Sunday, July 24, 2011

ਸੰਪੂਰਨ ਪਤੀ ਲੱਭਣਾ ਅਸੰਭਵ! - ਮਾਹੀਆ

ਸ਼ਿਵਾਨੀ ਚਾਹੁੰਦੀ ਹੈ ਕਿ ਉਸ ਦਾ ਪਤੀ ਸਮਝਦਾਰ, ਸਥਿਤੀਆਂ ਅਨੁਸਾਰ ਆਪਣੇ-ਆਪ ਨੂੰ ਢਾਲਣ ਵਾਲਾ, ਗੱਲਬਾਤ ਵਿਚ ਮਾਹਿਰ ਅਤੇ ਹੁਸ਼ਿਆਰ ਹੋਵੇ। ਸ਼ਿਵਾਨੀ ਦੀ ਇਸ ਸੂਚੀ ਵਿਚ ਕਿਸੇ ਪ੍ਰਕਾਰ ਦੀ ਕਦੇ ਕੋਈ ਕਟੌਤੀ ਨਹੀਂ ਹੋਈ। ਇਹੀ ਕਾਰਨ ਹੈ ਕਿ ਹੁਣ ਤੱਕ ਉਸ ਦਾ ਵਿਆਹ ਨਹੀਂ ਹੋਇਆ। ਇਹ ਕਹਾਣੀ ਇਕੱਲੀ ਸ਼ਿਵਾਨੀ ਦੀ ਨਹੀਂ ਹੈ। ਜ਼ਿਆਦਾ ਕੁੜੀਆਂ ਪਤੀ ਖੋਜਣ ਤੋਂ ਪਹਿਲਾਂ ਲੰਬੀ ਸੂਚੀ ਬਣਾ ਲੈਂਦੀਆਂ ਹਨ। ਦਰਅਸਲ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸੰਪੂਰਨ ਕੋਈ ਨਹੀਂ ਹੁੰਦਾ ਅਤੇ ਨਾ ਹੀ ਹੋ ਸਕਦਾ ਹੈ। ਵਿਸ਼ੇਸ਼ ਤੌਰ 'ਤੇ ਵਿਉਂਤਬੱਧ ਵਿਆਹਾਂ ਵਿਚ ਤਾਂ ਅਜਿਹੀ ਉਮੀਦ ਕਰਨੀ ਹੀ ਨਹੀਂ ਚਾਹੀਦੀ। ਅਕਸਰ ਮਾਤਾ-ਪਿਤਾ ਆਪਣੇ ਬੱਚਿਆਂ ਦਾ ਵਿਆਹ ਕਰਨ ਤੋਂ ਬਾਅਦ ਕਹਿੰਦੇ ਹਨ ਕਿ ਸਾਡੀ ਜ਼ਿੰਮੇਵਾਰੀ ਪੂਰੀ ਹੋਈ। ਅਸੀਂ ਆਪਣੇ ਬੱਚਿਆਂ ਦੀ ਘਰ-ਗ੍ਰਹਿਸਥੀ ਵਸਾ ਦਿੱਤੀ ਹੈ ਜਦ ਕਿ ਇਹ ਕਹਿਣਾ ਪਤੀ-ਪਤਨੀ ਦੇ ਨਜ਼ਰੀਏ ਤੋਂ ਗ਼ਲਤ ਹੁੰਦਾ ਹੈ। ਇਹ ਕਹਿਣਾ ਗ਼ਲਤ ਨਹੀਂ ਕਿ ਮਰਦ ਅਤੇ ਔਰਤ ਇਕ ਦੂਸਰੇ ਦੀ ਜ਼ਰੂਰਤ ਹਨ। ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਮੋੜ 'ਤੇ ਇਕ ਦੂਜੇ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਪਰ ਮਨ ਹੀ ਮਨ ਆਪਣੇ ਰਾਜਕੁਮਾਰ ਲਈ ਇਕ ਛਵੀ ਘੜ ਲੈਣਾ ਅਤੇ ਉਸ ਨੂੰ ਹਕੀਕਤ ਦਾ ਜਾਮਾ ਪਹਿਨਾਉਣਾ ਵਿਵਹਾਰਿਕ ਨਹੀਂ ਹੈ। ਇਹ ਗੱਲਾਂ ਮੁੰਡਿਆਂ 'ਤੇ ਵੀ ਲਾਗੂ ਹੁੰਦੀਆਂ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਮਾਤਾ-ਪਿਤਾ ਦਾ ਜੀਵਨ ਬੱਚਿਆਂ ਲਈ ਸਭ ਤੋਂ ਵੱਡਾ ਉਦਾਹਰਣ ਹੁੰਦਾ ਹੈ। ਇਹੀ ਕਾਰਨ ਹੈ ਕਿ ਲੜਕੀ ਅਕਸਰ ਆਪਣੇ ਸਾਥੀ ਦੇ ਰੂਪ ਵਿਚ ਪਿਤਾ ਵਰਗੇ ਮਰਦ ਦੀ ਤਲਾਸ਼ ਕਰਦੀ ਹੈ ਅਤੇ ਲੜਕੇ ਅਕਸਰ ਆਪਣੀ ਮਾਂ ਵਰਗੀ ਕੁੜੀ ਦੀ ਚਾਹਤ ਰੱਖਦੇ ਹਨ। ਨਤੀਜੇ ਵਜੋਂ ਦੋਵਾਂ ਦੀ ਆਪਣੀ ਚਾਹਤ ਬਣ ਨਹੀਂ ਸਕਦੀ। ਉਨ੍ਹਾਂ ਨੂੰ ਆਪਣੇ ਸਾਥੀ ਤੋਂ ਕੀ ਚਾਹੀਦਾ ਹੈ, ਉਨ੍ਹਾਂ ਦੀ ਆਪਣੀ ਪਸੰਦ ਕੀ ਹੈ ਇਨ੍ਹਾਂ ਗੱਲਾਂ ਦੇ ਉਹ ਬਹੁਤ ਜਾਣਕਾਰ ਨਹੀਂ ਹੁੰਦੇ ਅਤੇ ਜਦੋਂ ਕੋਈ ਵਿਅਕਤੀ ਉਨ੍ਹਾਂ ਸਾਹਮਣੇ ਪਤੀ/ਪਤਨੀ ਦੀ ਤਰ੍ਹਾਂ ਆ ਕੇ ਖੜ੍ਹਾ/ਖੜ੍ਹੀ ਹੁੰਦਾ/ਹੁੰਦੀ ਹੈ ਤਾਂ ਉਦੋਂ ਉਹ ਉਸ ਵਿਚ ਆਪਣੇ ਮਾਤਾ-ਪਿਤਾ ਦੀ ਛਵੀ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਇਹ ਤਰੀਕਾ ਨਾ ਸਿਰਫ਼ ਗ਼ਲਤ ਹੈ ਬਲਕਿ ਸ਼ਾਦੀਸ਼ੁਦਾ ਜੀਵਨ 'ਤੇ ਨਾਕਾਰਤਮਿਕ ਪ੍ਰਭਾਵ ਵੀ ਪਾਉਂਦਾ ਹੈ। ਖੈਰ, ਜਿਥੇ ਤੱਕ ਗੱਲ ਸਹੀ ਪਤੀ ਲੱਭਣ ਦੀ ਹੈ ਤਾਂ ਵਿਸ਼ੇਸ਼ ਤੌਰ 'ਤੇ ਕੁੜੀਆਂ ਨੂੰ ਆਪਣੀ ਰਾਏ ਬਦਲਣ ਦੀ ਜ਼ਰੂਰਤ ਹੈ।

ਜੇਕਰ ਕੋਈ ਕੁੜੀ ਇਹ ਚਾਹੁੰਦੀ ਹੈ ਕਿ ਉਸ ਦਾ ਸਾਥੀ ਹਮੇਸ਼ਾ ਉਸ ਦੀ ਸੁਣਦਾ ਰਹੇ, ਉਸ ਦੀਆਂ ਸਾਰੀਆਂ ਗੱਲਾਂ ਮੰਨੇ ਤਾਂ ਅਜਿਹੀਆਂ ਉਮੀਦਾਂ ਬਾਰੇ ਕਹਿਣ ਦੀ ਲੋੜ ਹੈ ਕਿ ਹੁਣ ਤੁਸੀਂ ਜ਼ਰਾ ਨੀਂਦ ਤੋਂ ਜਾਗ ਜਾਓ। ਹਰ ਮਨੁੱਖ ਦੀ ਆਪਣੀ ਸੋਚ, ਆਪਣੇ ਵਿਚਾਰ ਅਤੇ ਆਪਣੀ ਰਾਇ ਹੈ। ਬਿਹਤਰੀ ਇਸ ਵਿਚ ਹੈ ਕਿ ਉਹ ਜਿਵੇਂ ਹੈ ਉਸ ਨੂੰ ਉਹੋ ਜਿਹਾ ਹੀ ਕਬੂਲ ਕਰੋ। ਕਿਸੇ ਨੂੰ ਬਦਲਣ ਦਾ ਬੀੜਾ ਨਾ ਉਠਾਓ।

ਜੇਕਰ ਅਜਿਹੇ ਵਿਅਕਤੀ ਨੂੰ ਆਪਣਾ ਜੀਵਨ ਸਾਥੀ ਚੁਣਨਾ ਚਾਹੁੰਦੇ ਹੋ ਜੋ ਹੂ-ਬਹੂ ਤੁਹਾਡੀ ਨਕਲ ਹੋਵੇ। ਕਹਿਣ ਦਾ ਮਤਲਬ ਹੈ ਉਸ ਦੀ ਸੋਚ ਅਤੇ ਵਿਚਾਰ ਤੁਹਾਡੇ ਵਰਗੇ ਹੋਣ ਤਾਂ ਜਲਦ ਹੀ ਤੁਸੀਂ ਉਸ ਸਾਥੀ ਨਾਲ ਬੋਰੀਅਤ ਮਹਿਸੂਸ ਕਰੋਗੇ ਅਸਲ ਵਿਚ ਕੋਈ ਕਿਸੇ ਵਰਗਾ ਨਹੀਂ ਹੋ ਸਕਦਾ। ਕਿਸੇ ਵਿਚ ਕੁਝ ਚੰਗਿਆਈਆਂ ਹੁੰਦੀਆਂ ਹਨ ਤਾਂ ਕੁਝ ਬੁਰਾਈਆਂ ਵੀ ਹੁੰਦੀਆਂ ਹਨ। ਅਜਿਹਾ ਨਹੀਂ ਹੋ ਸਕਦਾ ਕਿ ਇਕ ਮਨੁੱਖ ਸਾਰਿਆਂ ਦਾ ਦਿਲ ਜਿੱਤ ਲਵੇ। ਜ਼ਰਾ ਸੋਚੋ ਜਦ ਧਰਤੀ 'ਤੇ ਹਰ 100 ਮੀਟਰ ਦੀ ਦੂਰੀ 'ਤੇ ਧਰਤੀ ਆਪਣਾ ਰੰਗ ਬਦਲਦੀ ਹੈ, ਕੁਦਰਤ ਨਵੇਂ ਰੰਗ ਰੂਪ ਨਾਲ ਨਜ਼ਰ ਆਉਂਦੀ ਹੈ, ਕੁਦਰਤ ਦੀ ਖੂਬਸੂਰਤੀ ਨਵੇਂ-ਨਵੇਂ ਆਕਾਰ ਵਿਚ ਦਿਸਦੀ ਹੈ ਤਾਂ ਅਜਿਹੇ ਵਿਚ ਭਲਾ ਇਨਸਾਨ ਵਿਚ ਵੱਖ-ਵੱਖ ਰੰਗ ਮੌਜੂਦ ਕਿਉਂ ਨਾ ਹੋਣ?

ਦਰਅਸਲ ਕੁੜੀਆਂ ਨੂੰ ਸਾਥੀ ਚੁਣਨ ਤੋਂ ਪਹਿਲਾਂ ਇਹ ਜਾਨਣਾ ਚਾਹੀਦਾ ਹੈ, ਕੀ ਉਹ ਉਸ ਨਾਲ ਜ਼ਿੰਦਗੀ ਕੱਢ ਸਕੇਗੀ? ਜੇਕਰ ਤੁਹਾਡੇ ਸਾਥੀ ਦੀਆਂ ਰੁਚੀਆਂ ਤੁਹਾਡੇ ਨਾਲ ਮੇਲ ਨਹੀਂ ਖਾਂਦੀਆਂ ਪਰ ਉਸ ਦਾ ਸੁਭਾਅ ਬਹੁਤ ਚੰਗਾ ਹੈ ਤਾਂ 'ਹਾਂ' ਕਹਿਣ ਤੋਂ ਜ਼ਿਆਦਾ ਝਿਜਕੋ ਨਾ ਅਤੇ ਨਾ ਹੀ ਜ਼ਿਆਦਾ ਸੋਚੋ। ਨਾਲ ਹੀ ਇਹ ਯਾਦ ਰੱਖੋ ਕਿ ਵਿਆਹ ਤੁਸੀਂ ਕਰਨਾ ਹੈ ਜ਼ਿੰਦਗੀ ਤੁਸੀਂ ਗੁਜ਼ਾਰਨੀ ਹੈ। ਸੋ, ਆਪਣੇ ਮਾਤਾ-ਪਿਤਾ ਦੋਸਤ, ਭੈਣ-ਭਰਾ ਦੀ ਪਸੰਦ ਨੂੰ ਤਰਜੀਹ ਨਾ ਦਿਓ। ਸਹੀ ਪਤੀ ਲੱਭਣ ਤੋਂ ਪਹਿਲਾਂ ਯਾਦ ਰੱਖੋ ਕਿ ਤੁਸੀਂ ਕੋਈ ਮਸ਼ੀਨ ਨਹੀਂ ਲੱਭ ਰਹੇ ਜੋ ਤੁਹਾਡੇ ਕਹੇ ਅਨੁਸਾਰ ਉਠੇਗਾ, ਬੈਠੇਗਾ ਅਤੇ ਸੌਂਵੇਗਾ। ਤੁਸੀਂ ਇਕ ਇਨਸਾਨ ਦੀ ਚੋਣ ਕਰ ਰਹੇ ਹੋ ਜੋ ਤੁਹਾਡਾ ਜੀਵਨ-ਸਾਥੀ ਬਣੇਗਾ। ਇਸ ਲਈ ਉਸ ਵਿਚ ਆਨ-ਆਫ਼ ਦਾ ਸਵਿੱਚ ਨਾ ਤਲਾਸ਼ੋ। ਇਸ ਦੀ ਬਜਾਏ ਅਜਿਹਾ ਜੀਵਨ-ਸਾਥੀ ਲੱਭੋ ਜੋ ਤੁਹਾਡੇ ਨਾਲ ਪਿਆਰ ਕਰ ਸਕੇ। ਇਹ ਦੁਨੀਆ ਬਹੁਰੰਗੀ ਹੈ। ਇਥੇ ਸੰਪੂਰਨ ਕੋਈ ਨਹੀਂ ਹੈ ਕਿਉਂਕਿ ਅਸੀਂ ਆਪਣੀ ਜ਼ਿੰਦਗੀ ਦੇ ਅੰਤਿਮ ਸਾਹ ਤੱਕ ਸਿੱਖਦੇ ਹਾਂ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 07.04.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms