Sunday, July 17, 2011

ਅੱਜ ਦੀ ਪੜ੍ਹੀ- ਲਿਖੀ ਔਰਤ ਵਿਚ ਵੀ ਕਈ ਕਮੀਆਂ - ਗੁਰਬਚਨ ਕੌਰ ਦੂਆ

ਆਪਣੀ ਬਾਹਰੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਔਰਤ ਨੂੰ ਜਿੰਨੀ ਲੋੜ ਚੰਗੇ ਕੱਪੜਿਆਂ ਤੇ ਗਹਿਣਿਆਂ ਦੀ ਹੁੰਦੀ ਹੈ, ਉਸ ਤੋਂ ਵਧੇਰੇ ਲੋੜ ਚੰਗੇ ਇਨਸਾਨੀ ਗੁਣਾਂ ਦੀ ਹੁੰਦੀ ਹੈ। ਬਾਹਰੋਂ ਚੰਗੀ ਤਰ੍ਹਾਂ ਸਜੀ-ਫਬੀ ਔਰਤ ਦਾ ਰੰਗ-ਰੂਪ ਫਿੱਕਾ ਪੈ ਜਾਂਦਾ ਹੈ, ਜਦੋਂ ਉਹ ਬਿਨਾਂ ਸੋਚੇ-ਸਮਝੇ ਕੁਝ ਬੋਲਦੀ ਹੈ। ਕਿਸੇ ਗੱਲ ਨੂੰ ਧੀਰਜ ਨਾਲ ਸੁਣਨਾ, ਵਿਚਾਰਨਾ ਤੇ ਬਰਦਾਸ਼ਤ ਕਰ ਲੈਣਾ, ਇਹੀ ਸਹਿਣਸ਼ੀਲਤਾ ਹੈ। ਸਹਿਣਸ਼ੀਲਤਾ ਇਕ ਅਜਿਹਾ ਗਹਿਣਾ ਹੈ, ਜੋ ਔਰਤ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦਾ ਹੈ। ਭਾਵ ਉਸ ਦੀ ਸ਼ਖ਼ਸੀਅਤ ਵਿਚ ਨਿਖਾਰ ਲਿਆਉਂਦਾ ਹੈ। ਦੂਜਿਆਂ ਨਾਲ ਅਜਿਹਾ ਵਰਤਾਓ ਕਰੋ, ਜਿਹੋ ਜਿਹਾ ਅਸੀਂ ਆਪਣੇ ਨਾਲ ਚਾਹੁੰਦੇ ਹਾਂ। ਅਜਿਹਾ ਕਰਨ ਨਾਲ ਸਹਿਣ ਸ਼ਕਤੀ ਬਣੀ ਰਹਿੰਦੀ ਹੈ।

ਕਦੇ ਸਮਾਂ ਸੀ, ਵੱਡੇ ਬਜ਼ੁਰਗ ਆਪਣੇ ਕੌੜੇ-ਮਿੱਠੇ ਤਜਰਬਿਆਂ ਦੇ ਆਧਾਰ 'ਤੇ ਨਵੀਂ ਪੀੜ੍ਹੀ ਨੂੰ ਕੁਝ ਸਿਖਾਉਂਦੇ ਸਨ, ਜੀਵਨ ਜਾਚ ਦੱਸਦੇ ਸਨ ਪਰ ਅਜੋਕੀ ਪੀੜ੍ਹੀ ਸਮਝਦੀ ਹੈ ਅਸੀਂ ਪੜ੍ਹੇ-ਲਿਖੇ ਹਾਂ, ਆਧੁਨਿਕ ਸੋਚ ਦੇ ਧਾਰਨੀ ਹਾਂ, ਕਿਸੇ ਦੀ ਸਿੱਖਿਆ ਦੀ ਲੋੜ ਨਹੀਂ। ਉਨ੍ਹਾਂ ਵਿਚ ਕਿਸੇ ਦੀ ਗੱਲ ਸੁਣਨ ਤੇ ਸਹਾਰਨ ਦੀ ਸਮਰੱਥਾ ਹੀ ਨਹੀਂ ਹੁੰਦੀ। ਵੱਡਿਆਂ ਦੀ ਸਿੱਖਿਆ ਨੂੰ ਦਖਲਅੰਦਾਜ਼ੀ ਤੇ ਟੋਕਾ-ਟਾਕੀ ਮੰਨਿਆ ਜਾਂਦੈ। ਕਾਰਨ ਸਹਿਣਸ਼ੀਲਤਾ ਦੀ ਕਮੀ ਹੈ। ਪਿਆਰ, ਹਮਦਰਦੀ ਤੇ ਨਿਮਰਤਾ ਤੋਂ ਅਸੀਂ ਕੋਰੇ ਹਾਂ। ਭਲੇ ਵੇਲਿਆਂ ਵਿਚ ਸੱਸਾਂ-ਮਾਵਾਂ ਆਪਣੀਆਂ ਬੱਚੀਆਂ ਨੂੰ ਕੁਝ ਪਿਆਰ ਨਾਲ, ਕੁਝ ਰੋਅਬ ਨਾਲ ਘਰ ਦਾ ਸਾਰਾ ਕੰਮ, ਰਿਸ਼ਤੇਦਾਰੀਆਂ ਨਾਲ ਵਰਤ-ਵਰਤਾਅ, ਬੱਚਿਆਂ ਦੀ ਸੋਹਣੀ-ਸੁਚੱਜੀ ਪਾਲਣਾ ਤੇ ਸਭ ਤਰ੍ਹਾਂ ਦੀ ਸੁਚੱਜੀ ਜੀਵਨ-ਜਾਚ ਸਿਖਾ ਦਿੰਦੀਆਂ ਸਨ ਪਰ ਅੱਜ ਦੀਆਂ ਕੁੜੀਆਂ ਅਜਿਹੀ ਸਿੱਖਿਆ ਤੋਂ ਇਨਕਾਰੀ ਹਨ। ਕੁੜੀਆਂ ਦਾ ਵੱਧ ਪੜ੍ਹੇ-ਲਿਖੇ ਹੋਣਾ ਇਕ ਕਾਰਨ ਹੈ। ਮੈਂ ਇਸ ਗੱਲ ਤੋਂ ਇਨਕਾਰੀ ਨਹੀਂ ਕਿ ਕਿਤਾਬਾਂ ਪੜ੍ਹ ਕੇ ਬਹੁਤ ਕੁਝ ਸਿੱਖ ਲਈਦਾ ਹੈ ਪਰ ਇਹ ਮੰਨਣਾ ਵੀ ਜ਼ਰੂਰੀ ਹੈ ਕਿ ਅਸੀਂ ਬਹੁਤ ਕੁਝ ਆਪਣੇ ਵਡੇਰਿਆਂ ਤੋਂ ਸਿੱਖਦੇ ਹਾਂ। ਵੱਡਿਆਂ ਦੀਆਂ ਅਸੀਸਾਂ, ਦੁਆਵਾਂ ਤੇ ਤੇਜ਼-ਤਰਾਰ ਝਿੜਕਾਂ ਉਹ ਕੁਝ ਸਿਖਾ ਦਿੰਦੀਆਂ ਹਨ ਜੋ ਅਸੀਂ ਕਿਤੋਂ ਨਹੀਂ ਸਿੱਖ ਸਕਦੇ ਪਰ ਅਜਿਹਾ ਸਭ ਕੁਝ ਸਾਡੀ ਝੋਲੀ ਤਾਂ ਹੀ ਪੈ ਸਕਦੈ ਜੇ ਮਨ ਵਿਚ ਸਹਿਣਸ਼ੀਲਤਾ ਹੋਵੇ।

ਸੱਸ ਦੀਆਂ ਝਿੜਕਾਂ ਇਹ ਸੋਚ ਕੇ ਸਹਾਰ ਲਈਆਂ ਜਾਣ ਕਿ ਮਾਂ ਵੀ ਤਾਂ ਗੁੱਸੇ ਹੁੰਦੀ ਹੀ ਸੀ ਤੇ ਨੂੰਹ ਦਾ ਮਾੜਾ-ਚੰਗਾ ਬੋਲਿਆ ਭੁੱਲ ਜਾਈਏ ਕਿ ਧੀ ਵੀ ਤਾਂ ਕਦੇ-ਕਦਾਈਂ ਬੋਲ ਹੀ ਪੈਂਦੀ ਸੀ ਪਰ ਚਾਹੁੰਦੇ ਹੋਏ ਵੀ ਅਜਿਹੇ ਕਈ ਰਿਸ਼ਤਿਆਂ ਦੀਆਂ ਦੂਰੀਆਂ ਪੂਰੀ ਤਰ੍ਹਾਂ ਨਹੀਂ ਮਿਟ ਰਹੀਆਂ। ਕਿਤੇ-ਕਿਤੇ ਤਾਂ ਕੁੜੀਆਂ ਦੀ ਤੇਜ਼-ਤਰਾਰ ਜ਼ਬਾਨ ਅਤੇ ਸਹਿਣਸ਼ੀਲਤਾ ਨੇ ਬਜ਼ੁਰਗ ਡਰਾ ਕੇ ਰੱਖ ਦਿੱਤੇ ਹਨ। ਕਾਨੂੰਨ ਵੱਲੋਂ ਮਿਲੀ ਹਿਫਾਜ਼ਤ ਦਾ ਕੁੜੀਆਂ ਨੇ ਨਾਜਾਇਜ਼ ਲਾਭ ਲਿਆ ਹੈ। ਸਾਨੂੰ ਕਹਿਣਾ ਪਸੰਦ ਹੈ, ਸੁਣਨਾ ਪਸੰਦ ਨਹੀਂ। ਸੁਣਨ ਲਈ ਸਹਿਣਸ਼ੀਲਤਾ ਜ਼ਰੂਰੀ ਹੈ। ਇਹ ਮਾਂ ਦੀ ਝੋਲੀ ਵਿਚੋਂ ਤੇ ਘਰ ਦੇ ਪਿਆਰ ਵਿਚੋਂ ਮਿਲਦੀ ਹੈ। ਘਰ ਦਾ ਪਿਆਰ ਜ਼ਰੂਰੀ ਹੈ। ਪਿਆਰ-ਵਿਹੂਣੇ ਲੋਕ ਤਾਂ ਹਰ ਵੇਲੇ ਬਦਲਾ ਲੈਣ, ਕ੍ਰੋਧ ਕਰਨ, ਇਕ ਦੀਆਂ ਚਾਰ ਸੁਣਾਉਣ ਦੀ ਤਿਆਰੀ ਵਿਚ ਲੱਗੇ ਰਹਿੰਦੇ ਹਨ। ਮਨ ਵਿਚ ਘੁੰਮਦੀਆਂ ਮਾੜੀਆਂ ਭਾਵਨਾਵਾਂ ਸਹਿਣਸ਼ੀਲਤਾ ਨੂੰ ਨੇੜੇ ਨਹੀਂ ਟਿਕਣ ਦਿੰਦੀਆਂ। ਸਿਹਤ ਤੇ ਸੁੰਦਰਤਾ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਹਨ। ਵੱਡਿਆਂ ਦੇ ਬਰਾਬਰ ਬੋਲਣਾ, ਕਿਸੇ ਵੀ ਗੱਲ ਨੂੰ ਬਰਦਾਸ਼ਤ ਨਾ ਕਰਨਾ, ਕਲੇਸ਼ ਪਾਉਣਾ, ਘਰ ਦੀਆਂ ਨੀਂਹਾਂ ਕਮਜ਼ੋਰ ਕਰਦੇ ਹਨ। ਸੰਭਾਵੀ ਪੀੜ੍ਹੀ 'ਤੇ ਬੁਰਾ ਅਸਰ ਪਾਉਂਦੇ ਹਨ।

ਸਹਿਣਸ਼ੀਲਤਾ ਦੀ ਕਮੀ ਨੇ ਰਿਸ਼ਤਿਆਂ ਦੇ ਸਤਿਕਾਰ ਦਾ ਬੜਾ ਘਾਣ ਕੀਤਾ ਹੈ। ਘਰਾਂ ਦਾ ਮਾਹੌਲ ਅਸੁਖਾਵਾਂ ਹੋਇਆ ਹੈ। ਉੱਚੀ ਆਵਾਜ਼ ਨਾਲ ਬੋਲਣਾ ਕੋਈ ਵੱਡੀ ਪ੍ਰਾਪਤੀ ਨਹੀਂ। ਅੱਜ ਦੀ ਪੀੜ੍ਹੀ ਕਮਾਊ ਹੈ। ਗੱਲ ਮਾਣ ਵਾਲੀ ਹੈ ਪਰ ਕਿਤੇ ਨਾ ਕਿਤੇ ਇਹ ਸੋਚ ਵੀ ਭਾਰੂ ਹੈ ਕਿ ਮੈਂ ਆਪਣਾ ਕਮਾਇਆ ਪੈਸਾ ਘਰ ਕਿਉਂ ਦੇਵਾਂ? ਕੁੜੀਆਂ ਕਈ ਵਾਰ ਸੋਚਦੀਆਂ ਹਨ ਘਰ ਚਲਾਉਣਾ ਆਦਮੀ ਦਾ ਕੰਮ ਹੈ। ਮੇਰੀ ਕਮਾਈ ਸਿਰਫ ਮੇਰੀ ਹੈ, ਮੈਂ ਅਲੱਗ ਰੱਖਣੀ ਹੈ। ਪੈਸਾ ਸਾਰਾ ਸਾਂਝੇ ਤੌਰ 'ਤੇ ਵਰਤਿਆ ਜਾਵੇ ਤਾਂ ਘਰ ਦੀ ਖੁਸ਼ਹਾਲੀ ਵਧਦੀ ਹੈ, ਪੱਧਰ ਉੱਚਾ ਹੁੰਦਾ ਹੈ ਪਰ ਕਈ ਵਾਰ ਅਜਿਹਾ ਸਹਿਣ ਨਹੀਂ ਕੀਤਾ ਜਾਂਦਾ। ਰੋਟੀ ਘਰੋਂ ਖਾਣੀ, ਪੈਸਾ ਅਲੱਗ ਰੱਖਣਾ ਕਿਥੋਂ ਦਾ ਇਨਸਾਫ? ਬੱਚਿਆਂ ਦੇ ਪਾਲਣ-ਪੋਸ਼ਣ ਲਈ ਸਾਂਝੀ ਜ਼ਿੰਮੇਵਾਰੀ ਲਓ। ਸਹਿਣਸ਼ੀਲਤਾ ਦਾ ਸੁਨਹਿਰੀ ਗੁਣ ਧਾਰਨ ਕਰੋ ਪਰ ਜੇ ਕਿਤੇ ਕੋਈ ਬਹੁਤ ਜ਼ੁਲਮ ਕਰਨ 'ਤੇ ਤੁਲ ਜਾਵੇ ਤਾਂ ਆਪਣੀ ਹੋਂਦ ਬਰਕਰਾਰ ਰੱਖਣ ਲਈ ਆਪਣੇ ਹੱਕਾਂ ਦੀ ਰਾਖੀ ਜ਼ਰੂਰੀ ਹੈ।
-45-ਐਲ, ਏ ਬਲਾਕ, ਮਾਡਲ ਹਾਊਸ, ਜਲੰਧਰ।
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 15.07.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms