Tuesday, August 2, 2011

ਕਿਵੇਂ ਬਚੀਏ ਛੇੜਛਾੜ ਤੋਂ? - ਕਿਸ਼ਨ ਲਾਲ ਸ਼ਰਮਾ

ਪੜ੍ਹ-ਲਿਖ ਕੇ ਸਿਰਫ ਨੌਕਰੀ ਲਈ ਹੀ ਨਹੀਂ, ਵੈਸੇ ਵੀ ਔਰਤਾਂ ਘਰ ਤੋਂ ਬਾਹਰ ਇਕੱਲੀਆਂ ਨਿਕਲਣ ਲੱਗੀਆਂ ਹਨ। ਔਰਤਾਂ ਦੇ ਘਰ ਤੋਂ ਬਾਹਰ ਨਿਕਲਣ 'ਤੇ ਉਨ੍ਹਾਂ ਨੂੰ ਹਜ਼ਾਰਾਂ ਅੱਖਾਂ ਘੂਰਦੀਆਂ ਹਨ। ਇਸ ਲਈ ਔਰਤਾਂ ਦਾ ਖੂਬਸੂਰਤ ਹੋਣਾ ਜ਼ਰੂਰੀ ਨਹੀਂ ਹੈ, ਨਾ ਹੀ ਇਹ ਜ਼ਰੂਰੀ ਹੈ ਕਿ ਔਰਤ ਅਸ਼ਲੀਲ ਅਤੇ ਉਤੇਜਿਕ ਕੱਪੜੇ ਪਹਿਨੇ ਜਾਂ ਸੁੰਦਰਤਾ ਸਾਧਨਾਂ ਦਾ ਪ੍ਰਯੋਗ ਕਰਕੇ ਹੀਰੋਇਨ ਦੀ ਤਰ੍ਹਾਂ ਸਜੇ-ਸੰਵਰੇ।

ਔਰਤ ਨੂੰ ਘੂਰੇ ਜਾਣ ਲਈ ਉਸ ਦਾ ਇਸਤਰੀ ਹੋਣਾ ਹੀ ਕਾਫੀ ਹੈ। ਇਕ ਮਜ਼ਦੂਰ ਔਰਤ ਤੋਂ ਲੈ ਕੇ ਉੱਚ-ਅਹੁਦੇ 'ਤੇ ਬੈਠੀ ਔਰਤ ਤੱਕ ਨੂੰ ਘੂਰਿਆ ਜਾਂਦਾ ਹੈ। ਆਦਮੀ ਦੀ ਅਜਿਹੀ ਕੋਈ ਵੀ ਹਰਕਤ ਜਾਂ ਕਿਰਿਆ-ਕਲਾਪ ਜੋ ਔਰਤ ਨੂੰ ਸਰੀਰਕ-ਮਾਨਸਿਕ ਤੌਰ 'ਤੇ ਨੁਕਸਾਨ ਪਹੁੰਚਾਏ ਜਾਂ ਸਰਬਜਨਕ ਅਤੇ ਸਮਾਜਿਕ ਰੂਪ ਨਾਲ ਦੁਖੀ ਕਰੇ, ਛੇੜਛਾੜ ਕਹਾਉਂਦਾ ਹੈ।

ਇਕ ਔਰਤ ਨੂੰ ਛੇੜਨ ਦਾ ਅਧਿਕਾਰ ਅੱਜ ਮਜ਼ਦੂਰੀ ਕਰਨ ਵਾਲੇ ਤੋਂ ਲੈ ਕੇ ਉੱਚ-ਅਹੁਦੇ 'ਤੇ ਬੈਠਾ ਵਿਅਕਤੀ ਤੱਕ ਰੱਖਦਾ ਹੈ। ਇਹ ਲੋਕ ਔਰਤ ਨੂੰ ਦੇਖ ਕੇ ਅਸ਼ਲੀਲ ਹਰਕਤਾਂ ਕਰ ਸਕਦੇ ਹਨ, ਗੰਦੇ ਇਸ਼ਾਰੇ ਕਰ ਸਕਦੇ ਹਨ, ਗਾਲ੍ਹਾਂ ਕੱਢ ਸਕਦੇ ਹਨ, ਕਈ ਵਾਰ ਤਾਂ ਔਰਤ ਨੂੰ ਛੂਹ ਸਕਦੇ ਹਨ। ਭਰੀ ਬੱਸ ਵਿਚ ਜਾਂ ਭੀੜ ਵਾਲੀ ਰੇਲ ਗੱਡੀ ਵਿਚ ਭੱਦਾ ਮਜ਼ਾਕ ਕਰ ਸਕਦੇ ਹਨ। ਔਰਤ ਦੇ ਮੂੰਹ 'ਤੇ ਸਿਗਰਟ-ਬੀੜੀ ਦਾ ਧੂੰਆਂ ਛੱਡ ਸਕਦੇ ਹਨ, ਭਾਵ ਆਦਮੀ ਘਰ ਤੋਂ ਬਾਹਰ ਨਿਕਲਣ ਵਾਲੀ ਔਰਤ ਦੇ ਨਾਲ ਕੁਝ ਵੀ ਕਰ ਸਕਦਾ ਹੈ।

ਛੇੜਨ ਵਾਲਾ ਵਿਅਕਤੀ ਕਿਸੇ ਵੀ ਉਮਰ ਜਾਂ ਵਰਗ ਦਾ ਹੋ ਸਕਦਾ ਹੈ। ਪੜ੍ਹਿਆ ਜਾਂ ਅਨਪੜ੍ਹ ਵੀ ਹੋ ਸਕਦਾ ਹੈ। ਛੇੜਛਾੜ ਦੀਆਂ ਘਟਨਾਵਾਂ ਵਿਚ ਵਾਧੇ ਦੇ ਪਿੱਛੇ ਕਈ ਕਾਰਨ ਹਨ। ਅੱਜ ਲੜਕੇ-ਲੜਕੀਆਂ ਨੂੰ ਮਿਲਣ ਦੇ ਮੌਕੇ ਵਧੇ ਹਨ। ਸਹਿ-ਸਿੱਖਿਆ ਅਤੇ ਔਰਤ-ਮਰਦ ਦੇ ਨਾਲ ਕੰਮ ਕਰਨ ਦੀ ਵਜ੍ਹਾ ਕਰਕੇ ਵੀ ਇਨ੍ਹਾਂ ਵਿਚ ਵਾਧਾ ਹੋਇਆ ਹੈ। ਫਿਲਮਾਂ ਛੇੜਛਾੜ ਦੀਆਂ ਘਟਨਾਵਾਂ ਵਿਚ ਵਾਧਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀਆਂ ਹਨ। ਫਿਲਮਾਂ ਵਿਚ ਛੇੜਛਾੜ ਦੇ ਨਵੇਂ-ਨਵੇਂ ਤਰੀਕੇ ਦਿਖਾਏ ਜਾਂਦੇ ਹਨ।

ਛੇੜਛਾੜ ਦੇ ਜਿੰਨੇ ਵੀ ਮਾਮਲੇ ਹੁੰਦੇ ਹਨ, ਉਨ੍ਹਾਂ ਵਿਚੋਂ ਬਹੁਤੇ ਪੁਲਿਸ ਦੇ ਕੋਲ ਨਹੀਂ ਪੁੱਜਦੇ। ਬਹੁਤੀਆਂ ਔਰਤਾਂ ਸ਼ਰਮ, ਝਿਜਕ ਅਤੇ ਬਦਨਾਮੀ ਦੇ ਡਰ ਤੋਂ ਸ਼ਿਕਾਇਤ ਕਰਨਾ ਨਜ਼ਰਅੰਦਾਜ਼ ਕਰ ਦਿੰਦੀਆਂ ਹਨ। ਉਹ ਇਸ ਨੂੰ ਭੁੱਲ ਜਾਣਾ ਹੀ ਬਿਹਤਰ ਸਮਝਦੀਆਂ ਹਨ।

ਸਵਾਲ ਉਠਦਾ ਹੈ ਕਿ ਇਸ ਨੂੰ ਰੋਕਿਆ ਕਿਵੇਂ ਜਾਵੇ? ਛੇੜਛਾੜ ਰੋਕਣ ਦੀ ਪਹਿਲ ਔਰਤ ਨੂੰ ਹੀ ਕਰਨੀ ਹੋਵੇਗੀ। ਸ਼ਰਮ, ਝਿਜਕ ਕਰਕੇ ਔਰਤ ਨੂੰ ਛੇੜਛਾੜ ਹੋਣ ਦੀਆਂ ਘਟਨਾਵਾਂ ਨੂੰ ਦਬਾਉਣ ਦੀ ਬਜਾਏ ਇਨ੍ਹਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਇਸ ਲਈ ਔਰਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਜੇਕਰ ਕਿਸੇ ਔਰਤ ਦੇ ਨਾਲ ਕੋਈ ਵਿਅਕਤੀ ਛੇੜਛਾੜ ਕਰਦਾ ਹੈ ਤਾਂ ਦੂਜੀਆਂ ਔਰਤਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ, ਤਾਂ ਹੀ ਇਸ ਨੂੰ ਰੋਕਿਆ ਜਾ ਸਕਦਾ ਹੈ ਜਾਂ ਅਜਿਹੀਆਂ ਘਟਨਾਵਾਂ ਵਿਚ ਕਮੀ ਲਿਆਂਦੀ ਜਾ ਸਕਦੀ ਹੈ।

ਸਰਕਾਰ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਕਾਨੂੰਨ ਬਣਾਏ ਜਾਣ ਕਿ ਛੇੜਛਾੜ ਦੀਆਂ ਘਟਨਾਵਾਂ 'ਤੇ ਤੁਰੰਤ ਕਾਰਵਾਈ ਹੋਵੇ। ਛੇੜਛਾੜ ਕਰਨ ਵਾਲੇ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 16.07.2010

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms