Wednesday, August 24, 2011

ਬੇਸ਼ਰਮੀ ਮੋਰਚਾ 'ਅਸੀਂ ਬੇਸ਼ਰਮੀ ਨਹੀਂ ਕੀਤੀ, ਬੇਸ਼ਰਮੀ ਤੁਸਾਂ ਵੇਖਣ ਵਾਲਿਆਂ ਦੀ ਹੈ' - ਮੁੰਬਈ ਤੋਂ ਆਤਿਸ਼

ਮੋਰਚੇ ਤਾਂ ਬੜੇ ਵੇਖੇ-ਸੁਣੇ ਸਨ, ਜਿਵੇਂ ਕਿਸਾਨ ਮੋਰਚਾ, ਦਲਿਤ ਮੋਰਚਾ, ਸਟੂਡੈਂਟਸ ਮੋਰਚਾ, ਪਰ ਸਭ ਤੋਂ ਅਨੋਖਾ ਮੋਰਚਾ 31 ਜੁਲਾਈ ਨੂੰ ਦਿੱਲੀ 'ਚ ਨਿਕਲਿਆ 'ਬੇਸ਼ਰਮੀ ਮੋਰਚਾ' ਇਹਦਾ ਜਵਾਬ ਨਹੀਂ। ਆਪਣੀ ਸਰਕਾਰ ਵੀ ਕਮਾਲ ਦੀ ਹੈ ਅੰਨਾ ਹਜ਼ਾਰੇ ਨੂੰ ਜੰਤਰ-ਮੰਤਰ 'ਤੇ ਭ੍ਰਿਸ਼ਟਾਚਾਰ ਵਿਰੁੱਧ ਮਰਨ ਵਰਤ ਰੱਖਣ ਦੀ ਮਨਾਹੀ ਹੈ ਪਰ 'ਬੇਸ਼ਰਮੀ ਮੋਰਚਾ' ਕੱਢਣ 'ਤੇ ਕੋਈ ਪਾਬੰਦੀ ਨਹੀਂ। ਖੁੱਲ੍ਹ-ਖੁੱਲ੍ਹ ਕੇ ਕੱਢੋ ਸੁਹਣਿਓ ਕਿਉਂਕਿ ਮੂਲਤਨ ਇਹ ਮੋਰਚਾ 'ਸੋਹਣਿਆਂ' ਦੁਆਰਾ ਕੱਢਿਆ ਗਿਆ ਹੈ।

ਪਹਿਲਾਂ ਤਾਂ ਮੈਂ ਸਮਝਿਆ, ਇਹ ਮੋਰਚਾ ਆਪਣੀ ਕੇਂਦਰੀ ਸਰਕਾਰ ਦੇ ਮੰਤਰੀਆਂ ਦੁਆਰਾ ਕੱਢਿਆ ਜਾ ਰਿਹਾ ਹੈ ਕਿਉਂਕਿ ਜਿਸ ਪ੍ਰਕਾਰ ਉਨ੍ਹਾਂ ਦੇ ਰਾਜ 'ਚ ਘੁਟਾਲੇ ਤੇ ਘੁਟਾਲੇ ਹੋਏ ਹਨ ਤੇ ਉਨ੍ਹਾਂ ਕਿੱਦਾਂ ਇਨ੍ਹਾਂ 'ਤੇ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ, ਇਸ ਤੋਂ ਵੱਧ ਬੇਸ਼ਰਮੀ ਕੀ ਹੋ ਸਕਦੀ ਹੈ... ਪਰ ਮੋਰਚਾ ਤਾਂ ਬੀਬੀਆਂ ਕੁੜੀਆਂ ਵੱਲੋਂ ਆਯੋਜਿਤ ਕੀਤਾ ਗਿਆ, ਜਿਨ੍ਹਾਂ 'ਚ ਮੁੰਡੇ-ਖੁੰਡੇ ਵੀ ਸ਼ਾਮਿਲ ਹੋਏ, 'ਬੇਸ਼ਰਮੀ' ਮੋਰਚਾ ਅਸਲ 'ਚ ਮਾਡਰਨ ਬੀਬੀਆਂ ਤੇ ਕੁੜੀਆਂ ਵੱਲੋਂ ਇਸ ਗੱਲ ਤੇ ਰੋਸ ਪ੍ਰਗਟਾਵਾ ਸੀ ਕਿ ਉਨ੍ਹਾਂ ਨੂੰ ਦਰਸ਼ਨੀ ਕੱਪੜੇ 'ਤੇ ਘੱਟੋ-ਘੱਟ ਕੱਪੜੇ ਜਾਂ ਤੰਗ ਕੱਪੜੇ ਪਾਉਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ, ਜੋ ਇੱਛਾ ਹੋਏ ਓਦਾਂ ਦੇ ਕੱਪੜੇ ਪਾਉਣ, ਛੋਟੇ ਪਾਉਣ, ਵੱਡੇ ਪਾਉਣ, ਤੰਗ ਪਾਉਣ, ਖੁੱਲ੍ਹੇ ਪਾਉਣ, ਘੱਟ ਪਾਉਣ, ਵੱਧ ਪਾਉਣ ਇਹ ਉਨ੍ਹਾਂ ਦੀ ਮਰਜ਼ੀ। ਉਨ੍ਹਾਂ ਨੂੰ ਰੋਕਣ-ਟੋਕਣ ਵਾਲੇ ਮਾਮੇ ਲਗਦੇ ਹਨ?

ਉਨ੍ਹਾਂ ਦਾ ਕਹਿਣਾ ਹੈ ਮਕਸਦ ਹੈ ਕਿ ਉਹ ਕਿੱਦਾਂ ਦੇ ਵੀ ਕੱਪੜੇ ਪਾਉਣ, ਤੁਹਾਨੂੰ ਕੋਈ ਹੱਕ ਨਹੀਂ ਕਿ ਉਨ੍ਹਾਂ ਵੱਲ ਰਾਲ ਟਪਕਾ ਕੇ ਤੱਕੋ।

ਮੁੱਦਾ-ਅੱਖ ਦੀ ਸ਼ਰਮ।

ਅੱਖ ਦੀ ਸ਼ਰਮ ਹੋਣੀ ਚਾਹੀਦੀ ਹੈ-ਭੜਕਾਊ, ਅੱਖਾਂ ਨੂੰ ਸੇਕ ਪਹੁੰਚਾਉਣ ਵਾਲੇ ਕੱਪੜੇ, ਉਹ ਪਾਉਣ, ਪਰ ਤੁਹਾਨੂੰ ਕੋਈ ਹੱਕ ਨਹੀਂ ਕਿ ਉਨ੍ਹਾਂ ਵੱਲ ਵੇਖ ਕੇ ਅੱਖਾਂ ਸੇਕੋ। ਅੱਖਾਂ ਨੀਵੀਆਂ ਪਾ ਲਓ ਨਾ। ਆਪਣੀ ਸੰਸਕ੍ਰਿਤੀ 'ਚ ਲਛਮਣ ਜੀ ਦੀ ਮਿਸਾਲ ਹੈ ਨਾ... ਉਨ੍ਹਾਂ ਨੂੰ ਸੀਤਾ ਜੀ ਬਾਰੇ ਜਦ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ, 'ਮੇਰੀਆਂ ਅੱਖਾਂ ਤਾਂ ਮਾਤਾ ਦੇ ਚਰਨਾਂ 'ਤੇ ਹੀ ਟਿਕੀਆਂ ਰਹੀਆਂ।'

ਸਭ ਤੋਂ ਪਹਿਲੇ ਮਨੁੱਖ, ਇਸ ਧਰਤੀ 'ਤੇ, ਆਦਮ ਤੇ ਹਵਾ ਹੋਏ ਹਨ। ਉਨ੍ਹਾਂ ਨੂੰ ਜਿਉਂ ਹੀ ਇਹ ਸੋਝੀ ਆਈ ਕਿ ਉਹ 'ਨੰਗੇ' ਹਨ, ਉਨ੍ਹਾਂ ਝੱਟ ਇਸ 'ਸ਼ਰਮ' ਨੂੰ ਦਰੱਖਤਾਂ ਦੇ ਪੱਤਿਆਂ ਨਾਲ ਢਕ ਲਿਆ। 'ਗਾਂਹ ਚਲ ਕੇ ਉਨ੍ਹਾਂ ਦੀ ਅੰਸ਼ ਨੇ ਸ਼ਰਮ 'ਸ਼ਰਮ ਕੱਢਣ' ਲਈ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। ਜਿਉਂ-ਜਿਉਂ ਦਿਮਾਗ ਵਿਕਸਤ ਹੁੰਦਾ ਗਿਆ-ਇਨ੍ਹਾਂ ਕੱਪੜਿਆਂ ਨੇ ਫੈਸ਼ਨ ਦਾ ਰੂਪ ਧਾਰਨ ਕਰ ਲਿਆ।

'ਫੈਸ਼ਨ' ਦਾ ਮਕਸਦ ਕੀ ਹੈ? ਅਰਥ ਕੀ ਹੈ? ਆਪਣੇ-ਆਪ ਨੂੰ ਇਉਂ ਸਜਾਣਾ-ਸੰਵਾਰਨਾ ਕਿ ਲੋਕਾਂ ਦੀਆਂ ਅੱਖਾਂ ਏਧਰ ਖਿੱਚੀਆਂ ਜਾਣ। ਫੈਸ਼ਨ ਦਾ ਮਤਲਬ ਹੀ ਇਹ ਹੈ ਕਿ ਦੂਜਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ (ਖਿੱਚਣਾ) ਪਤਾ ਨਹੀਂ ਕਿਹੜੇ ਭੈੜੇ ਪੰਜਾਬੀ ਨੇ ਇਸ ਕਹਾਵਤ ਦਾ ਆਗਾਜ਼ ਕੀਤਾ:-

'ਜੋ ਪੱਟੀ, ਫੈਸ਼ਨਾ ਪੱਟੀ।'

ਫੈਸ਼ਨ, ਕਮੀਜ਼ਾਂ, ਸਲਵਾਰਾਂ ਦੇ, ਕੋਟਾਂ ਪੈਂਟਾਂ ਦੇ, ਸਾੜੀਆਂ, ਬਲਾਊਂਜਾਂ ਦੇ, ਘੱਗਰਿਆਂ ਤੇ ਜੰਪਰਾਂ ਦੇ, ਲੋ-ਕੱਟ, ਬੈਕ ਕੱਟ, ਤੰਗ ਮੋਰੀ, ਖੁੱਲ੍ਹੀ ਮੋਰੀ... ਬਲਾਅ... ਤੇ ਵਾਲਾਂ ਦੇ ਫੈਸ਼ਨ ਭਾਂਤ-ਭਾਂਤ ਦੇ...

ਦੋ ਗੁੱਤਾਂ ਕਰ ਮੇਰੀਆਂ,

ਮਾਏ ਮੇਰੀਏ ਨੀਂ

ਮੈਨੂੰ ਬੜਾ ਚਾਅ....
-0-
ਕਜਰਾ ਮੁਹੱਬਤ ਵਾਲਾ,

ਅੱਖੀਉਂ ਮੇਂ ਐਸਾ ਡਾਲਾ

ਕਜਰੇ ਨੇ ਲੇ ਲੀ ਮੇਰੀ ਜਾਨ,

ਹਾਏ ਰੇ ਮੈਂ ਤੇਰੇ ਪੇ... ਕੁਰਬਾਨ।

ਕਮਾਲ ਹੈ, ਅਜੀਬ ਫੈਸ਼ਨ ਇਸ ਲਈ ਕੀਤੇ ਜਾਂਦੇ ਹਨ, ਇਸ ਲਈ ਦਰਸ਼ਨੀ ਪਹਿਰਾਵੇ ਪਹਿਨੇ ਜਾਂਦੇ ਹਨ ਕਿ ਲੋਕਾਂ ਦੀਆਂ ਅੱਖਾਂ 'ਚ ਖਿੱਚ ਪਏ... ਪਰ ਤੁੱਰਾ ਇਹ ਕਿ ਪਾਉਣ ਵਾਲਿਆਂ ਨੂੰ ਸ਼ਰਮ ਆਏ ਨਾ ਆਏ, ਵੇਖਣ ਵਾਲਿਆਂ ਨੂੰ ਸ਼ਰਮ ਜ਼ਰੂਰ ਆਉਣੀ ਚਾਹੀਦੀ ਹੈ। ਅੱਖਾਂ 'ਚ ਖਿੱਚ ਪਾਉਣ ਲਈ ਫੈਸ਼ਨ ਕੀਤਾ ਤੇ ਆਖਿਆ ਬਈ ਤੱਕੋ ਵੀ ਨਾ। ਇਹ ਤਾਂ ਬੜੀ ਜ਼ਿਆਦਤੀ ਹੈ, ਜ਼ੁਲਮ ਹੈ ਜੀ।

ਇਹ ਕਲੇਸ਼ ਸਾਰਾ ਕਿੱਥੋਂ ਸ਼ੁਰੂ ਹੋਇਆ? ਕੈਨੇਡਾ ਤੋਂ। ਇਕ ਸਿਪਾਹੀ ਨੇ ਦਰਸ਼ਨੀ ਕੱਪੜੇ ਪਹਿਨੀ ਕਿਸੇ ਬੀਬੀ ਨੂੰ ਮਤ ਦੇ ਦਿੱਤੀ ਕਿ ਜੇਕਰ ਚਾਹੁੰਦੀਆਂ ਹੋ ਕਿ ਤੁਹਾਡੇ ਨਾਲ ਕੋਈ ਛੇੜਛਾੜ ਨਾ ਕਰੇ, ਕੋਈ ਬਦਸਲੂਕੀ ਨਾ ਕਰੇ... ਤਾਂ ਐਹੋ ਜਿਹੇ ਕੱਪੜੇ ਪਾਉਣ ਤੋਂ ਗੁਰੇਜ਼ ਕਰੋ।

ਬਸ ਪਾ ਤਾ ਭੜਥੂ... ਪੈ ਗਈ ਭਸੂੜੀ।

'ਤੂੰ ਕੌਣ ਹੁੰਨੈਂ, ਹਵਾ ਦੀ ਬੇਟੀ ਨੂੰ ਨਸੀਹਤ ਦੇਣ ਵਾਲਾ।'

ਚਲੋ ਜੀ, ਮੋਰਚਾ ਕੱਢੋ।

ਪਹਿਲਾ ਮੋਰਚਾ ਕੈਨੇਡਾ ਦੀਆਂ ਬੀਬੀਆਂ ਨੇ ਕੈਨੇਡਾ 'ਚ ਕੱਢਿਆ, ਬੀਬਿਆਂ ਨੂੰ ਨਸੀਹਤ ਸੀ ਕਿ ਬੀਬੇ ਬਣੋ। ਇਸ ਮੋਰਚੇ ਨੂੰ 'ਸਲੱਟ' ਆਖਿਆ ਗਿਆ ਸੀ, ਜਿਸ ਨੂੰ ਹਿੰਦੁਸਤਾਨ 'ਚ ਦਿੱਲੀ ਦੀਆਂ ਬੀਬੀਆਂ ਨੇ ਸਹੀ ਉਲੱਥਾ ਕਰਕੇ 'ਬੇਸ਼ਰਮੀ ਮੋਰਚੇ' ਦਾ ਨਾਂਅ ਦੇ ਦਿੱਤਾ।

'ਅਸੀਂ ਬੇਸ਼ਰਮੀ ਨਹੀਂ ਕੀਤੀ, ਬੇਸ਼ਰਮੀ ਤੁਸਾਂ ਵੇਖਣ ਵਾਲਿਆਂ ਦੀ ਹੈ।'

ਇਕ ਵਰਨਣਯੋਗ ਗੱਲ ਹੈ ਕਿ ਇਸ 'ਬੇਸ਼ਰਮੀ' ਮੋਰਚੇ ਵਿਚ ਬੀਬੀਆਂ ਦੀ ਹਮਾਇਤ ਵਿਚ ਕਈ ਬੀਬੇ ਵੀ ਸ਼ਾਮਿਲ ਹੋਏ ਪਰ ਕਿਸੇ ਇਕ ਵੀ ਪੁਰਖ ਦੀ ਨਾ ਤਾਂ ਭੈਣ ਜਾਂ ਭਰਜਾਈ ਜਾਂ ਮਾਂ ਇਸ ਮੋਰਚੇ 'ਚ ਸ਼ਾਮਿਲ ਹੋਈ। ਹਾਂ, ਇਕ ਅੱਧੀ ਬੀਬੀ ਦੇ ਬੁਆਏ-ਫਰੈਂਡ ਸਿਰਫ਼ ਉਨ੍ਹਾਂ ਨੂੰ ਪ੍ਰਸੰਨ ਕਰਨ ਲਈ ਜ਼ਰੂਰ ਸ਼ਾਮਿਲ ਹੋਏ ਹੋਣਗੇ। ਅੱਜਕਲ੍ਹ ਟੀ. ਵੀ. ਚੈਨਲਾਂ 'ਤੇ ਇਕ ਮੋਬਾਈਲ ਫੋਨ ਦੀਆਂ ਸੇਵਾਵਾਂ ਦੇਣ ਵਾਲੀ ਕੰਪਨੀ ਐਡ ਆ ਰਹੀ ਹੈ ਜਿਸ ਵਿਚ ਇਕ ਨੌਜਵਾਨ ਜਿਸ ਦੀ ਟੰਗ ਟੁੱਟੀ ਹੈ ਤੇ ਉਸ 'ਤੇ ਪਲੱਸਤਰ ਚੜ੍ਹਿਆ ਹੈ, ਉਹਨੂੰ ਜਦ ਇਕ ਮਗਰੋਂ ਦੂਜੀ ਕੁੜੀ ਫੋਨ ਕਰਦੀ ਹੈ ਤਾਂ ਉਹਦਾ ਇਕ ਦੋਸਤ ਮਤ ਦਿੰਦਾ ਹੈ 'ਓਏ ਕਾਹਨੂੰ ਖਾਹਮਖਾਹ ਟਾਕ-ਟਾਈਮ ਖਤਮ ਕਰ ਰਿਹਾ ਹੈਂ?' ਤਾਂ ਉਹ ਮਨਚਲਾ ਜਵਾਬ ਦਿੰਦਾ ਹੈ, 'ਜੇਕਰ ਦੋ ਪੈਸੇ 'ਚ ਦੋ ਫਸਦੀਆਂ ਹਨ ਤਾਂ ਕੀ ਹਰਜ਼ ਹੈ?' ਇਹੋ ਜਿਹੇ ਹੀ ਆਏ ਹੋਣਗੇ... ਉਨ੍ਹਾਂ ਦੀ ਹਮਾਇਤ 'ਚ...। ਦੂਜੀ ਗੱਲ ਇਹ ਹੈ ਕਿ ਜਿਹੜੀਆਂ ਬੀਬੀਆਂ ਨੇ ਇਹ ਮੋਰਚਾ ਕੱਢਿਆ ਉਨ੍ਹਾਂ ਦੀਆਂ ਮਾਵਾਂ, ਨਣਦਾਂ, ਭਾਬੀਆਂ ਜਾਂ ਭੈਣਾਂ ਵੀ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਇਸ ਮੋਰਚੇ ਵਿਚ ਨਹੀਂ ਸ਼ਾਮਿਲ ਹੋਈਆਂ। ਉਪਰੋਂ ਨਾ ਬੀਬੀਆਂ ਨੇ ਤੇ ਨਾ ਹੀ ਉਨ੍ਹਾਂ ਦੇ ਸਮਰਥਕ ਬੀਬਿਆਂ ਨੇ ਕੋਈ ਹਿੰਦੁਸਤਾਨੀ ਪਹਿਰਾਵਾ ਪਾਇਆ ਹੋਇਆ ਸੀ। ਸਭੇ ਪੂਰੀ ਤਰ੍ਹਾਂ ਪੱਛਮੀ ਰੰਗ ਵਿਚ ਰੰਗੇ ਹੋਏ ਸਨ। ਕਦੇ ਸਾਡੀ ਜਨਰੇਸ਼ਨ 'ਪੁਰੇ ਦੀ ਵਾ' ਤੋਂ ਮੋਹਿਤ ਹੋ ਜਾਂਦੀ ਸੀ

ਅੱਜਕਲ੍ਹ ਪੱਛਮ ਦੀ 'ਵਾ' ਦਾ ਇਨ੍ਹਾਂ ਨੂੰ ਇੰਤਜ਼ਾਰ ਰਹਿੰਦਾ ਹੈ। ਪੱਛਮ ਤੋਂ ਕੋਈ ਵੀ ਮਾੜੀ-ਚੰਗੀ 'ਵਾ ਐਧਰ ਆਉਂਦੀ ਹੈ, ਇਹ ਝੱਟ ਉਹਦੇ 'ਚ ਸਾਹ ਲੈਣਾ ਸ਼ੁਰੂ ਕਰ ਦਿੰਦੇ ਹਨ। ਕਦੇ ਵੈਲਨਟਾਈਨ-ਡੇ, ਕਦੇ ਰਾਕ ਐਂਡ ਰੋਲ ਡਾਂਸ, ਕਦੇ ਪੀਜ਼ੇ ਤੇ ਇਟਾਲੀਅਨ ਫੂਡ। ਇਹ ਸ਼ੁਕਰ ਕਰਦੇ ਹਨ ਕਿ ਵਿਦੇਸ਼ੀ ਹਵਾ ਇਨ੍ਹਾਂ ਲਈ ਕੋਈ ਨਵੀਂ ਖੁਰਾਫਾਤ ਲੈ ਕੇ ਆਈ ਹੈ, ਇਹ ਇਉਂ ਦਬੋਚਦੇ ਹਨ, ਜਿਵੇਂ ਕੋਈ ਰੱਬ ਵੱਲੋਂ, ਭੇਜੀ ਬਹੁਤ ਵੱਡੀ ਖ਼ੈਰਾਤ ਮਿਲ ਗਈ ਹੋਵੇ। ਛੋਟੇ ਸ਼ਹਿਰਾਂ ਦਾ ਤਾਂ ਪਤਾ ਨਹੀਂ, ਅਹਿ ਸਾਡੇ ਮੈਟਰੋ ਸ਼ਹਿਰਾਂ, ਮੁੰਬਈ, ਦਿੱਲੀ, ਮਦਰਾਸ, ਕੋਲਕਾਤਾ 'ਚ ਤਾਂ ਮੁੰਡੇ-ਕੁੜੀਆਂ ਦੀ ਪੁਸ਼ਾਕ ਟੋਟਲ ਪੱਛਮੀ ਹੋ ਗਈ ਹੈ। ਮਹਾਤਮਾ ਗਾਂਧੀ ਵਾਲਾ ਚਰਖਾ ਕੱਤਣ ਨੂੰ ਇਕ ਵੀ ਤਿਆਰ ਨਹੀਂ। ਬੰਦੇ ਕੀ, ਹੁਣ ਤਾਂ ਸੁਆਣੀਆਂ ਵੀ ਚਰਖਾ ਕੋਈ ਨਹੀਂ ਜੇ ਕੱਤਦੀਆਂ।

ਭਲਾ ਹੋਇਆ ਮੇਰਾ ਚਰਖਾ ਟੁੱਟਾ

ਜਿੰਦ ਅਜਾਬੋਂ ਛੁੱਟੀ।

ਇਨ੍ਹਾਂ ਬੇਸ਼ਰਮੀ ਮਾਰਚ ਕੱਢਣ ਵਾਲੀਆਂ ਨੇ ਜਿਹੜੇ ਬੈਨਰ ਚੁੱਕੇ ਹੋਏ ਸਨ, ਉਨ੍ਹਾਂ ਦੀ ਵੰਨਗੀ ਵੇਖੋ:-

* ਲੜਕੀ ਤੇਰੇ ਬਾਪ ਕੀ ਜਾਗੀਰ ਨਹੀਂ।

* ਨਜ਼ਰ ਤੇਰੀ ਬੁਰੀ, ਬੁਰਕਾ ਮੈਂ ਪਹਿਨੂ?

(ਕਿਸੇ ਇਕ ਨੇ ਵੀ ਬੁਰਕਾ ਨਹੀਂ ਪਾਇਆ ਹੋਇਆ ਸੀ)

ਮਤਲਬ, ਇਹ ਬੁਰਕੇ ਪਾਉਣ ਨਾ ਪਾਉਣ, ਜੋ ਜੀਅ ਚਾਹੇ ਪਾਉਣ ਪਰ ਜਦ ਇਹ ਗਲੀਆਂ ਬਾਜ਼ਾਰਾਂ 'ਚੋਂ ਲੰਘਣ ਤਾਂ ਮੁੰਡਿਆਂ ਤੇ ਮਰਦਾਂ ਨੂੰ ਝੱਟ ਅੱਖਾਂ ਨੀਵੀਆਂ ਕਰ ਲੈਣੀਆਂ ਚਾਹੀਦੀਆਂ ਹਨ ਜਾਂ ਫਿਰ ਅੱਖਾਂ 'ਤੇ ਪੱਟੀਆਂ ਬੰਨ੍ਹ ਲੈਣੀਆਂ ਚਾਹੀਦੀਆਂ ਹਨ। ਪਤੈ ਜਦ ਅਕਬਰ ਬਾਦਸ਼ਾਹ ਜਾਂ ਕੋਈ ਵੀ ਮੁਗਲੀਆ ਬਾਦਸ਼ਾਹ ਤਸ਼ਰੀਫ਼ ਲਿਆਉਂਦਾ ਸੀ ਤਾਂ ਉਨ੍ਹਾਂ ਦੀ ਆਮਦ ਤੋਂ ਅਗਾਹ ਕਰਨ ਲਈ ਇਕ ਏਲਚੀ ਉੱਚੀ-ਉੱਚੀ ਹੋਕਾ ਦਿੰਦਾ ਸੀ, 'ਬਾਅਦਬ, ਬਾਮੁਲਾਹਿਜ਼ਾ, ਹੋਸ਼ਿਆਰ, ਜ਼ਿਲ੍ਹੇ ਸੁਭਾਨੀ... ਤਸ਼ਰੀਫ਼ ਲਾ ਰਹੇ ਹੈਂ।' ਹੁਣ ਤਾਂ ਇਨ੍ਹਾਂ 'ਬੇਸ਼ਰਮੀ ਮੋਰਚੇ' ਵਾਲਿਆਂ ਦੀਆਂ ਸਾਮੀਆਂ ਜਦ ਵੀ ਤਸ਼ਰੀਫ਼ ਲਿਆਉਣ ਉਨ੍ਹਾਂ ਤੋਂ ਪਹਿਲਾਂ ਅਵਾਮ ਨੂੰ ਹੋਕੇ ਨਾਲ ਖ਼ਬਰਦਾਰ ਕਰਨਾ ਚਾਹੀਦਾ ਹੈ ਕਿ ਜਾਂ ਤਾਂ ਅੱਖਾਂ ਨੀਵੀਆਂ ਕਰ ਲਓ ਜਾਂ ਫਿਰ ਮੂੰਹ ਮੋੜ ਲਓ ਜਾਂ ਫਿਰ ਅੱਖਾਂ 'ਤੇ ਪੱਟੀਆਂ ਬੰਨ੍ਹ ਲਓ... ਕਿਉਂਕਿ ਉਹ ਮਨਭਾਉਂਦਾ ਡ੍ਰੈੱਸ ਪਹਿਨ ਕੇ ਆ ਰਹੀ/ਰਹੀਆਂ ਹਨ।

ਇਸ ਬੇਸ਼ਰਮੀ ਮਾਰਚ 'ਚ ਜਿੰਨੀਆਂ ਬੀਬੀਆਂ ਮਾਰਚ ਕਰ ਰਹੀਆਂ ਸਨ, ਉਨ੍ਹਾਂ ਵਿਚੋਂ ਕਿਸੇ ਇਕ ਦੇ ਸਿਰ 'ਤੇ ਵੀ ਦੁਪੱਟਾ ਜਾਂ ਚੁੰਨੀ ਨਹੀਂ ਸੀ। ਦੁਪੱਟਾ, ਚੁੰਨੀਆਂ ਤਾਂ ਉਡਪੁਡ ਹੀ ਗਏ ਹਨ। ਇਕ ਸਮਾਂ ਸੀ, ਧੀ ਰਤਾ ਵੱਡੀ ਹੋਈ ਨਹੀਂ ਤੇ ਮਾਂ ਵਾਰ-ਵਾਰ ਉਹਨੂੰ ਤਾੜਨਾ ਕਰਦੀ, 'ਨੀਂ ਚੁੰਨੀ ਲੈ ਨੀਂ... ਦੁਪੱਟਾ ਲੈ ਨੀਂ।'

ਇਹ ਜਿਨ੍ਹਾਂ ਨੇ, ਹਿੰਦੁਸਤਾਨ ਯਾਨਿ ਭਾਰਤ ਯਾਨਿ ਦਿੱਲੀ 'ਚ ਇਹ ਬੇਸ਼ਰਮੀ ਮੋਰਚਾ ਕੱਢਿਆ ਹੈ ਇਨ੍ਹਾਂ ਭਾਰਤੀ ਬੀਬੀਆਂ ਨੂੰ ਇਸ ਤੱਥ ਦਾ ਅਹਿਸਾਸ ਨਹੀਂ ਹੈ ਕਿ ਪੱਛਮੀ ਦੇਸ਼ਾਂ ਦੇ ਲੋਕੀਂ (ਅੰਗਰੇਜ਼, ਫਰਾਂਸੀਸੀ, ਜਰਮਨ, ਅਮਰੀਕੀ, ਸਪੇਨੀ, ਇਤਾਲਵੀ) ਕਦੇ ਵੀ ਧੀਆਂ ਦੀ ਭਰੂਣ ਹੱਤਿਆ ਨਹੀਂ ਕਰਦੇ। ਉਨ੍ਹਾਂ ਲਈ ਧੀ ਜਾਂ ਪੁੱਤ, ਔਲਾਦ ਹਨ, ਉਨ੍ਹਾਂ ਲਈ ਧੀਆਂ ਦੁਸ਼ਿਆਰੀਆਂ ਨਹੀਂ ਹਨ। ਕਦੇ ਸੁਣਿਆ ਜੇ ਕਿਸੇ ਵੀ ਪੱਛਮੀ ਦੇਸ਼ ਵਾਲੇ ਨੇ ਜੰਮਣ ਵਾਲੀ ਧੀ ਦੀ ਭਰੂਣ ਹੱਤਿਆ ਕੀਤੀ ਹੋਵੇ? ਕਿਸੇ ਨੇ ਆਪਣੀ ਧੀ ਦੀ ਆਨਰ ਕਿਲਿੰਗ ਕੀਤੀ ਹੋਵੇ ਕਿ ਉਹਨੇ ਕਿਸੇ ਹੋਰ ਜਾਤ ਜਾਂ ਧਰਮ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਹੈ?

ਕਿਵੇਂ, ਦਿਨ-ਬਦਿਨ ਫਰਕ ਵਧਦਾ ਜਾ ਰਿਹਾ ਹੈ, ਭਾਰਤ ਦੇ ਹਰ ਸ਼ਹਿਰ, ਹਰ ਪਿੰਡ ਵਿਚ, ਮੁੰਡੇ ਤੇ ਕੁੜੀਆਂ ਦੇ ਅਨੁਪਾਤ ਵਿਚ?

ਮੋਰਚਾ ਤਾਂ ਆਪਣੀ ਹੋਂਦ ਨੂੰ ਬਚਾਉਣ ਲਈ, ਭਾਰਤੀ ਬੀਬੀਆਂ ਨੂੰ ਕੱਢਣਾ ਚਾਹੀਦਾ ਸੀ। ਇਸ ਮੋਰਚੇ 'ਚ ਇਕ-ਦੋ ਸੌ ਨਹੀਂ, ਹਜ਼ਾਰਾਂ ਦੀ ਗਿਣਤੀ ਵਿਚ ਮਾਵਾਂ, ਧੀਆਂ, ਭੈਣਾਂ ਨੇ ਹਿੱਸਾ ਲੈਣਾ ਸੀ ਜਾਂ ਫਿਰ, ਲੋਕਾਂ ਦੀਆਂ ਘੂਰਦੀਆਂ ਅੱਖਾਂ ਤੋਂ ਬਚਣ ਲਈ ਇਹ ਤਰੀਕਾ ਅਪਣਾਉਣਾ ਚਾਹੀਦਾ ਹੈ, ਜਿਸ ਘਟਨਾ ਦਾ ਮੈਂ ਜ਼ਿਕਰ ਕਰ ਰਿਹਾ ਹਾਂ:-

ਇਕ ਕਾਕਾ ਬਸ 'ਚ ਲਾਈਨ ਤੋੜ ਕੇ ਬਸ 'ਚ ਅਗਾਂਹ ਵਧ ਕੇ ਸਵਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਕ ਬਜ਼ੁਰਗ ਨੇ ਟੋਕਿਆ, 'ਕਾਕਾ ਇਹ ਠੀਕ ਨਹੀਂ ਹੈ।' ...ਤਾਂ ਪਿਛਿਉਂ ਆਵਾਜ਼ ਆਈ, 'ਇਹ ਕਾਕਾ ਨਹੀਂ ਕਾਕੀ ਹੈ।' ਜੇ ਬਜ਼ੁਰਗ ਨੇ ਪਲਟ ਕੇ ਵੇਖਿਆ ਤਾਂ ਪੁੱਛਿਆ, 'ਅੱਛਾ! ਤੁਸੀਂ ਇਹਦੇ ਪਿਤਾ ਹੋ?'

'ਸ਼ਟਅੱਪ, ਮੈਂ ਇਹਦੀ ਮਾਂ ਹਾਂ।' ਦੋਵਾਂ ਨੇ ਵਾਲ ਬੰਦਿਆਂ ਵਾਂਗ ਕੱਟੇ ਹੋਏ ਸਨ ਤੇ ਕੱਪੜੇ ਵੀ ਮਰਦਾਂ ਵਾਲੇ ਹੀ ਪਾਏ ਹੋਏ ਸਨ।

ਇਹਨੂੰ ਕਹਿੰਦੇ ਹਨ, ਨਜ਼ਰ ਬੰਦ ਕਰਨੀ, ਨਜ਼ਰ ਨੂੰ ਧੋਖਾ ਦੇਣਾ।

ਸਾਡੇ ਦੇਸ਼ 'ਚ ਬੀਬੀਆਂ ਲਈ ਸਮਾਜ 'ਚ ਜੋ ਕੋਹੜ ਹੈ, ਦਾਜ ਦੀ ਪ੍ਰਥਾ... ਇਹਦੇ ਵਿਰੁੱਧ ਮੋਰਚੇ ਕੱਢਣੇ ਚਾਹੀਦੇ ਹਨ। ਹੁਣ ਆਖੋ ਕਿ ਅਸੀਂ ਕੱਪੜੇ ਜਿਹੋ ਜਿਹੇ ਮਰਜ਼ੀ ਐ ਪਾਈ ਏ, ਪਰ ਮੁੰਡਿਓ, ਜਵਾਨੋਂ, ਬਜ਼ੁਰਗੋ... ਤੱਕੋ ਨਾ... ਹੁਣ ਹਿੰਦੀ ਫਿਲਮਾਂ 'ਚ ਹੀਰੋਇਨਾਂ, ਜਿਸ ਕਿਸਮ ਦੇ ਨਾ-ਮਾਤਰ ਕੱਪੜੇ ਪਾਉਂਦੀਆਂ ਹਨ, ਦਰਸ਼ਕ ਉਨ੍ਹਾਂ ਦੇ ਜਲਵੇ ਵੇਖਣ ਲਈ ਹੀ ਤਾਂ ਸਿਨੇਮਾ ਘਰਾਂ 'ਚ ਜਾਂਦੇ ਹਨ, 'ਸ਼ੀਲਾ ਕੀ ਜਵਾਨੀ ਜਾਂ ਮੁੰਨੀ ਬਦਨਾਮ ਹੂਈ' ਜੇ ਦਰਸ਼ਕਾਂ ਨੂੰ ਨਾ ਖਿੱਚੇ ਤਾਂ ਲਾਹਨਤ ਹੈ ਨਾ। ਧਰਮ ਨਾਲ ਇਨ੍ਹਾਂ 'ਬੇਸ਼ਰਮੀ ਮੋਰਚਾ ਵਾਲੀਆਂ ਬੀਬੀਆਂ ਨੂੰ ਤਾਂ ਓਸ ਦੇਸ਼ 'ਚ ਰਹਿਣਾ ਚਾਹੀਦਾ ਹੈ, ਜਿਸ 'ਚ ਸਾਰੇ 'ਮਰਦ' ਅੰਨ੍ਹੇ ਹੋਣ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 14, 21.08.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms