ਵੀ ਨਾ ਹੋਵੇ ਕਿ ਉਸ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਵੇ।

* ਅਕਸਰ ਦੋ ਜਾਣਕਾਰ ਭੀੜ-ਭਾੜ ਵਾਲੀ ਥਾਂ 'ਤੇ ਵੀ ਮਜ਼ਾਕ ਵਿਚ ਇਕ-ਦੂਜੇ ਨੂੰ ਗਾਲ੍ਹਾਂ ਕੱਢਦੇ ਹੋਏ ਗੱਲ ਕਰਦੇ ਹਨ ਇਹ ਸੱਭਿਅਤਾ ਦੇ ਵਿਰੁੱਧ ਹੈ।

* ਜੇਕਰ ਵਾਹਨ ਜਾਂ ਹੋਰ ਕੋਈ ਚੀਜ਼ ਤੁਸੀਂ ਵਰਤੋਂ ਲਈ ਮੰਗੀ ਹੈ ਤਾਂ ਪਹਿਲਾਂ ਤੋਂ ਦੱਸੀ ਗਈ ਸਮੇਂ-ਸੀਮਾ ਅੰਦਰ ਹੀ ਉਹ ਚੀਜ਼ ਠੀਕ-ਠਾਕ ਹਾਲਤ ਵਿਚ ਵਾਪਸ ਕਰ ਦਿਓ ਤਾਂ ਇਹ ਤੁਹਾਨੂੰ ਸਹੀ ਵਿਅਕਤੀ ਠਹਿਰਾਉਣਾ ਲਾਇਕ ਗੱਲ ਹੋਵੇਗੀ।

* ਬੱਚਿਆਂ ਨਾਲ ਵੀ ਸੱਭਿਅਕ ਲਹਿਜ਼ੇ 'ਚ ਗੱਲ ਕਰਨੀ ਚਾਹੀਦੀ ਹੈ। ਜੇਕਰ ਬੱਚੇ ਕਦੇ ਅਸੱਭਿਅਕ ਵਿਵਹਾਰ ਕਰ ਰਹੇ ਹੋਣ ਤਾਂ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਨ੍ਹਾਂ ਨੂੰ ਦੱਸੋ ਕਿ ਸਹੀ ਕੀ ਹੈ।

* ਕਿਸੇ ਦੇ ਆਉਣ 'ਤੇ ਉਸ ਦੇ ਸਨਮਾਨ 'ਚ ਉਠ ਕੇ ਖੜ੍ਹੇ ਹੋਣਾ ਅਤੇ ਉਸ ਦੇ ਜਾਣ 'ਤੇ ਕੁਝ ਦੂਰ ਤਕ ਉਨ੍ਹਾਂ ਨਾਲ ਜਾ ਕੇ ਛੱਡਣਾ ਸ਼ਿਸ਼ਟਾਚਾਰ ਦੀ ਨਿਸ਼ਾਨੀ ਹਨ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 04.10.2011


ਜਿੰਨਾ ਕਰੋਗੇ ਸਬਰ, ਓਨੀ ਮਿਲੇਗੀ ਛੇਤੀ ਸਫ਼ਲਤਾ - ਰਾਜਿੰਦਰ ਕੁਮਾਰ ਮਿਸ਼ਰ

ਅਜਿਹਾ ਕਿਹੜਾ ਮਨੁੱਖ ਹੋਵੇਗਾ, ਜੋ ਜੀਵਨ ਵਿਚ ਸਫ਼ਲ ਨਹੀਂ ਹੋਣਾ ਚਾਹੁੰਦਾ ਪਰ ਬਹੁਤ ਘੱਟ ਲੋਕ ਅੱਜ ਅਜਿਹੇ ਹਨ, ਜੋ ਸਫ਼ਲਤਾ ਦਾ ਇੰਤਜ਼ਾਰ ਕਰਦੇ ਹਨ। ਸਫ਼ਲਤਾ ਹਾਸਲ ਕਰਨ ਦੀ ਹਰ ਕਿਸੇ ਨੂੰ ਜਲਦੀ ਹੈ। ਹਰ ਕੋਈ ਉਤਾਵਲਾ ਹੈ। ਅੱਜ ਸਫ਼ਲਤਾ ਦਾ ਮਾਇਨਾ ਹੀ ਬਦਲਦਾ ਹੋਇਆ ਨਜ਼ਰ ਆਉਂਦਾ ਹੈ। ਮਾਪਦੰਡ ਦੌਲਤ ਦੀ ਤੱਕੜੀ 'ਤੇ ਹੁੰਦਾ ਹੈ। ਜੋ ਜਿੰਨਾ ਅਮੀਰ ਹੈ, ਉਹ ਆਪਣੇ ਖੇਤਰ ਵਿਚ ਓਨਾ ਹੀ ਸਫ਼ਲ ਸਮਝਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਹਰ ਕੋਈ ਸਫ਼ਲਤਾ ਦਾ ਆਨੰਦ ਚੱਖਣ ਲਈ ਕਾਹਲਾ ਹੈ।

ਮੌਕਾਪ੍ਰਸਤੀ ਯੁੱਗ ਵਿਚ ਸਫ਼ਲਤਾ ਪਾਉਣ ਦੇ ਤਰੀਕੇ ਬਦਲ ਗਏ ਹਨ। ਬਿਨਾਂ ਕੁਝ ਕੀਤਿਆਂ ਸਫ਼ਲਤਾ ਮਿਲਦੀ ਜਾ ਰਹੀ ਹੈ, ਇਸ ਨੂੰ ਤਾਂ ਅਸੀਂ ਕਿਸਮਤ ਦਾ ਚੱਕਰ ਕਹਾਂਗੇ। ਇਹ ਸਫ਼ਲਤਾ ਥੋਪੀ ਹੋਈ ਸਫ਼ਲਤਾ ਕਹੀ ਜਾਵੇਗੀ। ਅਜਿਹੀ ਸਫ਼ਲਤਾ ਦਾ ਟਿਕਣਾ ਮੁਸ਼ਕਿਲ ਹੁੰਦਾ ਹੈ, ਕਿਉਂਕਿ ਕਦੋਂ ਖਿਸਕ ਜਾਵੇ, ਕਿਹਾ ਨਹੀਂ ਜਾ ਸਕਦਾ। ਅਸਲ ਸਫ਼ਲਤਾ ਉਦੋਂ ਕਹੀ ਜਾਵੇਗੀ, ਜਦੋਂ ਸਫ਼ਲਤਾ ਮਿਹਨਤ ਦੁਆਰਾ ਹਾਸਲ ਕੀਤੀ ਗਈ ਹੋਵੇ। ਪ੍ਰੀਖਿਆ ਵਿਚ ਹਜ਼ਾਰਾਂ ਵਿਦਿਆਰਥੀ ਬੈਠਦੇ ਹਨ। ਜੋ ਸਫ਼ਲ ਹੁੰਦਾ ਹੈ, ਉਹ ਪਾਸ ਅਤੇ ਸਫ਼ਲ ਨਾ ਹੋਣ ਵਾਲੇ ਨੂੰ ਫੇਲ੍ਹ ਯਾਨੀ ਅਸਫ਼ਲ ਸਮਝਿਆ ਜਾਂਦਾ ਹੈ। ਜਦੋਂ ਇਨ੍ਹਾਂ ਪਾਸ ਹੋਏ ਵਿਦਿਆਰਥੀਆਂ ਨੇ ਨਕਲ ਕੀਤੀ ਹੋਵੇ ਅਤੇ ਪੈਸੇ ਦੁਆਰਾ ਸਫ਼ਲਤਾ ਹਾਸਲ ਕੀਤੀ ਹੋਵੇ ਤਾਂ ਅਜਿਹੇ ਵਿਦਿਆਰਥੀਆਂ ਦਾ ਪਾਸ ਹੋਣਾ ਸਫ਼ਲਤਾ ਕਦੇ ਵੀ ਨਹੀਂ ਹੈ। ਅਜਿਹੇ ਵਿਦਿਆਰਥੀਆਂ ਨੂੰ ਸਫ਼ਲ ਨਹੀਂ ਕਹਿ ਸਕਦੇ। ਹਾਂ, ਨਕਲ ਕਰਨ ਵਿਚ ਜ਼ਰੂਰ ਸਫ਼ਲਤਾ ਮਿਲ ਗਈ। ਇਥੇ ਸਫ਼ਲਤਾ ਦਾ ਅਰਥ ਉਦੇਸ਼ ਦੀ ਪੂਰਤੀ ਹੁੰਦਾ ਹੈ। ਸੱਚੇ ਅਰਥ ਵਿਚ ਸਫ਼ਲਤਾ ਉਦੇਸ਼ ਦੀ ਪੂਰਤੀ ਹੀ ਹੈ ਪਰ ਉਦੇਸ਼ ਦੀ ਪੂਰਤੀ ਨੈਤਿਕ ਢੰਗ ਨਾਲ ਹੋਣੀ ਚਾਹੀਦੀ ਹੈ।

ਸਫ਼ਲਤਾ ਜਿਹੜੇ ਜਿੰਦੇ ਵਿਚ ਬੰਦ ਰਹਿੰਦੀ ਹੈ, ਉਹ ਦੋ ਚਾਬੀਆਂ ਨਾਲ ਖੁੱਲ੍ਹਦਾ ਹੈ। ਇਕ ਕੋਸ਼ਿਸ਼ ਹੈ ਅਤੇ ਦੂਜੀ ਮਿਹਨਤ। ਕੋਈ ਜਿੰਦਾ ਜਦੋਂ ਬਿਨਾਂ ਚਾਬੀ ਤੋਂ ਖੋਲ੍ਹਿਆ ਜਾਵੇ ਤਾਂ ਉਹ ਉਪਯੋਗੀ ਨਹੀਂ ਰਹਿੰਦਾ। ਚੋਰੀ ਹੋਣ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ। ਠੀਕ ਇਸੇ ਤਰ੍ਹਾਂ ਹੀ ਜੇ ਸਫ਼ਲਤਾ ਥੋਪੀ ਹੋਈ ਹੈ ਜਾਂ ਮੁਫਤ ਵਿਚ ਮਿਲੀ ਹੈ ਤਾਂ ਉਹ ਟਿਕ ਨਹੀਂ ਸਕਦੀ, ਕਦੇ ਵੀ ਖੋਹੀ ਜਾ ਸਕਦੀ ਹੈ।

ਨੈਤਿਕ ਪਤਨ, ਚਰਿੱਤਰ ਅਤੇ ਇਮਾਨਦਾਰੀ ਵੇਚ ਕੇ ਹਾਸਲ ਕੀਤੀ ਸਫ਼ਲਤਾ, ਸਫ਼ਲਤਾ ਨਹੀਂ ਮੰਨੀ ਜਾ ਸਕਦੀ ਪਰ ਅੱਜ ਸਫ਼ਲਤਾ ਹਾਸਲ ਕਰਨ ਲਈ ਹਰ ਕੋਈ ਛੋਟੇ ਰਾਹ (ਸ਼ਾਰਟ ਕੱਟ) ਪਸੰਦ ਕਰਦਾ ਹੈ। ਜਲਦਬਾਜ਼ੀ ਕੋਈ ਨਵੀਂ ਗੱਲ ਨਹੀਂ ਹੈ। ਜਲਦਬਾਜ਼ੀ ਵਿਚ ਅਸੀਂ ਨੈਤਿਕਤਾ ਭੁੱਲ ਜਾਂਦੇ ਹਾਂ। ਸਮਝੌਤਾ ਕਰਨਾ ਬੁਰਾ ਨਹੀਂ। ਬੁਰਾਈ ਹੈ ਮੌਕਾਪ੍ਰਸਤੀ ਵਿਚ ਸਵਾਰਥ ਸਿੱਧ ਕਰਨ ਲਈ ਕੀਤਾ ਗਿਆ ਸਮਝੌਤਾ। ਸਿਰਫ ਸੁੱਖ ਲਈ ਸੋਚਣਾ ਅਤੇ ਉਸੇ ਅਨੁਸਾਰ ਕੰਮ ਕਰਨਾ ਅਤੇ ਸਬੰਧ ਬਣਾਉਣਾ। ਸਿਧਾਂਤਹੀਣ ਜ਼ਿੰਦਗੀ ਦਾ ਕੋਈ ਮਹੱਤਵ ਨਹੀਂ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 08.10.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms