ਵਿਆਹ ਹਰ ਲੜਕੀ ਦੀ ਜ਼ਿੰਦਗੀ ਦਾ ਇਕ ਖੂਬਸੂਰਤ ਮੋੜ ਹੈ, ਜਿਥੋਂ ਉਸ ਦਾ ਇਕ ਨਵਾਂ ਜੀਵਨ ਸ਼ੁਰੂ ਹੁੰਦਾ ਹੈ। ਹੁਣ ਉਸ ਦਾ ਇਹ ਨਵਾਂ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ, ਇਸ ਦਾ ਫੈਸਲਾ ਕਰਨ ਦੇ ਦੋ ਢੰਗ ਹੁੰਦੇ ਹਨ। ਤੁਹਾਡੇ ਵੱਲੋਂ ਵਿਆਹ ਤੋਂ ਪਹਿਲਾਂ ਵਿਆਹ ਲਈ ਕੀਤੀ ਜਾਣ ਵਾਲੀ ਸਰੀਰਕ ਅਤੇ ਮਾਨਸਿਕ ਤਿਆਰੀ।
ਜੀ ਹਾਂ, ਇਸ ਤਿਆਰੀ ‘ਤੇ ਤੁਹਾਡਾ ਸਾਰਾ ਦਾਰੋਮਦਾਰ ਟਿਕਿਆ ਹੁੰਦਾ ਹੈ ਅਤੇ ਇਹ ਵਿਆਹੁਤਾ ਜ਼ਿੰਦਗੀ ਦੀ ਸਫਲਤਾ ਦਾ ਅਹਿਮ ਅੰਗ ਹੈ। ਕੀ ਤੁਸੀਂ ਵਿਆਹ ਲਈ ਸਰੀਰਕ ਜਾਂ ਮਾਨਸਿਕ ਤੌਰ ‘ਤੇ ਤਿਆਰ ਹੋ?
ਆਓ, ਕੁਝ ਸਵਾਲਾਂ-ਜਵਾਬਾਂ ਰਾਹੀਂ ਤੁਸੀਂ ਖੁਦ ਹੀ ਚੈੱਕ ਕਰ ਲਓ :
1) ਕੀ ਤੁਹਾਡੀ ਉਮਰ ਵਿਆਹ ਯੋਗ ਹੋ ਚੁੱਕੀ ਹੈ? (ਹਾਂ/ਨਹੀਂ)
2) ਕੀ ਤੁਸੀਂ ਸਰੀਰਕ ਤੌਰ ‘ਤੇ ਸਿਹਤਯਾਬ ਹੋ? ਭਾਵ ਕਿ ਵਿਆਹ ਤੋਂ ਬਾਅਦ ਗਰਭਵਤੀ ਹੋਣ ‘ਚ ਕੋਈ ਸਮੱਸਿਆ ਤਾਂ ਨਹੀਂ ਆਵੇਗੀ? (ਹਾਂ/ਨਹੀਂ)
3) ਕੀ ਤੁਹਾਨੂੰ ਗਰਭ ਰੋਕਣ ਦੇ ਸਾਰੇ ਢੰਗਾਂ ਬਾਰੇ ਜਾਣਕਾਰੀ ਹੈ? (ਹਾਂ/ਨਹੀਂ)
4) ਵਿਆਹ ਤੋਂ ਬਾਅਦ ਤੁਹਾਡੇ ਸਰੀਰ ਵਿਚ ਕਈ ਤਰ੍ਹਾਂ ਦੇ ਬਦਲਾਅ ਹੋਣਗੇ। ਕੀ ਤੁਸੀਂ ਉਨ੍ਹਾਂ ਬਾਰੇ ਜਾਣਦੇ ਹੋ ਜਾਂ ਉਨ੍ਹਾਂ ਲਈ ਤਿਆਰ ਹੋ? (ਹਾਂ/ਨਹੀਂ)
5) ਤੁਹਾਡੇ ਪਤੀ ਵਿਚ ਬਹੁਤ ਸਾਰੀਆਂ ਚੰਗਿਆਈਆਂ ਦੇ ਨਾਲ-ਨਾਲ ਬੁਰਾਈਆਂ ਵੀ ਹੋ ਸਕਦੀਆਂ ਹਨ। ਕੀ ਤੁਸੀਂ ਉਨ੍ਹਾਂ ਨੂੰ ਅਪਣਾਉਣ ਲਈ ਤਿਆਰ ਹੋ? (ਹਾਂ/ਨਹੀਂ)
6) ਕੀ ਤੁਸੀਂ ਨਵੇਂ ਜੁੜਨ ਵਾਲੇ ਰਿਸ਼ਤਿਆਂ ਵਿਚ ਤਾਲਮੇਲ ਬਿਠਾਉਣ ਲਈ ਤਿਆਰ ਹੋ? (ਹਾਂ/ਨਹੀਂ)
7) ਕਈ ਵਾਰ ਪਰਿਵਾਰ ਦੀ ਸੁਖ-ਸ਼ਾਂਤੀ ਲਈ ਸਹੁਰੇ ਪਰਿਵਾਰ ਸਾਹਮਣੇ ਖੁਦ ਦੀਆਂ ਜਾਂ ਆਪਣੇ ਪੇਕੇ ਪਰਿਵਾਰ ਵਾਲਿਆਂ ਦੀਆਂ ਖੂਬੀਆਂ ਭੁਲਾ ਕੇ ਸਹੁਰੇ ਪਰਿਵਾਰ ਨੂੰ ਸਰਬੋਤਮ ਦੱਸਣਾ ਪੈ ਸਕਦਾ ਹੈ। ਕੀ ਤੁਸੀਂ ਇਸ ਦੇ ਲਈ ਤਿਆਰ ਹੋ? (ਹਾਂ/ਨਹੀਂ)
8) ਕੀ ਤੁਸੀਂ ਇਸ ਗੱਲ ਲਈ ਤਿਆਰ ਹੋ ਕਿ ਵਿਆਹ ਤੋਂ ਬਾਅਦ ਇਸ ਘਰ ਨੂੰ ਇਕ ਨਵੇਂ ਮਾਹੌਲ ਵਿਚ ਆਪਣੇ-ਆਪ ਨੂੰ ‘ਐਡਜਸਟ’ ਕਰਨਾ ਹੋਵੇਗਾ? (ਹਾਂ/ਨਹੀਂ)
9) ਕਈ ਵਾਰ ਨਾ ਚਾਹੁੰਦਿਆਂ ਹੋਇਆਂ ਵੀ ਹਾਲਾਤ ਤੋਂ ਮਜਬੂਰ ਜਾਂ ਰੀਤੀ-ਰਿਵਾਜਾਂ ਨਾਲ ਬੱਝੇ ਹੋਣ ਕਾਰਨ ਆਪਣੇ ਪੇਕੇ ਵਾਲਿਆਂ ਨੂੰ ਨਾ ਮਿਲਣ ਲਈ ਮਜਬੂਰ ਹੋ ਸਕਦੇ ਹੋ। ਕੀ ਅਜਿਹੀ ਹਾਲਤ ‘ਚ ਤੁਸੀਂ ਆਪਣੇ-ਆਪ ‘ਤੇ ਕਾਬੂ ਰੱਖ ਸਕੋਗੇ? (ਹਾਂ/ਨਹੀਂ)
10) ਸਹੁਰੇ ਘਰ ਜਾਣ ਤੋਂ ਬਾਅਦ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਆਦਤਾਂ ਜਿਵੇਂ ਸਵੇਰੇ ਛੇਤੀ ਉਠਣਾ, ਰਾਤ ਨੂੰ ਦੇਰੀ ਨਾਲ ਸੌਣਾ, ਖਾਣਾ-ਪੀਣਾ, ਕੱਪੜੇ ਪਾਉਣਾ, ਤੁਰਨਾ-ਫਿਰਨਾ, ਹੱਸਣਾ-ਬੋਲਣਾ ਆਦਿ ਵਿਚ ਬਦਲਾਅ ਕਰਨਾ ਹੋਵੇਗਾ। ਕੀ ਤੁਸੀਂ ਇਸ ਦੇ ਲਈ ਤਿਆਰ ਹੋ? (ਹਾਂ/ਨਹੀਂ)
11) ਤੁਹਾਡੇ ਪਤੀ ਦੀਆਂ ਕਈ ਆਦਤਾਂ ਤੁਹਾਨੂੰ ਨਾਪਸੰਦ ਹੋ ਸਕਦੀਆਂ ਹਨ ਪਰ ਤੁਹਾਨੂੰ ਉਨ੍ਹਾਂ ‘ਤੇ ਗੁੱਸਾ ਕਰਨ ਦੀ ਥਾਂ ਸ਼ੁਰੂ ਵਿਚ ਉਨ੍ਹਾਂ ਨੂੰ ਸਹਿਣ ਕਰਨਾ ਹੋਵੇਗਾ ਅਤੇ ਹੌਲੀ-ਹੌਲੀ ਆਪਣੇ ਪਤੀ ‘ਚ ਬਦਲਾਅ ਲਿਆਉਣਾ ਹੋਵੇਗਾ। ਕੀ ਤੁਸੀਂ ਇਸ ਲਈ ਤਿਆਰ ਹੋ? (ਹਾਂ/ਨਹੀਂ)
12) ਕੀ ਤੁਸੀਂ ਇਸ ਲਈ ਤਿਆਰ ਹੋ ਕਿ ਤੁਹਾਡੇ ਪਤੀ ਫਿਲਮੀ ਪਤੀਆਂ ਵਾਂਗ ਹਰ ਸਮੇਂ ਪਿਆਰ ਦੇ ਸਾਗਰ ਵਿਚ ਗੋਤੇ ਨਹੀਂ ਲਗਾਉਂਦੇ ਰਹਿਣਗੇ? (ਹਾਂ/ਨਹੀਂ)
ਨਤੀਜਾ
ਜੇਕਰ ਤੁਹਾਡਾ 12 ਸਵਾਲਾਂ ਵਿਚੋਂ ਸਵਾਲ ਨੰ: 1 ਸਹਿਤ 10 ਜਾਂ ਜ਼ਿਆਦਾ ਸਵਾਲਾਂ ਦਾ ਜਵਾਬ ‘ਹਾਂ’ ਵਿਚ ਹੈ ਤਾਂ ਤੁਸੀਂ ਵਿਆਹ ਲਈ ਪੂਰੀ ਤਰ੍ਹਾਂ ਤਿਆਰ ਹੋ।
ਜੇਕਰ ‘ਹਾਂ’ ਦੀ ਗਿਣਤੀ 5 ਤੋਂ 8 ਹੈ ਤਾਂ ਤੁਸੀਂ ਵਿਆਹ ਤੋਂ ਪਹਿਲਾਂ ਆਪਣੇ-ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰ ਸਕਦੇ ਹੋ।
ਜੇਕਰ ‘ਹਾਂ’ ਦੀ ਗਿਣਤੀ 5 ਤੋਂ ਵੀ ਘੱਟ ਹੈ ਤਾਂ ਤੁਸੀਂ ਹਾਲੇ ਵਿਆਹ ਲਈ ਪੂਰੀ ਤਰ੍ਹਾਂ ਪ੍ਰਪੱਕ ਨਹੀਂ ਹੋ। ਇਸ ਦੇ ਲਈ ਤੁਹਾਨੂੰ ਮਾਨਸਿਕ ਤੌਰ ‘ਤੇ ਖੁਦ ਨੂੰ ਤਿਆਰ ਕਰਨ ਦੀ ਜ਼ਰੂਰਤ ਹੈ।
ਧੰਨਵਾਦ ਸਾਹਿਤ ਅਜੀਤ ਜਲੰਧਰ ‘ਚੋਂ 09.04.2009