Wednesday, August 24, 2011

ਪਤੀ-ਪਤਨੀ ਦਾ ਰਿਸ਼ਤਾ 'ਤੇਰੀ-ਮੇਰੀ ਇਕ ਜਿੰਦੜੀ' - ਸਵਰਨਜੀਤ ਕੌਰ ਉੱਭਾ

ਭਾਰਤੀ ਸਮਾਜ ਰਿਸ਼ਤਿਆਂ ਦੀਆਂ ਸੂਖਮ ਤੰਦਾਂ ਵਿਚ ਬੁਣਿਆ ਹੋਇਆ ਸਮਾਜ ਹੈ। ਹਰ ਰਿਸ਼ਤੇ ਦੀ ਆਪਣੀ ਮਿਠਾਸ, ਆਪਣੀ ਮਹਿਕ ਅਤੇ ਆਪਣੀ ਅਹਿਮੀਅਤ ਹੈ। ਇਹ ਰਿਸ਼ਤਿਆਂ ਦੀਆਂ ਜਜ਼ਬਾਤੀ ਸਾਂਝਾਂ ਹੀ ਸਾਨੂੰ ਪੱਛਮੀ ਸਭਿਅਤਾ ਨਾਲੋਂ ਨਿਖੇੜਦੀਆਂ ਹਨ। ਕੁਝ ਰਿਸ਼ਤੇ ਅਸੀਂ ਜਨਮ ਤੋਂ ਪ੍ਰਾਪਤ ਕਰਦੇ ਹਾਂ ਅਤੇ ਕੁਝ ਰਿਸ਼ਤੇ ਸਮਾਜ ਦੁਆਰਾ ਬਣਾਏ ਜਾਂਦੇ ਹਨ। ਦੂਜੀ ਕਿਸਮ ਦੇ ਰਿਸ਼ਤਿਆਂ ਵਿਚ ਸਭ ਤੋਂ ਵੱਧ ਮਹੱਤਵਪੂਰਨ ਹੁੰਦਾ ਹੈ-ਪਤੀ ਪਤਨੀ ਦਾ ਰਿਸ਼ਤਾ। ਅਜਿਹਾ ਰਿਸ਼ਤਾ ਜਿਸ ਵਿਚ ਮੂਰਤਾਂ ਭਾਵੇਂ ਦੋ ਹੁੰਦੀਆਂ ਹਨ ਪਰ ਜੋਤ ਉਨ੍ਹਾਂ ਵਿਚ ਇਕ ਹੀ ਜਗਦੀ ਹੈ। ਇਹ ਕਿਹਾ ਜਾਂਦਾ ਹੈ ਕਿ ਸੰਜੋਗ ਧੁਰੋਂ ਲਿਖੇ ਹੁੰਦੇ ਹਨ ਤੇ ਸਮਾਜ ਤਾਂ ਦੋ ਰੂਹਾਂ ਨੂੰ ਮਿਲਾਉਣ ਦਾ ਇਕ ਜ਼ਰੀਆ ਬਣਦਾ ਹੈ। ਇਹ ਰਿਸ਼ਤਾ ਜਨਮਾਂ ਜਨਮਾਂਤਰਾਂ ਦਾ ਹੁੰਦਾ ਹੈ। ਸਾਡੇ ਸਮਾਜ ਵਿਚ ਇਸ ਰਿਸ਼ਤੇ ਨੂੰ ਜਿੰਨੀਂ ਪਵਿੱਤਰਤਾ ਪ੍ਰਦਾਨ ਕੀਤੀ ਗਈ ਹੈ ਅਜਿਹੀ ਉਦਾਹਰਣ ਦੁਨੀਆਂ ਦੇ ਕਿਸੇ ਹੋਰ ਮੁਲਕ ਵਿਚ ਸ਼ਾਇਦ ਹੀ ਮਿਲਦੀ ਹੋਵੇ। ਇਸੇ ਲਈ ਇਸਨੂੰ ਦੋ ਸਾਹਾਂ ਦੀ ਇਕ ਧੜਕਣ ਅਤੇ ਦੋ ਜਿਸਮਾਂ ਦੀ ਇਕ ਜਾਨ ਕਿਹਾ ਗਿਆ ਹੈ।

ਕੁਦਰਤ ਦੇ ਕੁਝ ਅਟੱਲ ਅਤੇ ਰਹੱਸਮਈ ਨਿਯਮਾਂ ਵਿਚੋਂ ਇਕ ਮਹੱਤਵਪੂਰਨ ਨਿਯਮ ਨਰ ਅਤੇ ਮਦੀਨ ਦੇ ਮਿਲਾਪ ਦੁਆਰਾ ਜੀਵਾਂ ਦੀ ਉਤਪਤੀ ਦਾ ਨਿਯਮ ਹੈ। ਸਪੱਸ਼ਟ ਹੈ ਕਿ ਜੇਕਰ ਇਨ੍ਹਾਂ ਦਾ ਆਪਸ ਵਿਚ ਮੇਲ ਨਹੀਂ ਹੋਵੇਗਾ ਤਾਂ ਬੱਚੇ ਪੈਦਾ ਨਹੀਂ ਹੋ ਸਕਣਗੇ ਅਤੇ ਵੰਸ਼ ਅੱਗੇ ਨਹੀਂ ਚੱਲੇਗਾ। ਸੋ, ਬੱਚੇ ਵੰਸ਼ ਦੀ ਅਮਰਤਾ ਦਾ ਵਚਨ ਹੁੰਦੇ ਹਨ। ਇਸ ਮੇਲ ਨੂੰ ਸੰਭਵ ਬਣਾਉਣ ਲਈ ਕੁਦਰਤ ਨੇ ਵਿਰੋਧੀ ਲਿੰਗਾਂ ਵਿਚ ਇਕ ਅਜਿਹੀ ਮਿਕਨਾਤੀਸੀ ਖਿੱਚ ਪੈਦਾ ਕੀਤੀ ਹੈ ਜਿਸ ਤੋਂ ਕੋਈ ਵੀ ਸਿਹਤਮੰਦ ਬਾਲਗ ਮੁਕਤ ਨਹੀਂ ਹੋ ਸਕਦਾ। ਉਹ ਇਕ ਦੂਜੇ ਦੀ ਸੰਗਤ ਵਿਚ ਰਹਿਣਾ ਲੋਚਦੇ ਹਨ ਅਤੇ ਇਸ ਦਾ ਆਨੰਦ ਮਾਣਦੇ ਹਨ। ਮਨੁੱਖ ਨੂੰ ਛੱਡ ਕੇ ਬਾਕੀ ਸਾਰੇ ਜੀਵ ਜੰਤੂ ਇਸ ਰਿਸ਼ਤੇ ਨੂੰ ਆਪਣੀ ਇੱਛਾ ਅਨੁਸਾਰ ਭੋਗਦੇ ਹਨ ਅਤੇ ਆਪਣੀ ਨਸਲ ਦੇ ਜੀਵਾਂ ਦੀ ਉਤਪਤੀ ਕਰਦੇ ਹਨ। ਹੋਰ ਜੀਵਾਂ ਨਾਲੋਂ ਵਧੇਰੇ ਬੁੱਧੀਮਾਨ ਹੋਣ ਕਾਰਨ ਮਨੁੱਖ ਨੇ ਆਪਣੇ ਲਈ ਇਕ ਸੱਭਿਅਕ ਸਮਾਜ ਦੀ ਅਤੇ ਇਸ ਨੂੰ ਸੁਚਾਰੂ ਰੂਪ ਵਿਚ ਚਲਦਾ ਰੱਖਣ ਲਈ ਸਮਾਜਕ ਨਿਯਮਾਂ ਦੀ ਸਿਰਜਨਾਂ ਕੀਤੀ ਹੈ। ਵਿਆਹ ਅਤੇ ਪਰਿਵਾਰ ਦੀ ਸੰਸਥਾ ਦਾ ਵਿਕਾਸ ਵੀ ਸਮਾਜ ਦੇ ਵਿਕਾਸ ਨਾਲ ਹੀ ਹੋਇਆ ਹੈ। ਮਰਦ ਅਤੇ ਔਰਤ ਦਾ ਇਕ ਛੱਤ ਹੇਠ ਇਕੱਠੇ ਰਹਿ ਕੇ ਬੱਚੇ ਪੈਦਾ ਕਰਨਾ ਅਤੇ ਉਨ੍ਹਾਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਨਿਭਾਉਣਾ ਸਮਾਜਕ ਵਿਕਾਸ ਦੀ ਇਕ ਅਤਿ ਮਹੱਤਵਪੂਰਨ ਕੜੀ ਹੈ।

ਪਤੀ-ਪਤਨੀ ਦੇ ਇਸ ਰਿਸ਼ਤੇ ਨੂੰ ਪੂਰੀ ਤਰ੍ਹਾਂ ਸਮਝਣ ਲਈ ਸਾਨੂੰ ਇਸ ਦੇ ਮਿਥਹਾਸਿਕ ਅਤੇ ਇਤਹਾਸਿਕ ਸੰਦਰਭ ਨੂੰ ਵੀ ਸਮਝਣਾ ਜ਼ਰੂਰੀ ਹੈ। ਇਹ ਇਕ ਸਰਬ-ਪ੍ਰਵਾਨਿਤ ਤੱਥ ਹੈ ਕਿ ਕੇਵਲ ਭਾਰਤੀ ਜਾਂ ਮੁਸਲਿਮ ਸਮਾਜ ਵਿਚ ਹੀ ਨਹੀਂ ਸਗੋਂ ਸਮੁੱਚੇ ਮਨੁੱਖੀ ਸਮਾਜ ਵਿਚ ਵੀ ਔਰਤ ਨੂੰ ਮਰਦ ਨਾਲੋਂ ਘਟੀਆ ਸਮਝਿਆ ਗਿਆ ਹੈ। ਬਾਈਬਲ ਅਨੁਸਾਰ ਔਰਤ ਦੀ ਸਿਰਜਣਾ ਮਰਦ ਦੀ ਇਕ ਪਸਲੀ ਲੈ ਕੇ ਕੀਤੀ ਗਈ। ਮਨੂ ਸਮ੍ਰਿਤੀ ਵਿਚ ਲਿਖਿਆ ਹੈ ਕਿ ਇਸਤਰੀ ਦੀ ਰੱਖਿਆ ਬਚਪਨ ਵਿਚ ਪਿਤਾ ਕਰਦਾ ਹੈ, ਜਵਾਨੀ ਵਿਚ ਉਸ ਦਾ ਰੱਖਿਅਕ ਉਸ ਦਾ ਪਤੀ ਹੁੰਦਾ ਹੈ ਅਤੇ ਬੁਢਾਪੇ ਵਿਚ ਉਸ ਦੀ ਰੱਖਿਆ ਉਸਦੇ ਪੁੱਤਰ ਕਰਦੇ ਹਨ; ਉਹ ਕਦੀ ਵੀ ਸੁਤੰਤਰ ਰਹਿਣ ਦੇ ਯੋਗ ਨਹੀਂ ਹੁੰਦੀ। ਸ਼ੈਕਸਪੀਅਰ ਨੇ ਉਸ ਨੂੰ ਕਮਜ਼ੋਰੀ ਦਾ ਨਾਂਅ ਦਿੱਤਾ ਹੈ। ਇਸ ਤੋਂ ਇਲਾਵਾ ਉਸ ਨੂੰ ਪੈਰ ਦੀ ਜੁੱਤੀ, ਨਰਕ ਦਾ ਦੁਆਰ, ਵਾਸਨਾ ਦਾ ਖੂਹ, ਬੇਵਫਾਈ ਦੀ ਮੂਰਤ, ਈਰਖਾ ਦਾ ਭਾਂਬੜ, ਬੱਚੇ ਜੰਮਣ ਵਾਲੀ ਮਸ਼ੀਨ ਅਤੇ ਆਦਮਖੋਰ ਬਘਿਆੜੀ ਆਦਿ ਕਹਿ ਕੇ ਭੰਡਿਆ ਗਿਆ ਹੈ। ਜੇਕਰ ਅਸੀਂ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਔਰਤ ਨੂੰ ਮੰਦਰਾਂ ਵਿਚ ਦੇਵੀ ਬਣਾ ਕੇ ਤਾਂ ਪੂਜਿਆ ਗਿਆ ਪਰ ਪਰਿਵਾਰ ਅਤੇ ਸਮਾਜ ਵਿਚ ਉਸ ਨੂੰ ਬਣਦਾ ਮਾਣ-ਸਤਿਕਾਰ ਨਹੀਂ ਦਿੱਤਾ ਗਿਆ।

ਨਿਰਸੰਦੇਹ ਸਾਡੇ ਕੁਝ ਗੁਰੂਆਂ-ਪੀਰਾਂ ਅਤੇ ਸਮਾਜ ਸੁਧਾਰਕਾਂ ਨੇ ਔਰਤ ਦੀ ਦਸ਼ਾ ਸੁਧਾਰਨ ਲਈ ਜ਼ਿਕਰਯੋਗ ਕਦਮ ਚੁੱਕੇ। ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਰਾਜੇ ਰਾਣਿਆਂ ਦੀ ਜਨਮਦਾਤੀ ਕਹਿਕੇ ਅਤੇ ਭਾਈ ਗੁਰਦਾਸ ਜੀ ਨੇ ਅਰਧ ਸਰੀਰੀ ਅਤੇ ਮੋਖ ਦੁਆਰੀ ਕਹਿਕੇ ਵਡਿਆਇਆ ਹੈ। ਪਰ ਵਿਵਹਾਰਕ ਤੌਰ ਤੇ ਔਰਤ ਦੀ ਦਸ਼ਾ ਵਿਚ ਵੀਹਵੀਂ ਸਦੀ ਦੇ ਦੂਜੇ ਅੱਧ ਵਿਚ ਹੀ ਸੁਧਾਰ ਆਉਣਾ ਸ਼ੁਰੂ ਹੋਇਆ ਅਤੇ ਪਤਨੀ ਨੂੰ ਆਪਣੇ ਬਣਦੇ ਹੱਕ ਮਿਲਣ ਲੱਗੇ। ਅਸਲ ਵਿਚ ਆਰਥਿਕ ਸੁੰਤਤਰਤਾ ਨੂੰ ਹੀ ਔਰਤ ਦੀ ਸਮਾਨਤਾ ਅਤੇ ਸੁਤੰਤਰਤਾ ਦਾ ਅਧਾਰ ਕਿਹਾ ਜਾ ਸਕਦਾ ਹੈ। ਅੱਜ ਜਦ ਔਰਤਾਂ ਜੀਵਨ ਦੇ ਹਰ ਖੇਤਰ ਵਿਚ ਆਦਮੀ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ, ਮਰਦਾਂ ਦੇ ਬਰਾਬਰ ਦੀ ਕਮਾਈ ਕਰ ਰਹੀਆਂ ਹਨ ਅਤੇ ਆਪਣੇ ਆਪ ਨੂੰ ਮਰਦਾਂ ਜਿੰਨੀਆਂ ਹੀ ਬਲਵਾਨ ਅਤੇ ਬੁੱਧੀਮਾਨ ਸਿੱਧ ਕਰ ਰਹੀਆਂ ਹਨ ਤਾਂ ਮਰਦ ਵੀ ਉਨ੍ਹਾਂ ਦੀ ਯੋਗਤਾ ਦਾ ਲੋਹਾ ਮੰਨਣ ਲੱਗ ਪਏ ਹਨ ਜਿਸ ਕਾਰਨ ਪਤੀ ਆਪਣੀ ਪਤਨੀ ਨੂੰ ਆਪਣੀ ਗੁਲਾਮ ਨਾ ਸਮਝ ਕੇ ਉਸ ਨੂੰ ਆਪਣੀ ਅਰਧਾਂਗਨੀ ਅਤੇ ਸਹਿਯੋਗੀ ਸਮਝਣ ਲੱਗ ਪਿਆ ਹੈ।

ਭਾਰਤੀ ਸਮਾਜ ਵਿਚ ਪਤੀ-ਪਤਨੀ ਦੇ ਰਿਸ਼ਤੇ ਨੂੰ ਖਾਸ ਅਹਿਮੀਅਤ ਦਿੱਤੀ ਗਈ ਹੈ। ਮਨੂੰ ਸਮ੍ਰਿਤੀ ਵਿਚ ਲਿਖਿਆ ਹੈ ਕਿ ਜਿਸ ਘਰ ਵਿਚ ਪਤੀ ਨਾਲ ਪਤਨੀ ਅਤੇ ਪਤਨੀ ਨਾਲ ਪਤੀ ਪ੍ਰਸੰਨ ਰਹਿੰਦਾ ਹੈ, ਉਸ ਘਰ ਵਿਚ ਹਮੇਸ਼ਾ ਕਲਿਆਣ ਹੁੰਦਾ ਹੈ ਭਾਵ ਉੱਥੇ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਹੁੰਦਾ। ਪਤੀ ਪਤਨੀ ਇਕ ਦੂਜੇ ਦੇ ਪੂਰਕ ਹੁੰਦੇ ਹਨ ਅਤੇ ਇਕ ਤੋਂ ਬਿਨਾਂ ਦੂਜੇ ਦੀ ਕੋਈ ਹੋਂਦ ਨਹੀਂ ਹੁੰਦੀ। ਜੀਵਨ ਰੂਪੀ ਗੱਡੀ ਦੇ ਦੋ ਪਹੀਏ। ਇਹ ਰਿਸ਼ਤਾ ਤਾਂ ਪਤੰਗ ਤੇ ਡੋਰ ਜਾਂ ਗੜਵੇ ਤੇ ਡੋਰ ਵਾਲਾ ਹੁੰਦਾ ਹੈ। ਇਕ ਦੂਜੇ ਦੇ ਇੰਨੇ ਨਜ਼ਦੀਕ ਕਿ ਇਕ ਤੋਂ ਬਿਨਾਂ ਦੂਸਰਾ ਅਧੂਰਾ ਜਾਪੇ। ਪਤੀ ਪਤਨੀ ਦੇ ਰਿਸ਼ਤੇ ਦੀ ਮਿਠਾਸ ਦਾ ਅਸਰ ਸਮੁੱਚੇ ਪਰਿਵਾਰ 'ਤੇ ਪੈਂਦਾ ਹੈ। ਜਿੱਥੇ ਪਤੀ ਪਤਨੀ ਨੇ ਘਰ ਨੂੰ ਸਵਰਗ ਬਣਾਇਆ ਹੋਇਆ ਹੈ, ਉੱਥੇ ਬੱਚਿਆਂ ਦਾ ਵਿਕਾਸ ਸਰਵਪੱਖੀ ਹੁੰਦਾ ਹੈ। ਪ੍ਰਸਿਧ ਵਿਦਵਾਨ ਫਰਾਂਸਿਸ ਬੇਕਨ ਕਹਿੰਦੇ ਨੇ ਕਿ ਪਤਨੀ ਨੌਜਵਾਨ ਦੀ ਪ੍ਰੇਮਿਕਾ ਹੁੰਦੀ ਹੈ, ਅਧਖੜ੍ਹ ਉਮਰ ਵਿਚ ਸਹਾਰਾ ਹੁੰਦੀ ਹੈ ਅਤੇ ਬੁੱਢੇ ਆਦਮੀ ਲਈ ਇਕ ਨਰਸ ਹੁੰਦੀ ਹੈ। ਇਹ ਕਹਿਣਾ ਕੋਈ ਅਤ ਕਥਨੀ ਨਹੀਂ ਕਿ ਭਾਰਤੀ ਸਮਾਜ ਵਿਚ ਪਤੀ ਪਤਨੀ ਦੇ ਰਿਸ਼ਤੇ ਨੂੰ ਅਤਿ ਦੀ ਪਾਕੀਜ਼ਗੀ ਪ੍ਰਦਾਨ ਕੀਤੀ ਗਈ ਹੈ।

ਇਸ ਰਿਸ਼ਤੇ ਦੀ ਨੀਂਹ ਆਪਸੀ ਵਿਸ਼ਵਾਸ, ਪਿਆਰ ਅਤੇ ਕੁਰਬਾਨੀ 'ਤੇ ਟਿਕੀ ਹੁੰਦੀ ਹੈ ਅਤੇ ਇਸ ਵਿਚ ਸ਼ੱਕ ਜਾਂ ਈਰਖਾ ਲਈ ਕੋਈ ਗੁੰਜਾਇਸ਼ ਨਹੀਂ ਹੁੰਦੀ। ਪਤੀ ਪਤਨੀ ਵਿਚ ਆਪਸੀ ਵਿਸ਼ਵਾਸ ਤੇ ਮੁਹੱਬਤ ਦੀ ਗਹਿਨਤਾ ਇਸ ਹੱਦ ਤੱਕ ਹੋਣੀ ਚਾਹੀਦੀ ਹੈ ਕਿ ਦੋਨੋਂ ਹੀ ਅਜਲਾਂ ਤੱਕ ਇਕ ਦੂਜੇ ਦੇ ਸਾਥੀ ਬਣਨ ਦੇ ਸੁਪਨੇ ਸਿਰਜਣ। ਦੋਵਾਂ ਦਰਮਿਆਨ 'ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ' ਵਾਲਾ ਲਗਾਵ, 'ਮੇਰੀ ਉਮਰ ਤੈਨੂੰ ਲੱਗ ਜਾਵੇ' ਵਾਲਾ ਤਿਆਗ ਅਤੇ 'ਤੇਰੀ ਮੇਰੀ ਇਕ ਜਿੰਦੜੀ' ਵਾਲਾ ਪਿਆਰ ਹੋਣਾ ਚਾਹੀਦਾ ਹੈ। ਧਨ ਦੌਲਤ ਜਾਂ ਪਦਾਰਥਕ ਸੁਖ ਸਹੂਲਤਾਂ ਤਾਂ ਇਸ ਰਿਸ਼ਤੇ ਵਿਚ ਕਿਤੇ ਨੇੜੇ-ਤੇੜੇ ਵੀ ਨਹੀਂ ਫਟਕਣੀਆਂ ਚਾਹੀਦੀਆ। 'ਕੁੱਲੀ ਯਾਰ ਦੀ ਸੁਰਗ ਦਾ ਝੂਟਾ ਤੇ ਅੱਗ ਲਾਵਾਂ ਮਹਿਲਾਂ' ਨੂੰ ਵਾਲੀ ਸੋਚ ਹੀ ਅਸਲੀ ਅਨੰਦ ਵਿਚ ਲੈ ਕੇ ਜਾਂਦੀ ਹੈ। ਪਿਆਰ ਤਾਂ ਨਾਂਅ ਹੀ ਆਪਾ ਵਾਰਨ ਦਾ ਹੁੰਦਾ ਹੈ - ਕੁਰਬਾਨ ਹੋ ਜਾਣ ਦਾ ਪਿਆਰੇ ਦੇ ਪ੍ਰੇਮ ਵਿਚ। ਹਾਜੀ ਲੋਕ ਮੱਕੇ ਨੂੰ ਜਾਂਦੇ ਤੇ ਮੇਰਾ ਰਾਂਝਣ ਮਾਹੀ ਮੱਕਾ ਤੇ ਜਾਂ ਫਿਰ ਰਾਂਝਣ ਰਾਂਝਣ ਕਰਦੀ ਨੀ ਮੈਂ ਆਪੂੰ ਰਾਂਝਾ ਹੋਈ ਵਾਲੀ ਭਾਵਨਾ ਪਿਆਰ ਦੀ ਚਰਮ-ਸੀਮਾ ਹੀ ਤਾਂ ਹੈ ਤੇ ਜਦ ਇਕ ਵਾਰ ਪਤੀ ਪਤਨੀ ਪਿਆਰ ਦੇ ਇਸ ਅਸੀਮ ਅਨੰਦ ਸਾਗਰ ਵਿਚ ਪਹੁੰਚ ਜਾਂਦੇ ਹਨ ਫਿਰ ਕੁਝ ਹੋਰ ਪ੍ਰਾਪਤ ਕਰਨ ਦੀ ਕੋਈ ਇੱਛਾ ਹੀ ਨਹੀਂ ਰਹਿੰਦੀ।

ਪਰ ਇਸ ਦਸ਼ਾ ਵਿਚ ਪਹੁੰਚਣ ਲਈ ਵਿਸ਼ੇਸ਼ ਪਹੁੰਚ ਅਤੇ ਯਤਨਾਂ ਦੀ ਲੋੜ ਹੁੰਦੀ ਹੈ। ਨਿਰਸੰਦੇਹ ਗ੍ਰਹਿਸਥ ਜੀਵਨ ਦੀ ਸਫ਼ਲਤਾ ਬਹੁਤ ਸਾਰੀਆਂ ਗੱਲਾਂ ਤੇ ਨਿਰਭਰ ਕਰਦੀ ਹੈ ਜਿਵੇਂ ਕਿ

• ਪਤੀ-ਪਤਨੀ ਵਿਚ ਪੂਰਨ ਪਿਆਰ ਅਤੇ ਵਿਸ਼ਵਾਸ ਹੋਣਾ;

• ਉਨ੍ਹਾਂ ਦੀ ਵਿਚਾਰਕ ਸਾਂਝ ਹੋਣੀ;

• ਉਨ੍ਹਾਂ ਦਾ ਆਰਥਿਕ ਤੌਰ ਤੇ ਸੁਤੰਤਰ ਹੋਣਾ;

• ਉਨ੍ਹਾਂ ਦੀ ਸਿਹਤ ਠੀਕ ਹੋਣੀ;

• ਉਨ੍ਹਾਂ ਨੂੰ ਪਰਿਵਾਰ ਅਤੇ ਸਮਾਜ ਵਿਚ ਬਣਦਾ ਮਾਨ-ਸਨਮਾਨ ਮਿਲਣਾ;

• ਉਨ੍ਹਾਂ ਨੂੰ ਸੰਤਾਨ ਸੁੱਖ ਪ੍ਰਾਪਤ ਹੋਣਾ; ਅਤੇ

• ਉਨ੍ਹਾਂ ਦੀ ਜੀਵਨ ਪ੍ਰਤੀ ਸੋਚ ਸਕਾਰਾਤਮਕ ਹੋਣੀ

ਕਿਉਂਕਿ ਇਕ ਨਿਰਾਸ਼ਾਵਾਦੀ ਜੋੜਾ ਉਪਰੋਕਤ ਗੱਲਾਂ ਹੋਣ ਦੇ ਬਾਵਜੂਦ ਵੀ ਖੁਸ਼ ਅਤੇ ਸੰਤੁਸ਼ਟ ਨਹੀਂ ਹੋ ਸਕੇਗਾ। ਸੁੱਖ ਅਤੇ ਸਹੂਲਤਾਂ ਵੀ ਕੇਵਲ ਹਾਂ-ਪੱਖੀ ਅਤੇ ਆਸ਼ਾਵਾਦੀ ਸੋਚ ਵਾਲੇ ਲੋਕਾਂ ਨੂੰ ਹੀ ਖੁਸ਼ੀ ਪ੍ਰਦਾਨ ਕਰਦੀਆਂ ਹਨ। ਇਸ ਨਾਲ ਉਹ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦਾ ਸਾਹਸਪੂਰਨ ਸਾਹਮਣਾ ਕਰ ਸਕਦੇ ਹਨ ਅਤੇ ਉਨ੍ਹਾਂ ਵਿਚੋਂ ਬਹੁਤੀਆਂ ਨੂੰ ਹੱਲ ਵੀ ਕਰ ਸਕਦੇ ਹਨ ।

ਪਰ ਇਹ ਦੁੱਖ ਦੀ ਗੱਲ ਹੈ ਕਿ ਪਦਾਰਥਵਾਦ, ਸਵਾਰਥਵਾਦ ਅਤੇ ਤਥਾ-ਕਥਿਤ ਆਧੁਨਿਕਵਾਦ ਦੀ ਵਰਤਮਾਨ ਹੋੜ ਵਿਚ ਰਿਸ਼ਤਿਆਂ ਦੇ ਸੁਹੱਪਣ ਨੂੰ ਗ੍ਰਹਿਣ ਲੱਗਣਾ ਸ਼ੁਰੂ ਹੋ ਗਿਆ ਹੈ। ਪਤੀ-ਪਤਨੀ ਦੇ ਰਿਸ਼ਤੇ ਵਿਚ ਵੀ ਤਰੇੜਾਂ ਆ ਰਹੀਆਂ ਹਨ ਅਤੇ ਤਲਾਕਾਂ ਦੀ ਗਿਣਤੀ ਵਧ ਰਹੀ ਹੈ। ਕਈ ਪਤੀ-ਪਤਨੀ ਜੋੜੇ ਪੱਛਮ ਦੀ ਲੁਭਾਉਣੀ ਜੀਵਨ-ਜਾਚ ਦੇ ਭਰਮ ਜਾਲ ਵਿਚ ਫਸਦੇ ਜਾ ਰਹੇ ਹਨ। ਸ਼ਾਦੀ ਦੀ ਪਵਿਤਰ ਡੋਰ ਉਨ੍ਹਾਂ ਨੂੰ ਗੈਰ-ਜ਼ਰੂਰੀ ਬੰਧਨ ਜਾਪਣ ਲੱਗ ਪਈ ਹੈ। ਰੂਹਾਂ ਦੇ ਰਿਸ਼ਤਿਆਂ ਨੂੰ ਉਹ ਅਰਥਹੀਣ ਸਮਝਣ ਲੱਗ ਪਏ ਹਨ। ਪਰ ਇਹ ਦੂਰ ਦੀ ਖੁਬਸੂਰਤੀ ਸਿਰਫ ਤੇ ਸਿਰਫ ਇਕ ਮ੍ਰਿਗਤ੍ਰਿਸ਼ਣਾ ਹੀ ਹੈ। ਇਸ ਵਿਚ ਨਾ ਟਿਕਾਅ ਹੈ, ਨਾ ਸਹਿਜ ਹੈ ਅਤੇ ਨਾ ਹੀ ਜਜ਼ਬਾਤ ਹਨ। ਇਹ ਤਾਂ ਇਕ ਮਸ਼ੀਨੀ ਜੀਵਨ ਜਾਚ ਹੈ। ਸਾਡੇ ਸੰਸਕਾਰਾਂ ਵਿਚ ਜੋ ਸੁਹੱਪਣ ਹੈ ਉਹ ਹੋਰ ਕਿਧਰੇ ਵੀ ਨਹੀਂ ਮਿਲਦਾ ਅਤੇ ਇਸ ਸੁਹੱਪਣ ਨੂੰ ਹਰ ਹੀਲੇ ਸਾਂਭੇ ਜਾਣ ਦੀ ਲੋੜ ਹੈ।

ਵਿਆਹੁਤਾ ਜੀਵਨ ਵਿਚ ਪੂਰਨ ਇਕਸੁਰਤਾ ਜਾਂ ਵੱਧ ਤੋਂ ਵੱਧ ਇਕਸੁਰਤਾ ਸਾਡਾ ਨਿਸ਼ਾਨਾ ਹੋਣਾ ਚਾਹੀਦਾ ਹੈ। ਪਰ ਇਹ ਇਕਸੁਰਤਾ ਆਪਣੇ ਆਪ ਨਹੀਂ ਆਉਂਦੀ। ਇਸ ਲਈ ਯਤਨ ਕਰਨੇ ਪੈਂਦੇ ਹਨ। ਪਤੀ ਪਤਨੀ ਨੂੰ ਇਕ ਦੂਸਰੇ ਦੀ ਸ਼ਖ਼ਸੀਅਤ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਆਪਣੀ ਮਰਜ਼ੀ ਨਹੀਂ ਠੋਸਣੀ ਚਾਹੀਦੀ। ਉਨ੍ਹਾਂ ਨੂੰ ਇਕ ਦੂਜੇ ਦੇ ਵਿਚਾਰਾਂ ਅਤੇ ਸੁਝਾਵਾਂ ਨੂੰ ਸਵੀਕਾਰ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਬਸ਼ਰਤੇ ਉਨ੍ਹਾਂ ਵਿਚ ਕੋਈ ਸੰਗੀਨ ਖਤਰਾ ਨਜ਼ਰ ਨਾ ਆਉਂਦਾ ਹੋਵੇ। ਬਹੁਤ ਸਾਰੇ ਜੋੜੇ ਆਪਣੀ ਹਠ-ਧਰਮੀ ਕਾਰਨ ਮਾਮੂਲੀ ਗੱਲਾਂ 'ਤੇ ਲੜਦੇ-ਝਗੜਦੇ ਰਹਿੰਦੇ ਹਨ ਜਿਸ ਨਾਲ ਉਨ੍ਹਾਂ ਦਾ ਜੀਵਨ ਨਰਕ ਬਣ ਜਾਂਦਾ ਹੈ। ਉਹ ਇਹ ਭੁੱਲ ਜਾਂਦੇ ਹਨ ਕਿ ਗੁੱਸੇ ਭਰੇ ਸ਼ਬਦਾਂ ਨੂੰ ਮਿੱਠੀ ਮੁਸਕਾਨ ਨਾਲ ਬੇਅਸਰ ਕੀਤਾ ਜਾ ਸਕਦਾ ਹੈ। ਆਪਸੀ ਟਕਰਾਓ ਨੂੰ ਘੱਟ ਤੋਂ ਘੱਟ ਕੀਤਾ ਜਾਣਾ ਚਾਹੀਦਾ ਹੈ ਅਤੇ ਆਪਣੇ ਸਾਥੀ ਦੀਆਂ ਕਹੀਆਂ ਅਤੇ ਅਣਕਹੀਆਂ ਇਛਾਵਾਂ ਨੂੰ ਜਾਣਨ ਅਤੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਸਹਿਜਤਾ ਨਾਲ ਹਰ ਮਸਲਾ ਹੱਲ ਹੋ ਸਕਦਾ ਹੈ ਜਦ ਕਿ ਵੈਰ-ਵਿਰੋਧ ਦੀ ਭਾਵਨਾ ਨਾਲ ਸਧਾਰਨ ਤੋਂ ਸਧਾਰਨ ਗੱਲ ਵੀ ਮਸਲਾ ਬਣ ਜਾਂਦੀ ਹੈ। ਪਤੀ-ਪਤਨੀ ਵਿਚ ਕੁਝ ਗਿਲੇ ਸ਼ਿਕਵੇ ਹੋਣੇ ਸੁਭਾਵਿਕ ਹੁੰਦੇ ਹਨ ਪਰ ਅਜਿਹੇ ਝਗੜਿਆਂ ਜਾਂ ਮਨ-ਮੁਟਾਵਾਂ ਨੂੰ ਜਿੰਨਾ ਜਲਦੀ ਹੋ ਸਕੇ ਖ਼ਤਮ ਕਰ ਦਿੱਤਾ ਜਾਣਾ ਚਾਹੀਦਾ ਹੈ।

ਵਿਆਹੁਤਾ ਜੀਵਨ ਦੀ ਸਫਲਤਾ ਲਈ ਆਪਣੇ ਜੀਵਨ ਸਾਥੀ, ਭਾਵੇਂ ਉਹ ਜਿਸ ਵੀ ਮਾਨਸਿਕ ਜਾਂ ਸਰੀਰਕ ਰੂਪ ਵਿਚ ਹੈ, ਨੂੰ ਪੂਰੀ ਤਰ੍ਹਾਂ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਉਹ ਤੁਹਾਡੇ ਮੁਤਾਬਕ ਗੋਰੇ ਰੰਗ ਵਾਲਾ ਜਾਂ ਲੰਮੇ ਕੱਦ ਵਾਲਾ ਨਾ ਹੋਵੇ ਜਾਂ ਉਸ ਦਾ ਸੁਭਾਅ ਬਹੁਤਾ ਹਸਮੁੱਖ ਨਾ ਹੋਵੇ, ਜਾਂ ਉਸ ਦੀ ਕਮਾਈ ਘੱਟ ਹੋਵੇ ਜਾਂ ਚੰਗੀਆਂ ਆਦਤਾਂ ਦਾ ਮਾਲਕ ਨਾ ਹੋਵੇ ਪਰ ਫਿਰ ਵੀ ਉਹ ਬਹੁਤ ਸਾਰੀਆਂ ਹੋਰ ਗੱਲਾਂ ਵਿਚ ਜ਼ਰੂਰ ਚੰਗਾ ਹੋਵੇਗਾ। ਉਸ ਵੱਲ ਹਾਂ-ਪੱਖੀ ਨਜ਼ਰੀਏ ਨਾਲ ਦੇਖਦੇ ਹੋਏ ਉਸ ਦੇ ਚੰਗੇ ਪੱਖਾਂ ਨੂੰ ਦੇਖੋ। ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਸੁੰਦਰਤਾ ਵਸਤੂ ਵਿਚ ਨਹੀਂ ਸਗੋਂ ਦੇਖਣ ਵਾਲੇ ਦੀ ਅੱਖ ਵਿਚ ਹੁੰਦੀ ਹੈ। ਇਸੇ ਸੋਚ ਅਧੀਨ ਇਕ ਸੂਝਵਾਨ ਔਰਤ ਕਹਿੰਦੀ ਹੈ 'ਕਾਲਾ ਸ਼ਾਹ ਕਾਲਾ, ਮੇਰਾ ਕਾਲਾ ਹੀ ਸਰਦਾਰ'।

ਕਿਸੇ ਵੀ ਚੰਗੇ ਕੰਮ ਲਈ ਕੀਤੀ ਗਈ ਪ੍ਰਸੰਸਾ ਅਕਸਰ ਜਾਦੂ ਦਾ ਕੰਮ ਕਰਦੀ ਹੈ। ਇਹ ਮਨੁੱਖੀ ਸ਼ਖ਼ਸੀਅਤ ਲਈ ਪ੍ਰੇਰਨਾ ਦਾ ਸੋਮਾ ਹੁੰਦੀ ਹੈ। ਇਮਾਨਦਾਰੀ ਨਾਲ ਆਪਣੇ ਜੀਵਨ ਸਾਥੀ ਨੂੰ ਵਾਚੋ ਅਤੇ ਜਦ ਵੀ ਉਹ ਕੁਝ ਚੰਗਾ ਕਰੇ ਤਾਂ ਉਸ ਦੀ ਰੱਜਕੇ ਪ੍ਰਸ਼ੰਸਾ ਕਰੋ। ਮੁਆਫ ਕਰਨ ਅਤੇ ਭੁੱਲ ਜਾਣ ਦੀ ਕਲਾ ਵੀ ਇਸ ਰਿਸ਼ਤੇ ਵਿਚ ਬਹੁਤ ਸਹਾਈ ਹੁੰਦੀ ਹੈ। ਜੇਕਰ ਤੁਹਾਡਾ ਜੀਵਨ ਸਾਥੀ ਕੋਈ ਅਜਿਹੀ ਗ਼ਲਤੀ ਕਰਦਾ ਹੈ ਜਿਸ ਨਾਲ ਤੁਹਾਡੇ ਦਿਲ ਨੂੰ ਠੇਸ ਪਹੁੰਚੀ ਹੈ ਤਾਂ ਇਸ ਗੱਲ ਨੂੰ ਲੰਮੀ ਨਹੀਂ ਘਸੀਟਣਾ ਚਾਹੀਦਾ ਸਗੋਂ ਇਸ ਨੂੰ ਜਿੰਨਾਂ ਛੇਤੀ ਹੋ ਸਕੇ ਭੁੱਲ ਜਾਵੋ ਅਤੇ ਆਪਣੇ ਸਾਥੀ ਨੂੰ ਮੁਆਫ ਕਰ ਦੇਵੋ। ਜੇਕਰ ਤੁਸੀਂ ਆਪਣੀ ਵਿਹੁ ਨੂੰ ਅੰਦਰ ਹੀ ਘੋਲਦੇ ਰਹੋਗੇ ਤਾਂ ਜੀਵਨ ਰੂਪੀ ਬਾਗ ਵਿਚ ਕੁੜੱਤਣ ਤੋਂ ਸਿਵਾਏ ਕੁਝ ਨਹੀਂ ਪਨਪੇਗਾ। ਗ਼ਲਤੀ ਕਰਨਾ ਗੁਨਾਹ ਨਹੀਂ ਹੁੰਦਾ ਅਤੇ ਹਰ ਮਨੁੱਖ ਤੋਂ ਗ਼ਲਤੀਆਂ ਹੁੰਦੀਆਂ ਰਹਿੰਦੀਆਂ ਹਨ। ਪਰ ਗ਼ਲਤੀਆਂ ਕਰਦੇ ਰਹਿਣਾ ਜਾਂ ਗ਼ਲਤੀ ਕਰਕੇ ਉਸ ਤੇ ਅੜੇ ਰਹਿਣਾ ਅਤੇ ਉਸ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਨਾ ਕਰਨਾ ਅਵੱਸ਼ ਹੀ ਗੁਨਾਹ ਹੁੰਦਾ ਹੈ। ਗ਼ਲਤੀ ਕਰਤਾ ਨੂੰ ਵਾਰ ਵਾਰ ਗ਼ਲਤੀ ਦਾ ਅਹਿਸਾਸ ਕਰਵਾਉਂਦੇ ਰਹਿਣਾ ਵੀ ਠੀਕ ਨਹੀਂ ਹੁੰਦਾ। ਇਹ ਵੀ ਨਹੀਂ ਹੋ ਸਕਦਾ ਕਿ ਜ਼ਿੰਦਗੀ ਵਿਚ ਹਮੇਸ਼ਾਂ ਪਿਆਰ ਹੀ ਪਿਆਰ ਅਤੇ ਸਹਿਮਤੀ ਹੀ ਸਹਿਮਤੀ ਹੋਵੇ। ਕਦੇ ਕਦੇ ਵਿਚਾਰਾਂ ਵਿਚ ਭਿੰਨਤਾ ਅਤੇ ਅਸਹਿਮਤੀ ਵੀ ਆ ਸਕਦੀ ਹੈ। ਅਜਿਹੇ ਸਮੇਂ ਸੰਜਮ ਅਤੇ ਸਹਿਣਸ਼ੀਲਤਾ ਸਭ ਤੋਂ ਵਧੀਆ ਹਥਿਆਰ ਹੁੰਦੇ ਹਨ।

ਇਹ ਦੇਖਿਆ ਜਾਂਦਾ ਹੈ ਕਿ ਵਿਆਹ ਤੋਂ ਪਹਿਲਾਂ ਲੜਕੇ ਅਤੇ ਲੜਕੀਆਂ ਪਰੀ ਸੁਪਨੇ ਮਨ ਵਿਚ ਵਸਾ ਲੈਂਦੇ ਹਨ। ਲੜਕੀਆਂ ਫਿਲਮੀ ਰਾਜਕੁਮਾਰ ਵਰਗਾ ਪਤੀ ਲੋਚਦੀਆਂ ਹਨ ਜੋ ਉਨ੍ਹਾਂ ਲਈ ਚੰਨ-ਤਾਰੇ ਤੋੜ ਕੇ ਲਿਆ ਸਕੇ। ਇਸੇ ਤਰ੍ਹਾਂ ਲੜਕੇ ਕਿਸੇ ਸੁਪਨ-ਪਰੀ ਦੀ ਕਲਪਨਾ ਕਰਦੇ ਹਨ। ਅਜਿਹੀ ਗੈਰ-ਵਿਵਹਾਰਕ ਪਹੁੰਚ ਕਈ ਵਾਰ ਵਿਆਹੁਤਾ ਜ਼ਿੰਦਗੀ ਵਿਚ ਉਲਝਣਾਂ ਖੜ੍ਹੀਆਂ ਕਰ ਦਿੰਦੀ ਹੈ। ਸਾਡੇ ਸਮਾਜ ਵਿਚ ਪ੍ਰੇਮ-ਵਿਆਹਾਂ ਦੇ ਅਸਫਲ ਰਹਿਣ ਦਾ ਮੁੱਖ ਕਾਰਨ ਅਜਿਹੀ ਗੈਰ-ਵਿਵਹਾਰਕ ਪਹੁੰਚ ਹੀ ਹੈ। ਇਸ ਲਈ ਲੜਕੇ ਅਤੇ ਲੜਕੀਆਂ ਦੀ ਸ਼ਾਦੀ ਪ੍ਰਤੀ ਪਹੁੰਚ ਵਿਵਹਾਰਕ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਪੈਰ ਹਮੇਸ਼ਾਂ ਜ਼ਮੀਨ 'ਤੇ ਰੱਖਣੇ ਚਾਹੀਦੇ ਹਨ।

ਆਪਣੇ ਸਾਥੀ ਦੇ ਮੋਢੇ ਨਾਲ ਮੋਢਾ ਮਿਲਾਕੇ ਚੱਲੋ ਅਤੇ ਉਸ ਨਾਲ ਆਪਣੀਆਂ ਖੁਸ਼ੀਆਂ ਅਤੇ ਗਮੀਆਂ ਸਾਂਝੀਆਂ ਕਰੋ। ਖੁਸ਼ੀ ਵੰਡਣ ਨਾਲ ਦੁੱਗਣੀ ਹੁੰਦੀ ਹੈ ਅਤੇ ਗਮ ਵੰਡਣ ਨਾਲ ਅੱਧਾ ਰਹਿ ਜਾਂਦਾ ਹੈ। ਜ਼ਿੰਦਗੀ ਹਮੇਸ਼ਾਂ ਇਕਸਾਰ ਨਹੀਂ ਚੱਲਦੀ। ਇਸ ਵਿਚ ਹਮੇਸ਼ਾਂ ਉੱਚੇ ਨੀਵੇਂ ਪੰਧ ਆਉਂਦੇ ਹੀ ਰਹਿੰਦੇ ਹਨ। ਜੇਕਰ ਕੋਈ ਬੁਰਾ ਵਕਤ ਆ ਵੀ ਜਾਵੇ ਤਾਂ ਆਪਣੇ ਸਾਥੀ ਨੂੰ ਆਪਣੀ ਮੁਹੱਬਤ ਭਰੀ ਬੁੱਕਲ ਵਿਚ ਸਮੇਟਦੇ ਹੋਏ ਉਸ ਦਾ ਆਸਰਾ ਬਣੋ। ਇਹ ਦੇਖਿਆ ਜਾਂਦਾ ਹੈ ਕਿ ਰੁਝੇਵਿਆਂ ਦੇ ਵਧਣ ਨਾਲ ਕਈ ਵਾਰ ਆਪਸੀ ਗੱਲਬਾਤ ਲਈ ਸਮਾਂ ਵੀ ਨਹੀਂ ਮਿਲਦਾ। ਇਸ ਲਈ ਇਹ ਜ਼ਰੂਰੀ ਹੈ ਕਿ ਆਪਣੇ ਰੁਝੇਵਿਆਂ ਵਿਚੋਂ ਆਪਣੇ ਸਾਥੀ ਲਈ ਕੁਝ ਨਾ ਕੁਝ ਸਮਾਂ ਜ਼ਰੂਰ ਕੱਢੋ ਤਾਂ ਜੋ ਮਿਲ ਬੈਠ ਕੇ ਪਿਆਰ ਮੁਹੱਬਤ ਦੀਆਂ ਗੱਲਾਂ ਕੀਤੀਆਂ ਜਾ ਸਕਣ।

ਪਤੀ ਅਤੇ ਪਤਨੀ ਦੋ ਵੱਖ ਵੱਖ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ। ਦੋਨਾਂ ਦਾ ਪਾਲਣ-ਪੋਸ਼ਣ ਵੱਖ ਵੱਖ ਸੰਸਕਾਰਾਂ, ਪ੍ਰਸਥਿਤੀਆਂ ਅਤੇ ਸੱਭਿਆਚਾਰਾਂ ਵਿਚ ਹੋਇਆ ਹੁੰਦਾ ਹੈ। ਕਦੇ ਵੀ ਕਿਸੇ ਸਾਥੀ ਦੇ ਪਰਿਵਾਰ ਦੀ ਆਲੋਚਨਾ ਨਾ ਕਰੋ ਸਗੋਂ ਤੇਰਾ ਪਰਿਵਾਰ ਮੇਰਾ ਹੈ ਅਤੇ ਮੇਰਾ ਪਰਿਵਾਰ ਤੇਰਾ ਹੈ ਵਾਲੀ ਪਹੁੰਚ ਅਪਣਾਉਂਦੇ ਹੋਏ ਦੋਨੋਂ ਪਰਿਵਾਰਾਂ ਵਿਚ ਸੁਧਾਰਮਈ ਤਬਦੀਲੀਆਂ ਲਿਆਉਣ ਦੀ ਕੋਸ਼ਿਸ਼ ਕਰੋ। ਪਤਨੀ ਨੂੰ ਹਮੇਸ਼ਾਂ ਇਹ ਸੋਚਣਾ ਚਾਹੀਦਾ ਹੈ ਕਿ ਉਹ ਕੇਵਲ ਇਕ ਵਿਅਕਤੀ ਨਾਲ ਹੀ ਸ਼ਾਦੀ ਨਹੀਂ ਕਰ ਰਹੀ ਸਗੋਂ ਇਕ ਪਰਿਵਾਰ ਵਿਚ ਸ਼ਾਦੀ ਕਰ ਰਹੀ ਹੈ ਜਦ ਕਿ ਪਤੀ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਸ ਦੀ ਪਤਨੀ ਦਾ ਪਰਿਵਾਰ ਵੀ ਉਸ ਦਾ ਆਪਣਾ ਪਰਿਵਾਰ ਹੈ। ਇਸ ਤਰ੍ਹਾਂ ਦੀ ਪਹੁੰਚ ਨਾਲ ਸ਼ਾਦੀ ਦਾ ਬੰਧਨ ਕੇਵਲ ਇਕ ਲੜਕੇ ਅਤੇ ਲੜਕੀ ਦਾ ਮੇਲ ਨਾ ਰਹਿਕੇ ਦੋ ਪਰਿਵਾਰਾਂ ਦਾ ਮੇਲ ਬਣ ਜਾਂਦਾ ਹੈ।

ਇੱਥੇ ਇਕ ਗੱਲ ਕੰਮ-ਕਾਜੀ ਔਰਤਾਂ ਦੇ ਪਤੀਆਂ ਬਾਰੇ ਵੀ ਕਹਿਣੀ ਬਣਦੀ ਹੈ। ਵੈਸੇ ਤਾਂ ਘਰ ਵਿਚ ਰਹਿਣ ਵਾਲੀਆਂ ਔਰਤਾਂ ਦਾ ਕੰਮ ਵੀ ਕੋਈ ਘੱਟ ਅਹਿਮ ਨਹੀਂ ਹੁੰਦਾ ਅਤੇ ਉਨ੍ਹਾਂ ਦੇ ਇਸ ਕੰਮ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ। ਪਰ ਜਿੱਥੋਂ ਤੱਕ ਕੰਮ ਕਾਜੀ ਔਰਤਾਂ ਦਾ ਸੰਬੰਧ ਹੈ, ਉਹ ਮਰਦ ਵਾਂਗ ਹੀ ਆਪਣੇ ਕੰਮ ਤੋਂ ਥੱਕੀਆਂ-ਟੁੱਟੀਆਂ ਆਉਂਦੀਆਂ ਹਨ। ਇਸ ਲਈ ਉਹ ਘਰੇਲੂ ਔਰਤਾਂ ਵਾਂਗ ਆਪਣੇ ਪਤੀਆਂ ਅਤੇ ਬੱਚਿਆਂ ਦੇ ਆਲੇ-ਦੁਆਲੇ ਨਹੀਂ ਘੁੰਮ ਸਕਦੀਆਂ ਅਤੇ ਨਾ ਹੀ ਉਨ੍ਹਾਂ ਤੋਂ ਅਜਿਹੀ ਆਸ ਰੱਖੀ ਜਾਣੀ ਚਾਹੀਦੀ ਹੈ। ਘਰੇਲੂ ਸੁੱਖ ਸ਼ਾਂਤੀ ਨੂੰ ਕਾਇਮ ਰੱਖਣ ਲਈ ਪਤੀਆਂ ਅਤੇ ਬੱਚਿਆਂ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਉਹ ਸੁਆਣੀ ਦੇ ਹਰ ਕੰਮ ਵਿਚ ਹੱਥ ਵਟਾਉਣ ਅਤੇ ਉਨ੍ਹਾਂ 'ਤੇ ਰੋਹਬ ਝਾੜਣ ਦੀ ਕੋਸ਼ਿਸ਼ ਨਾ ਕਰਨ।

ਪੰਜਾਬੀ ਦੀ ਇਕ ਪ੍ਰਸਿੱਧ ਕਹਾਵਤ ਹੈ: ਜੋੜੀਆਂ ਜੱਗ ਥੋੜ੍ਹੀਆਂ ਪਰ ਨਰੜ ਬਥੇਰੇ। ਇਸਦਾ ਭਾਵ ਹੈ ਕਿ ਬਹੁਤ ਘੱਟ ਦੰਪਤੀਆਂ ਅਜਿਹੀਆਂ ਹਨ ਜੋ ਸ਼ਾਦੀ ਦੀ ਆਦਰਸ਼ ਪਰਿਭਾਸ਼ਾ ਤੇ ਖਰੀਆਂ ਉੱਤਰਦੀਆਂ ਹੋਣ ਅਤੇ ਨਰੜ ਬਣਨ ਵਿਚ ਬਹੁਤਾ ਕਸੂਰ ਉਨ੍ਹਾਂ ਦਾ ਆਪਣਾ ਹੁੰਦਾ ਹੈ। ਮਾਮੂਲੀ ਗੱਲ ਤੇ ਤੈਸ਼ ਵਿਚ ਆ ਜਾਣਾ, ਹਉਮੇ ਜਾਂ ਹੰਕਾਰ ਦਾ ਸ਼ਿਕਾਰ ਹੋਣਾ, ਜ਼ਿੱਦ ਜਾਂ ਆਕੜ ਦਾ ਤਿਆਗ ਨਾ ਕਰਨਾ, ਲਾਲਚ ਜਾਂ ਸੁਆਰਥ ਵੱਸ ਇਕ ਦੂਜੇ ਨੂੰ ਪਰੇਸ਼ਾਨ ਕਰਦੇ ਰਹਿਣਾ, ਗ਼ਲਤ ਫਹਿਮੀ ਕਾਰਨ ਇਕ ਦੂਜੇ 'ਤੇ ਊਲ-ਜਲੂਲ ਤੁਹਮਤਾਂ ਲਾਉਂਦੇ ਰਹਿਣਾ ਆਦਿ ਅਜਿਹੇ ਔਗੁਣ ਹਨ ਜੋ ਜੋੜੀ ਨੂੰ ਨਰੜ ਬਣਾ ਦਿੰਦੇ ਹਨ।

ਇਕ ਹੋਰ ਕਹਾਵਤ ਹੈ : ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ, ਰੱਬ ਨੇ ਬਣਾਈਆਂ ਜੋੜੀਆਂ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਸਫਲ ਜੋੜੀਆਂ ਬਣਾਉਣ ਵਿਚ ਚਿੱਟੇ ਚੌਲਾਂ ਦਾ ਕਿੰਨਾ ਕੁ ਹੱਥ ਹੈ ਜਾਂ ਰੱਬ ਦੀ ਕਿੰਨੀ ਕੁ ਭੂਮਿਕਾ ਹੈ ਪਰ ਇਹ ਅਵੱਸ਼ ਕਿਹਾ ਜਾ ਸਕਦਾ ਹੈ ਕਿ ਪਤੀ-ਪਤਨੀ ਦੀ ਆਪਣੀ ਸੋਚ, ਪਹੁੰਚ, ਸੁਭਾਓ ਅਤੇ ਵਤੀਰਾ ਉਨ੍ਹਾਂ ਦੀ ਜੋੜੀ ਨੂੰ ਨਰੜ ਹੋਣ ਤੋਂ ਬਚਾ ਸਕਦਾ ਹੈ। ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਜੋੜੀ ਨੂੰ ਆਦਰਸ਼ ਬਣਾਉਣ ਲਈ ਜ਼ਰੂਰੀ ਨਹੀਂ ਕਿ ਕਿਸੇ ਨੇ ਪਹਿਲੇ ਜਨਮ ਵਿਚ ਹੀ ਚਿੱਟੇ ਚੌਲ ਪੁੰਨ ਕੀਤੇ ਹੋਣ। ਇਹ ਤਾਂ ਜਦ ਵੀ ਪੁੰਨ ਹੋ ਜਾਣਗੇ, ਜੋੜੀ ਉਸ ਵੇਲੇ ਹੀ ਗੁਟਕੂੰ-ਗੁਟਕੂੰ ਕਰਨ ਲੱਗ ਪਵੇਗੀ। ਇਹ ਚਿੱਟੇ ਚੌਲ ਹਨ: ਆਪਸੀ ਵਫਾਦਾਰੀ, ਵਿਸ਼ਵਾਸ, ਸਹਿਣਸ਼ੀਲਤਾ, ਸਹਿਯੋਗ ਅਤੇ ਤਿਆਗ ਦੇ ਚੌਲ; ਦੰਪਤੀ ਪਿਆਰ ਨੂੰ ਸਦੀਵੀ ਆਨੰਦ ਦੇਣ ਵਾਲੇ ਚੌਲ; ਖਟਾਸ ਨੂੰ ਦੂਰ ਕਰਨ ਵਾਲੇ ਚੌਲ ਅਤੇ ਪਰੇਸ਼ਾਨੀਆਂ ਨੂੰ ਘੱਟ ਕਰਨ ਵਾਲੇ ਚੌਲ।

ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਪਤੀ-ਪਤਨੀ ਇਕ ਦੂਜੇ ਦਾ ਅਨਿਖੜਵਾਂ ਅੰਗ ਹੁੰਦੇ ਹਨ। ਇਨ੍ਹਾਂ ਦੇ ਪਿਆਰ ਦਾ ਅਸਰ ਪਰਿਵਾਰ ਦੇ ਦੂਜੇ ਮੈਂਬਰਾਂ ਅਤੇ ਸਮਾਜ ਉੱਪਰ ਵੀ ਪੈਂਦਾ ਹੈ। ਪਤੀ ਪਤਨੀ ਦੇ ਪਿਆਰ ਵਿਚ ਜੀਵਨ ਬਸਰ ਕਰਨ ਨਾਲ ਸਮੁੱਚਾ ਘਰ ਸਵਰਗ ਬਣ ਜਾਵੇਗਾ। ਕੋਸ਼ਿਸ਼ ਕਰੋ ਕਿ ਤੁਹਾਡੇ ਜੀਵਨ ਦੀ ਫੁਲਵਾੜੀ ਖਿੜਦੀ ਰਹੇ, ਮਹਿਕਾਂ ਆਉਂਦੀਆਂ ਰਹਿਣ ਅਤੇ ਪਿਆਰ ਵਧਦਾ ਫੁਲਦਾ ਰਹੇ। ਫਿਰ ਹੀ ਅਸੀਂ ਸ੍ਰੀ ਗੁਰੂ ਅਮਰਦਾਸ ਜੀ ਦੇ ਨਿਮਨ ਫੁਰਮਾਨ ਨੂੰ ਸਾਕਾਰ ਕਰ ਸਕਾਂਗੇ

ਧਨ ਪਿਰੁ ਏਹਿ ਨਾ ਆਖਿਅਨਿ ਬਹਨਿ ਇਕਠੇ ਹੋਇ॥
ਏਕ ਜੋਤਿ ਦੁਇ ਮੂਰਤੀ ਧਨੁ ਪਿਰੁ ਕਹੀਐ ਸੋਇ ॥
-ਸਰਕਾਰੀ ਹਾਈ ਸਕੂਲ, ਬ੍ਰਾਹਮਣਮਾਜਰਾ (ਸਰਹਿੰਦ)
ਮੋਬਾਈਲ : 98780-01380
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 07, 14.08.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms