Thursday, July 28, 2011

ਰਿਸ਼ਤਾ ਪੱਕਾ ਕਾਹਲੀ ਵਿਚ ਤਾਂ ਨਹੀਂ ਕੀਤਾ? - ਉਮੇਸ਼ ਕੁਮਾਰ ਗਿਰਧਰ

ਲੜਕੀ ਦਾ ਰਿਸ਼ਤਾ ਪੱਕਾ ਕਰਦੇ ਸਮੇਂ ਅਕਸਰ ਲੋਕ ਜਲਦਬਾਜ਼ੀ ਕਰਦੇ ਹਨ, ਜਿਸ ਦਾ ਉਨ੍ਹਾਂ ਨੂੰ ਬਾਅਦ ਵਿਚ ਕਾਫੀ ਪਛਤਾਵਾ ਹੁੰਦਾ ਹੈ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣੀ ਲੜਕੀ ਲਈ ਅਜਿਹਾ ਵਰ ਦੇਖਣ ਜੋ ਆਤਮ-ਨਿਰਭਰ ਹੋਵੇ। ਤੁਹਾਡੀ ਕੁੜੀ ਨੂੰ ਨਾਲ ਰੱਖਣ ਵਿਚ ਸਮਰੱਥ ਹੋਵੇ। ਕੇਵਲ ਪਿਤਾ ਦੀ ਜਾਇਦਾਦ ਜਾਂ ਅਹੁਦਾ ਦੇਖ ਕੇ ਕੀਤਾ ਗਿਆ ਰਿਸ਼ਤਾ ਬਾਅਦ ਵਿਚ ਹਮੇਸ਼ਾ ਦੁੱਖ ਦਾ ਕਾਰਨ ਬਣਦਾ ਹੈ।

ਲੜਕੇ-ਲੜਕੀ ਦੀ ਯੋਗਤਾ ਹੀ ਅਸਲੀ ਜਾਇਦਾਦ ਹੈ। ਪਿਤਾ ਜਾਂ ਪੂਰਵਜਾਂ ਦੀ ਜਾਇਦਾਦ ਜਾਂਦਿਆਂ ਦੇਰ ਨਹੀਂ ਲਗਦੀ। ਧਨ-ਜਾਇਦਾਦ ਨਾਲੋਂ ਲੜਕੇ ਦੇ ਗੁਣਾਂ ਅਤੇ ਪਰਿਵਾਰ ਦੇ ਸੱਭਿਆਚਾਰ ਨੂੰ ਵਿਸ਼ੇਸ਼ ਮਹੱਤਵ ਦਿਓ। ਜਿਥੋਂ ਤੱਕ ਸੰਭਵ ਹੋਵੇ, ਲੜਕੇ ਦੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਉਸ ਦੀ ਇੱਛਾ ਨਾਲ ਹੀ ਰਿਸ਼ਤੇ ਦੀ ਗੱਲ ਅੱਗੇ ਵਧਾਓ।

ਜੇਕਰ ਲੜਕੀ ਦਾ ਰਿਸ਼ਤਾ ਤੈਅ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਇਹ ਪਤਾ ਲਗਾਓ ਕਿ ਲੜਕੀ ਦੀ ਹੋਣ ਵਾਲੀ ਸੱਸ ਕਿਤੇ ਕਲੇਸ਼ ਪਾਉਣ ਵਾਲੀ, ਝਗੜਾਲੂ ਜਾਂ ਲਾਲਚੀ ਤਾਂ ਨਹੀਂ ਹੈ, ਇਸ ਕਾਰਨ ਤੁਹਾਡੀ ਲੜਕੀ ਦਾ ਜੀਵਨ ਖਤਰੇ ਵਿਚ ਪੈ ਸਕਦਾ ਹੈ। ਰਿਸ਼ਤਾ ਕਰਨ ਵਿਚ ਜਲਦਬਾਜ਼ੀ ਬਿਲਕੁਲ ਨਾ ਕਰੋ। ਕੋਈ ਸੰਬੰਧ ਚਾਹੇ ਕਿੰਨਾ ਹੀ ਵਧੀਆ ਦਿਖਾਈ ਦਿੰਦਾ ਹੋਵੇ, ਤੁਹਾਡੇ ਨੇੜਲੇ ਰਿਸ਼ਤੇਦਾਰ ਵੀ ਚਾਹੇ ਕਿੰਨੀ ਵੀ ਪ੍ਰਸੰਸਾ ਕਿਉਂ ਨਾ ਕਰ ਰਹੇ ਹੋਣ, ਤੁਸੀਂ ਸਿਰਫ ਉਨ੍ਹਾਂ ਦੀਆਂ ਗੱਲਾਂ 'ਤੇ ਹੀ ਵਿਸ਼ਵਾਸ ਕਰਕੇ ਆਪਣੀ ਲੜਕੀ ਜਾਂ ਲੜਕੇ ਦੇ ਜੀਵਨ ਨੂੰ ਹਨੇਰੇ ਵਿਚ ਨਾ ਧੱਕੋ।

ਨਿੱਜੀ ਤੌਰ 'ਤੇ ਡੂੰਘੀ ਜਾਣਕਾਰੀ ਤੋਂ ਬਾਅਦ ਹੀ ਰਿਸ਼ਤਾ ਸਥਾਪਿਤ ਕਰੋ ਅਤੇ ਲੜਕੇ ਜਾਂ ਲੜਕੀ ਦੀ ਇੱਛਾ ਨੂੰ ਵੀ ਜਾਣ ਲਓ। ਉਨ੍ਹਾਂ ਨੂੰ ਹਨੇਰੇ ਵਿਚ ਨਾ ਰੱਖੋ। ਕਈ ਵਾਰ ਨੇੜਲੇ ਰਿਸ਼ਤੇਦਾਰ ਵੀ ਸੁਆਰਥ ਜਾਂ ਦਬਾਅ ਕਾਰਨ ਕੁੜੀ ਦੇ ਜੀਵਨ ਨੂੰ ਨਰਕ ਵਿਚ ਧੱਕ ਦਿੰਦੇ ਹਨ। ਕਿੰਨਾ ਵੀ ਅਮੀਰ ਪਰਿਵਾਰ ਕਿਉਂ ਨਾ ਹੋਵੇ, ਜੇਕਰ ਲੜਕਾ ਸ਼ਰਾਬੀ, ਜੁਆਰੀ ਅਤੇ ਹੋਰ ਲੜਕੀਆਂ ਨਾਲ ਸਬੰਧ ਬਣਾਉਣ ਵਾਲਾ ਹੈ ਤਾਂ ਉਸ ਨਾਲ ਰਿਸ਼ਤਾ ਨਾ ਕਰੋ। ਲੜਕੇ ਅਤੇ ਲੜਕੀ ਦੀ ਉਮਰ, ਰੂਪ-ਰੰਗ, ਸਿੱਖਿਆ ਅਤੇ ਸਰੀਰਕ ਬਣਾਵਟ ਵਿਚ ਬਹੁਤ ਅੰਤਰ ਨਾ ਹੋਵੇ। ਅਵਸਥਾ ਵਿਚ ਵੀ 4-5 ਸਾਲ ਤੋਂ ਜ਼ਿਆਦਾ ਅੰਤਰ ਨਾ ਹੋਵੇ, ਨਹੀਂ ਤਾਂ ਹੀਣ-ਭਾਵਨਾ ਸਬੰਧਾਂ ਵਿਚ ਦਰਾਰ ਪੈਦਾ ਕਰ ਸਕਦੀ ਹੈ। ਆਪਣੇ ਤੋਂ ਉੱਚਾ ਸੰਬੰਧ ਦੇਖਣ ਵਾਲੇ ਦੁਖੀ ਅਤੇ ਆਪਣੇ ਬਰਾਬਰ ਜਾਂ ਆਰਥਿਕ ਪੱਧਰ ਅਨੁਸਾਰ ਸਮਾਨ ਪਰਿਵਾਰ ਵਿਚ ਸਬੰਧ ਸਥਾਪਿਤ ਕਰਨ ਵਾਲੇ ਸੁਖੀ ਰਹਿੰਦੇ ਹਨ। ਰਿਸ਼ਤਾ ਸਮਾਨ ਲੋਕਾਂ ਨਾਲ ਹੀ ਵਧੀਆ ਰਹਿੰਦਾ ਹੈ। ਜਿਸ ਲੜਕੇ ਦੇ ਮਾਤਾ-ਪਿਤਾ ਜ਼ਿਆਦਾ ਲਾਲਚੀ ਹੋਣ, ਉਨ੍ਹਾਂ ਨਾਲ ਆਪਣੀ ਕੁੜੀ ਦੇ ਵਿਆਹ ਦੀ ਗੱਲ ਤੁਰੰਤ ਖਤਮ ਕਰ ਦਿਓ। ਉਨ੍ਹਾਂ ਨੂੰ ਸੁਧਾਰਨ ਦਾ ਇਹੀ ਇਲਾਜ ਹੈ। ਦੂਜਿਆਂ ਦੀ ਦੇਖਾ-ਦੇਖੀ ਜਾਂ ਝੂਠੀ ਸ਼ਾਨ ਅਤੇ ਦਿਖਾਵੇ ਲਈ ਵਿਆਹ ਵਿਚ ਏਨਾ ਖਰਚ ਨਾ ਕਰੋ ਕਿ ਉਹ ਤੁਹਾਡੇ ਜਾਂ ਤੁਹਾਡੇ ਪਰਿਵਾਰ ਦੀ ਬਰਬਾਦੀ ਦਾ ਕਾਰਨ ਬਣ ਜਾਣ। ਵਿਆਹ ਦੇ ਸਬੰਧਾਂ ਵਿਚ ਸਰਲਤਾ ਅਤੇ ਸਾਦਗੀ ਵਰਤੋ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 28.04.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms