Sunday, August 28, 2011

ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!

ਪਿਆਰ ਦੀਵਾਨਾ ਹੋਤਾ ਹੈ, ਮਸਤਾਨਾ ਹੋਤਾ ਹੈ...

ਹਾਜੀ ਲੋਕ ਮੱਕੇ ਵਲ ਜਾਂਦੇ,

ਮੇਰਾ ਰਾਂਝਣ ਮਾਹੀ ਮੱਕਾ,

ਨੀ ਮੈਂ ਕਮਲ਼ੀ ਆਂ,

ਨੀ ਮੈਂ ਕਮਲ਼ੀ ਆਂ...

ਸ਼ਾਇਰਾਂ ਅਤੇ ਕਵੀਆਂ ਨੇ ਸਦਾ ਪਿਆਰ ਨੂੰ ਇਕ ਪਾਗਲਪਨ ਅਤੇ ਮਾਨਸਕ ਰੋਗ ਦੱਸਿਆ ਹੈ। ਜਿਸ ਤਨ ਲਾਗੇ ਵੋਹੀ ਜਾਣੇ! ਉਨ੍ਹਾਂ ਲਈ ਅੱਨ੍ਹੇ ਪਿਆਰ ਵਿਚ ਕਿਸੇ ਤੇ ਮਰ ਮਿਟਣ ਦੀ ਲਾਲਸਾ ਦਿਮਾਗੀ ਖ਼ਰਾਬੀ ਤੋਂ ਘੱਟ ਨਹੀ ਹੈ। ਮਨੋਵਿਗਿਆਨ ਦੇ ਖੇਤ੍ਰ ਵਿਚ ਵਿਗਿਆਨਕ ਤਹਿਕੀਕਾਤ (ਜਾਂਚ-ਪੜਤਾਲ) ਇਸ ਤਰਜਮੇ ਦੀ ਖੂਬ ਪੁਸ਼ਟੀ ਕਰਦੇ ਹਨ। ਕਿਸੇ ਸ਼ਖਸ ਨਾਲ ਪਿਆਰ ਹੋ ਜਾਣਾ ਜਾਂ ਬੇਵਜਹ, ਸ਼ਕਲ-ਸੂਰਤ ਦੇਖ ਕੇ ਕਿਸੇ ਵਲ ਖਿੱਚੇ ਜਾਣਾ ਜਾਂ ਉਸ ਨੂੰ ਬਾਰ ਬਾਰ ਦੇਖਦੇ ਰਹਿਣਾ ਸਾਡੇ ਸਰੀਰ ਦੀਆਂ ਅੰਦਰੂਨੀ ਖਲਵਲੀਆਂ ਦੀਆਂ ਬਾਹਰੀ ਨਿਸ਼ਾਨੀਆਂ ਹਨ। ਇਸ ਖਲਵਲ ਦਾ ਅਸਰ ਸਾਡੇ ਅੰਗ ਅੰਗ ਤੇ ਲਿਖਿਆਂ ਹੁੰਦਾ ਹੈ;

• ਸ਼ਰਮ ਨਾਲ ਗੱਲ੍ਹਾਂ ਤੇ ਲਾਲੀ ਛਾ ਜਾਣੀ,

• ਦਿਲ ਦੀ ਧੜਕਨ ਬੇਕਾਬੂ ਹੋ ਜਾਣੀ,

• ਕਰੀਬ ਅਉਣ ਨਾਲ ਆਪ-ਮੁਹਾਰਾ ਪਸੀਨਾ ਛੁੱਟਣਾ,

• ਜ਼ੁਬਾਨ ਦਾ ਥਿਰਕਣਾ ਆਦਿ।

ਉਹ ਜਵਾਨੀ ਜਵਾਨੀ ਨਹੀ ਜਿਸ ਦਾ ਇਹ ਹਸ਼ਰ ਨਾ ਹੋਇਆ ਹੋਵੇ! 'ਜਵਾਨੀ ਓ ਦੀਵਾਨੀ ਤੁੰ ਜ਼ਿੰਦਾਬਾਦ...!!'

ਵਿਗਿਆਨਕ ਜਾਂਚ-ਪੜਤਾਲ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਬਾਹਰੀ ਖਲਵਲੀਆਂ ਦੇ ਜ਼ਿੰਮੇਵਾਰ ਸਾਡੇ ਸਰੀਰ ਅੰਦਰ ਝੱਟ-ਪੱਟ ਪੈਦਾ ਹੋਈਆਂ ਰਸਾਇਣਕ ਪਦਾਰਥਾਂ ਦੀਆਂ ਆਪਸੀ ਕਿਰਿਆਵਾਂ ਨਾਲ ਉੱਠਦੇ ਤੁਫਾਨ ਹਨ। ਇਸ ਵਿਸ਼ੇ ਤੇ ਅਮਰੀਕਾ ਦੀ ਇਕ ਖੋਜਕਾਰਾ ਹੈਲਨ ਫਿਸ਼ਰ ਦੇ ਮਤਅਨੁਸਾਰ, ਪਿਆਰ ਪੈਣ ਦੀਆਂ ਤਿੰਨ ਅਵਸਥਾਵਾਂ ਹਨ। ਹਰ ਅਵਸਥਾ ਵਿਚ ਮਾਨਵ ਸਰੀਰ ਅੰਦਰ ਰਸਾਇਣਕ ਕਿਰਿਆਵਾਂ ਮਹੱਤਵਪੂਰਣ ਰੋਲ ਅਦਾ ਕਰਦੀਆਂ ਹਨ। ਇਹ ਅਵਸਥਾਵਾਂ ਇਸ ਪ੍ਰਕਾਰ ਹਨ: ਲਾਲਾਸਾ, ਕਾਮੁੱਕ ਖਿੱਚ ਅਤੇ ਮੋਹ-ਸਾਂਝ।

ਅਵਸਥਾ 1: ਲਾਲਸਾ ਜਾਂ ਕਾਮ-ਵਾਸ਼ਨਾ

ਸੰਗੇ ਮਰ ਮਰ ਸੇ ਤਰਾਸ਼ਾ ਹੁਆ ਸ਼ੋਖ ਬਦਨ,

ਇਤਨਾ ਦਿਲ ਕਸ਼ ਹੈ ਕਿ ਅਪਨਾਨੇ ਕੋ ਜੀਅ ਚਾਹਤਾ ਹੈ!

ਨਰਮ ਸੀਨੇ ਮੇ ਧੜਕਤੇ ਹੈਂ ਵੋਹ ਨਾਜ਼ੁਕ ਤੁਫਾਨ,

ਜਿਨ ਕੀ ਲਹਿਰੋਂ ਮੇਂ ਉਤਰ ਜਾਨੇ ਕੋ ਜੀਅ ਚਾਹਤਾ ਹੈ!!

ਮਾਨਵ ਸਰੀਰ ਦੇ ਪ੍ਰਾਣੀ ਸੈੱਲ (ਪ੍ਰਾਣੀ ਕੁਟਿ) ਲਗਾਤਾਰ ਰਸਾਇਣਕ ਪਦਾਰਥ ਪੈਦਾ ਕਰਕੇ ਦੂਸਰੇ ਸੈੱਲਾਂ ਨਾਲ ਸੰਪਰਕ ਕਰਨ ਲਈ ਇਨ੍ਹਾਂ ਪਦਾਰਥਾਂ ਦਾ ਵਟਾਂਦਰਾ ਕਰਦੇ ਰਹਿੰਦੇ ਹਨ। ਇਨ੍ਹਾਂ ਰਸਾਇਣਕ ਪਦਾਰਥਾਂ ਨੂੰ ਹਾਰਮੋਨ (Hormone) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਾਮ-ਵਾਸ਼ਨਾ (ਜਾਂ ਲਿੰਗਕ ਲਾਲਸਾ) ਲਿੰਗਕ ਹਾਰਮੋਨ ਪੈਦਾ ਹੋਣ ਨਾਲ ਸ਼ੁਰੂ ਹੁੰਦੀ ਹੈ। ਇਹ ਹਾਰਮੋਨ ਬਰਾਬਰ ਔਰਤਾਂ ਅਤੇ ਮਰਦਾਂ ਵਿਚ ਪੈਦਾ ਹੁੰਦੇ ਰਹਿੰਦੇ ਹਨ। ਪ੍ਰਾਣੀ ਸੈੱਲਾਂ ਦੁਆਰਾ ਪੈਦਾ ਕੀਤੇ ਇਹ ਹਾਰਮੋਨ ਸਰੀਰ ਵਿਚ ਹਲ-ਚਲ ਮਚਾ ਦਿੰਦੇ ਹਨ ਅਤੇ ਲਿੰਗਕ ਲਾਲਸਾ ਨੂੰ ਪੂਰੀ ਕਰਨ ਲਈ ਸਰੀਰ ਨੂੰ ਮਜਬੂਰ ਕਰ ਦਿੰਦੇ ਹਨ। ਇਸ ਦਸ਼ਾ ਵਿਚ ਆਦਮੀ ਵਿਆਕੁਲਤਾ ਨਾਲ ਭਟਕ ਜਾਂਦਾ ਹੈ ਅਤੇ ਕਿਸੇ ਦੀ ਤਲਾਸ਼ ਲਈ 'ਡਗਰੀ-ਡਗਰੀ ਦੁਆਰੇ-ਦੁਆਰੇ ਢੁੰਡੂ ਰੇ ਸਾਂਵਰੀਆ' ਗਾਉਂਦਾ ਹੋਇਆ ਗਲੀ ਬਾਜ਼ਾਰ ਚਲ ਨਿਕਲਦਾ ਹੈ।

ਅਵਸਥਾ 2: ਕਾਮੁੱਕ ਖਿੱਚ

ਉਨਕੀ ਪਹਿਲੀ ਨਜ਼ਰ ਕਿਆ ਅਸਰ ਕਰ ਗਈ,

ਮੁੱਝ ਕੋ ਕਿਆ ਹੋ ਗਯਾ ਹੈ ਖੁਦਾ ਜਾਣੇ...

ਦੇਖਤੇ ਹੀ ਤੁਝੇ, ਮੇਰੇ ਦਿਲ ਨੇ ਕਹਾ,

ਜ਼ਿੰਦਗੀ ਭਰ ਤੁਝੇ ਦੇਖਤਾ ਹੀ ਰਹੁੰ।

ਇਹ ਅਵਸਥਾ ਅਸਲੀ ਮਹੱਬਤ ਦੀ ਅਵਸਥਾ ਹੈ। ਇਸ ਦੌਰਾਨ ਪਿਆਰ ਦਾ ਡੱਸਿਆ ਆਦਮੀ (ਜਾਂ ਔਰਤ) ਸਾਰੀ ਸੁੱਧ-ਬੁੱਧ ਗੁਆ ਬੈਠਦਾ ਹੈ ਅਤੇ ਪਿਆਰ ਤੋ ਸਿਵਾਏ ਉਸ ਨੂੰ ਹੋਰ ਕੁੱਝ ਵੀ ਨਹੀਂ ਸੁੱਝਦਾ। ਪਿਆਰ ਦੇ ਮਰੀਜ਼ ਨੂੰ ਭੁੱਖ ਵੀ ਨਹੀ ਲਗਦੀ, ਨੀਂਦ ਵੀ ਨਹੀ ਆਉਂਦੀ ਅਤੇ ਦਿਨ ਰਾਤ ਇਹ ਮਰੀਜ਼ ਆਪਣੇ ਪ੍ਰੇਮੀ ਦੇ ਸੁਪਨੇ ਹੀ ਲੈਂਦਾ ਰਹਿੰਦਾ ਹੈ। ਹਰ ਪਾਸੇ ਪ੍ਰੇਮੀ ਦੀ ਸ਼ਕਲ ਹੀ ਦਿਖਾਈ ਦਿੰਦੀ ਰਹਿੰਦੀ ਹੈ। ਸਾਰੀ ਕਾਇਨਾਤ, ਸਾਰੀ ਸ੍ਰਿਸ਼ਟੀ ਪ੍ਰੇਮ-ਸੰਗੀਤ ਵਜਾਉਂਦੀ ਹੀ ਸੁਣਾਈ ਦਿੰਦੀ ਹੈ। ਫੁੱਲਾਂ ਵਿਚ, ਤਿਤਲੀਆਂ ਵਿਚ, ਸੂਰਜ ਅਤੇ ਚੰਦ ਦੀਆਂ ਕਿਰਨਾ ਵਿਚ ਉਹ-ਹੀ-ਉਹ ਨਜ਼ਰ ਆਉਂਦਾ ਹੈ।

"ਖੁਦਾ ਵੀ ਆਸਮਾਂ ਸੇ ਜਬ ਜ਼ਮੀਂ ਪਰ ਦੇਖਤਾ ਹੋਗਾ, ਮੇਰੇ ਮਹਿਬੂਬ ਕੋ ਕਿਸ ਨੇ ਬਣਾਇਆ ਸੋਚਤਾ ਹੋਗਾ।"

ਇਹ ਹਾਰਮੋਨ ਸਾਰੇ ਬ੍ਰਹਿਮੰਡ ਨੂੰ ਭੁਆਂਟਣੀ ਦੇ ਕੇ ਵਿਚਾਰੇ ਪ੍ਰੇਮ ਰੋਗੀ ਨੂੰ ਪਾਗਲ ਕਰ ਦਿੰਦੇ ਹਨ, ਦੀਵਾਨਾ ਬਣਾ ਦਿੰਦੇ ਹਨ। ਇੱਥੇ ਹੀ ਬੱਸ ਨਹੀ, ਇਸ ਦਸ਼ਾ ਨੂੰ ਹੋਰ ਵੀ ਤਰਸਯੋਗ ਬਣਾਉਣ ਲਈ ਹਾਰਮੋਨਾਂ ਤੋ ਇਲਾਵਾ ਹੋਰ ਕਾਮੁੱਕ ਪਦਾਰਥ ਵੀ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਇਹ ਹਨ ਮੋਨੋਏਮੀਨ (Monoamines)। ਇਨ੍ਹਾਂ ਪਦਾਰਥਾਂ ਦੇ ਅਸਰ ਥੱਲੇ ਪ੍ਰੇਮੀ ਨਸ਼ੀਲੀਆਂ ਵਸਤਾਂ ਦੀ ਵਰਤੋਂ ਸ਼ੁਰੂ ਕਰ ਦਿੰਦਾ ਹੈ ਅਰਥਾਤ ਨਿਕੋਟੀਨ (Nicotine - ਜਿਸ ਤਰ੍ਹਾ ਤਮਾਕੂ ਅਤੇ ਸਿਗਰਟਾਂ) ਅਤੇ ਕੋਕੇਨ (Cocaine - ਜਿਸ ਤਰ੍ਹਾ ਚਾਹ ਅਤੇ ਕੌਫੀ)। ਇਨ੍ਹਾਂ ਨਸ਼ਿਆਂ ਦੀ ਵਰਤੋਂ ਨਾਲ ਮੋਨੋਏਮੀਨ ਦੀ ਮਾਤ੍ਰਾ ਹੋਰ ਵਧਦੀ ਹੈ ਜਿਸ ਨਾਲ ਪ੍ਰੇਮੀ ਨਸ਼ੀਲੀਆਂ ਵਸਤਾਂ ਦਾ ਸੇਵਨ ਹੋਰ ਵਧਾ ਦਿੰਦਾ ਹੈ। ਹਾਲਾਤ ਬੇਕਾਬੂ ਹੋ ਜਾਣ ਤੇ ਪ੍ਰੇਮੀ ਨਸ਼ਿਆਂ ਦਾ ਅਮਲੀ ਬਣ ਕੇ ਰਹਿ ਜਾਂਦਾ ਹੈ। ਇਹ ਰਸਾਇਣਕ ਪਦਾਰਥ ਆਦਮੀ ਨੂੰ ਆਰਜ਼ੀ ਤੌਰ ਤੇ ਬਾਉਲਾ (ਪਾਗਲ) ਵੀ ਕਰ ਦਿੰਦੇ ਹਨ। "ਮੈਂ ਤੇਰੇ ਪਿਆਰ ਮੇ ਪਾਗਲ ...!"

ਅਵਸਥਾ 3: ਮੋਹ-ਸਾਂਝ

ਤੁਝ ਸੇ ਰਿਸ਼ਤਾ ਹੈ ਕਬ ਸੇ ਯੇਹ ਮਾਲੂਮ ਨਹੀ,

ਫਿਰ ਭੀ ਹੁਸਨ ਪਰ ਮਿਟ ਜਾਨੇ ਕੋ ਜੀਅ ਚਾਹਤਾ ਹੈ।

ਕਾਮੁੱਕ ਖਿੱਚ ਦੇ ਪ੍ਰੇਮ-ਰੋਗ ਤੋਂ ਅਗਲੀ ਅਵਸਥਾ ਆਪਸੀ ਸਾਂਝ ਜਾਂ ਬੰਧਨ ਪੈਦਾ ਕਰਨ ਦੀ ਅਵਸਥਾ ਹੈ। ਦੂਰ ਦੀ ਕਾਮੁੱਕ ਖਿੱਚ ਵਾਲੀ ਅਵਸਥਾ ਸਦਾ ਲਈ ਨਹੀ ਰਹਿ ਸਕਦੀ ਕਿਉਂਕਿ ਪਿਆਰ ਪਾਉਣ ਦਾ ਆਖਰੀ ਮਕਸਦ ਸਾਂਝ ਪੈਦਾ ਕਰਨਾ ਹੀ ਹੁੰਦਾ ਹੈ। ਇਹ ਸਾਂਝ ਚਿਰਸਥਾਈ ਹੁੰਦੀ ਹੈ ਜੋ ਪ੍ਰੇਮੀਆਂ ਨੂੰ ਇਕ ਬੰਧਨ ਵਿਚ ਪ੍ਰੋਤ ਕੇ ਰੱਖਦੀ ਹੈ। ਇਸ ਅਵਸਥਾ ਦੇ ਦੋ ਮਹੱਤਵਪੂਰਣ ਹਾਰਮੋਨ ਹਨ ਜੋ ਕਿ ਸਰੀਰ ਦਾ ਤੰਤੂ-ਪ੍ਰਬੰਧ (Nervous System) ਪੈਦਾ ਕਰਦਾ ਹੈ। ਇਹ ਹਾਰਮੋਨ ਸਮਾਜਕ ਬੰਧਨ ਪੈਦਾ ਕਰਨ ਦਾ ਰੋਲ ਅਦਾ ਕਰਦੇ ਹਨ। ਇਹ ਹਾਰਮੋਨ ਹਨ: ਆਕਸੀਟੋਸਿਨ (Oxytocin) ਅਤੇ ਵਾਸੋਪਰੀਸਿਨ (Vasopressin)।

ਆਕਸੀਟੋਸਿਨ ਹਾਰਮੋਨ ਬੰਧਨ ਨੂੰ ਮਜ਼ਬੂਤ ਕਰਨ ਵਿਚ ਸਹਾਈ ਹੁੰਦਾ ਹੈ। ਇਸ ਨੂੰ ਬੱਚੇ ਦੇ ਜਨਮ ਵੇਲੇ ਮਾਂ ਦਾ ਸਰੀਰ ਪੈਦਾ ਕਰਦਾ ਹੈ ਜੋ ਮਾਂ ਅਤੇ ਬੱਚੇ ਦੇ ਰਿਸ਼ਤੇ ਨੂੰ ਨਿਪੁੰਨ ਅਤੇ ਸ਼ਕਤੀਸ਼ਾਲੀ ਬਣਾਉਂਦਾ ਹੈ। ਇਹ ਹਾਰਮੋਨ ਆਦਮੀ ਅਤੇ ਔਰਤ ਦੇ ਸਰੀਰਕ ਸੰਬੰਧ ਸਮੇ ਵੀ ਪੈਦਾ ਹੁੰਦਾ ਹੈ ਜੋ ਉਨ੍ਹਾਂ ਵਿਚ ਰਿਸ਼ਤੇ (ਬੰਧਨ) ਨੂੰ ਤਾਕਤ ਦਿੰਦਾ ਹੈ। ਕਈ ਵਾਰ ਇਹ ਵੀ ਵਿਚਾਰ ਕੀਤਾ ਜਾਂਦਾ ਹੈ ਕਿ ਪ੍ਰੇਮੀਆਂ ਵਿਚ ਅਕਸਰ ਸੰਭੋਗ ਨਾਲ ਇਹ ਬੰਧਨ ਹੋਰ ਵੀ ਡੂੰਘਾ ਅਤੇ ਗੂੜ੍ਹਾ ਹੁੰਦਾ ਹੈ।

ਵਾਸੋਪਰੀਸਿਨ ਹਾਰਮੋਨ ਵੀ ਰਿਸ਼ਤੇ ਨੂੰ ਲੰਬੇ ਸਮੇ ਲਈ ਬਣਾ ਕੇ ਰੱਖਣ ਵਿਚ ਸਹਾਈ ਹੁੰਦਾ ਹੈ। ਵਿਗਿਆਨਕ ਖੋਜ ਤੋਂ ਇਹ ਪਤਾ ਲਗਦਾ ਹੈ ਕਿ ਇਸ ਹਾਰਮੋਨ ਤੋਂ ਬਗੈਰ ਪ੍ਰੇਮੀ ਆਪਸੀ ਦਿਲਚਸਪੀ ਗੁਆ ਬੈਠਦੇ ਹਨ ਅਤੇ ਇਕ ਦੂਸਰੇ ਵਲ ਖਿੱਚ ਖਤਮ ਹੋ ਜਾਂਦੀ ਹੈ। ਰਿਸ਼ਤੇ ਦੇ ਟੁੱਟਣ ਦਾ ਕਾਰਨ ਇਸ ਹਾਰਮੋਨ ਦੇ ਸਿਰ ਹੀ ਮੜ੍ਹਿਆ ਜਾ ਸਕਦਾ ਹੈ। ਵਾਸੋਪਰੀਸਿਨ ਦੀ ਘਾਟ ਹੀ ਸ਼ਾਇਦ ਤਲਾਕ ਦਾ ਰੂਪ ਧਾਰਨ ਕਰ ਲੈਂਦੀ ਹੈ!

ਧੰਨਵਾਦ ਸਾਹਿਤ 5abi.com ’ਚੋਂ

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms