Sunday, July 24, 2011

ਫੈਸ਼ਨ ਦਾ ਸਹੀ ਅਰਥ ਕਿਸੇ ਨੂੰ ਆਉਂਦਾ ਹੈ? - ਮਾਸਟਰ ਰਾਕੇਸ਼ ਜੋਤੀ

ਫੈਸ਼ਨ ਦਾ ਜਾਦੂ ਅੱਜ ਸਾਡੀ ਨੌਜਵਾਨ ਪੀੜ੍ਹੀ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਭਾਰਤ ਦੀ ਤੇਜ਼ੀ ਨਾਲ ਬਦਲਦੀ ਸਮਾਜਿਕ ਅਵਸਥਾ, ਆਰਥਿਕ ਖੁੱਲ੍ਹੇਪਨ ਅਤੇ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਕਈ ਨਵੇਂ ਰੀਤੀ-ਰਿਵਾਜਾਂ ਅਤੇ ਸੰਸਕਾਰਾਂ ਨੇ ਜਨਮ ਲਿਆ ਹੈ, ਜਿਨ੍ਹਾਂ 'ਚ ਫੈਸ਼ਨ ਸਰਵਪ੍ਰਥਮ ਹੈ। ਅੱਜ ਭਾਰਤੀ ਸਮਾਜ ਵਿਦੇਸ਼ੀ ਪਹਿਰਾਵੇ, ਬੋਲੀ ਅਤੇ ਵਿਦੇਸ਼ੀ ਖਾਣਿਆਂ ਦੁਆਲੇ ਘੁੰਮਦਾ ਨਜ਼ਰ ਆ ਰਿਹਾ ਹੈ। ਅੱਜ ਸਮਾਜ ਦੇ ਹਰ ਦੂਜੇ ਪਰਿਵਾਰ ਨੂੰ ਸ਼ਿਕਾਇਤ ਹੈ ਕਿ ਉਨ੍ਹਾਂ ਦੇ ਨੌਜਵਾਨ ਬੱਚਿਆਂ ਨੂੰ ਫੈਸ਼ਨ ਨੇ ਹੀ ਪੱਟ ਲਿਆ ਹੈ। ਹਾਲਾਤ ਇਹ ਹਨ ਕਿ ਅਨੁਚਿਤ ਫੈਸ਼ਨ ਨੇ ਸਮਾਜ ਵਿਚ ਰੋਸ ਪੈਦਾ ਕੀਤਾ ਹੈ ਅਤੇ ਕਈ ਸਮਾਜਿਕ ਸੰਗਠਨ ਫੈਸ਼ਨ ਵਿਰੁੱਧ ਮੈਦਾਨ ਵਿਚ ਡਟੇ ਹਨ। ਇਨ੍ਹਾਂ ਸੰਗਠਨਾਂ ਦਾ ਤਰਕ ਹੈ ਕਿ ਅਣਉਚਿਤ ਫੈਸ਼ਨ ਨੇ ਸਾਡੇ ਸੱਭਿਆਚਾਰ ਨੂੰ ਢਾਹ ਲਾਈ ਹੈ ਅਤੇ ਜੇਕਰ ਸਾਡਾ ਸਮਾਜ ਵਿਦੇਸ਼ੀ ਫੈਸ਼ਨ ਦਾ ਅਨੁਸਰਣ ਇਵੇਂ ਹੀ ਕਰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰਤੀ ਸੱਭਿਆਚਾਰ ਦੀ ਹੋਂਦ ਨਾਮਾਤਰ ਹੀ ਰਹਿ ਜਾਵੇਗੀ। ਜਦੋਂ ਅਸੀਂ ਫੈਸ਼ਨ ਦੀ ਗੱਲ ਕਰਦੇ ਹਾਂ ਤਾਂ ਇਹ ਸਵਾਲ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਆਖਰ ਸਾਡੀ ਨੌਜਵਾਨ ਪੀੜ੍ਹੀ ਫੈਸ਼ਨ ਪ੍ਰਤੀ ਪਾਗਲ ਕਿਉਂ ਹੋਈ ਪਈ ਹੈ। ਜੇਕਰ ਅਸੀਂ ਨੌਜਵਾਨ ਪੀੜ੍ਹੀ ਦੇ ਪਾਗਲਪਨ ਦੀ ਘੋਖ-ਪੜਚੋਲ ਕਰੀਏ ਤਾਂ ਇਸ ਪਿੱਛੇ ਮਨੋਵਿਗਿਆਨਕ ਕਾਰਨ ਨਜ਼ਰ ਆਉਂਦਾ ਹੈ। ਮਨੋਵਿਗਿਆਨਕਾਂ ਦਾ ਕਹਿਣਾ ਹੈ ਕਿ ਫੈਸ਼ਨ ਮਨੁੱਖ ਦੇ ਪ੍ਰਾਕ੍ਰਿਤਕ ਸੁਭਾਅ ਦਾ ਹਿੱਸਾ ਹੈ ਤੇ ਹਰ ਪੀੜ੍ਹੀ ਆਪਣੇ-ਆਪ ਨੂੰ ਸਮੇਂ ਦੇ ਮੁਤਾਬਿਕ ਢਾਲਦੀ ਹੈ, ਜਿਸ ਨਾਲ ਪੀੜ੍ਹੀ-ਦਰ-ਪੀੜ੍ਹੀ ਮਨੁੱਖ ਦੇ ਸੁਭਾਅ, ਪਹਿਰਾਵੇ, ਰਹਿਣ-ਸਹਿਣ ਤੇ ਵਿਚਾਰਾਂ ਵਿਚ ਤਬਦੀਲੀ ਆਉਂਦੀ ਰਹਿੰਦੀ ਹੈ, ਜਿਸ ਨੂੰ ਫੈਸ਼ਨ ਦਾ ਨਾਂਅ ਦਿੱਤਾ ਜਾਂਦਾ ਹੈ।

ਫੈਸ਼ਨ ਦੇ ਪੱਖ ਵਿਚ ਇਹ ਵੀ ਵਿਚਾਰ ਦਿੱਤੇ ਜਾਂਦੇ ਹਨ ਕਿ ਉਚਿਤ ਫੈਸ਼ਨ ਮਨੁੱਖ ਦੇ ਆਤਮਵਿਸ਼ਵਾਸ ਵਿਚ ਵਾਧਾ ਕਰਦਾ ਹੈ ਅਤੇ ਮਨੁੱਖ ਦਾ ਦਿਮਾਗ ਅਤੇ ਦਿਲ ਤਰੋ-ਤਾਜ਼ਾ ਰਹਿੰਦੇ ਹਨ। ਜੇਕਰ ਅਸੀਂ ਮਨੋਵਿਗਿਆਨਕ ਤੌਰ 'ਤੇ ਫੈਸ਼ਨ ਦਾ ਪੱਖ ਲਈਏ ਤਾਂ ਅਜਿਹਾ ਜਾਪਦਾ ਹੈ ਕਿ ਉਚਿਤ ਫੈਸ਼ਨ ਦੀ ਇਜਾਜ਼ਤ ਨੌਜਵਾਨ ਪੀੜ੍ਹੀ ਨੂੰ ਮਿਲਣੀ ਚਾਹੀਦੀ ਹੈ। ਪਰ ਫੈਸ਼ਨ ਦਾ ਦੂਜਾ ਪੱਖ ਇਹ ਵੀ ਹੈ ਕਿ ਭਾਰਤੀ ਸਮਾਜ ਵਿਚ ਫੈਸ਼ਨ ਦੇ ਨਾਂਅ ਹੇਠ ਕਈ ਭੱਦੇ ਰਿਵਾਜਾਂ ਅਤੇ ਨੀਚ ਸੰਸਕਾਰਾਂ ਨੇ ਜਨਮ ਲਿਆ ਹੈ, ਜਿਸ ਨਾਲ ਫੈਸ਼ਨ ਦੀ ਉਚਿਤ ਪਰਿਭਾਸ਼ਾ ਵਿਚ ਵਿਆਪਕ ਪਰਿਵਰਤਨ ਆਇਆ ਹੈ।

ਕੰਪਿਊਟਰ 'ਤੇ ਲੰਮੇ ਸਮੇਂ ਤੱਕ ਅਣਉਚਿਤ ਚਾਟ ਕਰਨਾ, ਸ਼ਰਾਬ ਤੇ ਨਸ਼ਿਆਂ ਨੂੰ ਸਟੇਟਸ ਸਿੰਬਲ ਦੀ ਤਰ੍ਹਾਂ ਇਸਤੇਮਾਲ ਕਰਨਾ, ਮਾਤਰ ਭੂਮੀ, ਮਾਤਰ ਭਾਸ਼ਾ ਤੇ ਸੱਭਿਆਚਾਰ ਦੀ ਬੇਅਦਬੀ ਕਰਨਾ, ਅਸ਼ਲੀਲ ਫਿਲਮਾਂ ਦਾ ਵਧਦਾ ਪ੍ਰਚਲਨ ਆਦਿ ਭੱਦੇ ਰਿਵਾਜ ਸਾਡੇ ਸਮਾਜ ਦਾ ਬੜੀ ਤੇਜ਼ੀ ਨਾਲ ਅੰਗ ਬਣਦੇ ਜਾ ਰਹੇ ਹਨ। ਭਾਰਤੀ ਸਮਾਜ ਨੇ ਫੈਸ਼ਨ ਦੇ ਸਾਕਾਰਾਤਮਿਕ ਰੂਪ ਨੂੰ ਅਪਣਾਉਣ ਦੀ ਬਜਾਏ ਨਾਕਾਰਾਤਮਿਕ ਰੂਪ ਨੂੰ ਜ਼ਿਆਦਾ ਅਪਣਾਇਆ ਹੈ, ਜਿਸ ਨਾਲ ਸਮਾਜਿਕ ਪ੍ਰੇਸ਼ਾਨੀਆਂ ਵਧੀਆਂ ਹਨ। ਸਾਡਾ ਸਮਾਜ ਭੁੱਲ ਗਿਆ ਹੈ ਕਿ ਫੈਸ਼ਨ ਉਦੋਂ ਤੱਕ ਜਾਇਜ਼ ਹੈ ਜਦੋਂ ਤੱਕ ਇਹ ਵਿਅਕਤੀਗਤ ਰੂਪ ਤੱਕ ਹੀ ਸੀਮਤ ਰਹੇ, ਜਦੋਂ ਕਿਸੇ ਨੌਜਵਾਨ ਦੇ ਅਣਉਚਿਤ ਫੈਸ਼ਨ ਨਾਲ ਸਮਾਜ ਅਤੇ ਉਸ ਦੇ ਘਰ ਵਾਲੇ ਪ੍ਰਭਾਵਿਤ ਹੋਣ ਤਾਂ ਫਿਰ ਇਹ ਪਾਗਲਪਨ ਤੋਂ ਸਿਵਾਏ ਕੁਝ ਵੀ ਨਹੀਂ।
-ਪਿੰਡ ਤੇ ਡਾਕ: ਕਾਹਨੂੰਵਾਨ (ਗੁਰਦਾਸਪੁਰ)। ਮੋਬਾ: 98724-92493
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 26.05.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms