Sunday, July 17, 2011

ਹਾਰਟ ਅਟੈਕ ਦੇ ਲੱਛਣਾਂ ਨੂੰ ਪਛਾਣੋ

ਦਿਲ ਦਾ ਦੌਰਾ ਪੈਣ 'ਤੇ ਕੀ ਕਰੀਏ?
ਛਾਤੀ ‘ਚ ਪੈਦਾ ਹੋਣ ਵਾਲੀ ਤਕਲੀਫ ਜਾਨਲੇਵਾ ਹਾਰਟ ਅਟੈਕ ਦਾ ਸੰਕੇਤ ਹੋ ਸਕਦੀ ਹੈ। ਇਸ ਨੂੰ ਪਛਾਣ ਕੇ ਐਮਰਜੈਂਸੀ ਡਾਕਟਰੀ ਮਦਦ ਤੁਹਾਡੀ ਜਾਨ ਬਚਾ ਸਕਦੀ ਹੈ। ਹਾਰਟ ਅਟੈਕ ਨਾਲ ਸੰਬੰਧਤ ਦਰਦ ਅਤੇ ਸਖਤਪਣ ਮੁੱਖ ਰੂਪ ‘ਚ ਛਾਤੀ ਦੇ ਵਿਚਕਾਰ ਜਾਂ ਖੱਬੇ ਪਾਸੇ ਬ੍ਰੈਸਟਬੋਨ ਦੇ ਬਿਲਕੁਲ ਹੇਠਾਂ ਮਹਿਸੂਸ ਹੁੰਦਾ ਹੈ। ਇਹ ਦਰਦ ਖੱਬੀ ਬਾਂਹ ਚ ਵੀ ਫੈਲ ਸਕਦਾ ਹੈ, ਜੋ ਕੂਹਣੀ ਤੋਂ ਅਗਾਂਹ ਨਹੀਂ ਵਧਦਾ। ਕੁਝ ਲੋਕਾਂ ਨੂੰ ਗਰਦਨ ਦੇ ਅਗਲੇ ਹਿੱਸੇ ਜਾਂ ਜਬਾੜੇ ‘ਚ ਵੀ ਦਰਦ ਸ਼ੁਰੂ ਹੋ ਸਕਦਾ ਹੈ। ਹੋ ਸਕਦੈ ਕਿ ਬਾਂਹ ‘ਚ ਦਰਦ ਨਾ ਹੋਵੇ। ਇਹ ਦਰਦ ਮਸਲਣ ਜਾਂ ਦਬਾਅ ਪੈਦਾ ਕਰਨ ਵਾਂਗ ਹੁੰਦਾ ਹੈ।

ਕੁਝ ਲੋਕ ਇਸ ਨੂੰ ਭਾਰ ਪੈਣ ਵਾਲੇ ਦਰਦ ਵਾਂਗ ਵੀ ਮਹਿਸੂਸ ਕਰਦੇ ਹਨ। ਅਕਸਰ ਇਹ ਬਦਹਜ਼ਮੀ ‘ਚ ਹੋਣ ਵਾਲੇ ਦਰਦ ਵਾਂਗ ਹੁੰਦਾ ਹੈ ਅਤੇ ਲੱਗਦੈ ਕਿ ਕੁਝ ਡਕਾਰ ਆਉਣ ਨਾਲ ਇਹ ਖੁਦ ਹੀ ਦੂਰ ਹੋ ਜਾਏਗਾ। ਇਸ ਦਰਦ ਦੀ ਤੇਜ਼ੀ ਦਾ ਹਾਰਟ ਅਟੈਕ ਦੀ ਤੀਬਰਤਾ ਨਾਲ ਕੋਈ ਸੰਬੰਧ ਨਹੀਂ ਹੈ। ਹਲਕੇ ਦਰਦ ਤੋਂ ਬਾਅਦ ਵੀ ਗੰਭੀਰ ਹਾਰਟ ਅਟੈਕ ਹੋ ਸਕਦਾ ਹੈ। ਕੁਝ ਹਾਰਟ ਅਟੈਕ ‘ਚ ਦਰਦ ਹੁੰਦਾ ਹੀ ਨਹੀਂ। ਖਾਸ ਕਰਕੇ ਡਾਇਬਟੀਜ਼ ਜਾਂ ਬਜ਼ੁਰਗਾਂ ਦੇ ਮਾਮਲੇ ‘ਚ। ਸਾਡੇ ਦਿਲ ਨੂੰ ਖੂਨ ਰਾਹੀਂ ਪੋਸ਼ਣ ਦੀ ਲੋੜ ਪੈਂਦੀ ਹੈ, ਜੋ ਖੂਨ ਦੀਆਂ ਛੋਟੀਆਂ ਪਰ ਮਹੱਤਵਪੂਰਨ ਨਾੜੀਆਂ ‘ਚ ਦਿਲ ਦੀ ਸਤ੍ਹਾ ‘ਤੇ ਦੌੜਦਾ ਹੈ। ਜੇਕਰ ਇਨ੍ਹਾਂ ‘ਚੋਂ ਕਿਸੇ ਇਕ ਨਾੜੀ ਕਾਰਨ ਰੁਕਾਵਟ ਪੈਦਾ ਹੋ ਜਾਏ ਤਾਂ ਦਿਲ ਦਾ ਇਕ ਹਿੱਸਾ ਨੁਕਸਾਨਗ੍ਰਸਤ ਹੋ ਜਾਂਦਾ ਹੈ। ਇਸ ਨਾਲ ਹਾਰਟ ਅਟੈਕ ਆਉਂਦਾ ਹੈ।

ਅਜਿਹੇ ‘ਚ ਐਮਰਜੈਂਸੀ ਡਾਕਟਰੀ ਮਦਦ ਦੀ ਲੋੜ ਪਏਗੀ ਕਿਉਂਕਿ ਦਿਲ ਦਾ ਦੌਰ ਪੈ ਸਕਦਾ ਹੈ, ਜਿਸ ਨਾਲ ਇਹ ਕੰਮ ਕਰਨਾ ਬੰਦ ਕਰ ਸਕਦਾ ਹੈ। ਸਮੇਂ ‘ਤੇ ਇਲਾਜ ਹਾਸਲ ਹੋਣ ਨਾਲ ਦਿਲ ਨੂੰ ਪਹੁੰਚਣ ਵਾਲੇ ਨੁਕਸਾਨ ਨੂੰ ਘੱਟ ਤੋਂ ਘੱਟ ਕੀਤਾ ਜਾ ਸਕਦਾ ਹੈ। ਡਾਕਟਰ ਦਵਾਈਆਂ ਨਾਲ ਥੱਕੇ ਨੂੰ ਖੂਨ ‘ਚ ਘੁਲਾ ਸਕਦੇ ਹਨ ਜਾਂ ਖੂਨ ਦੀਆਂ ਨਾੜੀਆਂ ਦਾ ਮੂੰਹ ਖੋਲ੍ਹਣ ਲਈ ਇਸ ‘ਚ ਬੈਲੂਨਿੰਗ ਕੈਥੇਟਰ ਪਾਈ ਜਾਂਦੀ ਹੈ। ਉਹ ਸਟੈਂਟ ਨਾਮੀ ਮਸ਼ੀਨ ਦੀ ਮਦਦ ਨਾਲ ਵੀ ਖੂਨ ਦੀ ਨਾੜੀ ਨੂੰ ਖੋਲ੍ਹ ਸਕਦੇ ਹਨ। ਕੁਝ ਅਜਿਹੇ ਮਾਮਲਿਆਂ ‘ਚ ਦਿਲ ਦੇ ਇਲਾਜ ਲਈ ਬਾਈਪਾਸ ਸਰਜਰੀ ਦੀ ਲੋੜ ਪੈ ਸਕਦੀ ਹੈ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ ਜੁਲਾਈ 2011


ਦਿਲ ਦੇ ਦੌਰੇ ਤੋਂ ਬਚਾਅ — ਭਾਸ਼ਣਾ ਬਾਂਸਲ

ਅੱਜ ਦਿਲ ਦਾ ਦੌਰਾ ਇਕ ਆਮ ਬੀਮਾਰੀ ਬਣ ਗਿਆ ਹੈ। ਇਸ ਵੇਲੇ ਰੋਗੀ ਦੀ ਛਾਤੀ ‘ਚ ਤੇਜ਼ ਦਰਦ ਹੁੰਦਾ ਹੈ। ਫਿਰ ਇਹੋ ਦਰਦ ਖੱਬੀ ਬਾਂਹ ਤੋਂ ਹੋ ਕੇ ਪੇਟ, ਮੋਢੇ, ਗਰਦਨ ਆਦਿ ‘ਚ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਪਸੀਨਾ, ਬੇਚੈਨੀ ਆਦਿ ਵੀ ਇਸ ਬੀਮਾਰੀ ਦੇ ਲੱਛਣ ਹੋ ਸਕਦੇ ਹਨ। ਸ਼ੂਗਰ ਦੇ ਮਰੀਜ਼ਾਂ ਵਿਚ ਵੀ ਇਸਦੀ ਕਾਫੀ ਸੰਭਾਵਨਾ ਰਹਿੰਦੀ ਹੈ।

ਉਂਝ ਇਹ ਬੀਮਾਰੀ ਜ਼ਿਆਦਾ ਸਿਗਰਟਨੋਸ਼ੀ ਕਰਨ, ਸ਼ਰਾਬ, ਪਾਨ-ਮਸਾਲੇ ਆਦਿ ਦੀ ਵਰਤੋਂ ਕਰਨ ਨਾਲ ਵੀ ਹੋ ਸਕਦੀ ਹੈ। ਹਮੇਸ਼ਾ ਤਣਾਅਗ੍ਰਸਤ ਜਾਂ ਫਿਕਰਮੰਦ ਰਹਿਣਾ, ਜ਼ਿਆਦਾ ਗੁੱਸਾ ਆਉਣਾ ਆਦਿ ਵੀ ਇਸ ਬੀਮਾਰੀ ਨੂੰ ਪੈਦਾ ਕਰਦੇ ਹਨ।

ਇਸ ਗੰਭੀਰ ਬੀਮਾਰੀ ਤੋਂ ਬਚਣ ਲਈ ਹੇਠ ਲਿਖੇ ਉਪਾਅ ਸਫਲ ਸਾਬਿਤ ਹੋ ਸਕਦੇ ਹਨ :

* ਤਣਾਅ ਤੇ ਚਿੰਤਾ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ। ਖੁਦ ਨੂੰ ਰੁੱਝਿਆ ਹੋਇਆ ਰੱਖੋ ਕਿਉਂਕਿ ਇਹੋ ਇਕ ਅਜਿਹਾ ਉਪਾਅ ਹੈ ਜਿਸ ਨਾਲ ਚਿੰਤਾ ਤੇ ਤਣਾਅ ਤੋਂ ਬਚਿਆ ਜਾ ਸਕਦਾ ਹੈ। ਆਪਣੀਆਂ ਰੁਚੀਆਂ ਨੂੰ ਵਿਕਸਿਤ ਕਰੋ। ਦਿਨ ਭਰ ਦੀ ਭਾਜੜ ‘ਚੋਂ ਕੁਝ ਸਮਾਂ ਮਨੋਰੰਜਨ ਲਈ ਵੀ ਕੱਢੋ।

* ਆਪਣੇ ਗੁੱਸੇ ਨੂੰ ਕਾਬੂ ‘ਚ ਰੱਖੋ। ਇਸ ਨਾਲ ਵੀ ਕਈ ਬੀਮਾਰੀਆਂ ਦਾ ਜਨਮ ਹੁੰਦਾ ਹੈ।

* ਭੋਜਨ ‘ਚ ਜ਼ਿਆਦਾ ਲੂਣ ਨਾ ਖਾਓ। ਇਸ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ।

* ਫਲਾਂ-ਸਬਜ਼ੀਆਂ ਦੀ ਵਰਤੋਂ ਜ਼ਿਆਦਾ ਕਰੋ। ਇਨ੍ਹਾਂ ਵਿਚ ਵਿਟਾਮਿਨ ਤੇ ਖਣਿਜ ਲਵਣ ਹੁੰਦੇ ਹਨ ਜੋ ਖੂਨ ਦੀਆਂ ਨਾਲੀਆਂ ਤੇ ਮਾਸਪੇਸ਼ੀਆਂ ਨੂੰ ਠੀਕ ਰੱਖਦੇ ਹਨ।

* ਸੂੜ੍ਹੇ ਵਾਲੇ ਆਟੇ ਤੇ ਦਾਲਾਂ ਨੂੰ ਭੋਜਨ ਵਿਚ ਸ਼ਾਮਿਲ ਕਰੋ। ਇਹ ਖੂਨ ‘ਚ ਕੋਲੈਸਟ੍ਰੋਲ ਨੂੰ ਘੱਟ ਕਰਦੀਆਂ ਹਨ।

* ਰੋਜ਼ਾਨਾ ਕਸਰਤ ਕਰੋ। ਤੈਰਨਾ, ਸਾਈਕਲ ਚਲਾਉਣਾ, ਜਾਗਿੰਗ ਤੇ ਐਰੋਬਿਕਸ ਵਰਗੀਆਂ ਕਸਰਤਾਂ ਦਿਲ ਨੂੰ ਸਿਹਤਮੰਦ ਰੱਖਦੀਆਂ ਹਨ।

* ਆਪਣੇ ਭਾਰ ਨੂੰ ਕਾਬੂ ‘ਚ ਰੱਖੋ। ਸਰੀਰ ਮੋਟਾ ਹੋਣ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵਧ ਜਾਂਦੀ ਹੈ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ ਅਗਸਤ 2011


ਕਿਉਂ ਹੁੰਦਾ ਹੈ ਹਾਰਟ ਅਟੈਕ

ਮਿਹਨਤ ਕਰਨ ਵਾਲਿਆਂ ਦੇ ਮੁਕਾਬਲੇ ਵੱਡੇ ਆਦਮੀ ਕਹਾਉਣ ਵਾਲਿਆਂ ਨੂੰ ਦਿਲ ਦੀਆਂ ਬੀਮਾਰੀਆਂ ਜਿਹੇ ਰੋਗ ਵਧੇਰੇ ਘੇਰਦੇ ਹਨ। ਸਰੀਰਕ ਮਿਹਨਤ ਤੋਂ ਬਚੇ ਰਹਿਣ ਦੀ ਉਨ੍ਹਾਂ ਦੀ ਆਰਾਮਤਲਬੀ ਬਹੁਤ ਮਹਿੰਗੀ ਪੈਂਦੀ ਹੈ। ਇਸੇ ਤਰ੍ਹਾਂ ਉਨ੍ਹਾਂ ਦਾ ਚਿਕਨਾਈ ਪ੍ਰਧਾਨ ਮਸਾਲੇਦਾਰ ਭੁੰਨਿਆ-ਤਲਿਆ ਕੀਮਤੀ ਖਾਣਾ ਅਮੀਰਾਂ ਦੀ ਸ਼ਾਨ ਨੂੰ ਵਧਾਉਂਦਾ ਹੈ ਪਰ ਨਤੀਜੇ ਵਜੋਂ ਉਹ ਵੀ ਦਿਲ ਦੇ ਰੋਗ ਜਿਹੀ ਮੁਸੀਬਤ ਖੜ੍ਹੀ ਕਰ ਦਿੰਦਾ ਹੈ। ਉਂਝ ਤਾਂ ਦਿਲ ਦੇ ਰੋਗੀਆਂ ਨੂੰ ਪੂਰੇ ਆਰਾਮ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਇਹ ਤੇਜ਼ ਦਰਦ ਸਮੇਂ ਹੀ ਠੀਕ ਹੈ। ਆਮ ਤੌਰ 'ਤੇ ਉਨ੍ਹਾਂ ਨੂੰ ਟਹਿਲਣ, ਮਾਲਿਸ਼ ਕਰਨ, ਹਲਕੇ ਆਸਨ ਜਿਵੇਂ ਘੱਟ ਦਬਾਅ ਪਾਉਣ ਵਾਲੀ ਸਰੀਰਕ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਖੂਨ ਦੇ ਦੌਰੇ 'ਚ ਕੋਈ ਰੁਕਾਵਟ ਪੈਦਾ ਨਾ ਹੋਵੇ। ਇਸੇ ਤਰ੍ਹਾਂ ਉਨ੍ਹਾਂ ਨੂੰ ਖਾਣ-ਪਾਣ 'ਚ ਵੀ ਫਲ, ਸਬਜ਼ੀਆਂ ਆਦਿ ਲੈਣੀਆਂ ਚਾਹੀਦੀਆਂ ਹਨ। ਚਿਕਨਾਈ ਯੁਕਤ ਵਸਤਾਂ ਘੱਟ ਤੋਂ ਘੱਟ ਲੈਣੀਆਂ ਚਾਹੀਦੀਆਂ ਹਨ। ਦੁੱਧ ਦੀ ਮਲਾਈ ਕੱਢ ਕੇ ਹੀ ਲੈਣਾ ਚੰਗਾ ਹੁੰਦਾ ਹੈ।

ਖੂਨ ਵਿਚ ਇਕ ਘੁਲਣਸ਼ੀਲ ਪ੍ਰੋਟੀਨ 'ਫਰਾਈ ਵ੍ਰਿਨੋਜਨ' ਪਾਇਆ ਜਾਂਦਾ ਹੈ। ਇਹ ਸੱਟ ਲੱਗਣ 'ਤੇ ਰੂਪ ਬਦਲਦਾ ਹੈ ਅਤੇ ਖੂਨ ਵਿਚ ਮਕੜੀ ਦੇ ਜਾਲੇ ਵਾਂਗ ਬੁਣਾਈ ਕਰ ਦਿੰਦਾ ਹੈ। ਖੂਨ ਦੇ ਕਣ ਉਸ ਵਿਚ ਆ ਕੇ ਅਟਕ ਜਾਂਦੇ ਹਨ। ਇਹੀ ਉਹ ਥੱਕਾ ਹੁੰਦਾ ਹੈ ਜੋ ਸੱਟ ਲੱਗਣ ਵਾਲੀ ਥਾਂ ਤੋਂ ਵਗਦੇ ਖੂਨ ਦਾ ਰਸਤਾ ਬੰਦ ਕਰਕੇ ਉਸ ਨੂੰ ਰੋਕਦਾ ਹੈ। ਕਦੇ-ਕਦੇ ਸਰੀਰਕ ਵਿਕਾਰਾਂ ਕਾਰਨ ਵੀ ਖੂਨ ਵਿਚ ਇਹ ਥੱਕੇ ਤੇਜ਼ ਰਫਤਾਰ ਨਾਲ ਬਣਨਾ ਸ਼ੁਰੂ ਕਰ ਦਿੰਦੇ ਹਨ। ਉਹ ਖੂਨ ਨਾੜੀਆਂ ਵਿਚ ਘੁੰਮਦੇ ਹੋਏ ਖੂਨ ਦੇ ਦੌਰੇ ਦੀ ਸੁਭਾਵਿਕ ਪ੍ਰਕਿਰਿਆ ਵਿਚ ਰੁਕਾਵਟ ਪੈਦਾ ਕਰਦੇ ਹਨ। ਇਹ ਥੱਕੇ ਜਿਥੇ ਅਟਕ ਜਾਂਦੇ ਹਨ ਉਥੇ ਬੇਚੈਨੀ ਪੈਦਾ ਕਰਦੇ ਹਨ। ਹੱਥ, ਪੈਰ ਦਿਲ ਤੋਂ ਦੂਰ ਹੁੰਦੇ ਹਨ, ਇਸ ਲਈ ਇਨ੍ਹਾਂ ਥੱਕਿਆਂ ਨੂੰ ਉਥੇ ਦੇ ਹਲਕੇ ਖੂਨ ਦੇ ਦੌਰੇ ਵਿਚ ਜ਼ਿਆਦਾ ਠਹਿਰਣ ਅਤੇ ਰੁਕਣ ਦੀ ਸਹੂਲਤ ਮਿਲ ਜਾਂਦੀ ਹੈ। ਫਲਸਰੂਪ ਜ਼ਰਾ ਜਿੰਨੀ ਗੱਲ 'ਤੇ ਹੱਥਾਂ-ਪੈਰਾਂ 'ਚ ਝਰਨਾਹਟ ਹੋਣ ਲੱਗਦੀ ਹੈ। ਇਸ ਨੂੰ ਦਬਾਉਣ ਨਾਲ ਕੁਝ ਰਾਹਤ ਮਿਲਣ ਦਾ ਇਹੀ ਕਾਰਨ ਹੈ ਕਿ ਦਬਾਉਣ ਨਾਲ ਉਹ ਥੱਕੇ ਕਿਸੇ ਤਰ੍ਹਾਂ ਕੁੱਟ-ਪੀਸ ਕੇ ਇਕ ਹੱਦ ਤਕ ਖੂਨ ਦੇ ਦੌਰੇ ਨਾਲ ਅੱਗੇ ਵਧਣ ਲਾਇਕ ਹੋ ਜਾਂਦੇ ਹਨ।

ਡਾਕਟਰੀ ਭਾਸ਼ਾ ਵਿਚ ਖੂਨ ਦੇ ਇਨ੍ਹਾਂ ਥੱਕਿਆਂ ਨੂੰ 'ਥ੍ਰਾਂਬੋਸਿਸ' ਕਿਹਾ ਜਾਂਦਾ ਹੈ। ਇਹ ਕਦੇ-ਕਦੇ ਦਿਲ ਦੀ ਨਾੜੀ 'ਚ ਜਾ ਪਹੁੰਚਦੇ ਹਨ ਅਤੇ 'ਹਾਰਟ ਅਟੈਕ' ਜਿਹਾ ਜਾਨਲੇਵਾ ਸੰਕਟ ਪੈਦਾ ਕਰ ਦਿੰਦੇ ਹਨ। ਜੇਕਰ ਉਨ੍ਹਾਂ ਦੀ ਰੁਕਾਵਟ ਕੁਝ ਮਿੰਟ ਹੀ ਖੂਨ ਦੇ ਦੌਰੇ ਨੂੰ ਰੋਕ ਦੇਵੇ ਤਾਂ ਸਮਝਣਾ ਚਾਹੀਦਾ ਹੈ ਕਿ ਦਿਲ ਦੀ ਧੜਕਨ ਬੰਦ ਹੋਈ ਅਤੇ ਜਾਨ ਨਿਕਲ ਗਈ। ਥੋੜ੍ਹੀ ਦੇਰ ਦੀ ਰੁਕਾਵਟ ਵੀ ਭਿਆਨਕ ਛਟਪਟਾਹਟ ਪੈਦਾ ਕਰ ਦਿੰਦੀ ਹੈ ਅਤੇ ਮਰੀਜ਼ ਨੂੰ ਲੱਗਦਾ ਹੈ ਕਿ ਉਹ ਹੁਣ ਗਿਆ ਤੇ ਹੁਣ ਗਿਆ। ਹਾਈ ਬਲੱਡ ਪ੍ਰੈਸ਼ਰ ਨਾਲ ਉਨੀਂਦਰਾਪਣ, ਕਮਜ਼ੋਰੀ, ਬੇਹੋਸ਼ੀ, ਦੌਰੇ ਪੈਣਾ, ਬਦਹਜ਼ਮੀ, ਬੁਰੇ ਸੁਪਨੇ, ਪਸੀਨੇ ਦਾ ਵਧਣਾ ਜਿਹੀਆਂ ਸ਼ਿਕਾਇਤਾਂ ਹੁੰਦੀਆਂ ਹਨ। ਖੂਨ ਵਿਚ ਖਟਾਈ ਦੀ ਮਾਤਰਾ ਵਧਣਾ, ਸਰੀਰ ਅਤੇ ਦਿਮਾਗ ਦਾ ਉਤੇਜਿਤ ਰਹਿਣਾ ਅਤੇ ਹਾਈ ਬਲੱਡ ਪ੍ਰੈਸ਼ਰ ਦੱਸਦਾ ਹੈ ਕਿ ਅੰਗਾਂ ਦੇ ਸੰਚਾਲਨ ਵਿਚ ਜਿੰਨੀ ਊਰਜਾ ਜੁਟਾਈ ਜਾਣੀ ਚਾਹੀਦੀ ਹੈ, ਉਹ ਜੁਟ ਨਹੀਂ ਪਾ ਰਹੀ ਹੈ। ਇਨ੍ਹਾਂ ਵਿਕਾਰਾਂ ਨੂੰ ਦਵਾਈਆਂ ਨਾਲ ਹੀ ਕੁਝ ਸਮੇਂ ਲਈ ਠੀਕ ਕੀਤਾ ਜਾ ਸਕਦਾ ਹੈ। ਸਰੀਰਕ ਅਤੇ ਮਾਨਸਿਕ ਸੰਜਮ ਨਾਲ ਹੀ ਹਾਰਟ ਅਟੈਕ ਨੂੰ ਰੋਕਿਆ ਜਾ ਸਕਦਾ ਹੈ। ਉਸ ਨੂੰ ਅਪਣਾ ਕੇ ਹਾਈ ਬਲੱਡ ਪ੍ਰੈਸ਼ਰ, ਦਿਲ ਦੇ ਰੋਗ, ਉਨੀਂਦਰਾ, ਡਾਇਬਟੀਜ਼ ਜਿਹੇ ਜਾਨਲੇਵਾ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਬਦਹਜ਼ਮੀ ਤੋਂ ਬਚੇ ਰਹਿ ਕੇ ਬਲੱਡ ਪ੍ਰੈਸ਼ਰ ਅਤੇ ਹਾਰਟ ਅਟੈਕ ਤੋਂ ਬਚਿਆ ਜਾ ਸਕਦਾ ਹੈ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 30.09.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms