Saturday, August 13, 2011

ਬਰਸਾਤਾਂ 'ਚ ਸਿਹਤ ਦੀ ਸੰਭਾਲ - ਸਰਿਤਾ ਸ਼ਰਮਾ

ਬਰਸਾਤ ਦੇ ਮੌਸਮ ‘ਚ ਸਿਹਤ ਦਾ ਖਾਸ ਤੌਰ ‘ਤੇ ਧਿਆਨ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਬਰਸਾਤ ‘ਚ ਡ੍ਰੇਨੇਜ, ਕੂੜੇ ਦੀ ਸਮੱਸਿਆ ਅਤੇ ਬਰਸਾਤ ਦਾ ਪਾਣੀ ਇਕੱਠਾ ਕਾਰਨ ਕਈ ਬੀਮਾਰੀਆਂ ਫੈਲ ਜਾਂਦੀਆਂ ਹਨ। ਮਾਨਸੂਨ ‘ਚ ਜ਼ਿਆਦਾਤਰ ਸਿਹਤ ਸਮੱਸਿਆਵਾਂ ਗੰਦੇ ਪਾਣੀ ਅਤੇ ਮੱਛਰ-ਮੱਖੀਆਂ ਕਾਰਨ ਪੈਦਾ ਹੁੰਦੀਆਂ ਹਨ। ਵੱਖ-ਵੱਖ ਕਿਸਮ ਦੇ ਮੱਛਰਾਂ ਦੇ ਡੰਗਣ ਨਾਲ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਬੀਮਾਰੀਆਂ ਫੈਲਦੀਆਂ ਹਨ।

ਖੁੱਲ੍ਹੇ ਗਟਰ ‘ਚੋਂ ਪਾਣੀ ਦਾ ਓਵਰ ਫਲੋਅ, ਪ੍ਰਦੂਸ਼ਣ ਦੇ ਵਧਦੇ ਪੱਧਰ ਅਤੇ ਪਾਣੀ ਦੇ ਜਮ੍ਹਾ ਹੋਣ ਕਾਰਨ ਟਾਈਫਾਇਡ, ਪੀਲੀਆ, ਡਾਇਰੀਆ ਅਤੇ ਹੈਪੇਟਾਈਟਸ ਦੀਆਂ ਬੀਮਾਰੀਆਂ ਦੇ ਵਧਣ ਦਾ ਖਤਰਾ ਰਹਿੰਦਾ ਹੈ, ਇਸ ਲਈ ਆਪਣੀ ਸਿਹਤ ਪ੍ਰਤੀ ਲਾਪ੍ਰਵਾਹੀ ਨਾ ਵਰਤੋ ਅਤੇ ਹੇਠ ਲਿਖੀਆਂ ਗੱਲਾਂ ਦਾ

ਧਿਆਨ ਰੱਖੋ :

* ਸ਼ਾਮ ਹੋਣ ਤੋਂ ਪਹਿਲਾਂ ਘਰ ਦੇ ਦਰਵਾਜ਼ੇ-ਖਿੜਕੀਆਂ ਬੰਦ ਕਰ ਦਿਓ ਤਾਂਕਿ ਮੱਛਰ ਅੰਦਰ ਨਾ ਵੜ ਜਾਏ।

* ਸਰੀਰ ਨੂੰ ਪੂਰੀ ਤਰ੍ਹਾਂ ਢਕਣ ਵਾਲੇ ਕੱਪੜੇ ਪਹਿਨੋ ਅਤੇ ਮੱਛਰ-ਰੋਕੂ ਮੈਟ, ਕੁਆਇਲ ਅਤੇ ਮਾਸਕੀਟੋ ਲਿਕਵੀਡੇਟਰ ਦੀ ਵਰਤੋਂ ਕਰੋ।

* ਤੇਜ਼ ਗੰਧ ਵਾਲੇ ਪਰਫਿਊਮ ਜਾਂ ਕ੍ਰੀਮ ਤੋਂ ਦੂਰ ਰਹੋ।

* ਘਰ ਦੇ ਅੰਦਰ ਅਤੇ ਬਾਹਰ ਕਦੇ ਵੀ ਪਾਣੀ ਇਕੱਠਾ ਨਾ ਹੋਣ ਦਿਓ।

* ਡ੍ਰੇਨੇਜ ਸਿਸਟਮ ਨੂੰ ਢਕ ਕੇ ਰੱਖੋ ਅਤੇ ਘਰ ਦੀਆਂ ਨਾਲੀਆਂ ‘ਚ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰੋ।

* ਮਾਨਸੂਨ ਦੇ ਮੌਸਮ ‘ਚ ਬਾਹਰ ਦੇ ਖਾਣੇ ਦੀ ਬਜਾਏ ਘਰ ਦੇ ਬਣੇ ਖਾਣ ਨੂੰ ਪਹਿਲ ਦਿਓ। ਖਾਣੇ ਨੂੰ ਹਮੇਸ਼ਾ ਢਕ ਕੇ ਰੱਖੋ। ਕੱਚਾ ਸਲਾਦ, ਜੂਸ ਅਤੇ ਕੱਟੇ ਹੋਏ ਫਲਾਂ ਦੀ ਵਰਤੋਂ ਤੋਂ ਪ੍ਰਹੇਜ਼ ਕਰੋ।

* ਪੀਣ ਵਾਲਾ ਪਾਣੀ ਉਬਾਲ ਕੇ ਪੀਓ।

* ਮੀਟ ਅਤੇ ਸਬਜ਼ੀਆਂ ਕੱਟਣ ਲਈ ਵੱਖ-ਵੱਖ ਕਟਿੰਗ ਬੋਰਡ ਅਤੇ ਚਾਕੂ ਵਰਤੋ। ਸੰਭਵ ਹੋਵੇ ਤਾਂ ਮਾਸਾਹਾਰੀ ਖਾਣੇ ਤੋਂ ਦੂਰ ਹੀ ਰਹੋ।

* ਘਰ ‘ਚ ਸਟੋਰ ਕੀਤੇ ਪਾਣੀ ਇਕ ਹਫਤੇ ਪਿੱਛੋਂ ਬਦਲ ਦਿਓ ਅਤੇ ਮਾਨਸੂਨ ਆਉਣ ਤੋਂ ਪਹਿਲਾਂ ਘਰ ਦੀ ਪਾਣੀ ਦੀ ਟੈਂਕੀ ਨੂੰ ਵੀ ਚੰਗੀ ਤਰ੍ਹਾਂ ਸਾਫ ਕਰਵਾ ਲਓ।

ਮਾਨਸੂਨ ‘ਚ ਬੱਚਿਆਂ ਨੂੰ ਹੋਣ ਵਾਲੀਆਂ ਬੀਮਾਰੀਆਂ ਅਤੇ ਬਚਾਅ

* ਬੱਚਿਆਂ ‘ਚ ਰੋਗਾਂ ਨਾਲ ਲੜਨ ਦੀ ਸਮਰੱਥਾ ਘੱਟ ਹੁੰਦੀ ਹੈ, ਇਸ ਲਈ ਉਹ ਛੇਤੀ ਹੀ ਇਨ੍ਹਾਂ ਦੀ ਗ੍ਰਿਫਤ ‘ਚ ਆ ਜਾਂਦੇ ਹਨ। ਬਰਸਾਤ ਦੇ ਮੌਸਮ ‘ਚ ਬੱਚੇ ਜ਼ੁਕਾਮ, ਬੁਖਾਰ, ਸਾਹ ਲੈਣ ‘ਚ ਤਕਲੀਫ ਅਤੇ ਪੇਟ ਦੀਆਂ ਬੀਮਾਰੀਆਂ ਦੇ ਵਧੇਰੇ ਸ਼ਿਕਾਰ ਹੁੰਦੇ ਹਨ।

* ਬਰਸਾਤ ‘ਚ ਦੂਸ਼ਿਤ ਪਾਣੀ ਕਾਰਨ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਣ ਲਈ ਉਨ੍ਹਾਂ ਨੂੰ ਹਮੇਸ਼ਾ ਉਬਲਿਆ ਪਾਣੀ ਹੀ ਦਿਓ।

* ਪਾਣੀ ‘ਚ 20-25 ਤੁਲਸੀ ਦੇ ਪੱਤੇ ਵੀ ਨਾਲ ਹੀ ਉਬਾਲ ਲਓ, ਇਸ ਨਾਲ ਪਾਣੀ ਤਾਂ ਸ਼ੁੱਧ ਹੁੰਦਾ ਹੀ ਹੈ, ਨਾਲ ਹੀ ਸਰਦੀ-ਜ਼ੁਕਾਮ ਤੋਂ ਵੀ ਰਾਹਤ ਮਿਲਦੀ ਹੈ।

* ਬੱਚੇ ਨੂੰ ਠੰਡਾ ਜਾਂ ਬੇਹਾ ਭੋਜਨ ਬਿਲਕੁਲ ਨਾ ਦਿਓ ਅਤੇ ਫਰਿੱਜ ‘ਚੋਂ ਵਾਰ-ਵਾਰ ਖਾਣਾ ਕੱਢ ਕੇ ਗਰਮ ਕਰਕੇ ਨਾ ਤਾਂ ਉਨ੍ਹਾਂ ਨੂੰ ਦਿਓ ਤੇ ਨਾ ਹੀ ਆਪ ਖਾਓ।

* ਬਰਸਾਤੀ ਮੌਸਮ ‘ਚ ਦਹੀਂ ਵੀ ਨਾ ਖਾਓ।

* ਬਾਹਰ ਦੀ ਕੋਈ ਵੀ ਚੀਜ਼ (ਜੰਕ ਫੂਡ) ਬੱਚਿਆਂ ਨੂੰ ਖਾਣ ਲਈ ਨਾ ਦਿਓ।

* ਬੱਚਾ ਬਰਸਾਤ ‘ਚ ਭਿੱਜ ਜਾਏ ਤਾਂ ਤੁਰੰਤ ਉਸ ਦਾ ਸਰੀਰ ਪੂੰਝ ਕੇ ਉਸ ਨੂੰ ਸੁੱਕੇ ਅਤੇ ਆਰਾਮਦਾਇਕ ਕੱਪੜੇ ਪਹਿਨਾਓ। ਨਹਾਉਣ ਲਈ ਜਰਮਸ ਫ੍ਰੀ ਸੋਪ ਦੀ ਵਰਤੋਂ ਕਰੋ।

* ਹਰੀਆਂ ਸਬਜ਼ੀਆਂ ਅਤੇ ਫਲਾਂ ਨੂੰ ਵਗਦੇ ਪਾਣੀ ਦੇ ਹੇਠਾਂ ਚੰਗੀ ਤਰ੍ਹਾਂ ਰਗੜ ਕੇ ਧੋਵੋ। ਫਿਰ ਹੀ ਉਨ੍ਹਾਂ ਦੀ ਵਰਤੋਂ ਕਰੋ।

ਚਮੜੀ ਸੰਬੰਧੀ ਬੀਮਾਰੀਆਂ

ਬਾਰਿਸ਼ ‘ਚ ਭਿੱਜਣ ਨਾਲ ਕਈ ਤਰ੍ਹਾਂ ਦੇ ਬੈਕਟੀਰੀਆ ਅਤੇ ਫੰਗਸ ਦੇ ਜੀਵਾਣੂ ਵਧਣ-ਫੁੱਲਣ ਲੱਗਦੇ ਹਨ ਅਤੇ ਵਾਤਾਵਰਣ ‘ਚ ਨਮੀ ਕਾਰਨ ਚਮੜੀ ‘ਚ ਬੈਕਟੀਰੀਅਲ ਇਨਫੈਕਸ਼ਨ ਹੋ ਸਕਦੀ ਹੈ। ਬਰਸਾਤ ਦੇ ਪਾਣੀ ‘ਚ ਬਹੁਤੀ ਦੇਰ ਤਕ ਪੈਰ ਗਿੱਲੇ ਰਹਿਣ ‘ਤੇ ‘ਐਥਲੀਟ ਫੁਟ’ ਫੰਗਲ ਇਨਫੈਕਸ਼ਨ ਹੋ ਜਾਂਦੀ ਹੈ। ਗਿੱਲੇ ਵਾਲਾਂ ਨੂੰ ਬਹੁਤੀ ਦੇਰ ਤਕ ਬੰਨ੍ਹੀ ਰੱਖਣ ਨਾਲ ਖਾਰਸ਼ ਅਤੇ ਛੋਟੇ-ਛੋਟੇ ਦਾਣਿਆਂ ਦੇ ਰੂਪ ‘ਚ ਇਨਫੈਕਸ਼ਨ ਹੋ ਜਾਂਦੀ ਹੈ। ਇਸ ਤੋਂ ਇਲਾਵਾ ਫੋੜੇ-ਫਿਨਸੀਆਂ ਵੀ ਨਿਕਲਣ ਲੱਗਦੀਆਂ ਹਨ।

ਕੀ ਕਰੀਏ?

* ਬਾਰਿਸ਼ ਦੇ ਪਾਣੀ ‘ਚ ਭਿੱਜਣ ਪਿੱਛੋਂ ਸਾਫ ਪਾਣੀ ‘ਚ ਡਿਟੌਲ ਪਾ ਕੇ ਮੈਡੀਕੇਟਿਡ ਸਾਬਣ ਨਾਲ ਚੰਗੀ ਤਰ੍ਹਾਂ ਸਫਾਈ ਕਰੋ। ਕੱਪੜੇ ਉਦੋਂ ਹੀ ਪਹਿਨੋ, ਜਦੋਂ ਸਰੀਰ ਚੰਗੀ ਤਰ੍ਹਾਂ ਸੁੱਕ ਜਾਏ।

* ਬਾਰਿਸ਼ ‘ਚ ਵਾਲ ਗਿੱਲੇ ਹੋ ਜਾਣ ਤਾਂ ਉਨ੍ਹਾਂ ਨੂੰ ਸਾਫ ਪਾਣੀ ਅਤੇ ਸ਼ੈਂਪੂ ਨਾਲ ਧੋ ਕੇ ਚੰਗੀ ਤਰ੍ਹਾਂ ਸੁੱਕਣ ਪਿੱਛੋਂ ਹੀ ਬੰਨ੍ਹੋ।

* ਪਿੱਤ ‘ਤੇ ਟੈਲਕਮ ਪਾਊਡਰ ਲਗਾਉਂਦੇ ਰਹੋ। ਜੇਕਰ ਪਿੱਤ ਪੱਕ ਜਾਏ ਤਾਂ ਉਸ ‘ਤੇ ਬਰਫ ਦੇ ਟੁਕੜੇ, ਚੰਦਨ ਦੇ ਪਾਊਡਰ ਜਾਂ ਮੁਲਤਾਨੀ ਮਿੱਟੀ ਨਾਲ ਲੇਪ ਕਰੋ।

* ਫੋੜੇ-ਫਿੰਸੀਆਂ ਵਾਲੀ ਥਾਂ ਨੂੰ ਸਾਫ ਅਤੇ ਖੁੱਲ੍ਹੀ ਰੱਖੋ। ਨਿੰਮ ਦੀਆਂ ਤਾਜ਼ੀ ਨੂੰ ਪੀਸ ਕੇ ਉਸ ‘ਚ ਥੋੜ੍ਹਾ ਜਿਹਾ ਨਮਕ ਮਿਲਾ ਕੇ (ਦੋ ਚੱਮਚ) ਰੋਜ਼ਾਨਾ ਦਸ ਦਿਨਾਂ ਤਕ ਪੀਣ ਨਾਲ ਫੋੜੇ-ਫਿੰਸੀਆਂ ਤੋਂ ਆਰਾਮ ਮਿਲਦਾ ਹੈ।

* ਘਰ ‘ਚ ਕਿਸੇ ਨੂੰ ਇਨਫੈਕਸ਼ਨ ਹੋਈ ਹੋਵੇ ਤਾਂ ਉਸ ਦੇ ਕੱਪੜੇ, ਤੌਲੀਆ, ਕੰਘੀ ਤੇ ਹੋਰ ਸਾਮਾਨ ਵਰਤਣ ਤੋਂ ਪ੍ਰਹੇਜ਼ ਕਰੋ।

* ਖੁੱਲ੍ਹੇ-ਡੁੱਲ੍ਹੇ ਅਤੇ ਸੂਤੀ ਕੱਪੜੇ ਪਹਿਨੋ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 08.07.2011Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms