Saturday, August 6, 2011

ਹੈ ਕੋਈ ਪੀੜ੍ਹੀ ਜੋ ਅੰਤ ਕਰੇਗੀ ਅੰਧ-ਵਿਸ਼ਵਾਸਾਂ ਦਾ? - ਪ੍ਰੋ: ਕੁਲਜੀਤ ਕੌਰ

ਔਰਤਾਂ ਅੱਜ ਦੇ ਯੁੱਗ ਵਿਚ ਤਰੱਕੀ ਦੇ ਰਸਤੇ ਉੱਪਰ ਵਧ ਰਹੀਆਂ ਹਨ ਪਰ ਅਜੇ ਵੀ ਉਨ੍ਹਾਂ ਦੇ ਪੈਰ ਧਾਰਮਿਕ ਅੰਧ-ਵਿਸ਼ਵਾਸਾਂ ਨਾਲ ਜਕੜੇ ਹੋਏ ਹਨ। ਸਾਡੇ ਸਮਾਜ ਵਿਚ ਔਰਤਾਂ ਵਿਚ ਆਤਮ-ਵਿਸ਼ਵਾਸ ਦੀ ਕਮੀ ਅਤੇ ਸੰਸਕਾਰਾਂ ਵਿਚ ਜਕੜੀ ਮਾਨਸਿਕਤਾ ਦੇ ਕਾਰਨ ਔਰਤਾਂ ਮਰਦਾਂ ਦੇ ਮੁਕਾਬਲੇ ਵਧੇਰੇ ਅੰਧ-ਵਿਸ਼ਵਾਸੀ ਹਨ। ਰੂੜੀਵਾਦੀ ਵਿਚਾਰ, ਅੰਨ੍ਹੀ ਸ਼ਰਧਾ ਦੇ ਨਾਲ ਔਰਤਾਂ ਦੀ ਮਾਨਸਿਕਤਾ ਉੱਪਰ ਅੰਧ-ਵਿਸ਼ਵਾਸ ਘਰ ਕਰ ਜਾਂਦੇ ਹਨ। ਇਕ ਪਾਸੇ ਅਸੀਂ ਕਹਿੰਦੇ ਹਾਂ ਕਿ ਸਿੱਖਿਆ ਦੇ ਪ੍ਰਚਾਰ-ਪ੍ਰਸਾਰ ਨਾਲ ਅੰਧ-ਵਿਸ਼ਵਾਸ ਉੱਪਰ ਕਾਬੂ ਪਾਇਆ ਜਾ ਸਕਦਾ ਹੈ ਦੂਜੇ ਪਾਸੇ ਪੜ੍ਹੀਆਂ ਲਿਖੀਆਂ ਔਰਤਾਂ ਵੀ ਅੰਧ-ਵਿਸ਼ਵਾਸਾਂ ਦੀ ਜਕੜ ਤੋਂ ਨਹੀਂ ਬਚ ਸਕੀਆਂ। ਉਂਜ ਤਾਂ ਭਾਰਤੀ ਸਮਾਜ ਵਿਚ ਬਹੁਤ ਸਾਰੇ ਅੰਧ-ਵਿਸ਼ਵਾਸ ਹਨ, ਜਿਨ੍ਹਾਂ ਵਿਚ ਹਫ਼ਤੇ ਦੇ ਦਿਨਾਂ ਨਾਲ ਸਬੰਧਿਤ, ਜਾਨਵਰਾਂ ਸਬੰਧੀ, ਭੂਤਾਂ-ਪ੍ਰੇਤਾਂ ਸਬੰਧੀ, ਸੰਤਾਨ ਦੀ ਪ੍ਰਾਪਤੀ ਲਈ ਪਤੀ ਅਤੇ ਸੰਤਾਨ ਦੀ ਸਫਲਤਾ ਲਈ ਘਰੇਲੂ ਕੰਮਾਂ ਸਬੰਧੀ, ਪਤੀ ਦੀ ਲੰਮੀ ਉਮਰ ਸਬੰਧੀ, ਸਰੀਰ ਦੇ ਅੰਗਾਂ ਸਬੰਧੀ ਜੁੜੇ ਵਹਿਮ ਭਰਮ ਅੰਧ-ਵਿਸ਼ਵਾਸ ਦਾ ਰੂਪ ਧਾਰਨ ਕਰ ਚੁੱਕੇ ਹਨ।

ਸਾਧੂਆਂ ਦੁਆਰਾ ਮਹਿਲਾਵਾਂ ਨੂੰ ਠਗਣ ਦੀਆਂ ਘਟਨਾਵਾਂ ਆਏ ਦਿਨ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਆਪਣਾ ਪੈਸਾ ਦੁੱਗਣਾ ਕਰਨ ਦੇ ਲਾਲਚ ਨਾਲ ਜਾਂ ਗਹਿਣੇ ਸਾਫ਼ ਕਰਾਉਣ ਦੀ ਤਮੰਨਾ ਨਾਲ ਕਈ ਔਰਤਾਂ ਧੋਖੇ ਦਾ ਸ਼ਿਕਾਰ ਹੋ ਚੁੱਕੀਆਂ ਹਨ। ਅੰਧ-ਵਿਸ਼ਵਾਸ ਇਕ ਅੰਨ੍ਹੀ ਦਲਦਲ ਹੈ ਜਿਸ ਵਿਚ ਭਾਰਤ ਦੀਆਂ ਬੇਸ਼ੁਮਾਰ ਔਰਤਾਂ ਧਸਦੀਆਂ ਜਾਂਦੀਆਂ ਹਨ। ਸਾਡੀਆਂ ਫਿਲਮ ਜਗਤ ਦੀਆਂ ਔਰਤ ਨਾਇਕਾਵਾਂ ਰਾਜਨੀਤੀ ਦੇ ਖੇਤਰ ਦੀਆਂ ਉੱਘੀਆਂ ਮਹਿਲਾਵਾਂ ਵੀ ਅੰਧ-ਵਿਸ਼ਵਾਸ ਦੀ ਮਾਰ ਤੋਂ ਨਹੀਂ ਬਚ ਸਕੀਆਂ। ਕੋਈ ਨਾਇਕਾ ਖਾਸ ਦਿਨ ਵਰਤ ਰੱਖਦੀ ਹੈ ਤੇ ਕੋਈ ਫਿਲਮ ਦੇ ਮਹੂਰਤ 'ਤੇ ਉਹੀ ਪਹਿਰਾਵਾ ਪਹਿਨਦੀ ਹੈ ਜੋ ਉਸ ਨੇ ਪਹਿਲੀ ਫਿਲਮ ਦੇ ਮਹੂਰਤ 'ਤੇ ਪਾਇਆ ਸੀ, ਜੋ ਸੁਪਰ ਹਿੱਟ ਹੋ ਗਈ ਸੀ।

ਆਓ! ਹੁਣ ਵਿਚਾਰ ਕਰੀਏ ਕਿ ਔਰਤਾਂ ਦੇ ਅੰਧ-ਵਿਸ਼ਵਾਸੀ ਹੋਣ ਦੇ ਵਧੇਰੇ ਕਾਰਨ ਕਿਹੜੇ-ਕਿਹੜੇ ਹਨ। ਪਹਿਲੀ ਨਜ਼ਰੇ ਇਹ ਕਾਰਨ ਜਾਪਦਾ ਹੈ ਕਿ ਉਨ੍ਹਾਂ ਵਿਚ ਸੰਤੁਸ਼ਟੀ ਦੀ ਕਮੀ ਹੁੰਦੀ ਹੈ। ਉਨ੍ਹਾਂ ਨੂੰ ਮਰਦ ਦੇ ਮੁਕਾਬਲੇ ਘੱਟ ਆਜ਼ਾਦੀ ਅਤੇ ਸੁਰੱਖਿਆ ਮਿਲਦੀ ਹੈ। ਉਹ ਸਮਝੌਤਾਵਾਦੀ ਦ੍ਰਿਸ਼ਟੀ ਤੋਂ ਇਹ ਮੰਨ ਕੇ ਚੱਲਦੀਆਂ ਹਨ ਕਿ ਉਨ੍ਹਾਂ ਦੀ ਕਿਸਮਤ ਵਿਚ ਹੀ ਲਿਖਿਆ ਸੀ। ਪਤੀ ਸ਼ਰਾਬੀ ਨਸ਼ਈ ਹੈ ਤਾਂ ਉਹ ਕਿਸਮਤ ਨੂੰ ਹੀ ਕੋਸਦੀਆਂ ਹਨ। ਜੇਕਰ ਸੰਤਾਨ ਨਾ ਹੋਵੇ ਤਾਂ ਉਹ ਪਿਛਲੇ ਜਨਮ ਦੇ ਬੁਰੇ ਕਰਮਾਂ ਦਾ ਫਲ ਮੰਨ ਕੇ ਬਹੁਤਾ ਸਮਾਂ ਪੂਜਾ ਪਾਠ ਵਰਤ ਅਤੇਹੋਰ ਅਨੁਸ਼ਠਾਨਾਂ ਵਿਚ ਬਿਤਾਉਂਦੀਆਂ ਹਨ। ਵਿਧਵਾਵਾਂ ਆਪਣੀ ਦੁਖੀ ਸਥਿਤੀ ਵਿਚ ਗਿਣ-ਗਿਣ ਕੇ ਦਿਨ ਕੱਟਦੀਆਂ ਹਨ। ਉਹ ਅੰਧ ਵਿਸ਼ਵਾਸਾਂ ਦਾ ਆਸਰਾ ਲੈ ਕੇ ਸੁਖੀ ਰਹਿਣ ਦੇ ਸਹਾਰੇ ਲੱਭਦੀਆਂ ਹਨ।

ਭਵਿੱਖ ਜਾਨਣ ਦੀ ਲਾਲਸਾ ਔਰਤਾਂ ਵਿਚ ਵਧੇਰੇ ਹੁੰਦੀ ਹੈ, ਜਿਸ ਕਾਰਨ ਢੋਂਗੀ ਪੰਡਿਤ ਜੋਤਸ਼ੀ ਔਰਤਾਂ ਦੇ ਅਜਿਹੇ ਭਾਵਾਂ ਦਾ ਫਾਇਦਾ ਉਠਾ ਕੇ ਉਨ੍ਹਾਂ ਨੂੰ ਹੋਰ ਜ਼ਿਆਦਾ ਵਹਿਮਾਂ ਵਿਚ ਪਾ ਦਿੰਦੇ ਹਨ। ਭਾਵੇਂ ਅੱਜਕਲ੍ਹ ਕਈ ਔਰਤਾਂ ਦੀ ਮਾਨਸਿਕਤਾ ਧਾਰਮਿਕ ਅੰਧ-ਵਿਸ਼ਵਾਸਾਂ ਦੀ ਹੱਦ ਤੱਕ ਪਹੁੰਚੀ ਨਹੀਂ ਦਿਖਾਈ ਦਿੰਦੀ ਪਰ ਫਿਰ ਵੀ ਇਹੋ ਜਿਹੀਆਂ ਔਰਤਾਂ ਦੀ ਵੀ ਕਮੀ ਨਹੀਂ ਹੈ ਜੋ ਆਪ ਪੁੱਤਰ ਪ੍ਰਾਪਤੀ ਲਈ ਦੂਸਰੇ ਦੇ ਪੁੱਤਰ ਦੀ ਬਲੀ ਜਾਂ ਖੁਦ ਆਪਣੀ ਪੁੱਤਰੀ ਦੀ ਬਲੀ ਦੇਣ ਲਈ ਤਿਆਰ ਰਹਿੰਦੀਆਂ ਹਨ।

ਮਹਿਲਾਵਾਂ ਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਸਾਡੀ ਕਿਸਮਤ ਦਾ ਸਬੰਧ ਸਾਡੇ ਕੰਮਾਂ ਨਾਲ ਵੀ ਹੈ। 16 ਹਫ਼ਤੇ ਤੱਕ ਵਰਤ ਰੱਖ ਕੇ ਪਤੀ ਨੂੰ ਤਰੱਕੀ ਮਿਲ ਜਾਏਗੀ ਜਾਂ ਕਿਸੇ ਖਾਸ ਤਰ੍ਹਾਂ ਦਾ ਅੰਧ-ਵਿਸ਼ਵਾਸ ਪੂਰਾ ਕਰਕੇ ਧੰਨ ਪ੍ਰਾਪਤ ਹੋ ਜਾਏਗਾ ਇਹ ਸੰਭਵ ਨਹੀਂ ਹੈ। ਜਿਹੜੇ ਲੋਕ ਅੰਧ-ਵਿਸ਼ਵਾਸ ਦਾ ਸਹਾਰਾ ਲੈਂਦੇ ਹਨ ਉਨ੍ਹਾਂ ਦਾ ਦਿਮਾਗ਼ ਸਹੀ ਢੰਗ ਨਾਲ ਵਿਕਸਿਤ ਨਹੀਂ ਹੋ ਸਕਦਾ। ਹਰ ਵਕਤ ਉਹ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਬਣਾਉਣ ਦਾ ਕਾਰਨ ਲੱਭਦੇ ਹਨ। ਔਰਤਾਂ ਦੇ ਸਿੱਖਿਅਤ ਹੋਣ ਨਾਲ ਮਾਨਸਿਕ ਵਿਕਾਸ ਤਾਂ ਜ਼ਰੂਰ ਹੁੰਦਾ ਹੈ ਪਰ ਅੰਧ-ਵਿਸ਼ਵਾਸ ਨੂੰ ਦੂਰ ਕਰਨ ਲਈ ਚੇਤਨਾ ਦਾ ਵਿਕਾਸ ਕਰਨਾ ਜ਼ਰੂਰੀ ਹੈ। ਚੇਤਨਾ ਫੈਲਾਉਣ ਲਈ ਦਿਲ ਦੀ ਬਜਾਏ ਦਿਮਾਗ਼ ਤੋਂ ਕੰਮ ਲੈਣਾ ਪਵੇਗਾ। ਜਦੋਂ ਤੱਕ ਔਰਤਾਂ ਅੰਧ-ਵਿਸ਼ਵਾਸ ਦੀ ਦਲਦਲ ਵਿਚ ਫਸੀਆਂ ਰਹਿਣਗੀਆਂ ਉਨ੍ਹਾਂ ਦਾ ਵਿਕਾਸ ਨਹੀਂ ਹੋ ਸਕੇਗਾ, ਖੁਸ਼ੀ ਨਹੀਂ ਮਿਲ ਸਕੇਗੀ। ਇੰਜ ਲੱਗਦਾ ਹੈ ਜਿਵੇਂ ਅੰਧ-ਵਿਸ਼ਵਾਸੀ ਔਰਤਾਂ ਨੇ ਆਪਣੇ ਲਈ ਮੁਸੀਬਤਾਂ ਜਾਣ ਬੁਝ ਕੇ ਖਰੀਦ ਲਈਆਂ ਹੋਣ। ਅੰਧ-ਵਿਸ਼ਵਾਸਾਂ ਦੀ ਪੂਰਤੀ ਕਰਨ ਵਾਲੇ ਸਮੇਂ ਨੂੰ ਜੇਕਰ ਉਹ ਕਿਸੇ ਰਚਨਾਤਮਿਕ ਕੰਮ ਵਿਚ ਲਾਉਣ, ਖਾਣਾ ਪਕਾਉਣ, ਸਿਲਾਈ-ਕਢਾਈ, ਪੜ੍ਹਾਈ-ਲਿਖਾਈ ਜਾਂ ਹੋਰ ਉਸਾਰੂ ਕੰਮਾਂ ਵਿਚ ਲਾਉਣ ਤਾਂ ਸ਼ਾਇਦ ਉਨ੍ਹਾਂ ਦੀ ਪ੍ਰਤਿਭਾ ਦਾ ਵਿਕਾਸ ਵੀ ਹੋਵੇਗਾ ਅਤੇ ਵਿਅਰਥ ਦੇ ਵਹਿਮਾਂ-ਭਰਮਾਂ ਤੋਂ ਵੀ ਬਚਣਗੀਆਂ। ਜੀਵਨ ਦੀ ਨਵੀਂ ਦਿਸ਼ਾ ਪ੍ਰਦਾਨ ਹੋਵੇਗੀ।
ਐੱਚ. ਐੱਮ. ਵੀ. ਕਾਲਜ, ਜਲੰਧਰ।
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 07.07.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms