Friday, July 8, 2011

ਕਿਹੋ ਜਿਹਾ ਜੀਵਨਸਾਥੀ ਚਾਹੁੰਦੇ ਹੋ ਤੁਸੀਂ? - ਸਰਿਤਾ ਸ਼ਰਮਾ

ਹਰ ਕੁੜੀ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਹੋਣ ਵਾਲਾ ਜੀਵਨਸਾਥੀ ਸਰਵਗੁਣ ਸੰਪੰਨ ਹੋਵੇ। ਇਕ ਅਜਿਹਾ ਇਨਸਾਨ, ਜੋ ਤੁਹਾਡੀ ਜ਼ਿੰਦਗੀ ਨੂੰ ਪਿਆਰ ਦੀ ਖੁਸ਼ਬੂ ਨਾਲ ਮਹਿਕਾ ਦੇਵੇ ਅਤੇ ਜ਼ਿੰਦਗੀ ਦੇ ਹਰ ਸੁਖ-ਦੱਖ ‘ਚ ਤੁਹਾਡੇ ਕਦਮ ਨਾਲ ਕਦਮ ਮਿਲਾ ਕੇ ਤੁਰੇ। ਬਹੁਤ ਘੱਟ ਹੀ ਕਿਸਮਤ ਵਾਲੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਸੁਪਨਾ ਸੱਚ ਹੁੰਦਾ ਹੈ ਕਿਉਂਕਿ ਇਕ ਨਵੇਂ ਮਾਹੌਲ ‘ਚ ਨਵੇਂ ਸੁਭਾਅ ਦੇ ਇਨਸਾਨਾਂ ਨੂੰ ਜਾਣਨਾ ਕਿਸੇ ਬੁਝਾਰਤ ਤੋਂ ਘੱਟ ਨਹੀਂ ਹੁੰਦਾ। ਆਪਸੀ ਤਾਲਮੇਲ ਬਿਠਾਉਣ ‘ਚ ਹੀ ਕਿੰਨਾ ਸਮਾਂ ਨਿਕਲ ਜਾਂਦਾ ਹੈ। ਕੁੱਲ ਮਿਲਾ ਕੇ ਹਕੀਕਤ ਤੁਹਾਡੇ ਸੁਪਨਿਆਂ ਦੀ ਦੁਨੀਆ ਤੋਂ ਬਹੁਤ ਪਰ੍ਹੇ ਹੁੰਦੀ ਹੈ। ਤੁਸੀਂ ਸਿਰਫ ਆਪਣੇ ਸੁਪਨਿਆਂ ਬਾਰੇ ਹੀ ਨਹੀਂ, ਸਗੋਂ ਆਪਣੇ ਜੀਵਨਸਾਥੀ ਦੇ ਸੁਪਨਿਆਂ ਨੂੰ ਵੀ ਸਾਕਾਰ ਕਰਨ ‘ਚ ਖਰੇ ਉਤਰੋ ਤਾਂ ਮਜ਼ਾ ਆ ਜਾਂਦਾ ਹੈ ਇਕ ਖੁਸ਼ਹਾਲ ਜ਼ਿੰਦਗੀ ਜਿਊਣ ਦਾ। ਅਜਿਹਾ ਨਾ ਹੋਵੇ ਕਿ ਉਹ ਤੁਹਾਡੇ ਸੁਪਨੇ ਪੂਰੇ ਕਰਦਾ ਰਹੇ ਅਤੇ ਤੁਹਾਡਾ ਰਵੱਈਆ ਤੁਹਾਡੇ ਜੀਵਨਸਾਥੀ ਪ੍ਰਤੀ ਉਦਾਸੀਨ ਹੋਵੇ। ਜੇਕਰ ਤੁਹਾਡੇ ਜੀਵਨਸਾਥੀ ‘ਚ ਹੇਠ ਲਿਖੇ ਗੁਣ ਹਨ ਤਾਂ ਉਹ ਤੁਹਾਡੇ ਲਈ ਪਰਫੈਕਟ ਹੈ, ਤੁਸੀਂ ਉਸ ਨੂੰ ਜੀਵਨਸਾਥੀ ਦੇ ਰੂਪ ‘ਚ ਹਾਸਲ ਕਰਕੇ ਖੁਦ ਨੂੰ ਕਿਸਮਤ ਵਾਲੇ ਮੰਨੋਗੇ।

• ਉਹ ਤੁਹਾਡੇ ਨਾਲ ਬਹੁਤ ਪਿਆਰ ਕਰਦਾ ਹੈ ਅਤੇ ਤੁਹਾਨੂੰ ਉਸ ਦੇ ਪਿਆਰ ‘ਚ ਡੁੱਬ ਕੇ ਇਹ ਅਹਿਸਾਸ ਹੁੰਦਾ ਹੈ ਕਿ ਤੁਸੀਂ ਦੁਨੀਆ ਦੀ ਸਭ ਤੋਂ ਖੂਬਸੂਰਤ ਅਤੇ ਖੁਸ਼ਕਿਸਮਤ ਔਰਤ ਹੋ।

• ਉਹ ਬਹੁਤ ਈਮਾਨਦਾਰ ਹੈ ਅਤੇ ਤੁਹਾਡੀ ਬਹੁਤ ਕਦਰ ਕਰਦਾ ਹੈ। ਅਹਿਮ ਮਾਮਲਿਆਂ ‘ਚ ਤੁਹਾਡੀ ਰਾਏ ਨੂੰ ਨਜ਼ਰ ਅੰਦਾਜ਼ ਨਹੀਂ ਕਰਦਾ। ਉਹ ਆਪਣੀ ਨੌਕਰੀ ਅਤੇ ਕੰਮ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ।

• ਸਿਗਰਟਨੋਸ਼ੀ, ਸ਼ਰਾਬ, ਚੁਗਲੀ ਤੇ ਹੋਰ ਬੁਰਾਈਆਂ ਦਾ ਉਸ ਦੀ ਜ਼ਿੰਦਗੀ ‘ਚ ਕੋਈ ਸਥਾਨ ਨਹੀਂ ਹੈ।

• ਉਹ ਜ਼ਿੰਦਗੀ ‘ਚ ਅਗਾਂਹ ਵਧਣਾ ਚਾਹੁੰਦਾ ਹੈ ਅਤੇ ਤੁਹਾਨੂੰ ਹੋਰ ਵਧੇਰੇ ਖੁਸ਼ੀਆਂ ਦੇਣਾ ਚਾਹੁੰਦਾ ਹੈ।

• ਉਹ ਰਿਸ਼ਤਿਆਂ ਦੀ ਅਹਿਮੀਅਤ ਨੂੰ ਜਾਣਦਾ ਹੈ। ਤੁਹਾਡੇ ਪਰਿਵਾਰ ਦੀ ਇੱਜ਼ਤ ਕਰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਮੰਨਦਾ ਹੈ। ਉਹ ਪਰਿਵਾਰਕ ਭਾਵਨਾਵਾਂ ਤੇ ਤੁਹਾਡੇ ਨਜ਼ਰੀਏ ਦੀ ਕਦਰ ਕਰਦਾ ਹੈ।

• ਉਸ ਨੂੰ ਤੁਹਾਡੇ ‘ਤੇ ਅਤੇ ਤੁਹਾਨੂੰ ਉਸ ‘ਤੇ ਪੂਰਾ ਭਰੋਸਾ ਹੈ। ਉਸ ਨਾਲ ਤੁਸੀਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਹੋ।

• ਤੁਹਾਨੂੰ ਵਿਸ਼ਵਾਸ ਹੈ ਕਿ ਉਹ ਕਦੇ ਵੀ ਤੁਹਾਡਾ ਸਾਥ ਨਹੀਂ ਛੱਡੇਗਾ, ਕਦੇ ਤੁਹਾਡੇ ‘ਤੇ ਸ਼ੱਕ ਨਹੀਂ ਕਰੇਗਾ ਅਤੇ ਨਾ ਹੀ ਦੂਜਿਆਂ ਦੀਆਂ ਗੱਲਾਂ ‘ਚ ਆ ਕੇ ਤੁਹਾਡੇ ‘ਤੇ ਉਂਗਲੀ ਚੁੱਕੇਗਾ। ਤੁਹਾਡੇ ਚਿਹਰੇ ‘ਤੇ ਮੁਸਕਰਾਹਟ ਲਿਆਉਣ ਲਈ ਉਹ ਕੁਝ ਵੀ ਕਰ ਸਕੇਗਾ।

• ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਦਿਲੋਂ ਨਿਭਾਉਣਾ ਜਾਣਦਾ ਹੋਵੇ ਅਤੇ ਜ਼ਿੰਮੇਵਾਰੀਆਂ ਨੂੰ ਪੂਰਾ ਵੀ ਕਰੇ। ਉਸ ਨਾਲ ਬਿਤਾਇਆ ਹਰ ਪਲ ਤੁਹਾਡੇ ਲਈ ਅਨਮੋਲ ਹੋਵੇ।

• ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਤਾਲਮੇਲ ਬਿਠਾਉਣ ‘ਚ ਤੁਹਾਡੀ ਪੂਰੀ ਮਦਦ ਕਰੇ ਤਾਂਕਿ ਤੁਹਾਨੂੰ ਆਪਸੀ ਤਾਲਮੇਲ ਬਿਠਾਉਣ ‘ਚ ਮੁਸ਼ਕਲ ਨਾ ਹੋਵੇ।

ਇਹ ਤਾਂ ਰਹੀਆਂ ਤੁਹਾਡੇ ਜੀਵਨਸਾਥੀ ਦੀਆਂ ਗੱਲਾਂ ਪਰ ਕੀ ਤੁਸੀਂ ਉਨ੍ਹਾਂ ਦੀ ਕਸੌਟੀ ‘ਤੇ ਖਰੇ ਉਤਰਦੇ ਹੋ। ਇਸ ਦੇ ਲਈ ਜ਼ਰੂਰੀ ਹੈ ਤੁਹਾਡਾ ਸਾਥ ਅਤੇ ਦਿਲੋਂ ਹਰੇਕ ਗੱਲ ਲਈ ਸਮਰਪਣ ਦੀ ਭਾਵਨਾ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ ਜੂਨ 2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms