Thursday, July 28, 2011

ਇਕ ਨਾ ਇਕ ਦਿਨ ਪਤੀ ਦਾ ਗੁੱਸਾ ਠੰਢਾ ਹੋਵੇਗਾ - ਭਾਸ਼ਣਾ ਬਾਂਸਲ ਗੁਪਤਾ

ਕਈ ਪਤਨੀਆਂ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੇ ਪਤੀ ਜ਼ਿਆਦਾ ਗੁੱਸੇਖੋਰ ਹਨ। ਜਦੋਂ ਉਨ੍ਹਾਂ ਨੂੰ ਗੁੱਸਾ ਆਉਂਦਾ ਹੈ ਤਾਂ ਉਨ੍ਹਾਂ ਦਾ ਆਪਣੇ-ਆਪ 'ਤੇ ਕੰਟਰੋਲ ਨਹੀਂ ਰਹਿੰਦਾ। ਇਸ ਦਾ ਪਤਨੀ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਪਤੀ ਦੀ ਇਸ ਪ੍ਰਵਿਰਤੀ ਤੋਂ ਪ੍ਰੇਸ਼ਾਨ ਪਤਨੀ ਕਈ ਰੋਗਾਂ ਨਾਲ ਪੀੜਤ ਹੋ ਜਾਂਦੀ ਹੈ ਅਤੇ ਪਤੀ ਵੀ ਪ੍ਰੇਸ਼ਾਨ ਰਹਿੰਦਾ ਹੈ। ਅਨੇਕ ਅਜਿਹੇ ਕਾਰਨ ਹਨ, ਜਿਨ੍ਹਾਂ ਨਾਲ ਵਿਆਹੁਤਾ ਜੀਵਨ ਵਿਚ ਵਿਗਾੜ ਪੈਦਾ ਹੁੰਦਾ ਹੈ। ਆਓ ਇਨ੍ਹਾਂ ਕਾਰਨਾਂ 'ਤੇ ਵਿਚਾਰ ਕਰੀਏ -

ਤਣਾਅ : ਪਤੀ ਗੁੱਸੇਖੋਰ ਹੋਣ ਕਾਰਨ ਪਤਨੀ ਦਾ ਤਣਾਅਗ੍ਰਸਤ ਰਹਿਣਾ ਆਮ ਗੱਲ ਹੈ। ਜਦੋਂ ਪਤੀ ਛੋਟੀਆਂ-ਛੋਟੀਆਂ ਗੱਲਾਂ 'ਤੇ ਪਤਨੀ ਨੂੰ ਝਿੜਕਦੇ ਹਨ ਤਾਂ ਪਤਨੀ ਲਈ ਇਹ ਸਥਿਤੀ ਬੜੀ ਦੁੱਖਦਾਇਕ ਹੁੰਦੀ ਹੈ। ਉਸ ਨੂੰ ਇਹੀ ਲੱਗਣ ਲਗਦਾ ਹੈ ਕਿ ਉਸ ਦਾ ਪਤੀ ਉਸ ਨੂੰ ਪਿਆਰ ਨਹੀਂ ਕਰਦਾ। ਉਹ ਪ੍ਰੇਸ਼ਾਨ ਤੇ ਚਿੜਚਿੜੀਆਂ ਹੋ ਜਾਂਦੀਆਂ ਹਨ। ਨਿਰਾਸ਼ਾ ਅਤੇ ਅਵਸਾਦ ਉਸ ਦੇ ਦਿਮਾਗ ਵਿਚ ਘਰ ਕਰ ਜਾਂਦੇ ਹਨ। ਉਸ ਦਾ ਆਤਮਵਿਸ਼ਵਾਸ ਡਿਗਣ ਲਗਦਾ ਹੈ ਅਤੇ ਉਹ ਤਣਾਅਗ੍ਰਸਤ ਹੋ ਕੇ ਅਨੇਕ ਰੋਗਾਂ ਨੂੰ ਸੱਦਾ ਦੇ ਦਿੰਦੀ ਹੈ।

ਤਲਾਕ ਦੀ ਸੰਭਾਵਨਾ : ਜਦੋਂ ਪਤੀ ਛੋਟੀਆਂ-ਛੋਟੀਆਂ ਗੱਲਾਂ ਕਾਰਨ ਗੁੱਸਾ ਕਰਨ ਲਗਦਾ ਹੈ ਤਾਂ ਪਤਨੀ ਕੁਝ ਸਮਾਂ ਤਾਂ ਇਸ ਨੂੰ ਸਹਾਰਦੀ ਹੈ ਪਰ ਜਦੋਂ ਪਤੀ ਦਾ ਗੁੱਸਾ ਸੀਮਾ ਪਾਰ ਕਰ ਜਾਂਦਾ ਹੈ ਤਾਂ ਪਤਨੀ ਆਪਣੇ-ਆਪ ਦੀ ਬੇਇੱਜ਼ਤੀ ਮਹਿਸੂਸ ਕਰਦੀ ਹੈ ਅਤੇ ਪਤੀ ਦੀਆਂ ਗੱਲਾਂ ਦਾ ਜਵਾਬ ਦੇਣ ਲਗਦੀ ਹੈ। ਕਈ ਵਾਰ ਪਤਨੀ ਵੱਲੋਂ ਕਹੀਆਂ ਗੱਲਾਂ ਪਤੀ ਦੇ ਗੁੱਸੇ ਵਿਚ ਵਾਧਾ ਕਰਦੀਆਂ ਹਨ ਅਤੇ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ।

ਗੁੱਸੇਖੋਰ ਪਤੀ ਨੂੰ ਵੱਸ ਵਿਚ ਕਰਨਾ ਮੁਸ਼ਕਿਲ ਜ਼ਰੂਰ ਹੈ ਪਰ ਅਸੰਭਵ ਨਹੀਂ। ਇਸ ਲਈ ਕਾਫੀ ਮਿਹਨਤ ਦੀ ਜ਼ਰੂਰਤ ਹੈ। ਪਤੀ ਦੇ ਗੁੱਸੇ ਨੂੰ ਕਾਬੂ ਕਰਨ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਉਹ ਗੁੱਸੇ ਵਿਚ ਤੁਹਾਡੇ ਨਾਲ ਗਲਤ ਵਿਵਹਾਰ ਵੀ ਕਰੇ ਤਾਂ ਵੀ ਤੁਸੀਂ ਖੁਦ ਨੂੰ ਕੰਟਰੋਲ ਵਿਚ ਰੱਖੋ, ਕਿਉਂਕਿ ਜੇਕਰ ਤੁਸੀਂ ਵੀ ਗੁੱਸਾ ਕਰੋਗੇ ਤਾਂ ਇਹ ਅੱਗ ਵਿਚ ਘਿਓ ਦਾ ਕੰਮ ਕਰੇਗਾ। ਇਸ ਲਈ ਜਿਥੋਂ ਤੱਕ ਹੋ ਸਕੇ, ਤੁਸੀਂ ਉਨ੍ਹਾਂ ਦੇ ਗੁੱਸੇ ਨੂੰ ਬਰਦਾਸ਼ਤ ਕਰਨ ਦੀ ਆਦਤ ਪਾ ਲਓ। ਹੌਲੀ-ਹੌਲੀ ਤੁਹਾਡੇ ਸਨੇਹ ਨਾਲ ਉਨ੍ਹਾਂ ਦੇ ਸਖਤ ਸੁਭਾਅ ਵਿਚ ਬਦਲਾਅ ਆਉਣ ਲੱਗੇਗਾ।

• ਤੁਹਾਡੀਆਂ ਜਿਨ੍ਹਾਂ ਆਦਤਾਂ ਕਾਰਨ ਪਤੀ ਨੂੰ ਜ਼ਿਆਦਾ ਗੁੱਸਾ ਆਉਂਦਾ ਹੈ, ਉਨ੍ਹਾਂ ਨੂੰ ਤਿਆਗ ਦਿਓ।

• ਪਤੀ ਜੇਕਰ ਤੁਹਾਨੂੰ ਸਜੀ ਹੋਈ ਦੇਖਣਾ ਪਸੰਦ ਕਰਦਾ ਹੈ ਤਾਂ ਉਸ ਦੇ ਆਉਣ ਤੇ ਜਾਣ ਸਮੇਂ ਹਾਰ-ਸ਼ਿੰਗਾਰ ਲਾ ਕੇ ਤਿਆਰ ਹੋ ਜਾਓ।

• ਕਿਸੇ ਵੀ ਕੰਮ ਲਈ ਉਨ੍ਹਾਂ ਨੂੰ ਵਾਰ-ਵਾਰ ਨਾ ਕਹੋ। ਇਸ ਨਾਲ ਉਨ੍ਹਾਂ ਨੂੰ ਪ੍ਰੇਸ਼ਾਨੀ ਹੋਵੇਗੀ ਅਤੇ ਇਹ ਪ੍ਰੇਸ਼ਾਨੀ ਗੁੱਸਾ ਪੈਦਾ ਕਰੇਗੀ।

• ਪਤੀ ਦੀਆਂ ਲੋੜਾਂ ਤੇ ਇੱਛਾਵਾਂ ਦਾ ਹਮੇਸ਼ਾ ਧਿਆਨ ਰੱਖੋ।

• ਪਤੀ ਦੀ ਪ੍ਰਸੰਸਾ ਕਰਨਾ ਸਿੱਖੋ। ਹਮੇਸ਼ਾ ਉਨ੍ਹਾਂ ਵਿਚ ਗੁਣ ਲੱਭਣ ਦੀ ਹੀ ਕੋਸ਼ਿਸ਼ ਕਰੋ।

• ਉਨ੍ਹਾਂ ਸਾਹਮਣੇ ਕਿਸੇ ਦੀ ਵੀ ਬੁਰਾਈ ਜਾਂ ਨਿੰਦਾ ਨਾ ਕਰੋ।

• ਜੇਕਰ ਉਹ ਪ੍ਰੇਸ਼ਾਨ ਹੋਣ ਤਾਂ ਪਿਆਰ ਨਾਲ ਉਨ੍ਹਾਂ ਤੋਂ ਇਸ ਦਾ ਕਾਰਨ ਪੁੱਛੋ। ਜੇ ਉਹ ਗੁੱਸਾ ਦਿਖਾਉਣ ਤਾਂ ਵੀ ਨਿਮਰਤਾ ਨਾਲ ਉਨ੍ਹਾਂ ਨੂੰ ਕਹੋ ਕਿ ਤੁਹਾਡੀ ਪ੍ਰੇਸ਼ਾਨੀ ਮੇਰੀ ਪ੍ਰੇਸ਼ਾਨੀ ਹੈ।

• ਪਤੀ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ।

• ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਮਿੱਠੇ ਸਬੰਧ ਬਣਾ ਕੇ ਰੱਖੋ। ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰੋ।

• ਆਪਸੀ ਸਦਭਾਵ, ਸਨੇਹ, ਵਿਸ਼ਵਾਸ ਅਪਣਾ ਕੇ ਤੁਸੀਂ ਪਤੀ ਦੇ ਗੁੱਸੇ ਨੂੰ ਵੱਸ ਵਿਚ ਕਰ ਸਕਦੇ ਹੋ।

• ਪਤੀ ਦੇ ਮਨਪਸੰਦ ਪਕਵਾਨ ਬਣਾ ਕੇ ਪੇਟ ਦੇ ਰਸਤੇ ਉਨ੍ਹਾਂ ਦੇ ਦਿਲਾਂ ਵਿਚ ਪਹੁੰਚੋ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 15.07.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms