Sunday, September 25, 2011

ਸੰਤੁਸ਼ਟੀ ਕਦੇ ਨਹੀਂ ਹੋਣੀ - ਪ੍ਰੋ: ਕੁਲਜੀਤ ਕੌਰ

ਸੰਤੁਸ਼ਟੀ ਜਾਂ ਸਬਰ ਸੰਤੋਖ ਮਨ ਨੂੰ ਠੰਢ ਪਾਉਣ ਵਾਲੇ ਸ਼ਬਦ ਹਨ ਪਰ ਸ਼ਾਇਦ ਹੀ ਕੋਈ ਐਸਾ ਇਨਸਾਨ ਹੋਵੇਗਾ, ਜੋ ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋਵੇ, ਭਾਵੇਂ ਉਹ ਦੂਜਿਆਂ ਸਾਹਮਣੇ ਜ਼ਾਹਿਰ ਕਰੇ ਜਾਂ ਨਾ ਪਰ ਉਸ ਦੇ ਮਨ ਵਿਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਥੋੜ੍ਹੀ ਜਿਹੀ ਕਸਕ ਜ਼ਰੂਰ ਰਹਿ ਜਾਂਦੀ ਹੈ।

ਕਿਸੇ ਵੀ ਇਨਸਾਨ ਦੇ ਲਈ ਆਪਣੀ ਜ਼ਿੰਦਗੀ ਵਿਚ ਥੋੜ੍ਹੀਆਂ-ਬਹੁਤੀਆਂ ਸ਼ਿਕਾਇਤਾਂ ਹੋਣਾ ਸੁਭਾਵਿਕ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਨਾਕਾਮੀਆਂ ਦੇ ਬਾਰੇ ਸੋਚ ਕੇ ਨਿਰਾਸ਼ ਹੁੰਦੇ ਰਹੀਏ, ਸਗੋਂ ਸਾਨੂੰ ਹਰ ਗਲਤੀ ਤੋਂ ਸਬਕ ਸਿੱਖਣਾ ਚਾਹੀਦਾ ਹੈ। ਜ਼ਿੰਦਗੀ ਵੀ ਮੌਸਮ ਦੇ ਰੰਗਾਂ ਵਾਂਗ ਬਦਲਦੀ ਹੈ। ਜੇਕਰ ਜੀਵਨ ਦਾ ਕਠਿਨ ਜਾਂ ਮੁਸ਼ਕਿਲ ਦੌਰ ਆਏ ਤਾਂ ਇਹ ਸੋਚ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਕਿ ਖੁਸ਼ੀਆਂ ਦਾ ਦੌਰ ਵਾਪਸ ਆ ਜਾਵੇਗਾ।

ਛੋਟੀਆਂ-ਛੋਟੀਆਂ ਆਸਾਂ-ਉਮੀਦਾਂ ਦਾ ਸਹਾਰਾ ਲੈ ਕੇ ਚੱਲਣ ਨਾਲ ਜ਼ਿੰਦਗੀ ਦਾ ਮੁਸ਼ਕਿਲ ਸਫਰ ਵੀ ਆਸਾਨ ਹੋ ਜਾਂਦਾ ਹੈ। ਸੱਚਮੁੱਚ ਉਮੀਦ ਨਾਲ ਹੀ ਦੁਨੀਆ ਕਾਇਮ ਹੈ। ਜ਼ਰਾ ਸੋਚੋ, ਜੇਕਰ ਸਾਡੇ ਮਨ ਵਿਚ ਜਿਉਣ ਦਾ ਉਤਸ਼ਾਹ ਅਤੇ ਖੁਸ਼ੀਆਂ ਹਾਸਲ ਕਰਨ ਦਾ ਲਾਲਚ ਨਾ ਹੋਵੇ ਤਾਂ ਜ਼ਿੰਦਗੀ ਕਿੰਨੀ ਬੋਝਲ ਅਤੇ ਕਠਿਨ ਹੋ ਜਾਵੇਗੀ। ਭਾਵੇਂ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਨਾ ਹੋਣ, ਫਿਰ ਵੀ ਆਪਣੇ ਮਨ ਨੂੰ ਹੌਸਲਾ ਦਿੱਤਾ ਜਾ ਸਕਦਾ ਹੈ, ਦੁਬਾਰਾ ਕੋਸ਼ਿਸ਼ ਕਰਾਂਗੇ। ਸੰਤੁਸ਼ਟੀ ਜਾਂ ਸਬਰ-ਸੰਤੋਖ ਕਿਵੇਂ ਆਏ ਇਹ ਵੀ ਵਿਚਾਰਨ ਵਾਲੀ ਗੱਲ ਹੈ। ਜੇਕਰ ਸਾਡੇ ਮਨ ਵਿਚ ਸੁਪਨੇ ਸਾਕਾਰ ਕਰਨ ਦਾ ਜਜ਼ਬਾ ਨਾ ਹੋਵੇ ਤਾਂ ਸਾਡੀ ਜ਼ਿੰਦਗੀ ਵਿਚ ਠਹਿਰਾਓ ਆ ਜਾਵੇਗਾ। ਸਾਡੇ ਸਾਹਮਣੇ ਕੋਈ ਉਦੇਸ਼ ਨਹੀਂ ਹੋਵੇਗਾ ਤਾਂ ਵਿਹਲਾ ਮਨ ਸ਼ੈਤਾਨ ਦਾ ਘਰ ਬਣ ਜਾਵੇਗਾ। ਨਾਕਾਰਾਤਮਿਕ ਭਾਵਨਾਵਾਂ ਜਨਮ ਲੈਣਗੀਆਂ। ਦੁਨੀਆ ਵਿਚ ਅਜਿਹੇ ਬਹੁਤ ਲੋਕ ਹਨ, ਜਿਨ੍ਹਾਂ ਦੇ ਕੋਲ ਭੌਤਿਕ ਸੁਖ ਤਾਂ ਬਹੁਤ ਹਨ ਪਰ ਖਾਲੀ ਵਕਤ ਅਤੇ ਕਿਸੇ ਨਿਸ਼ਚਿਤ ਉਦੇਸ਼ ਦੀ ਕਮੀ ਕਾਰਨ ਉਨ੍ਹਾਂ ਨੂੰ ਆਪਣਾ ਜੀਵਨ ਨੀਰਸ ਤੇ ਅਕਾਊ ਲੱਗਣ ਲੱਗ ਪੈਂਦਾ ਹੈ। ਜੀਵਨ ਵਿਚ ਕੁਝ ਚੰਗੇ ਆਦਰਸ਼ ਹਾਸਲ ਕਰਨ ਦੀ ਇੱਛਾ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਇਸ ਦੀ ਪੂਰਤੀ ਲਈ ਸਾਕਾਰਾਤਮਿਕ ਸੋਚ ਹੋਣਾ ਬਹੁਤ ਜ਼ਰੂਰੀ ਹੈ।

ਜੇਕਰ ਤੁਹਾਨੂੰ ਜ਼ਿੰਦਗੀ ਨਾਲ ਕੋਈ ਗਿਲਾ ਜਾਂ ਸ਼ਿਕਾਇਤ ਹੈ ਤਾਂ ਨਿਰਾਸ਼ ਨਾ ਹੋਵੋ, ਸਗੋਂ ਛੋਟੀਆਂ-ਛੋਟੀਆਂ ਗੱਲਾਂ ਵੱਲ ਝਾਤ ਪਾਓ, ਜੋ ਜ਼ਿੰਦਗੀ ਵਿਚ ਖੁਸ਼ੀਆਂ ਦੇ ਸਕਦੀਆਂ ਹਨ-

• ਕਦੇ ਵੀ ਕਿਸੇ ਦੂਜੇ ਦੀ ਆਰਥਿਕ ਸਥਿਤੀ ਨਾਲ ਆਪਣੀ ਤੁਲਨਾ ਨਾ ਕਰੋ, ਖਾਸਕਰ ਆਪਣੇ ਤੋਂ ਅਮੀਰ ਤੇ ਆਰਥਿਕ ਤੌਰ 'ਤੇ ਖੁਸ਼ਹਾਲ ਪਰਿਵਾਰ ਨਾਲ ਤੁਰਨਾ ਕਰਕੇ ਝੂਰੋ ਨਾ, ਆਪਣੇ ਮਨ ਵਿਚ ਹੀਣ ਭਾਵਨਾ ਨਾ ਲਿਆਓ। 

• ਜੇਕਰ ਕੋਈ ਸਮੱਸਿਆ ਆਵੇ ਤਾਂ ਉਸ ਨੂੰ ਆਪਣੇ ਲਈ ਇਕ ਵੰਗਾਰ ਸਮਝੋ, ਉਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੋ।

• ਸਮੇਂ ਦੀ ਕਦਰ ਕਰਨਾ ਸਿੱਖੋ ਅਤੇ ਸਮੇਂ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰੋ।

• ਜੀਵਨ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰੋ, ਜੇਕਰ ਸਫਲਤਾ ਮਿਲਦੀ ਹੈ ਤਾਂ ਠੀਕ ਹੈ, ਨਹੀਂ ਤਾਂ ਮਾਯੂਸ ਨਾ ਹੋਵੋ।

• ਆਪਣੀ ਕਿਸਮਤ 'ਤੇ ਝੂਰਨ ਨਾਲੋਂ ਯਤਨ ਕਰਨੇ ਜ਼ਰੂਰੀ ਹਨ। ਸਵਾਰ ਜਾਂ ਸੰਤੁਸ਼ਟੀ ਲਈ ਹਰ ਹਾਲਤ ਵਿਚ ਖੁਸ਼ ਰਹਿਣ ਦਾ ਯਤਨ ਕਰਨਾ ਪੈਂਦਾ ਹੈ।

ਮੁਸ਼ਕਿਲਾਂ ਅਤੇ ਸੰਘਰਸ਼ ਹੀ ਜਿਊਣਾ ਸਿਖਾਉਂਦੇ ਹਨ। ਸੰਤੁਸ਼ਟੀ ਜਾਂ ਸਬਰ ਸਹਿਜੇ-ਸਹਿਜੇ ਹੀ ਹਾਸਲ ਹੋ ਸਕਦਾ ਹੈ। ਇਸ ਲਈ ਭਟਕਣਾ ਅਤੇ ਬੇਕਾਰ ਦੀਆਂ ਚਿੰਤਾਵਾਂ ਨੂੰ ਛੱਡਣਾ ਪਵੇਗਾ। ਜ਼ਿੰਦਗੀ ਨਾਲ ਸ਼ਿਕਾਇਤ ਹੋਣਾ ਕੁਦਰਤੀ ਹੈ, ਕਿਉਂਕਿ ਕੋਈ ਵੀ ਮਨੁੱਖ ਪੂਰਨ ਤੌਰ 'ਤੇ ਸੰਤੁਸ਼ਟ ਨਹੀਂ ਹੋ ਸਕਦਾ ਪਰ ਆਸ, ਸੰਘਰਸ਼ ਅਤੇ ਮਿਹਨਤ ਦੇ ਬਲ 'ਤੇ ਸੰਤੁਸ਼ਟੀ ਅਤੇ ਸਬਰ ਦੀ ਮੰਜ਼ਿਲ ਹਾਸਲ ਹੋ ਸਕਦੀ ਹੈ।
-ਐਚ. ਐਮ. ਵੀ., ਜਲੰਧਰ।
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 12.05.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms