
ਇਸੇ ਹੀ ਸੰਦਰਭ ਵਿਚ ਅੱਜਕਲ੍ਹ ਗ਼ਰੀਬ ਕੁੜੀਆਂ ਦੇ ਵਿਆਹਾਂ ਦੇ ਨਾਂਅ ਥੱਲੇ ਬਹੁਤ ਸਾਰੀਆਂ ਸੰਸਥਾਵਾਂ ਬਣੀਆਂ ਹਨ। ਦਾਨੀਆਂ ਕੋਲੋਂ ਪੈਸਾ ਲੈਂਦੀਆਂ ਹਨ ਅਤੇ ਕਹਿੰਦੇ ਹਨ, ਜੀ ਅਸੀਂ ਤਾਂ ਦੇਸ਼ ਦਾ ਭਲਾ ਅਤੇ ਗ਼ਰੀਬਾਂ ਦਾ ਭਲਾ ਕਰਦੇ ਹਾਂ। ਵੱਡੇ ਫੋਟੋ ਅਖਬਾਰਾਂ ਵਿਚ ਛਪਦੇ ਹਨ। ਕਈ ਲੀਡਰ ਵੀ ਬੁਲਾਏ ਜਾਂਦੇ ਹਨ। ਸ਼ਹਿਰ ਦੇ ਅਮੀਰ ਬੰਦਿਆਂ ਦੀ ਵੀ ਭਰਵੀਂ ਸ਼ਮੂਲੀਅਤ ਹੁੰਦੀ ਹੈ। ਜਦੋਂ ਅਸੀਂ ਭਾਵੁਕ ਹੋ ਕੇ ਸੋਚਦੇ ਹਾਂ ਤਾਂ ਇਹ ਬਹੁਤ ਵਧੀਆ ਕਾਰਜ ਹੈ। ਇਸ ਨਾਲ ਦਾ ਪੁੰਨ ਧਰਤੀ ’ਤੇ ਹੋਰ ਕੋਈ ਨਹੀਂ, ਪਰ ਜਦੋਂ ਅਸੀਂ ਗੰਭੀਰਤਾ ਨਾਲ ਅਤੇ ਵਿਵੇਕ ਬੁੱਧੀ ਨੂੰ ਵਰਤਦੇ ਹਾਂ ਤਾਂ ਇਸ ਦੇ ਸਿੱਟੇ ਹੋਰ ਨਿਕਲਦੇ ਹਨ। ਮੈਂ ਖੁਦ ਇਸ ਕਾਰਜ ਲਈ ਚਿੰਤਤ ਸੀ ਬਈ ਇਹ ਵਿਆਹ ਕਰਨ ਵਾਲੀਆਂ ਸੰਸਥਾਵਾਂ ਇਹ ਕਿਉਂ ਨਹੀਂ ਸੋਚਦੀਆਂ ਬਈ ਇਕ ਗ਼ਰੀਬ ਦਾ ਦੂਜੇ ਗ਼ਰੀਬ ਨਾਲ ਵਿਆਹ ਕਰ ਦੇਵੇ। ਪਹਿਲਾਂ ਤਾਂ ਇਕ ਗ਼ਰੀਬ ਸੀ, ਹੁਣ ਵਿਆਹ ਤੋਂ ਬਾਅਦ ਉਹ ਦੋ ਗ਼ਰੀਬ ਹੋ ਗਏ ਅਤੇ ਆਉਂਦੇ ਸਾਲ ਉਹ ਤਿੰਨ ਗ਼ਰੀਬ ਹੋ ਗਏ ਕਿਉਂਕਿ ਉਨ੍ਹਾਂ ਦੇ ਘਰ ਇਕ ਮਾਸੂਮ ਗ਼ਰੀਬ ਬੱਚਾ ਜਨਮ ਲੈਂਦਾ ਹੈ ਜਿਸ ਦਾ ਕੋਈ ਕਸੂਰ ਨਹੀਂ ਉਹ ਵਿਚਾਰਾ ਮਾਸੂਮ ਜੰਮਦਿਆਂ ਸਾਰ ਹੀ ਗ਼ਰੀਬ। ਉਹਦਾ ਜੰਮਦੇ ਦਾ ਹੀ ਭਵਿੱਖ ਧੁੰਦਲਾ।
ਇਕ ਅਨੁਮਾਨ ਅਨੁਸਾਰ ਅਗਰ ਜੇ ਕੁਲ ਮਿਲਾ ਕੇ ਇਕ ਹਜ਼ਾਰ ਵਿਆਹ ਸਾਲ ’ਚ ਗ਼ਰੀਬ ਮੁੰਡੇ ਅਤੇ ਕੁੜੀਆਂ ਦੇ ਹੁੰਦੇ ਹਨ ਤਾਂ ਇਸ ਅਨੁਮਾਨ ਨੂੰ ਲੈ ਕੇ ਬੱਚੇ ਅਤੇ ਮਾਂ-ਬਾਪ, ਘੱਟੋ ਘੱਟ ਇਹ ਗ਼ਰੀਬ ਕੁੜੀਆਂ ਦੇ ਵਿਆਹ ਕਰਨ ਵਾਲੇ ਇਕ ਸਾਲ ਦਾ ਭਾਰਤ ਅੰਦਰ ਇਕੱਲੇ ਪੰਜਾਬ ’ਚ 4000 ਗ਼ਰੀਬ ਪੈਦਾ ਕਰਦੇ ਹਨ। ਭਾਵ ਪੰਜਾਂ ਸਾਲਾਂ ਵਿਚ ਲੱਗਭੱਗ 40 ਤੋਂ 50 ਹਜ਼ਾਰ ਗਰੀਬ ਪੈਦਾ ਹੋ ਗਏ। ਮੈਨੂੰ ਦੱਸੋ ਉਸ ਦੇਸ਼ ਦਾ ਕੀ ਹਾਲ ਹੋਵੇਗਾ ਜਿਥੇ ਇਕ ਸੂਬੇ ’ਚ ਐਨੇ ਗ਼ਰੀਬ ਪੈਦਾ ਹੋਣ!
• ਕੀ ਇਹ ਜਿਹੜੇ ਬੱਚੇ ਛੋਟੇ-ਛੋਟੇ ਰੈਸਟੋਰੈਂਟਾਂ ਵਿਚ ਭਾਂਡੇ ਮਾਂਜਦੇ ਹਨ, ਇਹ ਉਹੀ ਤਾਂ ਨਹੀਂ ਹਨ।
• ਕੀ ਜਿਹੜੇ ਪੇਟ ਦੀ ਖਾਤਰ ਮੰਗਦੇ ਫਿਰਦੇ ਹਨ, ਕੀ ਇਹ ਉਹੀ ਤਾਂ ਨਹੀਂ ਹਨ।
• ਕੀ ਜੋ ਨਿੱਤ ਖ਼ਬਰਾਂ ਗ਼ਰੀਬੀ ਦੁੱਖੋਂ ਮਾਂ-ਬਾਪ ਆਪਣੇ ਬੱਚਿਆਂ ਸਮੇਤ ਖੁਦਕੁਸ਼ੀ ਕਰਦੇ ਹਨ, ਇਹ ਉਹੀ ਤਾਂ ਨਹੀਂ ਹਨ।
ਅਸੀਂ ਤੁਰੇ ਸੀ ਭਲਾ ਕਰਨ ਪਰ ਇਹਦਾ ਨਤੀਜਾ ਉਨ੍ਹਾਂ ਗ਼ਰੀਬਾਂ ਲਈ ਹੀ ਨਹੀਂ ਸਗੋਂ ਦੇਸ਼ ਲਈ ਵੀ ਘਾਤਕ ਹੈ ਜਾਂ ਵਿਆਹ ਕਰਨ ਨਾਲੋਂ ਗ਼ਰੀਬ ਨੂੰ ਰੁਜ਼ਗਾਰ ਦਿੱਤਾ ਜਾਵੇ। ਉਹ ਫਿਰ ਆਪੇ ਵਿਆਹ ਕਰੀ ਜਾਣ ਜਾਂ ਵਿਆਹ ਤੋਂ ਬਾਅਦ ਕੋਈ ਛੋਟਾ-ਮੋਟਾ ਉਸ ਗ਼ਰੀਬ ਪਰਿਵਾਰ ਨੂੰ ਕੰਮ ਖੋਲ੍ਹ ਦਿੱਤਾ ਜਾਵੇ ਅਤੇ ਵਿਆਹ ਵੇਲੇ ਉਸ ਗ਼ਰੀਬ ਜੋੜੇ ਦੀ ਸੰਸਥਾ ਵੱਲੋਂ ਲਾਈਫ਼ ਇੰਸ਼ੋਰੈਂਸ ਕਰਵਾਈ ਜਾਵੇ ਜਿਸ ਦੇ ਪੈਸੇ ਸੰਸਥਾ ਭਰੇ ਤਾਂ ਜੋ ਗ਼ਰੀਬੀ ਦੀ ਹਾਲਤ ’ਚ ਅਗਰ ਗ਼ਰੀਬ ਦੀ ਮੌਤ ਹੋ ਜਾਵੇ, ਵਿਧਵਾ ਜਾਂ ਉਸ ਦਾ ਪਤੀ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਕਰ ਸਕੇ। ਇਕ ਦਿਨ ਦਾ ਲਿਸ਼ਕਾਰਾ ਦੇ ਕੇ ਅਤੇ ਬਾਕੀ ਜ਼ਿੰਦਗੀ ਗ਼ਰੀਬਾਂ ਦੀ ਧੁੰਦਲੀ ਕਰਕੇ ਮੈਂ ਸਮਝਦਾਂ ਗ਼ਰੀਬ ਕੁੜੀਆਂ ਦੇ ਵਿਆਹ ਕਰਨੇ ਕੋਈ ਲਾਹੇਵੰਦ ਕਦਮ ਨਹੀਂ। ਗ਼ਰੀਬੀ ਖਤਮ ਕਰਨੀ ਹੈ ਤਾਂ ਗ਼ਰੀਬੀ ਦੀ ਜੜ੍ਹ ਨੂੰ ਖ਼ਤਮ ਕਰੋ। ਨਹੀਂ ਤਾਂ ਗ਼ਰੀਬਾਂ ਦਾ ਨਵੇਂ ਢੰਗ ਨਾਲ ਸ਼ੋਸ਼ਣ ਕਰਨਾ ਬੰਦ ਕਰੋ।
ਗ਼ਰੀਬ ਜੋੜੇ ਨੂੰ ਵਿਆਹ ਤੋਂ ਬਾਅਦ ਵਾਲਾ ਜੀਵਨ ਨਾ ਗ਼ਰੀਬੀ ’ਚ ਬਿਤਾਉਣਾ ਪਵੇ। ਫਿਰ ਉਨ੍ਹਾਂ ਦੇ ਬੱਚੇ ਵੀ ਨਾ ਕੋਈ ਇਹੋ ਜਿਹੀ ਸੰਸਥਾ ਵਿਆਹੇ। ਅਗਰ ਦਿਲੋਂ ਗ਼ਰੀਬਾਂ ਪ੍ਰਤੀ ਸੱਚੀ ਭਾਵਨਾ ਹੈ ਤਾਂ ਗ਼ਰੀਬ ਪੈਦਾ ਨਾ ਕਰੋ। ਸਗੋਂ ਗ਼ਰੀਬਾਂ ਦੀ ਗ਼ਰੀਬੀ ਦੂਰ ਕਰੋ। ਅਗਰ ਪੰਜਾਬ ਦੀ ਇੰਡਸਟਰੀ ’ਚ ਗ਼ਰੀਬਾਂ ਲਈ ਕੋਈ ਸਪੈਸ਼ਲ ਮੁਹਿੰਮ ਦੌਰਾਨ ਨੌਕਰੀ ਦਾ ਉਪਰਾਲਾ ਹੋ ਜਾਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਗ਼ਰੀਬ ਆਪਣੇ ਪੈਰੀਂ ਹੋ ਕੇ ਆਪਣੇ ਅਰਮਾਨਾਂ ਅਨੁਸਾਰ ਆਪਣੀਆਂ ਧੀਆਂ, ਭੈਣਾਂ ਦਾ ਵਿਆਹ ਕਰ ਸਕਣਗੇ।
ਆਓ ਸੁਚਾਰੂ ਸੋਚ ਨਾਲ ਆਪਣੀਆਂ ਭਾਵਨਾਵਾਂ ਦਾ ਆਗਾਜ਼ ਕਰੀਏ।
ਧੰਨਵਾਦ ਸਾਹਿਤ PunjabiLekhak.com 'ਚੋਂ