Thursday, July 28, 2011

ਧੀ ਦਾ ਵਿਆਹ ਹੋ ਗਿਆ। ਉਸ ਤੋਂ ਬਾਅਦ ...??? - ਮਨਜੀਤ ਸਿੰਘ, ਜਗਰਾਉਂ

ਲਾਡਾਂ ਨਾਲ ਪਾਲੀ ਧੀ ਆਪਣੇ ਘਰ ਵਿਚ ਸੁਖੀ ਰਹੇ, ਮਾਂ-ਬਾਪ ਦਾ ਜੀਵਨ ਸਫਲ ਹੋ ਜਾਂਦਾ ਹੈ। ਧੀ ਜਦ ਸਹੁਰੇ ਘਰ ਜਾਂਦੀ ਹੈ ਤਾਂ ਉਸ ਦੀ ਉਥੇ ਐਡਜਸਟਮੈਂਟ ਵਿਚ ਜਿਥੇ ਸਹੁਰੇ ਪਰਿਵਾਰ ਦੇ ਲੋਕਾਂ ਦਾ ਰੋਲ ਹੁੰਦਾ ਹੈ, ਉਥੇ ਮਾਂ ਵੀ ਅਹਿਮ ਰੋਲ ਅਦਾ ਕਰਦੀ ਹੈ। ਜ਼ਰੂਰੀ ਹੁੰਦਾ ਹੈ ਕਿ ਜਿਥੇ ਲੜਕੀ ਨੂੰ ਉਸ ਦੇ ਸਹੁਰੇ ਘਰ ਮਾਣ ਮਿਲੇ, ਉਥੇ ਵਿਆਹ ਮਗਰੋਂ ਉਸ ਦੀ ਪੇਕੇ ਘਰ ਭੈਣਾਂ-ਭਰਾਵਾਂ, ਭਾਬੀਆਂ ਵਿਚ ਵੀ ਇੱਜ਼ਤ ਬਣੀ ਰਹੇ।

ਮੋਬਾਈਲ ਫੋਨ ਕਿੰਨਾ ਵਧੀਆ ਜ਼ਰੀਆ ਹੈ ਰੋਜ਼ ਮਾਂ-ਬਾਪ ਦੀ ਬੇਟੀ ਨਾਲ ਗੱਲ ਹੋ ਜਾਂਦੀ ਹੈ। ਹਾਲ-ਚਾਲ ਪਤਾ ਲਗਦਾ ਰਹਿੰਦਾ ਹੈ। ਪਰ ਜਦੋਂ ਮੋਬਾਈਲ 'ਤੇ ਧੀ ਨਾਲ ਗੱਲਾਂ ਹਾਲ-ਚਾਲ ਅਤੇ ਹਲਕੀਆਂ-ਫੁਲਕੀਆਂ ਗੱਲਾਂ ਤੱਕ ਸੀਮਤ ਨਾ ਰਹਿ ਕੇ ਲੜਕੀ ਦੇ ਪਰਿਵਾਰ ਦੀ ਹਰ ਨਿੱਕੀ-ਨਿੱਕੀ ਗੱਲ, ਹਰ ਚੰਗੀ-ਮਾੜੀ ਘਟਨਾ ਤੇ ਸਵੇਰ ਤੋਂ ਲੈ ਕੇ ਰਾਤ ਤੱਕ ਦਾ ਬਿਉਰਾ ਸੁਣਾਉਣ ਤੱਕ ਪਹੁੰਚ ਜਾਵੇ ਤਾਂ ਧੀ ਦਾ ਵਸਣਾ ਮੁਸ਼ਕਿਲ ਹੋ ਜਾਂਦਾ ਹੈ। ਮਾਂ ਨੂੰ ਲਗਦਾ ਹੈ ਕਿ ਸਹੁਰਿਆਂ ਦੀਆਂ ਗ਼ਲਤੀਆਂ ਕਾਰਨ ਧੀ ਨੂੰ ਮੁਸ਼ਕਿਲ ਆ ਰਹੀ ਹੈ ਜਦਕਿ ਗ਼ਲਤੀ ਉਸ ਦੀ ਆਪਣੀ ਹੁੰਦੀ ਹੈ। ਜੇਕਰ ਮਾਂ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਲੱਭੇ ਤਾਂ ਯਕੀਨਨ ਉਹ ਧੀ ਨੂੰ ਅਜਿਹੀਆਂ ਗੱਲਾਂ ਤੋਂ ਵਰਜੇਗੀ ਤੇ ਜੇਕਰ ਮਾਂ ਇਨ੍ਹਾਂ ਮਾਮਲਿਆਂ ਵਿਚ ਲੜਕੀ ਦੇ ਘਰ ਦਖਲਅੰਦਾਜ਼ੀ ਕਰੇਗੀ ਤਾਂ ਉਹ ਆਪਣੀ ਹੀ ਧੀ ਲਈ ਮੁਸ਼ਕਿਲਾਂ ਪੈਦਾ ਕਰੇਗੀ।

ਸੁਖ ਸਹੂਲਤਾਂ ਨਾਲ ਰਿਸ਼ਤੇਦਾਰਾਂ ਦਾ ਮਿਲਣਾ-ਗਿਲਣਾ ਆਸਾਨ ਹੋ ਗਿਆ ਹੈ। ਸੋ ਧੀ ਤੇ ਕਈ ਵਾਰ ਧੀ-ਜਵਾਈ ਮੰਮੀ-ਪਾਪਾ ਨੂੰ ਮਿਲਣ ਆ ਹੀ ਜਾਂਦੇ ਹਨ। ਇਕ ਤਾਂ ਲੜਕੀ ਦਾ ਧਿਆਨ ਹਮੇਸ਼ਾ ਪੇਕੇ ਘਰ ਵੱਲ ਲੱਗਿਆ ਰਹਿੰਦਾ ਹੈ, ਉਹ ਉਥੇ ਜਾਣ ਦਾ ਮੌਕਾ ਲੱਭਦੀ ਰਹਿੰਦੀ ਹੈ। ਆਪਣੇ ਘਰ ਨੂੰ ਸੰਵਾਰਨ ਅਤੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੂੰ ਖੁਸ਼ ਕਰਨ ਬਾਰੇ ਸੋਚਣ ਦਾ ਤਾਂ ਉਸ ਕੋਲ ਟਾਈਮ ਨਹੀਂ ਹੁੰਦਾ। ਉਸ ਦੀ ਸੱਸ, ਸਹੁਰੇ, ਨਣਾਨਾਂ, ਦਿਓਰਾਂ, ਇਥੋਂ ਤੱਕ ਕਿ ਪਤੀ ਨਾਲ ਵੀ ਨੇੜਤਾ ਨਹੀਂ ਬਣ ਪਾਉਂਦੀ। ਭਰਾ-ਭਾਬੀਆਂ ਵੀ ਖਾਤਰਦਾਰੀ ਕਰ-ਕਰ ਕੇ ਅੱਕ ਜਾਂਦੇ ਹਨ ਤੇ ਉਸ ਦੀ ਮਹਿਮਾਨ ਨਿਵਾਜ਼ੀ ਪੇਕੇ ਘਰ ਦੇ ਮੈਂਬਰਾਂ ਲਈ ਇਕ ਮਜਬੂਰੀ ਬਣ ਜਾਂਦੀ ਹੈ। ਅਜਿਹੇ ਵਿਚ ਵੀ ਕਈ ਵਾਰ ਭਰਜਾਈ ਨੂੰ ਦੋਸ਼ ਦਿੱਤਾ ਜਾਂਦਾ ਹੈ ਪਰ ਸੱਚ ਤਾਂ ਇਹ ਹੈ ਕਿ ਦੋਸ਼ ਦੇਣ ਸਮੇਂ ਮਾਂ ਇਹ ਨਹੀਂ ਸੋਚਦੀ ਕਿ ਜੇ ਉਸ ਦੀਆਂ ਨਣਾਨਾਂ ਨਿੱਤ ਦਿਨ ਆ ਵੜਨ ਤਾਂ? ਮਾਂ-ਪਿਓ ਨੂੰ ਚਾਹੀਦਾ ਹੈ ਕਿ ਆਪ ਵੀ ਸਮਝਣ ਤੇ ਧੀ ਨੂੰ ਵੀ ਸਮਝਾਉਣ ਕਿ ਉਨ੍ਹਾਂ ਨੇ ਉਸ ਦੇ ਨਾਲ ਸਾਰੀ ਜ਼ਿੰਦਗੀ ਨਹੀਂ ਚਲਣਾ ਅਜਿਹੇ ਵਿਚ ਜੇ ਉਸ ਦੀ ਸਹੁਰੇ ਤੇ ਪੇਕੇ ਘਰ ਭਰਪੂਰ ਇੱਜ਼ਤ ਬਣੀ ਹੋਵੇਗੀ ਤਾਂ ਜ਼ਿੰਦਗੀ ਸਵਰਗ ਬਣ ਜਾਵੇਗੀ। ਇਸ ਦੇ ਉਲਟ ਜੇ ਲੜਕੀ ਨਹੀਂ ਸਮਝੇਗੀ ਤਾਂ ਸਹੁਰੇ ਘਰ ਵਸੇਗੀ ਨਹੀਂ ਤੇ ਪੇਕਿਆਂ ਜੋਗੀ ਰਹੇਗੀ ਨਹੀਂ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 20.05.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms