Monday, July 4, 2011

ਕਿਸ਼ਤਾਂ ‘ਚ ਖ਼ੁਦਕੁਸ਼ੀ ਕਰਨ ਦਾ ਦੂਜਾ ਨਾਂ ਹੈ ਤੰਬਾਕੂਨੋਸ਼ੀ - ਡਾ. ਹਰਚੰਦ ਸਿੰਘ ਸਰਹਿੰਦੀ

ਭਾਰਤ ਸਮੇਤ ਵਿਸ਼ਵ ਭਰ ਵਿਚ 31 ਮਈ ਦਾ ਦਿਨ ‘ਤੰਬਾਕੂ ਦੀ ਵਰਤੋਂ ਨਾ ਕਰਨ ਦੇ ਵਿਦਸ’ ਵਜੋਂ ਮਨਾਇਆ ਜਾਂਦਾ ਹੈ। ਬੇਸ਼ੱਕ ਪੰਜਾਬ ਵਿਚ ਦੇਸ਼ ਦੇ ਦੂਸਰੇ ਭਾਗਾਂ ਦੇ ਮੁਕਾਬਲੇ ਤੰਬਾਕੂ ਦੀ ਖਪਤ ਕਾਫੀ ਘੱਟ ਹੈ ਪਰ ਜਰਦੇ ਦੀ ਖਪਤ ਵਿਚ ਹੋ ਰਿਹਾ ਲਗਾਤਾਰ ਵਾਧਾ ਸਾਨੂੰ ਸ਼ਰਮਸਾਰ ਕਰਦਾ ਹੈ। ਬਹਾਦਰ ਪੰਜਾਬੀਆਂ ਦੀਆਂ ਆਉਣ ਵਾਲੀਆਂ ਨਸਲਾਂ ‘ਤੇ ਪ੍ਰਸ਼ਨ-ਚਿੰਨ੍ਹ ਵੀ ਲਗਾਉਂਦਾ ਹੈ।

ਵਿਸ਼ਵ ਸਿਹਤ ਸੰਸਥਾ ਅਨੁਸਾਰ ਹਰ ਸਾਲ 25 ਲੱਖ ਵਿਅਕਤੀ ਤੰਬਾਕੂਨੋਸ਼ੀ ਕਾਰਨ ਪੈਦਾ ਹੋਣ ਵਾਲੀਆਂ ਉਲਝਣਾਂ ਦੀ ਲਪੇਟ ਵਿਚ ਆ ਕੇ ਮੌਤ ਦੇ ਮੂੰਹ ਵਿਚ ਧੱਕੇ ਜਾਂਦੇ ਹਨ। ਇਨ੍ਹਾਂ ‘ਚੋਂ 70 ਪ੍ਰਤੀਸ਼ਤ ਫੇਫੜਿਆਂ ਦੇ ਕੈਂਸਰ ਨਾਲ ਮਰਦੇ ਹਨ ਅਤੇ 20 ਤੋਂ 25 ਪ੍ਰਤੀਸ਼ਤ ਦਿਲ ਦੇ ਰੋਗਾਂ ਦੇ ਮਰੀਜ਼ਾਂ ਦਾ ਪਿਛੋਕੜ ਤੰਬਾਕੂਨੋਸ਼ੀ ਹੁੰਦਾ ਹੈ।

ਮੂੰਹ ਦੇ ਕੈਂਸਰ ਬਾਰੇ ਪਟਨਾ ਮੈਡੀਕਲ ਕਾਲਜ ਹਸਪਤਾਲ ਦੇ ਸਰਜਰੀ ਵਿਭਾਗ ਦੇ ਮੁਖੀ ਡਾ. ਅਹਿਮਦ ਏ. ਹਾਈ ਦਾ ਕਹਿਣਾ ਹੈ ਕਿ ਭਾਰਤ ਵਿਚ ਮੂੰਹ ਦੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਿਸ਼ਵ ਭਰ ਵਿਚ ਸਭ ਤੋਂ ਜ਼ਿਆਦਾ ਹੈ ਕਿਉਂਕਿ ਸਾਡੇ ਮੁਲਕ ਦੇ ਲੋਕ ‘ਜਰਦਾ’ ਅਤੇ ‘ਖੈਨੀ’ ਦੇ ਰੂਪ ਵਿਚ ਤੰਬਾਕੂ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਨ। ਡਾ. ਹਾਈ ਦਾ ਕਹਿਣਾ ਹੈ ਕਿ ਤੰਬਾਕੂ ਦੀ ਵਰਤੋਂ ਨਾ ਕਰਨ ਵਾਲਿਆਂ ਵਿਚ ਮੂੰਹ ਦਾ ਕੈਂਸਰ ਹੋਣ ਦਾ ਖ਼ਤਰਾ 0.38 ਪ੍ਰਤੀ 1000 ਹੈ, ਜਦੋਂਕਿ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਵਿਚ ਇਹ ਦਰ 8 ਪ੍ਰਤੀ 1000 ਹੈ।

ਪ੍ਰਸਿੱਧ ਬ੍ਰਿਟਿਸ਼ ਨਸ-ਵਿਗਿਆਨੀ ਡਾ. ਫਰਿਡ ਪਲੱਮ ਦਾ ਕਹਿਣਾ ਹੈ ਕਿ ਤੰਬਾਕੂਨੋਸ਼ੀ ਦਿਮਾਗ ਦੇ ਦੌਰੇ (ਬ੍ਰੇਨ ਸਟ੍ਰੋਕ) ਦੀ ਬੀਮਾਰੀ ਦਾ ਮੁੱਖ ਕਾਰਨ ਹੈ। ਤੰਬਾਕੂਨੋਸ਼ੀ ਨਾਲ ਜੁੜੀਆਂ ਬੀਮਾਰੀਆਂ ਦੇ ਇਕ ਭਾਰਤੀ ਮਾਹਿਰ ਪ੍ਰੋ. ਸੀ. ਆਰ. ਸੋਮਨ ਦੀ ਖੋਜ ਦੇ ਅੰਕੜੇ ਦੱਸਦੇ ਹਨ ਕਿ ਹਰ ਪੀਤੀ ਸਿਗਰਟ ਸੰਬੰਧਿਤ ਵਿਅਕਤੀ ਦੀ ਉਮਰ ‘ਤੇ 5.5 ਮਿੰਟਾਂ ਦਾ ਕੱਟ ਮਾਰਦੀ ਹੈ ਅਤੇ ਉਹ ਵਿਅਕਤੀ, ਜਿਹੜਾ ਪ੍ਰਤੀ ਦਿਨ 20 ਸਿਗਰਟਾਂ ਪੀਂਦਾ ਹੈ, ਆਪਣੀ ਜ਼ਿੰਦਗੀ ਦੇ 5 ਸਾਲ ਗੁਆ ਬੈਠਦਾ ਹੈ। ਸੱਚ ਤਾਂ ਇਹ ਹੈ ਕਿ ਤੰਬਾਕੂਨੋਸ਼ੀ ਕਿਸ਼ਤਾਂ ਵਿਚ ਖ਼ੁਦਕੁਸ਼ੀ ਕਰਨ ਦੇ ਤੁਲ ਹੈ। ਅੰਗਰੇਜ਼ੀ ਦੇ ਪ੍ਰਸਿੱਧ ਲਿਖਾਰੀ ਕਿਊਰਟ ਵਾਊਨੀਗੱਟ ਅਨੁਸਾਰ¸”Smoking is an Honourable Method of Committing Suicide” ਤੰਬਾਕੂ ਦੇ ਧੂੰਏਂ ਵਿਚ ਮੌਜੂਦ ਜ਼ਹਿਰੀਲੀਆਂ ਗੈਸਾਂ ਸਭ ਤੋਂ ਪਹਿਲਾਂ ਫੇਫੜਿਆਂ ਦੇ ਸੈੱਲਜ਼ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਕਿਵੇਂ? ਮੂੰਹ ਰੂਪੀ ਭੱਠੀ ਵਿਚ ਤੰਬਾਕੂ ਦਾ ਝੋਕਾ ਪਾਏ ਜਾਣ ਕਾਰਨ ਪੈਦਾ ਹੋਇਆ ਧੂੰਆਂ ਸਾਹ-ਨਲੀ ਰੂਪੀ ਚਿਮਨੀ ਨੂੰ ਧੁੰਆਂਖਦਾ, ਇਸ ਦੇ ਅੰਤਿਮ ਭਾਗਾਂ, ਭਾਵ ਫੇਫੜਿਆਂ ਵਿਚ ਤਬਾਹੀ ਮਚਾਉਂਦਾ, ਮੁੜ ਉਸੇ ਰਸਤੇ ਵਾਪਿਸ ਸਾਹ ਰਾਹੀਂ ਬਾਹਰ ਨਿਕਲ ਜਾਂਦਾ ਹੈ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਤੰਬਾਕੂ ਦੇ ਧੂੰਏਂ ਵਿਚ ਲੱਗਭਗ 4000 ਕੈਮੀਕਲਜ਼ ਮੌਜੂਦ ਹੁੰਦੇ ਹਨ, ਜਿਨ੍ਹਾਂ ‘ਚੋਂ ਬਹੁਤੇ ਇਕ ਤਰ੍ਹਾਂ ਨਾਲ ਜ਼ਹਿਰ ਹੀ ਹੁੰਦੇ ਹਨ। ਇਹੋ ਕਾਰਨ ਹੈ ਕਿ ਜ਼ਿਆਦਾ ਤੰਬਾਕੂਨੋਸ਼ੀ ਕਰਨ ਵਾਲਿਆਂ ਵਿਚ ਤੰਬਾਕੂ ਨਾ ਪੀਣ ਵਾਲਿਆਂ ਦੇ ਮੁਕਾਬਲੇ ਫੇਫੜਿਆਂ ਦਾ ਕੈਂਸਰ 15 ਤੋਂ 30 ਗੁਣਾ ਵੱਧ ਪਾਇਆ ਜਾਂਦਾ ਹੈ।

ਤੰਬਾਕੂ ਵਿਚ ਪਾਈ ਜਾਣ ਵਾਲੀ ਨਿਕੋਟੀਨ, ਨਸ਼ੇ ਦੀ ਆਦਤ ਵਿਚ ਫਸਾਉਣ ਦਾ ਕੰਮ ਕਰਦੀ ਹੈ। ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਤੰਬਾਕੂਨੋਸ਼ੀ ਕੇਵਲ ਇਕ ਲਲਕ ਹੈ ਪਰ ਹੁਣ ਡਾ. ਜੇ. ਵਿੰਸਟਨ ਆਫ਼ ਹਾਰਵਰਡ ਯੂਨੀਵਰਸਿਟੀ, ਬੋਸਟਨ, ਯੂ. ਐੱਸ. ਏ. ਨੇ ਸਿੱਧ ਕਰ ਦਿੱਤਾ ਹੈ ਕਿ ਤੰਬਾਕੂ ਵੀ ਹੈਰੋਇਨ ਦੀ ਤਰ੍ਹਾਂ ਅਸਰ ਕਰਨ ਵਾਲਾ ਇਕ ਨਖਿੱਧ ਨਸ਼ਾ ਹੈ।

ਆਮ ਜਨਤਾ ਨੂੰ ਹਾਲੇ ਇਸ ਗੱਲ ਦਾ ਗਿਆਨ ਨਹੀਂ ਕਿ ਸਿਗਰਟ/ਬੀੜੀ ਦੇ ਧੁਖਦੇ ਸਿਰੇ ਤੋਂ ਨਿਕਲਦਾ ਧੂੰਆਂ (ਸੈਕਿੰਡ-ਹੈਂਡ ਧੂੰਆਂ) ਨਾਲ ਕੰਮ ਕਰਨ ਵਾਲਿਆਂ ਜਾਂ ਘਰ ਦੇ ਜੀਆਂ ਨੂੰ ਵੀ ਤੰਬਾਕੂਨੋਸ਼ੀ ਕਾਰਨ ਪੈਦਾ ਹੋਣ ਵਾਲੇ ਖ਼ਤਰਿਆਂ ਦੇ ਰੂ-ਬ-ਰੂ ਕਰ ਸਕਦਾ ਹੈ। ਅਮਰੀਕਨ ਫੈਡਰਲ ਵਾਤਾਵਰਣ ਸੁਰੱਖਿਆ ਏਜੰਸੀ ਵਲੋਂ ਜਾਰੀ ਕੀਤੀ ਗਈ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸਿਗਰਟ ਦੇ ਸੈਕਿੰਡ-ਹੈਂਡ ਧੂੰਏਂ ਵਿਚ ਕੈਂਸਰ ਪੈਦਾ ਕਰਨ ਵਾਲੇ ਤੱਤ ਮੌਜੂਦ ਹੁੰਦੇ ਹਨ। ਸੈਕਿੰਡ-ਹੈਂਡ ਧੂੰਏਂ ਨਾਲ ਪ੍ਰਦੂਸ਼ਿਤ ਵਾਤਾਵਰਣ ਵਿਚ ਸਾਹ ਲੈ ਰਿਹਾ ਵਿਅਕਤੀ ਵੀ ਇਕ ਤਰ੍ਹਾਂ ਨਾਲ ਤੰਬਾਕੂਨੋਸ਼ੀ ਕਰ ਰਿਹਾ ਹੁੰਦਾ ਹੈ, ਜਿਸ ਨੂੰ ਪੈਸਿਵ ਸਮੋਕਿੰਗ (Passive Smoking) ਕਿਹਾ ਜਾਂਦਾ ਹੈ। ਇੰਗਲੈਂਡ ਵਿਚ ਇਸ ਸਮੇਂ ਲੱਗਭਗ ਇਕ ਵਿਅਕਤੀ ਹਰ ਰੋਜ਼ ਪੈਸਿਵ ਸਮੋਕਿੰਗ ਦੀ ਲਪੇਟ ਵਿਚ ਆ ਕੇ ਦਮ ਤੋੜ ਰਿਹਾ ਹੈ।

ਜਦੋਂ ਇਕ ਗਰਭਵਤੀ ਔਰਤ ਸਿਗਰਟ ਸੁਲਗਾਉਂਦੀ ਹੈ ਤਾਂ ਉਸ ਦੇ ਰਿਸ਼ਤੇਦਾਰ ਤੇ ਮਿੱਤਰ ਉਸ ਦੀ ਨਿੰਦਾ ਕਰਦੇ ਹਨ ਪਰ ਜਦੋਂ ਕਿਸੇ ਗਰਭਵਤੀ ਔਰਤ ਦਾ ਪਤੀ ਡੂੰਘੇ ਕਸ਼ ਲਾਉਂਦਾ ਹੈ ਅਤੇ ਰੇਲ ਗੱਡੀ ਦੇ ਇੰਜਣ ਵਾਂਗੂੰ ਧੂੰਆਂ ਕੱਢਦਾ ਹੈ ਤਾਂ ਉਸ ਨੂੰ ਆਮ ਤੌਰ ‘ਤੇ ਕੋਈ ਨਹੀਂ ਟੋਕਦਾ, ਜਦਕਿ ਚਾਹੀਦਾ ਇਹ ਹੈ ਕਿ ਉਸ ਨੂੰ ਵੀ ਮੂਹਰਿਓਂ ਕੋਈ ‘ਡਾਂਗ ਵਾਲਾ ਮੋੜੇ’ ਕਿਉਂਕਿ ਉਹ ਵੀ ਬਰਾਬਰ ਦਾ ਗੁਨਾਹ ਕਰ ਰਿਹਾ ਹੁੰਦਾ ਹੈ। ਡਾਕਟਰੀ ਵਿਗਿਆਨ ਦੇ ਖੇਤਰ ਵਿਚ ਅੱਜ ਇਹ ਇਕ ਖ਼ੂਬ ਜਾਣੀ-ਪਛਾਣੀ ਸੱਚਾਈ ਹੈ ਕਿ ਜ਼ਿਆਦਾ ਤੰਬਾਕੂ ਪੀਣ ਜਾਂ ਇਸ ਦੀ ਕਿਸੇ ਹੋਰ ਰੂਪ ਵਿਚ ਵਰਤੋਂ ਕਰਨ ਨਾਲ ਸੰਬੰਧਿਤ ਮਰਦ ਦੇ ਵੀਰਜ ਵਿਚਲੇ ਸ਼ੁਕਰਾਣੂਆਂ ਵਿਚ ਵਿਗਾੜ ਆ ਸਕਦਾ ਹੈ, ਜੋ ਅੱਗੇ ਉਸ ਦੇ ਬੱਚਿਆਂ ਵਿਚ ਜਮਾਂਦਰੂ ਨੁਕਸਾਂ ਦਾ ਕਾਰਨ ਬਣ ਸਕਦਾ ਹੈ। ਇਸ ਤਰ੍ਹਾਂ ਕਈ ਵਾਰ ਪਿਓ ਦੇ ਸ਼ੁਗਲ ਦਾ ਸੰਤਾਪ ਉਸ ਦੀ ਔਲਾਦ ਨੂੰ ਭੁਗਤਣਾ ਪੈਂਦਾ ਹੈ।

ਔਰਤਾਂ ਨੂੰ ਤਾਂ ਇਹ ਸ਼ੁਗਲ ਹੋਰ ਵੀ ਮਹਿੰਗਾ ਪੈਂਦਾ ਹੈ। ਕਿੰਗਜ਼ ਕਾਲਜ ਹਸਪਤਾਲ, ਲੰਦਨ ਵਿਖੇ ਨਿਯੁਕਤ ਔਰਤਾਂ ਦੀਆਂ ਬੀਮਾਰੀਆਂ ਦੇ ਇਕ ਮਾਹਿਰ ਡਾ. ਜੋਨ ਸਟੱਡ ਦਾ ਕਹਿਣਾ ਹੈ ਕਿ ਤੰਬਾਕੂਨੋਸ਼ੀ ਕਰਨ ਵਾਲੀਆਂ ਔਰਤਾਂ ਵਿਚ ਸੈਕਸ ਲਈ ਤੀਬਰ ਤਾਂਘ ਪੈਦਾ ਕਰਨ ਵਾਲੇ ਹਾਰਮੋਨ-ਐਸਟ੍ਰੋਜਨ ਦਾ ਉਤਪਾਦਨ ਘਟ ਜਾਂਦਾ ਹੈ। ਫਲਸਰੂਪ ਤੰਬਾਕੂਨੋਸ਼ੀ ਕਰਨ ਵਾਲੀਆਂ ਵਿਚ ਤੰਬਾਕੂ ਨਾ ਪੀਣ ਵਾਲੀਆਂ ਔਰਤਾਂ ਦੇ ਮੁਕਾਬਲੇ ਮਾਸਿਕ ਧਰਮ-ਚੱਕਰ ਲੱਗਭਗ 5 ਸਾਲ ਪਹਿਲਾਂ ਬੰਦ ਹੋ ਜਾਂਦਾ ਹੈ। ਸੋ ਤੰਬਾਕੂ ਪੀਣ ਵਾਲੀਆਂ ਔਰਤਾਂ ਆਪਣੇ ਹਾਣ ਦੀਆਂ ਤੰਬਾਕੂ ਨਾ ਪੀਣ ਵਾਲੀਆਂ ਔਰਤਾਂ ਦੇ ਮੁਕਾਬਲੇ ਬਹੁਤ ਪਹਿਲਾਂ ਹੀ ਬੁੱਢੀਆਂ ਦੀ ਸੂਚੀ ਵਿਚ ਸ਼ਾਮਿਲ ਹੋ ਜਾਂਦੀਆਂ ਹਨ। ਹੁਣ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਔਰਤ ਨੂੰ ਇਹ ਸੌਦਾ ਬਹੁਤ ਮਹਿੰਗਾ ਪੈਂਦਾ ਹੈ¸ ਉਹ ਤਾਂ ‘ਲੁੱਟੀ-ਪੁੱਟੀ’ ਜਾਂਦੀ ਹੈ।

ਤੰਬਾਕੂਨੋਸ਼ੀ ਕਰਨ ਵਾਲੀ ਔਰਤ ਦਾ ਬੱਚਾ ਅਕਸਰ ਕਮਜ਼ੋਰ, ਰੋਗੀ ਅਤੇ ਸਮੇਂ ਤੋਂ ਪਹਿਲਾਂ ਜਨਮ ਲੈ ਲੈਂਦਾ ਹੈ। ਤੰਬਾਕੂ ਪੀਣ ਵਾਲੀਆਂ ਮਾਵਾਂ ਦੀ ਕੁੱਖੋਂ ਵਿਸ਼ਵ ਭਰ ਵਿਚ ਹਰ ਸਾਲ 30 ਲੱਖ ਹੈਂਡੀਕੈਪਡ ਬੱਚੇ ਜਨਮ ਲੈਂਦੇ ਹਨ। ਤੰਬਾਕੂ ਵਿਚ ਪਾਇਆ ਜਾਣ ਵਾਲਾ ਜ਼ਹਿਰੀਲਾ ਮਾਦਾ, ਨਿਕੋਟੀਨ ਮਾਂ ਦੇ ਦੁੱਧ ਵਿਚ ਦਾਖ਼ਲ ਹੋ ਜਾਂਦਾ ਹੈ ਅਤੇ ਬੱਚੇ ਦੇ ਸਰੀਰ ‘ਤੇ ਦੁਰ-ਪ੍ਰਭਾਵ ਪਾਉਂਦਾ ਹੈ।

ਉਪਰੋਕਤ ਤੱਥਾਂ ਦੀ ਰੌਸ਼ਨੀ ਵਿਚ ਵੇਖਿਆਂ ਇਹ ਗੱਲ ਸਪੱਸ਼ਟ ਹੈ ਕਿ ਤੰਬਾਕੂ ਦੀ ਵਰਤੋਂ ਕਰਨ ਵਾਲਾ ਵਿਅਕਤੀ ਹੌਲੀ-ਹੌਲੀ ਸਰੀਰਕ ਪੱਖੋਂ ਦੀਵਾਲੀਆ ਹੋ ਜਾਂਦਾ ਹੈ। ਗੱਲ ਕੀ, ਤੰਬਾਕੂਨੋਸ਼ੀ ਸੰਬੰਧਿਤ ਵਿਅਕਤੀ ਦੀ ਸ਼ਖ਼ਸੀਅਤ ‘ਤੇ ਮਾਰੂ ਸੱਟ ਮਾਰਦੀ ਹੈ। ਮਾਹਿਰ ਮਹਿਸੂਸ ਕਰਦੇ ਹਨ ਕਿ ਜੇਕਰ ਤੰਬਾਕੂਨੋਸ਼ੀ ਦੇ ਵਧ ਰਹੇ ਰੁਝਾਨ ਨੂੰ ਤਤਕਾਲ ਹੀ ਨੱਥ ਨਾ ਪਾਈ ਗਈ ਤਾਂ ਆਉਣ ਵਾਲੇ ਦੋ ਦਹਾਕਿਆਂ ਵਿਚ ਤੰਬਾਕੂਨੋਸ਼ੀ ਨਾਲ ਜੁੜੀਆਂ ਬੀਮਾਰੀਆਂ ਤੇ ਮੌਤਾਂ ਦੀ ਦਰ ਦੁੱਗਣੀ ਹੋ ਜਾਣ ਦੀ ਸੰਭਾਵਨਾ ਹੈ। ਇਸ ਲਈ ‘ਤੰਬਾਕੂ ਜਾਂ ਸਿਹਤ’¸ਦੋਵਾਂ ‘ਚੋਂ ਚੋਣ ਤੁਸੀਂ ਆਪ ਕਰਨੀ ਹੈ।

ਤੰਬਾਕੂਨੋਸ਼ੀ ਦੀ ਆਦਤ ਸੰਬੰਧੀ ਕੀਤੇ ਗਏ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਇਕ ਸਿਗਰਟਨੋਸ਼, ਕਿਸੇ ਇਕ ਮਿੱਥੀ ਹੋਈ ਤਰੀਕ ਨੂੰ ਪੂਰਾ ਦਿਨ ਸਿਗਰਟ ਨਹੀਂ ਪੀਂਦਾ ਤਾਂ ਇਹ ਸੰਭਵ ਹੈ ਕਿ ਉਹ ਆਪਣੀ ਇਸ ਆਦਤ ਤੋਂ ਜੇ ਚਾਹੇ, ਛੁਟਕਾਰਾ ਪਾ ਸਕਦਾ ਹੈ। ਭਾਰਤ ਸਮੇਤ ਵਿਸ਼ਵ ਭਰ ਵਿਚ 31 ਮਈ ਦਾ ਦਿਨ ‘ਤੰਬਾਕੂ ਰਹਿਤ ਦਿਵਸ’ ਵਜੋਂ ਮਨਾਇਆ ਜਾ ਰਿਹਾ ਹੈ, ਅਰਥਾਤ ਤੰਬਾਕੂ ਦੀ ਵਰਤੋਂ ਤੋਂ ਪੂਰਾ ਦਿਨ ਪ੍ਰਹੇਜ਼ ਕਰਨ ਲਈ 31 ਮਈ ਦਾ ਦਿਨ ਨਿਸ਼ਚਿਤ ਕੀਤਾ ਜਾ ਚੁੱਕਾ ਹੈ। ਕੀ ਤੰਬਾਕੂ ਦੀ ਵਰਤੋਂ ਕਰਨ ਵਾਲੇ ਅਮਲੀ, ਇਸ ਲਤ ਤੋਂ ਛੁਟਕਾਰਾ ਪਾਉਣ ਲਈ ਆਪਣੇ ਮੁੱਢਲੇ ਕਦਮ ਵਜੋਂ 31 ਮਈ ਨੂੰ ਪੂਰਾ ਦਿਨ ਤੰਬਾਕੂ ਦੀ ਵਰਤੋਂ ਤੋਂ ਪ੍ਰਹੇਜ਼ ਕਰਨਗੇ? ਇਸ ਸਵਾਲ ਦੇ ਜਵਾਬ ਵਿਚ ਦ੍ਰਿੜ੍ਹਤਾ ਨਾਲ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ…..ਹਾਂ! ਆਸ ਕੀਤੀ ਜਾ ਸਕਦੀ ਹੈ ਕਿ ਤੰਬਾਕੂ ਦੀ ਵਰਤੋਂ ਕਰਨ ਵਾਲੇ ਵਿਅਕਤੀ 31 ਮਈ ਨੂੰ ਆਪਣੀ ਇਸ ਆਦਤ ‘ਤੇ ਜ਼ਰੂਰ ਵਿਚਾਰ ਕਰਨਗੇ ਅਤੇ ਇਸ ਦਿਨ ਨੂੰ ਆਮ ਦਿਨਾਂ ਵਾਂਗ ਤੰਬਾਕੂ ਦੇ ਧੂੰਏਂ ਦੇ ਬੱਦਲਾਂ ਵਿਚ ਨਹੀਂ ਗੁਆਚਣ ਦੇਣਗੇ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 31.05.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms