Saturday, August 6, 2011

ਪਾਕਿਸਤਾਨ ਦਾ ਸਿੰਧੀ ਵਿਆਹ, ਜਿਥੇ ਲਾੜੀ ਲੈ ਕੇ ਆਉਂਦੀ ਹੈ ਜੰਞ - ਸੁਰਿੰਦਰ ਕੋਛੜ

ਜੂਨ ਮਹੀਨੇ ਵਿਚ ਪਾਕਿਸਤਾਨ ਦੇ ਸੂਬਾ ਪਿਸ਼ਾਵਰ ਤੋਂ ਵਿਆਹ ਦਾ ਸੱਦਾ ਆਇਆ। ਲਾੜਾ-ਲਾੜੀ ਦੋਵਾਂ ਧਿਰਾਂ 'ਚ ਮੇਰਾ ਕੋਈ ਜਾਣਕਾਰ ਨਾ ਹੋਣ ਕਰਕੇ ਇਹ ਸੱਦਾ ਲਾੜੇ ਦੇ ਕਰੀਬੀ ਰਿਸ਼ਤੇਦਾਰ ਕਲਿਆਣ ਸਿੰਘ ਕਲਿਆਣ ਵੱਲੋਂ ਆਇਆ ਸੀ। ਕਲਿਆਣ ਮੇਰੇ ਚੰਗੇ ਪਾਕਿਸਤਾਨੀ ਮਿੱਤਰਾਂ ਵਿਚੋਂ ਹਨ। ਕਲਿਆਣ ਸਿੰਘ ਕਲਿਆਣ ਬਾਰੇ ਦੱਸ ਦਿਆਂ ਕਿ ਕਲਿਆਣ ਪਾਕਿਸਤਾਨੀ ਸਿੱਖਾਂ 'ਚੋਂ ਪੋਸਟ-ਗਰੈਜੂਏਸ਼ਨ ਕਰਕੇ ਪੀ.ਐਚ.ਡੀ. ਕਰਨ ਵਾਲਾ ਪਹਿਲਾ ਸਿੱਖ ਹੈ। ਪਾਕਿਸਤਾਨੀ ਫ਼ਿਲਮਾਂ ਅਤੇ ਡਰਾਮਿਆਂ 'ਚ ਅਭਿਨੇਤਾ ਵਜੋਂ ਭੂਮਿਕਾ ਨਿਭਾਉਣ ਵਾਲਾ ਕਲਿਆਣ ਸਿੰਘ ਪਾਕਿਸਤਾਨ ਪੀਪਲਜ਼ ਪਾਰਟੀ ਦਾ ਸੂਬਾਈ ਮੈਂਬਰ ਹੋਣ ਦੇ ਨਾਲ-ਨਾਲ ਪੰਜਾਬ ਪ੍ਰਾਂਤ ਦਾ ਅਸੈਂਬਲੀ ਸਕੱਤਰ ਵੀ ਹੈ।

ਸੂਬਾ ਪਿਸ਼ਾਵਰ ਦੇ ਛੋਟੇ ਜਿਹੇ ਪਿੰਡ ਮਾਸ਼ਕੇ ਪਹੁੰਚਣ 'ਤੇ ਲਾੜਾ ਤਾਰਾ ਸਿੰਘ ਉਥੋਂ ਦੇ ਲਗਭਗ 100 ਲੋਕਾਂ ਸਮੇਤ ਸਾਡਾ ਸਵਾਗਤ ਕਰਨ ਲਈ ਬਸ ਸਟੈਂਡ 'ਤੇ ਪਹੁੰਚੇ ਹੋਏ ਸਨ। ਤਾਰਾ ਸਿੰਘ ਨੇ ਸਾਨੂੰ ਛੇਤੀ ਨਾਲ ਗੱਡੀ 'ਚ ਬਿਠਾਇਆ ਅਤੇ ਆਪਣੇ ਘਰ ਲੈ ਗਿਆ। ਘਰ ਪਹੁੰਚ ਕੇ ਵੀ ਉਹੀ ਸਵਾਗਤ ਦਾ ਸਿਲਸਿਲਾ। ਕੁਝ ਪਲਾਂ ਲਈ ਤਾਂ ਇੰਜ ਲੱਗਾ ਜਿਵੇਂ ਮੈਂ ਕੋਈ ਇਤਿਹਾਸਕਾਰ ਨਾ ਹੋ ਕੇ ਜਿਵੇਂ ਅਭਿਨੇਤਾ ਸ਼ਾਹਰੁਖ ਖ਼ਾਨ ਜਾਂ ਅਮਿਤਾਭ ਬੱਚਨ ਹੋਵਾਂ। ਸਾਡੇ ਉਥੇ ਪਹੁੰਚਣ ਤੋਂ ਪਹਿਲਾਂ ਹੀ ਅਖੰਡ ਪਾਠ ਦਾ ਭੋਗ ਪੈ ਚੁੱਕਾ ਸੀ। ਲਾੜੇ ਵਾਲਿਆਂ ਵੱਲੋਂ ਲਾੜੀ ਦੇ ਪਰਿਵਾਰ ਵਾਲਿਆਂ ਨੂੰ ਸੂਟ ਦਿਖਾਉਣ, ਲਾੜੇ ਦਾ ਗਾਨਾ ਬੰਨ੍ਹਣ ਅਤੇ ਇਕ ਦਿਨ ਪਹਿਲਾਂ ਹੀ ਮਹਿੰਦੀ ਦੀ ਰਸਮ ਵੀ ਹੋ ਚੁੱਕੀ ਸੀ। ਖੈਰ, ਸਾਡੇ ਜਾਣ ਦੇ ਕੁਝ ਚਿਰ ਪਿੱਛੋਂ ਸਿਹਰਾਬੰਦੀ ਦੀ ਰਸਮ ਹੋਈ। ਸਭ ਕੁਝ ਅਤਿ ਸਾਦੇ ਢੰਗ ਨਾਲ ਹੋ ਰਿਹਾ ਸੀ। ਕੋਈ ਵੀ ਡੀ.ਜੇ. ਵਗੈਰਾ ਦਾ ਸ਼ੋਰ-ਸ਼ਰਾਬਾ ਨਹੀਂ ਸੀ ਅਤੇ ਨਾ ਹੀ ਕੋਈ ਹਾਸਾ-ਮਜ਼ਾਕ। ਸਾਰੇ ਰਿਸ਼ਤੇਦਾਰ ਇਕ-ਇਕ ਕਰਕੇ ਤਾਰਾ ਸਿੰਘ ਦੇ ਕੋਲ ਆ ਕੇ ਉਸ ਨਾਲ ਹੱਥ ਮਿਲਾ ਕੇ ਉਸ ਦੇ ਗਲ ਵਿਚ ਨੋਟਾਂ ਦਾ ਹਾਰ ਪਾ ਰਹੇ ਸਨ। ਮਾਸ਼ਕੇ ਸਮੇਤ ਪੂਰਾ ਸੂਬਾ ਪਿਸ਼ਾਵਰ ਵਿਚ ਕਿਸੇ ਹਿੰਦੂ-ਸਿੱਖ ਪਰਿਵਾਰ 'ਚ ਲੋਕ ਹੁਣ ਆਪਣੇ ਵੱਡਿਆਂ ਦੇ ਪੈਰੀਂ ਹੱਥ ਨਹੀਂ ਲਗਾਉਂਦੇ, ਸਗੋਂ ਉਹ ਇਕ-ਦੂਜੇ ਨਾਲ ਹੱਥ ਮਿਲਾ ਕੇ ਆਪਣੀਆਂ ਸ਼ੁੱਭ-ਇੱਛਾਵਾਂ ਦਿੰਦੇ ਹਨ।

ਅਗਲੇ ਦਿਨ ਸਵੇਰੇ 10 ਵਜੇ ਜੰਞ ਦਾ ਸਮਾਂ ਸੀ। ਇਸ ਲਈ ਉਥੋਂ ਦੇ ਸਥਾਨਕ ਲੋਕਾਂ ਅਤੇ ਉਥੇ ਆਏ ਹੋਏ ਰਿਸ਼ਤੇਦਾਰਾਂ ਨਾਲ ਦੋ-ਚਾਰ ਘੰਟੇ ਗੱਲਬਾਤ ਕਰਨ ਪਿੱਛੋਂ ਰੋਟੀ ਖਾ ਕੇ ਮੈਂ ਸੌਂ ਗਿਆ। ਸਵੇਰੇ ਜਦੋਂ ਜੰਞ ਦੇ ਨਾਲ ਜਾਣ ਲਈ ਤਿਆਰ ਹੋ ਰਿਹਾ ਸਾਂ, ਉਦੋਂ ਹੀ ਮੈਨੂੰ ਪਤਾ ਲੱਗਾ ਕਿ ਤਾਰਾ ਸਿੰਘ ਜੰਞੇ ਨਹੀਂ ਚੜ੍ਹ ਰਿਹਾ, ਸਗੋਂ ਲਾੜੀ ਜੰਞ ਲੈ ਕੇ ਆ ਰਹੀ ਹੈ। ਇਹ ਮੇਰੇ ਵਾਸਤੇ ਬਿਲਕੁਲ ਨਵੀਂ ਜਾਣਕਾਰੀ ਸੀ ਕਿ ਸਿੰਧੀਆਂ 'ਚ ਲਾੜਾ ਨਹੀਂ, ਸਗੋਂ ਲਾੜੀ ਜੰਞ ਲੈ ਕੇ ਆਉਂਦੀ ਹੈ।

ਪੂਰੇ 10.30 ਵਜੇ ਅਸੀਂ ਨੇੜਲੇ ਗੁਰਦੁਆਰੇ 'ਚ ਪਹੁੰਚ ਗਏ, ਜਿੱਥੇ ਸਿੰਧ ਦੀ ਡੇਰਕੀ ਤਹਿਸੀਲ ਤੋਂ ਕੁੜੀ ਵਾਲੇ ਜੰਞ ਲੈ ਕੇ ਪਹੁੰਚ ਚੁੱਕੇ ਸਨ। ਉਥੇ ਵੀ ਕੋਈ ਸ਼ੋਰ-ਸ਼ਰਾਬਾ ਜਾਂ ਗਾਉਣ-ਵਜਾਉਣ ਨਹੀਂ ਸੀ। ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਲਾੜੇ ਦੇ ਘਰੋਂ ਸਿਰਫ਼ ਪੁਰਸ਼ ਹੀ ਗਏ ਸਨ ਅਤੇ ਉਧਰ ਲਾੜੀ ਦੀ ਤਰਫੋਂ ਵੀ ਜਿਹੜੀਆਂ ਔਰਤਾਂ ਪਹੁੰਚੀਆਂ ਹੋਈਆਂ ਸਨ, ਉਨ੍ਹਾਂ ਵਿਚੋਂ ਕਰੀਬ ਸਭ ਨੇ ਬੁਰਕਾ ਪਾਇਆ ਹੋਇਆ ਸੀ। ਹਿੰਦੂ-ਸਿੱਖ ਔਰਤਾਂ ਨੂੰ ਇੰਜ ਬੁਰਕੇ ਵਿਚ ਵੇਖ ਕੇ ਬਹੁਤ ਅਜੀਬ ਲੱਗ ਰਿਹਾ ਸੀ। ਪੁੱਛਣ 'ਤੇ ਕਲਿਆਣ ਨੇ ਦੱਸਿਆ ਕਿ ਇਲਾਕਾ ਗ਼ੈਰ (ਸੂਬਾ ਪਿਸ਼ਾਵਰ) 'ਚ ਔਰਤਾਂ ਚਾਦਰ ਤੇ ਚਾਰਦੀਵਾਰੀ ਵਿਚ ਹੀ ਕੈਦ ਰਹਿੰਦੀਆਂ ਹਨ। ਜਿਥੇ ਲਾੜੇ ਵਾਲੀ ਧਿਰ ਦੇ ਲੋਕ ਖੜ੍ਹੇ ਸਨ, ਉਥੇ ਕੁੜੀ ਵਾਲਿਆਂ ਵੱਲੋਂ ਆਈਆਂ ਔਰਤਾਂ ਦਾ ਆਉਣਾ ਮਨ੍ਹਾ ਸੀ।

ਲਾੜੀ ਨੇ ਲਾਲ ਸੁਰਖ਼ ਬੁਰਕੇ ਦੇ ਉਪਰੋਂ ਵੀ ਲੰਬਾ ਸਾਰਾ ਘੁੰਡ ਕੱਢਿਆ ਹੋਇਆ ਸੀ ਅਤੇ ਉਧਰ ਲਾੜੇ ਨੇ ਸਲਵਾਰ-ਕੁੜਤਾ ਪਹਿਨਿਆ ਹੋਇਆ ਸੀ। ਲਾੜੀ ਦੀਆਂ ਸਹੇਲੀਆਂ ਅਤੇ ਭੈਣਾਂ ਨੇ ਬਿਨਾਂ ਕੋਈ ਹਾਸਾ-ਮਜ਼ਾਕ ਕੀਤਿਆਂ ਪਰਦੇ ਦੇ ਪਿਛਲੇ ਪਾਸਿਉਂ ਲਾੜੇ ਨੂੰ ਚਾਂਦੀ ਦੀ ਗੜਵੀ ਨਾਲ 'ਦੁੱਧ ਪਿਲਾਈ' ਦੀ ਰਸਮ ਅਦਾ ਕੀਤੀ। ਕੁਝ ਦੇਰ ਪਿੱਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਗ੍ਰੰਥੀ ਸਿੰਘ ਨੇ ਲਾਵਾਂ ਕਰਵਾ ਦਿੱਤੀਆਂ। ਪਿੱਛੋਂ ਸਾਰੇ ਰਿਸ਼ਤੇਦਾਰਾਂ ਨੇ ਰਲ ਕੇ ਖਾਣਾ ਖਾਧਾ, ਜੋ ਸ਼ੁੱਧ ਸ਼ਾਕਾਹਾਰੀ ਸੀ। ਇਥੇ ਮੈਨੂੰ ਇਹ ਵੀ ਪਤਾ ਲੱਗਾ ਕਿ ਪਾਕਿਸਤਾਨ 'ਚ ਸਿਰਫ਼ ਸਿੰਧੀ ਪਰਿਵਾਰਾਂ ਵਿਚ ਹੀ ਲਾੜੀ ਵੱਲੋਂ ਜੰਞ ਲੈ ਕੇ ਆਉਣ ਦਾ ਰਿਵਾਜ ਹੈ। ਦੂਜੇ ਇਲਾਕਿਆਂ ਵਿਚ ਵਿਆਹ ਹੁੰਦੇ ਜ਼ਰੂਰ ਇਸੇ ਤਰ੍ਹਾਂ ਸਾਦਗੀ ਨਾਲ ਹੀ ਹਨ ਪਰ ਜੰਞ ਮੁੰਡੇ ਵਾਲੇ ਹੀ ਲੈ ਕੇ ਜਾਂਦੇ ਹਨ। ਇਸ ਵਿਆਹ ਦੇ ਸੰਪੂਰਨ ਹੋਣ 'ਤੇ ਜਦੋਂ ਮੁੰਡੇ ਵਾਲੇ ਲਾੜੀ ਨੂੰ ਲੈ ਕੇ ਘਰ ਪਰਤਣ ਲੱਗੇ ਤਾਂ ਲਾੜੀ ਦੇ ਪਿਤਾ ਅਤੇ ਮਾਮੇ ਨੇ ਬੜੇ ਆਦਰ ਸਹਿਤ ਲਾੜੇ ਤਾਰਾ ਸਿੰਘ ਦੇ ਹੱਥਾਂ 'ਚ ਲਾਲ ਕੱਪੜੇ ਵਿਚ ਲਪੇਟਿਆ ਹੋਇਆ ਸ੍ਰੀ ਜਪੁਜੀ ਸਾਹਿਬ ਦਾ ਗੁਟਕਾ ਬੜੀ ਮਰਯਾਦਾ ਨਾਲ ਦਿੱਤਾ ਜੋ ਅਸਲ ਵਿਚ ਕੁੜੀ ਵਾਲਿਆਂ ਵੱਲੋਂ ਦਿੱਤਾ ਗਿਆ ਇਕ ਤਰ੍ਹਾਂ ਦਾ ਦਹੇਜ ਸੀ।

ਇਸ ਨਵੇਲੀ ਜੋੜੀ ਨਾਲ ਅਸੀਂ ਵੀ ਘਰ ਪਰਤ ਆਏ। ਇਥੇ ਪਹੁੰਚਣ 'ਤੇ ਘਰ ਦੀਆਂ ਔਰਤਾਂ ਨੇ ਉਹੀ ਰਸਮਾਂ ਨਿਭਾਈਆਂ ਜੋ ਅਕਸਰ ਮੈਂ ਭਾਰਤ ਵਿਚ ਲੋਕਾਂ ਨੂੰ ਨਿਭਾਉਂਦਿਆਂ ਦੇਖਿਆ ਹੈ।
ਫੋਨ : 9356127771, 7837849764
kochhar_asr@yahoo.co.in
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 06.02.2011

... ਸਮਾਜ ‘ਚ ਵਗਦੀਆਂ ਹਵਾਵਾਂ ਦੇ ਉਲਟ ਇਕ ਵਿਆਹ ਇਹ ਵੀ
ਸਮਰਾਲਾ, 27 ਜਨਵਰੀ - ਪਿੱਛਲੇ ਦਿਨੀ ਪੰਜਾਬ ਦੇ ਇੱਕ ਨੌਜਵਾਨ ਦੀ ਹੈਲੀਕਾਪਰਟ ਰਾਹੀ ਢੁੱਕੀ ਬਰਾਤ ਕਾਰਨ ਚਰਚਾ ‘ਚ ਆਏ ਬੇਲੋੜੇ ਖਰਚੇ ਵਾਲੇ ਵਿਆਹ ਤੋਂ ਬਾਅਦ ਇਸ ਇਲਾਕੇ ਦੇ ਇਨਕਲਾਬੀ ਸੋਚ ਵਾਲੇ ਇਕ ਨੌਜਵਾਨ ਨੇ ਦਿਨੋ-ਦਿਨ ਕੁਰਾਹੇ ਪੈਂਦੇ ਜਾ ਰਹੇ ਸਮਾਜ ਨੂੰ ਨਵੀਂ ਰਾਹ ਵਿਖਾਉਣ ਲਈ ‘ਦੁਲਹਨ ਹੀ ਦਹੇਜ’ ਦੀ ਇਕ ਨਵੀਂ ਪਿਰਤ ਸਥਾਪਿਤ ਕਰਨ ਲਈ ਲੜਕੀ ਪਰਿਵਾਰ ਤੋਂ ਦਹੇਜ ਲਏ ਬਿਨਾਂ ਇੰਨੀ ਸਾਦਗੀ ਨਾਲ ਵਿਆਹ ਰਚਾਇਆ ਹੈ, ਕਿ ਲੜਕੀ ਵਾਲਿਆਂ ਦਾ ਇਕ ਪੈਸਾ ਵੀ ਖਰਚ ਨਹੀਂ ਆਉਣ ਦਿੱਤਾ। ਪਿੰਡ ਦਿਆਲਪੁਰਾ ਦੇ ਇਸ ਨੌਜਵਾਨ ਰਣਦੀਪ ਸਿੰਘ ਬਸਾਂਤੀ ਜੋਕਿ ਪੰਜਾਬ ਯੂਥ ਫੋਰਸ ਦੇ ਖੇਡ ਵਿੰਗ ਦਾ ਪ੍ਰਧਾਨ ਹੈ, ਨੇ ਸਮਾਜ ‘ਚ ਵੇਖੋ-ਵੇਖੀ ਵੱਧ ਰਹੇ ਫ਼ਜੂਲ ਦੇ ਵਿਖਾਵੇ ‘ਤੇ ਡੂੰਘੀ ਸੱਟ ਮਾਰਦਿਆ ਆਪਣੇ ਰਿਸ਼ਤੇ ਵੇਲੇ ਲੜਕੀ ਵਾਲਿਆਂ ਅੱਗੇ ਸ਼ਰਤ ਰਖੀ ਕਿ ਉਹ ਵਿਆਹ ਤਾਂ ਬਿਨਾਂ ਦਹੇਜ ਕਰਵਾਏਗਾ ਹੀ, ਬਲਕਿ ਵਿਆਹ ਦੀਆਂ ਰਸਮਾਂ ‘ਤੇ ਲੜਕੀ ਪਰਿਵਾਰ ਇਕ ਧੇਲਾ ਵੀ ਖਰਚ ਨਹੀਂ ਕਰੇਗਾ। ਸਮਾਜ ਦਾ ਵਾਸਤਾ ਦਿੰਦੇ ਹੋਏ ਭਾਵੇ ਪਹਿਲਾ-ਪਹਿਲ ਤਾਂ ਲੜਕੀ ਵਾਲੇ ਕੁਝ ਹਿਚਹਿਚਕਾਏ ਵੀ ਪਰ ਲੜਕੇ ਦੀ ਸੋਚ ਅਤੇ ਉਸ ਦੀ ਜਿੱਦੇ ਅੱਗੇ ਲੜਕੀ ਵਾਲਿਆਂ ਨੂੰ ਸ਼ਰਤ ਮੰਨਣੀ ਪਈ। ਵਿਆਹ ਦੀਆਂ ਰਸਮਾਂ ਮੌਕੇ ਸਿਰਫ ਖ਼ਾਸ ਮਹਿਮਾਨਾਂ, ਜਿਸ ਵਿਚ ਸਿਰਫ਼ ਚੋਣਵੇਂ ਸਮਾਜਿਕ ਪੱਧਰ ‘ਤੇ ਸੇਵਾ ਕਰਦੇ ਲੋਕਾਂ ਨੂੰ ਹੀ ਸ਼ਾਮਿਲ ਕੀਤਾ ਗਿਆ। ਇਸ ਮੌਕੇ ਮਹਿਮਾਨਾਂ ਦੀ ਸੇਵਾ ਦਾ ਪ੍ਰਬੰਧ ਵੀ ਲੜਕੇ ਪਰਿਵਾਰ ਨੇ ਆਪਣੇ ਵਲੋਂ ਕੀਤਾ ਹੋਇਆ ਸੀ ਅਤੇ ਮਿਲਣੀ ਦੀ ਰਸਮ ਫੁੱਲਾਂ ਦੇ ਹਾਰਾਂ ਨਾਲ ਨਿਭਾਉਣ ਤੋਂ ਇਲਾਵਾ ਲੜਕੀ ਦੇ ਤਿੰਨ ਕੱਪੜਿਆਂ ‘ਚ ਆਨੰਦ ਕਾਰਜ਼ ਲਏ ਗਏ। ਬੁੱਧੀਜੀਵੀ ਵਰਗ ਸਮੇਤ ਸਮਾਜ ਦੇ ਭਲੇ ‘ਚ ਜੁੱਟੇ ਲੋਕਾਂ ਨੇ ਬਸਾਂਤੀ ਪਰਿਵਾਰ ਦੀ ਉਸਾਰੂ ਸੋਚ ਦੀ ਸ਼ਲਾਘਾ ਕਰਦਿਆ ਇਸ ਤਰ੍ਹਾਂ ਦੇ ਬਿਨਾਂ ਦਹੇਜ ਵਾਲੇ ਸਾਦਗੀ ਭਰੇ ਵਿਆਹ ਨੂੰ ਸਮਾਜ ਲਈ ਸ਼ੁਭ ਸੰਕੇਤ ਕਰਾਰ ਦਿੰਦਿਆ ਇਸ ਉਪਰਾਲੇ ਨੂੰ ਇਕ ਨਵੀਂ ਸੇਧ ਪ੍ਰਦਾਨ ਕਰਨ ਵਾਲਾ ਕਦਮ ਦੱਸਿਆ।

ਧੰਨਵਾਦ ਸਾਹਿਤ ਜਗ ਬਾਣੀ ‘ਚੋਂ 27.01.2011

ਲਾੜੀ ਬਾਰਾਤ ਲੈ ਕੇ ਢੁੱਕੀ ਲਾੜੇ ਦੇ ਪਿੰਡ
ਨਥਾਣਾ, 29 ਜਨਵਰੀ (ਬੱਜੋਆਣੀਆਂ)-ਸਥਾਨਕ ਇਲਾਕੇ ਵਿਚ ਪਹਿਲੀ ਵਾਰ ਅਜਿਹਾ ਵਾਪਰਿਆ ਹੈ ਕਿ ਲਾੜੀ ਬਾਰਾਤ ਲੈ ਕੇ ਲਾੜੇ ਦੇ ਪਿੰਡ ਢੁੱਕੀ ਹੈ। ਲੜਕੀ ਨੇ ਆਪਣੇ ਸਹੁਰੇ ਪਿੰਡ ਲਾਵਾਂ ਲੈ ਕੇ ਆਨੰਦ ਕਾਰਜ ਕਰਵਾਏ ਜੋ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗੁਰਦੀਪ ਸਿੰਘ ਭਿੰਦਾ ਸਪੁੱਤਰ ਬਖਤੌਰ ਸਿੰਘ ਵਾਸੀ ਨਥਾਣਾ ਤੇ ਸੁਖਦੀਪ ਕੌਰ ਸਪੁੱਤਰੀ ਬਲਵੀਰ ਸਿੰਘ ਵਾਸੀ ਸਹਿਣਾ ਨੇ ਆਪਣਾ ਗ੍ਰਹਿਸਥੀ ਜੀਵਨ ਨਿਵੇਕਲੇ ਢੰਗ ਨਾਲ ਸ਼ੁਰੂ ਕੀਤਾ ਹੈ ਜੋ ਲੋਕਾਂ ਵਿਚ ਚੁੰਝ ਚਰਚਾ ਤੋਂ ਇਲਾਵਾ ਸਮਾਜ ਸੁਧਾਰਕ ਇਕ ਪਹਿਲੂ ਵੀ ਜਾਪਦਾ ਹੈ। ਅਜਿਹਾ ਨਿਵੇਕਲਾ ਸਮਾਗਮ ਕਰਨ ਬਾਰੇ ਲਾੜੇ ਦਾ ਕਹਿਣਾ ਹੈ ਕਿ ਸਮਾਜ ਵਿਚ ਬਦਲਾਅ ਲਿਆਉਣ ਲਈ ਕੋਈ ਨਵਾਂ ਕਦਮ ਜ਼ਰੂਰ ਚੁੱਕਣਾ ਚਾਹੀਦਾ ਹੈ। ਇਸ ਸੰਬੰਧੀ ਲਾੜੀ ਨੇ ਕਿਹਾ ਕਿ ਔਰਤ ਨੂੰ ਆਪਣੇ ਆਪ ਨੂੰ ਕਿਸੇ ਪੱਖੋਂ ਘੱਟ ਨਹੀਂ ਸਮਝਣਾ ਚਾਹੀਦਾ ਸਗੋਂ ਸਮਾਜ ਲਈ ਸੇਧ ਬਣ ਕੇ ਕੰਮ ਕਰਨਾ ਚਾਹੀਦਾ, ਕਿਉਂਕਿ ਹਰ ਪਹਿਲੂ ਲਈ ਔਰਤ ਜ਼ਰੂਰ ਭਾਗੀਦਾਰ ਹੁੰਦੀ ਹੈ। ਕਿਉਂ ਨਾ ਇਹ ਪੱਖ ਸਕਾਰਾਤਾਮਕ ਸੋਚ ਰਾਹੀਂ ਵਿਚਾਰਿਆ ਜਾਵੇ। ਅਜਿਹਾ ਸਮਾਗਮ ਰਚਾਉਣ ‘ਤੇ ਪਿੰਡ ਦੇ ਸਾਬਕਾ ਸਰਪੰਚ ਗੁਰਭੇਜ ਸਿੰਘ ਭੇਜੀ ਨੇ ਕਿਹਾ ਕਿ ਵਿਆਂਦੜ ਨੌਜਵਾਨ ਮੁੰਡੇ ਦੀ ਸੋਚ ਬਿਲਕੁਲ ਸਹੀ ਹੈ, ਜਿਸ ਨੇ ਅਜਿਹਾ ਉੱਦਮ ਕਰਨ ਨਾਲ ਲੋਕਾਂ ਦੀ ਧੀਆਂ ਪ੍ਰਤੀ ਸੋਚ ਬਦਲੇਗੀ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਅਜਿਹਾ ਆਮ ਹੀ ਹੋ ਜਾਵੇਗਾ ਕਿ ਮੁੰਡੇ ਦੇ ਘਰ ਲੜਕੀ ਬਾਰਾਤ ਲੈ ਕੇ ਆਇਆ ਕਰੇਗੀ।

ਇਸ ਨਾਲ ਲੋਕਾਂ ਵਿਚ ਦਾਜ ਲੈਣ-ਦੇਣ, ਫਾਲਤੂ ਖਰਚ ਕਰਨ ਪ੍ਰਤੀ ਨਜ਼ਰੀਆ ਬਦਲੇਗਾ। ਤਰਕਸ਼ੀਲ ਆਗੂ ਹਰਪ੍ਰੀਤ ਸਿੰਘ ਪਦੇਸਾ ਨੇ ਕਿਹਾ ਕਿ ਨੌਜਵਾਨ ਵਰਗ ਨੂੰ ਕੁੜੀਮਾਰਾਂ ਵਿਰੋਧੀ ਲਾਮਬੰਦ ਹੋ ਕੇ ਕੁੜੀਆਂ ਨੂੰ ਅੱਗੇ ਲਿਆਉਣ ਵਾਸਤੇ ਯਤਨ ਕਰਨੇ ਚਾਹੀਦੇ ਹਨ। ਅਜਿਹੇ ਵਿਆਹ ਕਰਵਾਉਣੇ ਨੌਜਵਾਨਾਂ ਵਲੋਂ ਨਿਜ਼ਾਮ ਬਦਲਣ ਲਈ ਪਹਿਲ ਕਦਮੀ ਹੈ। ਦੂਜੇ ਪਾਸੇ ਅਜਿਹੇ ਸਮਾਗਮ ਰਚਾਉਣ ਬਾਰੇ ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਲੜਕੀਆਂ ਦੀ ਘੱਟ ਰਹੀ ਦਰ ਨੂੰ ਵਧਾਉਣ ਲਈ ਔਰਤ ਵਰਗ ਦਾ ਇਕ ਮੰਚ ‘ਤੇ ਲਾਮਬੰਦ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਕੁੜੀਆਂ ਦੀ ਪੈਦਾਇਸ਼ ‘ਚ ਵਾਧਾ ਕਰਨ ਵਾਸਤੇ ਮਨੁੱਖ ਨਾਲੋਂ ਇਸਤਰੀ ਜ਼ਿਆਦਾ ਜ਼ਿੰਮੇਵਾਰ ਹੈ ਜੋ ਸੱਸ, ਨਣਦ, ਜੇਠਾਣੀ, ਦਰਾਣੀ, ਭਰਜਾਈਆਂ ਆਦਿ ਕਿਸੇ ਵੀ ਰੂਪ ਵਿਚ ਹੋ ਸਕਦੀ ਹੈ।

ਧੰਨਵਾਦ ਸਾਹਿਤ ਜਗ ਬਾਣੀ ‘ਚੋਂ 30.01.2011

... ਜਦੋਂ ਲਾੜਾ ਹੈਲੀਕਾਪਟਰ 'ਚ ਸਵਾਰ ਹੋ ਕੇ ਆਇਆ ਵਿਆਹੁਣ

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms