Friday, July 8, 2011

ਪਤੀ-ਪਤਨੀ ਅਤੇ ਆਰਥਿਕ ਆਜ਼ਾਦੀ - ਅਜੇ ਕੁਮਾਰ ਮਲਿਕ ‘ਤੜਪ’

ਜਦੋਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਗ੍ਰਹਿਸਥੀ ਜੀਵਨ ‘ਚ ਅਸ਼ਾਂਤੀ ਰਹਿੰਦੀ ਹੈ। ਗ੍ਰਹਿਸਥੀ ਜੀਵਨ ਲਈ ਮੁੱਖ ਲੋੜ ਪੈਸਾ ਹੀ ਹੈ। ਪੈਸੇ ਦੇ ਬਿਨਾਂ ਮਾਣ-ਸਨਮਾਨ ਬਣਾਈ ਰੱਖਣਾ ਅਸੰਭਵ ਹੋ ਜਾਂਦਾ ਹੈ। ਫਿਰ ਵੀ ਸੋਚਣ ਵਾਲੀ ਗੱਲ ਇਹ ਹੈ ਕਿ ਵਿੱਤੀ ਪੱਖ ਨਾਲ ਜੁੜੀ ਆਪਸੀ ਕਿਹਾ-ਸੁਣੀ ਜਾਂ ਝਗੜੇ ਪਰਿਵਾਰ ਦੇ ਵਖਰੇਵੇਂ ਦਾ ਕਾਰਨ ਬਣ ਜਾਂਦੇ ਹਨ। ਰੁਪਇਆ ਖ਼ਰਚ ਕਰਨ ਦੇ ਮਾਮਲੇ ‘ਚ ਬਹੁਤ ਸੁਚੇਤ ਰਹਿਣ ਦੀ ਲੋੜ ਹੈ ਅਤੇ ਉਦੇਸ਼ਪੂਰਨ ਢੰਗ ਨਾਲ ਰੁਪਏ ਦੀ ਵਰਤੋਂ ਕਰਨਾ ਇਕ ਸਫਲ ਜੀਵਨ ਯਾਤਰਾ ‘ਚ ਮਦਦ ਕਰੇਗਾ।

ਉਂਝ ਇਹ ਵੀ ਦੇਖਿਆ ਗਿਆ ਹੈ ਕਿ ਅਮੀਰ ਵਿਅਕਤੀ ਵੀ ਅਤ੍ਰਿਪਤ ਅਵਸਥਾ ‘ਚ ਰਹਿੰਦੇ ਹਨ। ਤੁਸੀਂ ਛੋਟੀ ਉਮਰ ਰਾਹੀਂ ਵੀ ਖੁਸ਼ਹਾਲ ਜੀਵਨ ਜੀਅ ਸਕਦੇ ਹੋ। ਸਭ ਕੁਝ ਇੱਛਾਵਾਂ ‘ਤੇ ਨਿਰਭਰ ਕਰਦਾ ਹੈ। ਤ੍ਰਿਪਤ ਜੀਵਨ ਜੀਣਾ ਸਿੱਖੋ। ਖ਼ਾਸ ਜ਼ਰੂਰਤ ਅਨੁਸਾਰ ਹੀ ਰੁਪਏ ਨੂੰ ਮਹੱਤਵ ਦਿਓ। ਰੁਪਿਆ ਹੀ ਸਿਰਫ਼ ਜੀਵਨ ਲਈ ਸਰਵਸ੍ਰੇਸ਼ਠ ਨਹੀਂ ਹੈ।

ਸੋਚ-ਵਿਚਾਰ ਦੀ ਘਾਟ
ਪਤੀ-ਪਤਨੀ ਹੋਣ ਦੇ ਨਾਤੇ ਸਿਆਣਪ ਨਾਲ ਇਕ-ਦੂਜੇ ਦੀ ਗੱਲ ਨੂੰ ਅਹਿਮੀਅਤ ਦਿਓ। ਆਪਸੀ ਲੋੜਾਂ ਅਤੇ ਗ੍ਰਹਿਸਥ ਜੀਵਨ ਦੀ ਵਿੱਤੀ ਅਵਸਥਾ ਨੂੰ ਸਮਝੋ। ਹਮੇਸ਼ਾ ਪਰਿਵਾਰ ਵਿਤੀ ਲੋੜਾਂ ਲਈ ਤੂੰ-ਤੂੰ, ਮੈਂ-ਮੈਂ ਕਰਦੇ ਰਹਿੰਦੇ ਹਨ। ਅਜਿਹਾ ਕਿਉਂ ਹੋਣ ਲੱਗਦਾ ਹੈ।

ਕੀ ਤੁਸੀਂ ਇਸਦਾ ਕਾਰਨ ਜਾਣਦੇ ਹੋ।
ਇਸਦਾ ਕਾਰਨ ਇਹ ਹੈ ਕਿ ਆਮ ਤੌਰ ‘ਤੇ ਪਤੀ-ਪਤਨੀ ਘਰ ਦੀ ਆਰਥਿਕ ਸਥਿਤੀ ਬਾਰੇ ਸੋਚ-ਵਿਚਾਰ ਨਹੀਂ ਕਰਦੇ ਜਾਂ ਦੱਸਣ ‘ਚ ਗਲਤੀ ਕਰਦੇ ਹਨ। ਅਜਿਹੇ ਮਾਮਲੇ ‘ਚ ਇਕ ਹੀ ਜੀਵਨ ਸਾਥੀ ਰੁਪਏ ਦੀ ਵਰਤੋਂ ਅਤੇ ਲੈਣ-ਦੇਣ ਕਰਦਾ ਰਹਿੰਦਾ ਹੈ, ਜਦਕਿ ਦੂਜਾ ਵਿੱਤੀ ਲੋੜਾਂ ਪ੍ਰਤੀ ਨਾਦਾਨ ਬਣਿਆ ਰਹਿੰਦਾ ਹੈ। ਸਿੱਟੇ ਵਜੋਂ ਦੂਜਾ ਜੀਵਨ ਸਾਥੀ ਚੀਜ਼ਾਂ ਦੀ ਮੰਗ ਕਰਨੀ ਸ਼ੁਰੂ ਕਰ ਦਿੰਦਾ ਹੈ, ਜਿਸ ਨੂੰ ਪਰਿਵਾਰ ‘ਚ ਆਮਦਨ ਅਨੁਸਾਰ ਪੂਰਾ ਨਹੀਂ ਕੀਤਾ ਜਾ ਸਕਦਾ।

ਹੱਲ ਦੇ ਉਪਾਅ
• ਇਕੱਲੇ ਖ਼ਰਚ ਕਰਨ ਤੋਂ ਪ੍ਰਹੇਜ ਕਰੋ। ਗ੍ਰਹਿਸਥ ਜੀਵਨ ਜੀਣ ‘ਚ ਇਹ ਬਹੁਤ ਹੀ ਲਾਭਦਾਇਕ ਹੈ ਕਿ ਦੋਵੇਂ ਪਤੀ-ਪਤਨੀ ਵਿੱਤੀ ਆਮਦਨ ਅਤੇ ਵਪਾਰ ਬਾਰੇ ਜਾਣਕਾਰੀ ਰੱਖਣ।

• ਇਕੱਠਿਆਂ ਕੁਝ ਪਲ ਬੈਠਣ ਅਤੇ ਆਪਸ ‘ਚ ਸਾਰੀਆਂ ਲੋੜਾਂ ਬਾਰੇ ਸਲਾਹ-ਮਸ਼ਵਰਾ ਕਰਨ।

• ਠੋਸ ਯੋਜਨਾ ਸੋਚ-ਸਮਝ ਕੇ ਬਣਾਓ।

• ਲੋੜ ਦੀਆਂ ਚੀਜ਼ਾਂ ਖ਼ਰੀਦਣ ਅਤੇ ਵਰਤੋਂ ਕਰਨ ਤੋਂ ਪਹਿਲਾਂ ਸੂਚੀ ਤਿਆਰ ਕਰ ਲਓ।

• ਅਜਿਹੀਆਂ ਬੇਕਾਰ ਵਸਤੂਆਂ ਖ਼ਰੀਦਣ ਤੋਂ ਪ੍ਰਹੇਜ ਕਰੋ, ਜੋ ਤੁਹਾਡੇ ਲਈ ਜ਼ਿਆਦਾ ਜ਼ਰੂਰੀ ਨਹੀਂ ਹਨ। ਆਰਾਮਦਾਇਕ ਜਾਂ ਦਿਖਾਵਟੀ ਸ਼ਾਂਤੀ ਹਾਸਿਲ ਕਰਨ ਲਈ ਵਸਤੂਆਂ ਉਧਾਰ ਲੈ ਕੇ ਸੌਦਾ ਕਰਨਾ ਖ਼ਾਸ ਤੌਰ ‘ਤੇ ਕਲੇਸ਼ ਅਤੇ ਵਿਵਾਦਾਂ ਨੂੰ ਵਧਾਏਗਾ। ਆਪਣੀ ਆਮਦਨ ਮੁਤਾਬਿਕ ਹੀ ਚੱਲਣ ਦੀ ਕੋਸ਼ਿਸ਼ ਕਰੋ।

ਸਿਰਫ਼ ਪਤੀਆਂ ਲਈ ਸਮਝਣ ਯੋਗ ਗੱਲਾਂ
• ਆਪਣੀ ਪਤਨੀ ਦੀ ਸਲਾਹ ਤੋਂ ਬਿਨਾਂ ਵਿੱਤੀ ਮਾਮਲਿਆਂ ਨੂੰ ਆਪਣੇ ਹੱਥਾਂ ‘ਚ ਲੈਣ ਤੋਂ ਗੁਰੇਜ਼ ਕਰੋ।

• ਆਪਣੀ ਪਤਨੀ ਤੋਂ ਕਿਸੇ ਤਰ੍ਹਾਂ ਦੀਆਂ ਵਿੱਤੀ ਸਮੱਸਿਆਵਾਂ ਨੂੰ ਲੁਕਾਉਣ ਦੀ ਬਿਲਕੁਲ ਭੁੱਲ ਨਾ ਕਰੋ। ਪਤਨੀ ਨੂੰ ਸਾਰੀਆਂ ਗੱਲਾਂ ਦੱਸਣ ਨਾਲ ਉਸਨੂੰ ਹਾਲਾਤ ਨੂੰ ਪਰਿਪੱਕ ਤੌਰ ‘ਤੇ ਸਮਝਣ ‘ਚ ਮਦਦ ਮਿਲੇਗੀ।

• ਜੇ ਅਜਿਹਾ ਸਮਾਂ ਆਉਂਦਾ ਹੈ, ਜੋ ਤੁਹਾਡੀ ਜੀਵਨ ਸਾਥਣ ਚਾਹੁੰਦੀ ਹੈ, ਉਸਨੂੰ ਕਰਨ ਦੀ ਤੁਹਾਡੇ ‘ਚ ਸਮਰੱਥਾ ਨਹੀਂ ਹੈ ਤਾਂ ਉਸ ਨੂੰ ਇਸਦਾ ਕਾਰਨ ਜ਼ਰੂਰ ਦੱਸੋ ਕਿ ਇਹ ਤੁਸੀਂ ਉਸਦੇ ਲਈ ਕਿਉਂ ਨਹੀਂ ਕਰ ਸਕੇ ਸੀ।

ਸਿਰਫ਼ ਪਤਨੀਆਂ ਲਈ ਸਮਝਣ ਯੋਗ ਗੱਲਾਂ
• ਆਪਣੇ ਘਰ ਦੀ ਵਿੱਤੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰੋ।

• ਲਾਲਚ ਨੂੰ ਕਾਬੂ ‘ਚ ਰੱਖੋ। ਇਹ ਪਰਿਵਾਰ ‘ਚ ਕਲੇਸ਼ ਅਤੇ ਸਮੱਸਿਆਵਾਂ ਖੜ੍ਹੀਆਂ ਕਰ ਦੇਵੇਗਾ।

• ਪੂਰੀ ਤਰ੍ਹਾਂ ਸੰਤੁਸ਼ਟ ਬਣੇ ਰਹਿਣਾ ਸਵੀਕਾਰ ਕਰੋ। ਤੁਹਾਡੇ ਲਈ ਜੋ ਕੁਝ ਵੀ ਤੁਹਾਡਾ ਪਤੀ ਲਿਆਉਂਦਾ ਹੈ ਜਾਂ ਦਿੰਦਾ ਹੈ, ਉਸੇ ‘ਚ ਗੁਜ਼ਾਰਾ ਕਰ ਲਓ। ਆਪਣੇ ਪਤੀ ਵਲੋਂ ਲਿਆਂਦੀ ਆਮਦਨੀ ਦੇ ਅੰਦਰ ਹੀ ਖ਼ੁਦ ਨੂੰ ਢਾਲਣਾ ਜਾਂ ਸਮਰਪਿਤ ਕਰਨਾ ਸਿੱਖੋ।

• ਜੇ ਤੁਹਾਨੂੰ ਕਿਸੇ ਚੀਜ਼ ਦੀ ਬਹੁਤ ਜ਼ਿਆਦਾ ਲੋੜ ਹੈ ਤਾਂ ਪਹਿਲਾਂ ਦੇਖ ਲਓ ਕਿ ਇਸਨੂੰ ਪ੍ਰਾਪਤ ਕਰਨ ਲਈ ਤੁਹਾਡੇ ਪਤੀ ਕੋਲ ਲੋੜੀਂਦਾ ਪੈਸਾ ਹੈ ਜਾਂ ਨਹੀਂ ਅਤੇ ਉਦੋਂ ਖ਼ੁਦ ਨੂੰ ਹੀ ਸਵਾਲ ਕਰੋ ਕਿ ਕੀ ਵਾਕਈ ਇਸਦੀ ਲੋੜ ਹੈ ਜਾਂ ਨਹੀਂ।

ਕਰਨ ਯੋਗ ਗੱਲਾਂ
• ਇਕ ਪਤਨੀ ਦੇ ਤੌਰ ‘ਤੇ ਤੁਸੀਂ ਆਪਣੇ ਪਤੀ ਨਾਲ ਘਰ ਦੀ ਵਿਤੀ ਦਸ਼ਾ ਬਾਰੇ ਪੁੱਛੋ।

• ਵਿਤ ਸੰਬੰਧੀ ਗੱਲਾਂ ਕਦੇ ਵੀ ਸ਼ੇਅਰ ਨਹੀਂ ਕੀਤੀਆਂ ਤਾਂ ਅੱਜ ਹੀ ਇਕੱਠਿਆਂ ਬੈਠ ਕੇ ਸਲਾਹ-ਮਸ਼ਵਰਾ ਕਰੋ।

• ਇਕ ਪਰਿਵਾਰ ਦੇ ਰੂਪ ‘ਚ ਬੀਤੇ ਹੋਏ ਮਹੀਨੇ ਦੇ ਖ਼ਰਚਿਆਂ ਦਾ ਵਿਸ਼ਲੇਸ਼ਣ ਕਰੋ ਅਤੇ ਅਗਲੇ ਮਹੀਨੇ ਲਈ ਸਲਾਹ-ਮਸ਼ਵਰਾ ਕਰੋ। ਜੇਕਰ ਦੋਵੇਂ ਕਮਾਉਂਦੇ ਹੋ ਤਾਂ ਆਪਣੀ ਆਮਦਨ ‘ਚੋਂ ਕੁਝ ਬੱਚਤ ਜ਼ਰੂਰ ਕਰੋ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 08.07.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms