Tuesday, August 2, 2011

ਅਰੇਂਜਡ ਮੈਰਿਜ ਵਿਚ ਤੁਹਾਡਾ ਕੇਂਦਰ-ਬਿੰਦੂ ਹੋਵੇ ਲੜਕਾ-ਲੜਕੀ ਦੀ ਪਸੰਦ - ਸੋਨੀ ਮਲਹੋਤਰਾ

ਅਰੇਂਜਡ ਮੈਰਿਜ ਨੂੰ ਲੜਕੀਆਂ ਅਤੇ ਲੜਕੇ ਦੋਵੇਂ ਗੰਭੀਰਤਾ ਨਾਲ ਲੈਂਦੇ ਹਨ, ਕਿਉਂਕਿ ਅਰੇਂਜਡ ਸ਼ਬਦ ਉਨ੍ਹਾਂ ਨੂੰ ਇਹ ਮਹਿਸੂਸ ਕਰਵਾਉਂਦਾ ਹੈ ਕਿ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਫੈਸਲਾ ਉਨ੍ਹਾਂ ਵੱਲੋਂ ਨਹੀਂ, ਉਨ੍ਹਾਂ ਦੇ ਵੱਡਿਆਂ ਵੱਲੋਂ ਲਿਆ ਗਿਆ ਹੈ, ਜੇਕਰ ਉਸ ਵਿਚ ਉਨ੍ਹਾਂ ਹਾਮੀ ਭਰੀ ਹੈ।

ਜੇਕਰ ਧਿਆਨ ਨਾਲ ਗੌਰ ਕੀਤਾ ਜਾਵੇ ਤਾਂ ਪਰਿਵਾਰ ਦੇ ਨਾਲ ਬੱਝਣ ਦੀ ਇਹ ਪ੍ਰਕਿਰਿਆ ਉਸ ਸਮੇਂ ਸ਼ੁਰੂ ਹੋ ਜਾਂਦੀ ਹੈ ਜਦੋਂ ਸਭ ਤੋਂ ਪਹਿਲਾਂ ਲੜਕੀ ਦੇਖੀ ਜਾਂਦੀ ਹੈ। ਲੜਕੀ ਨੂੰ ਦੇਖਣਾ ਲੜਕੇ ਦੇ ਲਈ ਜ਼ਰੂਰੀ ਹੁੰਦਾ ਹੈ। ਕਿਉਂਕਿ ਅਰੇਂਜਡ ਮੈਰਿਜ ਹੈ, ਇਸ ਲਈ ਪੂਰਾ ਪਰਿਵਾਰ ਪਹੁੰਚ ਜਾਂਦਾ ਹੈ ਅਤੇ ਫਿਰ ਲੜਕੀ ਦਾ ਮੁਆਇਨਾ ਹੁੰਦਾ ਹੈ ਸਿਰ ਤੋਂ ਲੈ ਕੇ ਪੈਰਾਂ ਤੱਕ।

ਫਿਰ ਜਦੋਂ ਪਰਿਵਾਰ ਘਰ ਵਾਪਸ ਮੁੜਦਾ ਹੈ ਤਾਂ ਉਸ ਮੁਆਇਨੇ ਨੂੰ ਬਿਆਨ ਕੀਤਾ ਜਾਂਦਾ ਹੈ ਭਾਵ ਇਕ ਲੜਕੀ ਨੂੰ ਆਪਣੀ ਚੋਣ ਦੇ ਲਈ ਪੂਰੇ ਪਰਿਵਾਰ ਦੀ ਕਸੌਟੀ 'ਤੇ ਖਰਾ ਉਤਰਨਾ ਜ਼ਰੂਰੀ ਹੁੰਦਾ ਹੈ। ਤਦ ਜਾ ਕੇ ਵਿਆਹ ਦੇ ਲਈ ਪਰਿਵਾਰ ਰਾਜ਼ੀ ਹੁੰਦਾ ਹੈ।

ਅਸੀਂ ਪਰਿਵਾਰ ਨੂੰ ਇਸ ਰਿਸ਼ਤੇ ਤੋਂ ਵੱਖ ਨਹੀਂ ਕਰ ਸਕਦੇ, ਕਿਉਂਕਿ ਸਾਡੀ ਸੱਭਿਅਤਾ ਇਹੀ ਹੈ ਕਿ ਪਰਿਵਾਰ ਮਹੱਤਵਪੂਰਨ ਹੈ ਪਰ ਜਦੋਂ ਦੋ ਵਿਅਕਤੀ ਵਿਆਹ ਵਰਗੇ ਮਹੱਤਵਪੂਰਨ ਬੰਧਨ ਵਿਚ ਬੱਝ ਜਾਂਦੇ ਹਨ ਤਾਂ ਇਸ ਵਿਅਰਥ ਦੇ ਦਿਖਾਵੇ ਦੀ ਬਜਾਏ ਮਹੱਤਵਪੂਰਨ ਗੱਲਾਂ 'ਤੇ ਫੋਕਸ ਕਰਨਾ ਚਾਹੀਦਾ ਹੈ। ਉਹ ਮਹੱਤਵਪੂਰਨ ਗੱਲਾਂ ਜੋ ਲੜਕੇ-ਲੜਕੀ ਦੇ ਭਵਿੱਖ 'ਤੇ ਅਸਰ ਪਾਉਂਦੀਆਂ ਹਨ, ਅਰੇਂਜਡ ਮੈਰਿਜ ਵਿਚ ਲੜਕਾ-ਲੜਕੀ ਕਿਵੇਂ ਨਿਰਣਾ ਲੈਣ ਕਿ ਵਾਕਿਆ ਹੀ ਉਹ ਇਕ-ਦੂਜੇ ਦੇ ਲਈ ਬਣੇ ਹਨ ਅਤੇ ਉਨ੍ਹਾਂ ਦਾ ਭਵਿੱਖ ਸੁਖਮਈ ਹੋਵੇ। ਤੁਹਾਡਾ ਫੋਕਸ ਇਨ੍ਹਾਂ ਬਿੰਦੂਆਂ 'ਤੇ ਹੋਣਾ ਚਾਹੀਦਾ ਹੈ :


ਪਰਿਵਾਰਕ ਕਦਰਾਂ-ਕੀਮਤਾਂ : ਪਰਿਵਾਰਕ ਕਦਰਾਂ-ਕੀਮਤਾਂ ਜੇਕਰ ਨਾ ਮਿਲਣ ਤਾਂ ਵਿਆਹੁਤਾ ਜੀਵਨ ਦੇ ਸ਼ੁਰੂ ਵਿਚ ਹੀ ਝਗੜੇ ਸ਼ੁਰੂ ਹੋ ਜਾਂਦੇ ਹਨ। ਜੇਕਰ ਲੜਕੀ ਦੇ ਪਰਿਵਾਰ ਵਾਲੇ ਸਾਦਗੀ ਵਿਚ ਵਿਸ਼ਵਾਸ ਕਰਦੇ ਹਨ ਅਤੇ ਲੜਕੇ ਦੇ ਤੜਕ-ਭੜਕ ਵਿਚ ਤਾਂ ਵੀ ਮੁਸ਼ਕਿਲ ਹਾਲਤਾਂ ਸਾਹਮਣੇ ਆ ਜਾਂਦੀਆਂ ਹਨ।

ਲੜਕੀ ਨੂੰ ਅਜਿਹੇ ਮਾਹੌਲ ਵਿਚ ਅਡਜਸਟ ਹੋਣ ਵਿਚ ਮੁਸ਼ਕਿਲ ਆਉਂਦੀ ਹੈ, ਕਿਉਂਕਿ ਉਹ ਜਿਸ ਮਾਹੌਲ ਵਿਚ ਪਲੀ ਹੁੰਦੀ ਹੈ, ਉਸ ਦੀ ਪਰਿਵਾਰਕ ਪੱਧਤੀ ਵੱਖਰੀ ਹੁੰਦੀ ਹੈ। ਇਸ ਦੇ ਲਈ ਜਾਂ ਤਾਂ ਲੜਕੀ ਰਿਸ਼ਤਾ ਚੁਣਦੇ ਸਮੇਂ ਪਹਿਲਾਂ ਹੀ ਇਸ ਤਬਦੀਲੀ ਦੇ ਲਈ ਆਪਣੇ-ਆਪ ਨੂੰ ਤਿਆਰ ਕਰ ਲਵੇ ਜਾਂ ਉਸ ਥਾਂ ਰਿਸ਼ਤਾ ਜੋੜੇ ਜਿਥੇ ਉਸ ਦੀ ਫੈਮਿਲੀ ਵੈਲਿਊਜ਼ ਲੜਕੇ ਦੀ ਫੈਮਿਲੀ ਵੈਲਿਊਜ਼ ਨਾਲ ਮੇਲ ਖਾਂਦੀਆਂ ਹੋਣ।

ਨਿੱਜੀ ਸ਼ੌਕ ਜਾਂ ਆਦਤਾਂ : ਜੇਕਰ ਦੋਵਾਂ ਧਿਰਾਂ ਦੇ ਨਿੱਜੀ ਸ਼ੌਕ ਜਾਂ ਆਦਤਾਂ ਭਿੰਨ ਹਨ, ਤਾਂ ਵੀ ਮੁਸ਼ਕਿਲਾਂ ਆ ਸਕਦੀਆਂ ਹਨ। ਜਿਨ੍ਹਾਂ ਚੀਜ਼ਾਂ ਤੋਂ ਲੜਕੀ ਨਫਰਤ ਕਰਦੀ ਹੈ, ਉਨ੍ਹਾਂ ਚੀਜ਼ਾਂ ਦਾ ਸ਼ੌਕ ਪਤੀ ਰੱਖਦਾ ਹੋਵੇ ਤਾਂ ਆਪਸ ਵਿਚ ਅਣਬਣ ਹੋ ਜਾਂਦੀ ਹੈ ਅਤੇ ਜੇਕਰ ਦੋਵੇਂ ਹੀ ਇਕ-ਦੂਜੇ ਨੂੰ ਬਦਲਣਾ ਚਾਹੁੰਣ ਤਾਂ ਉਨ੍ਹਾਂ ਦੇ ਵਿਆਹੁਤਾ ਜੀਵਨ ਦੇ ਸੁਖਮਈ ਹੋਣ ਦੀ ਆਸ ਘੱਟ ਹੁੰਦੀ ਹੈ। ਇਸ ਲਈ ਇਸ ਮੁੱਦੇ 'ਤੇ ਲੜਕੇ-ਲੜਕੀ ਨੂੰ ਵਿਆਹ ਤੋਂ ਪਹਿਲਾਂ ਹੀ ਗੱਲ ਕਰ ਲੈਣੀ ਚਾਹੀਦੀ ਹੈ।

ਕੈਰੀਅਰ : ਇਕ ਸਮਾਂ ਸੀ ਜਦੋਂ ਵਿਆਹ ਤੋਂ ਪਹਿਲਾਂ ਸਿਰਫ ਲੜਕੇ ਦੇ ਕੈਰੀਅਰ ਬਾਰੇ ਹੀ ਜਾਣਕਾਰੀ ਲਈ ਜਾਂਦੀ ਸੀ ਪਰ ਅੱਜ ਲੜਕੀ ਦੇ ਲਈ ਵੀ ਕੈਰੀਅਰ ਬਹੁਤ ਮਹੱਤਵਪੂਰਨ ਹੋ ਗਿਆ ਹੈ। ਜੇਕਰ ਲੜਕੀ ਵਿਆਹ ਤੋਂ ਪਹਿਲਾਂ ਹੀ ਕੰਮ ਕਰਦੀ ਹੋਵੇ ਅਤੇ ਵਿਆਹ ਤੋਂ ਬਾਅਦ ਵੀ ਉਸ ਨੂੰ ਗੰਭੀਰਤਾ ਨਾਲ ਲੈਣਾ ਚਾਹੁੰਦੀ ਹੋਵੇ ਤਾਂ ਲੜਕੇ ਦੇ ਪਰਿਵਾਰ ਅਤੇ ਲੜਕੇ ਨੂੰ ਇਹ ਸਪੱਸ਼ਟ ਕਰ ਦਿਓ। ਬਹੁਤ ਸਾਰੇ ਪਰਿਵਾਰ ਲੜਕੀ ਨੂੰ ਵਿਆਹ ਤੋਂ ਮਗਰੋਂ ਨੌਕਰੀ ਕਰਾਉਣਾ ਪਸੰਦ ਨਹੀਂ ਕਰਦੇ।

ਜੇ ਇਹ ਗੱਲਾਂ ਵਿਆਹ ਤੋਂ ਪਹਿਲਾਂ ਸਾਫ ਨਹੀਂ ਹੋ ਜਾਂਦੀਆਂ ਤਾਂ ਬਾਅਦ ਵਿਚ ਝਗੜੇ ਦੀ ਨੌਬਤ ਆ ਜਾਂਦੀ ਹੈ। ਲੜਕੀ ਦੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਸ ਦਾ ਨਵਾਂ ਪਰਿਵਾਰ ਉਸ ਨੂੰ ਵਰਕਿੰਗ ਵੂਮੈਨ ਦੇ ਤੌਰ 'ਤੇ ਸਵੀਕਾਰ ਕਰੇਗਾ ਜਾਂ ਨਹੀਂ? ਜੇਕਰ ਨਹੀਂ ਅਤੇ ਤੁਹਾਡਾ ਕੈਰੀਅਰ ਮਹੱਤਵਪੂਰਨ ਹੈ ਤਾਂ ਤੁਸੀਂ ਇਸ ਰਿਸ਼ਤੇ ਵਿਚ ਨਾ ਹੀ ਬੱਝੋ।

ਲਾਈਫ ਸਟਾਈਲ : ਲਾਈਫ ਸਟਾਈਲ ਵੀ ਇਕ ਬਹੁਤ ਮਹੱਤਵਪੂਰਨ ਬਿੰਦੂ ਹੈ। ਤੁਸੀਂ ਪਾਰਟੀਆਂ ਵਿਚ ਜਾਣ ਦੇ ਸ਼ੌਕੀਨ ਹੋ ਅਤੇ ਲੜਕੀ ਦਾ ਲਾਈਫ ਸਟਾਈਲ ਅਜਿਹਾ ਹੈ ਕਿ ਉਹ ਇਨ੍ਹਾਂ ਥਾਵਾਂ 'ਤੇ ਜਾਣਾ ਪਸੰਦ ਨਹੀਂ ਕਰਦੀ, ਉਹ ਸਮਾਜ ਸੇਵਾ, ਸਾਧਾਰਨ ਜੀਵਨ ਬਤੀਤ ਕਰਨ ਵਿਚ ਵਿਸ਼ਵਾਸ ਕਰਦੀ ਹੈ, ਤਾਂ ਵੀ ਟਕਰਾਅ ਦੀ ਸਥਿਤੀ ਆ ਜਾਂਦੀ ਹੈ।

ਧਰਮ ਅਤੇ ਆਚਾਰ-ਵਿਹਾਰ : ਧਰਮ ਵੀ ਆਪਣੀ ਜਗ੍ਹਾ ਬਹੁਤ ਮਹੱਤਵ ਰੱਖਦਾ ਹੈ ਅਤੇ ਤੁਹਾਡੇ ਧਾਰਮਿਕ ਵਿਚਾਰ ਵੀ। ਜੇਕਰ ਲੜਕੀ ਧਾਰਮਿਕ ਪ੍ਰਵਿਰਤੀ ਵਾਲੀ ਹੈ, ਪੂਜਾ-ਪਾਠ ਕਰਨਾ ਉਸ ਦੇ ਆਚਾਰ-ਵਿਹਾਰ ਵਿਚ ਸ਼ਾਮਿਲ ਹੈ ਅਤੇ ਲੜਕੇ ਦੇ ਪਰਿਵਾਰ ਵਾਲੇ ਅਤੇ ਲੜਕਾ ਨਾਸਤਿਕ ਹਨ ਤਾਂ ਵੀ ਪ੍ਰੇਸ਼ਾਨੀ ਆ ਸਕਦੀ ਹੈ। ਜੇਕਰ ਦੋਵੇਂ ਪਰਿਵਾਰ ਵੱਖਰੇ-ਵੱਖਰੇ ਧਰਮਾਂ ਨਾਲ ਸੰਬੰਧਿਤ ਹਨ ਤਾਂ ਲੜਕੀ ਨੂੰ ਇਹ ਪ੍ਰੇਸ਼ਾਨੀ ਆ ਜਾਂਦੀ ਹੈ ਕਿ ਉਹ ਕਿਸ ਧਰਮ ਦਾ ਪਾਲਣ ਕਰੇ। ਇਸ ਲਈ ਇਸ ਗੱਲ 'ਤੇ ਵੀ ਗੌਰ ਕਰ ਲੈਣਾ ਚਾਹੀਦਾ ਹੈ।

ਅਸਲ ਵਿਚ ਅਰੇਂਜਡ ਮੈਰਿਜ ਵਿਚ ਵੀ ਨੌਜਵਾਨ ਮੁੰਡੇ-ਕੁੜੀਆਂ ਨੂੰ ਸਭ ਕੁਝ ਮਾਂ-ਬਾਪ ਜਾਂ ਵੱਡਿਆਂ ਦੇ ਹੱਥ ਵਿਚ ਹੀ ਨਹੀਂ ਸੌਂਪ ਦੇਣਾ ਚਾਹੀਦਾ। ਆਪਣੀ ਬੁੱਧੀ ਦਾ ਵੀ ਪ੍ਰਯੋਗ ਕਰਨਾ ਚਾਹੀਦਾ ਹੈ ਅਤੇ ਇਹ ਨਿਰਣਾ ਆਪ ਲੈਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਤੁਹਾਡੇ ਲਈ ਚੁਣਿਆ ਵਰ ਜਾਂ ਕੰਨਿਆ ਸਹੀ ਹੈ ਜਾਂ ਨਹੀਂ, ਤਾਂ ਹੀ ਤੁਸੀਂ ਖੁਸ਼ਹਾਲ ਅਤੇ ਸ਼ਾਂਤਮਈ ਵਿਆਹੁਤਾ ਜੀਵਨ ਜਿਊਣ ਦੀ ਆਸ ਕਰ ਸਕਦੇ ਹੋ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 02.08.2008

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms