Thursday, May 26, 2011

ਨੀਂਦ ਕਿਉਂ ਨਹੀਂ ਆਉਂਦੀ? - ਡਾ: ਸਾਜਿਦ ਅਲੀਮ

ਪਿਛਲੇ ਦਿਨਾਂ ਵਿਚ ਇਕ ਸਰਵੇਖਣ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਹੁਣ ਜ਼ਿਆਦਾਤਰ ਲੋਕ ਰਾਤ ਨੂੰ ਸੌਣ ਦੀ ਬਜਾਏ ਦਫ਼ਤਰੀ ਕੰਮ ਨੂੰ ਨਿਪਟਾਉਣ ਵਿਚ ਲੱਗੇ ਰਹਿੰਦੇ ਹਨ। ਏਨਾ ਹੀ ਨਹੀਂ, ਨੀਂਦ ਨਾ ਆਉਣ ਦੀ ਸਮੱਸਿਆ ਵੀ ਵੱਧਦੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਔਰਤਾਂ ਨੀਂਦ ਨਾ ਆਉਣ ਦਾ ਸ਼ਿਕਾਰ ਹੋ ਰਹੀਆਂ ਹਨ।

ਕੁਝ ਔਰਤਾਂ ਕਹਿੰਦੀਆਂ ਹਨ ਕਿ ਉਹ ਸਾਰਾ ਦਿਨ ਕੰਮ ਕਰਦੀਆਂ ਹਨ ਅਤੇ ਰਾਤ ਨੂੰ ਥਕਾਵਟ ਮਹਿਸੂਸ ਕਰਦੀਆਂ ਹਨ। ਬਾਵਜੂਦ ਇਸ ਦੇ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ। ਸਾਰੀ ਰਾਤ ਸਿਰਫ਼ ਕਰਵਟ ਬਦਲਦਿਆਂ ਗੁਜ਼ਰ ਜਾਂਦੀ ਹੈ। ਇਸ ਸਬੰਧੀ ਕੁਝ ਔਰਤਾਂ ਕਹਿੰਦੀਆਂ ਹਨ ਕਿ ਉਨ੍ਹਾਂ ਲਈ ਕੁੱਲ 4 ਘੰਟਿਆਂ ਦੀ ਨੀਂਦ ਹੀ ਕਾਫੀ ਹੈ। ਅਸਲ ਵਿਚ ਉਨ੍ਹਾਂ ਨੂੰ ਇਸ ਤੋਂ ਜ਼ਿਆਦਾ ਨੀਂਦ ਨਹੀਂ ਆਉਂਦੀ। ਉਮਰ ਵਧਣ ਦੇ ਨਾਲ-ਨਾਲ ਇਹ ਸਮੱਸਿਆ ਹੋਰ ਵੀ ਗੰਭੀਰ ਹੁੰਦੀ ਜਾ ਰਹੀ ਹੈ। ਔਰਤਾਂ ਵਿਚ ਇਹ ਸਮੱਸਿਆ 40 ਫ਼ੀਸਦੀ ਤੱਕ ਪਹੁੰਚ ਗਈ ਹੈ ਜਦੋਂ ਕਿ ਮਰਦਾਂ ਵਿਚ ਇਹ 30 ਫ਼ੀਸਦੀ ਤੱਕ ਵਧ ਰਹੀ ਹੈ। ਸਵਾਲ ਹੈ ਆਖਰ ਹਰ ਗੁਜ਼ਰਦੇ ਦਿਨ ਦੇ ਨਾਲ ਲੋਕਾਂ ਵਿਚ ਨੀਂਦ ਏਨੀ ਘੱਟ ਕਿਉਂ ਹੁੰਦੀ ਜਾ ਰਹੀ ਹੈ?

ਦਰਅਸਲ ਨੀਂਦ ਨਾ ਆਉਣ ਦੇ ਕਈ ਕਾਰਨ ਹੁੰਦੇ ਹਨ। ਕੁਝ ਕਾਰਨ ਸਰੀਰਕ ਸਮੱਸਿਆਵਾਂ ਨਾਲ ਜੁੜੇ ਹੁੰਦੇ ਹਨ ਤਾਂ ਕੁਝ ਕਾਰਨ ਭਾਵਨਾਤਾਮਿਕ ਹੁੰਦੇ ਹਨ। ਡਾਕਟਰਾਂ ਅਨੁਸਾਰ ਨੀਂਦ ਨਾ ਆਉਣ ਦੀ ਸਥਿਤੀ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਪ੍ਰਾਇਮਰੀ ਅਤੇ ਸੈਕੰਡਰੀ। ਪ੍ਰਾਇਮਰੀ ਸਥਿਤੀ ਵਿਚ ਵਿਅਕਤੀ ਨੀਂਦ ਨਾ ਆਉਣ ਦਾ ਸ਼ਿਕਾਰ ਤਾਂ ਹੁੰਦਾ ਹੈ ਪਰ ਉਸ ਦਾ ਸਰੀਰਕ ਸਮੱਸਿਆਵਾਂ ਤੋਂ ਕੋਈ ਲੈਣ-ਦੇਣ ਨਹੀਂ ਹੁੰਦਾ। ਸੈਕੰਡਰੀ ਸਥਿਤੀ, ਪ੍ਰਾਇਮਰੀ ਸਥਿਤੀ ਦੇ ਮੁਕਾਬਲੇ ਕਾਫੀ ਘਾਤਕ ਅਤੇ ਪ੍ਰੇਸ਼ਾਨ ਕਰਨ ਵਾਲੀ ਹੁੰਦੀ ਹੈ। ਅਸਲ ਵਿਚ ਇਹ ਸਮੱਸਿਆ ਸਰੀਰਕ ਸਥਿਤੀ ਨਾਲ ਜੁੜੀ ਹੁੰਦੀ ਹੈ, ਜਿਵੇਂ : ਤਣਾਅ, ਅਸਥਮਾ ਆਦਿ ਸਮੱਸਿਆਵਾਂ। ਅੱਜਕਲ੍ਹ ਨੀਂਦ ਨਾ ਆਉਣ ਦੀ ਸਮੱਸਿਆ ਬੱਚਿਆਂ ਵਿਚ ਵੀ ਵਧਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਉਨ੍ਹਾਂ ਦੀ ਜੀਵਨਸ਼ੈਲੀ ਹੈ ਅਤੇ ਮਾਂ-ਬਾਪ ਵੱਲੋਂ ਪੜ੍ਹਾਈ ਦਾ ਦਬਾਅ।

ਜੇ ਨੀਂਦ ਨਾ ਆਉਣ ਦੀ ਸਮੱਸਿਆ ਇਕ ਜਾਂ ਦੋ ਦਿਨਾਂ ਦੀ ਹੋਵੇ ਤਾਂ ਇਹ ਜ਼ਿਆਦਾ ਘਾਤਕ ਨਹੀਂ ਹੁੰਦੀ। ਪਰ ਜੇ ਇਹ ਰੋਜ਼ਾਨਾ ਦਾ ਹਿੱਸਾ ਬਣ ਜਾਵੇ ਤਾਂ ਬਿਹਤਰ ਇਹੀ ਹੈ ਕਿ ਤੁਰੰਤ ਡਾਕਟਰ ਦੀ ਸਲਾਹ ਲਓ। ਕਿਉਂਕਿ ਰਾਤ ਦੀ ਨੀਂਦ ਹੀ ਨਿਰਧਾਰਿਤ ਕਰਦੀ ਹੈ ਕਿ ਤੁਹਾਡਾ ਅਗਲਾ ਦਿਨ ਕਿਹੋ ਜਿਹਾ ਹੋਵੇਗਾ। ਘੱਟ ਨੀਂਦ ਨਾਲ ਨਾ ਸਿਰਫ ਮਨ ਅਸ਼ਾਂਤ ਰਹਿੰਦਾ ਹੈ ਸਗੋਂ ਚਿੜਚਿੜਾਪਨ ਵੀ ਭਾਰੂ ਰਹਿੰਦਾ ਹੈ।

ਡਾਕਟਰਾਂ ਮੁਤਾਬਿਕ, 'ਕਈ ਦਿਨਾਂ ਤੋਂ ਨੀਂਦ ਨਾ ਆਉਣ ਦਾ ਸ਼ਿਕਾਰ ਹੋਣਾ ਨਾ ਸਿਰਫ਼ ਸਿਹਤ ਪੱਖੋਂ ਘਾਤਕ ਹੈ ਸਗੋਂ ਇਸ ਨਾਲ ਕਿਸੇ ਵੀ ਵਿਅਕਤੀ ਵਿਚ ਨਾਂਹ-ਪੱਖੀ ਵਿਚਾਰ ਉਤਪੰਨ ਹੋਣ ਲਗਦੇ ਹਨ। ਇਸ ਤੋਂ ਇਲਾਵਾ ਨੀਂਦ ਜੇ ਅੱਧੀ-ਅਧੂਰੀ ਹੋਵੇ ਤਾਂ ਉਹ ਹੋਰ ਵੀ ਜ਼ਿਆਦਾ ਨੁਕਸਾਨਦੇਹ ਹੁੰਦੀ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਜਦੋਂ ਵੀ ਸੋਂਵੋ, ਪੂਰੀ ਨੀਂਦ ਲਉ। ਆਪਣੀ ਕਿਸੇ ਵੀ ਸਮੱਸਿਆ ਨੂੰ ਬੈਡਰੂਮ ਤੱਕ ਨਾ ਲਿਜਾਓ।'

ਨੀਂਦ ਨਾ ਆਉਣ ਦੀ ਸਥਿਤੀ ਵਿਚ ਆਪਣੇ ਆਲੇ-ਦੁਆਲੇ ਦੇ ਮਾਹੌਲ ਨੂੰ ਵੀ ਬਦਲਿਆ ਜਾ ਸਕਦਾ ਹੈ। ਜੇ ਘਰ ਵਿਚ ਜਾਂ ਆਲੇ-ਦੁਆਲੇ ਸ਼ੋਰ ਹੁੰਦਾ ਹੈ ਤਾਂ ਕੋਸ਼ਿਸ਼ ਕਰੋ ਕਿ ਉਹ ਸ਼ੋਰ ਬੰਦ ਹੋ ਜਾਏ। ਇਸ ਤੋਂ ਇਲਾਵਾ ਸੌਣ ਲਈ ਕੌਫੀ, ਚਾਹ ਆਦਿ ਦਾ ਸਹਾਰਾ ਨਾ ਲਓ। ਕਿਉਂਕਿ ਇਨ੍ਹਾਂ ਕਰਕੇ ਨੀਂਦ ਨਹੀਂ ਆਉਂਦੀ ਸਗੋਂ ਪੂਰੀ ਰਾਤ ਥਕਾਵਟ ਮਹਿਸੂਸ ਹੁੰਦੀ ਹੈ। ਏਨਾ ਹੀ ਨਹੀਂ, ਰਾਤ ਨੂੰ ਖਾਲੀ ਪੇਟ ਕਦੇ ਨਾ ਸੌਂਵੋ। ਰਾਤ ਨੂੰ ਖਾਣਾ ਨਾ ਖਾ ਕੇ ਸੌਣ ਨਾਲ ਬਦਹਜ਼ਮੀ ਹੋ ਸਕਦੀ ਹੈ। ਜ਼ਿਆਦਾਤਰ ਪ੍ਰੇਸ਼ਾਨੀ ਅਤੇ ਤਣਾਅ ਹੀ ਨੀਂਦ ਨਾ ਆਉਣ ਦਾ ਕਾਰਨ ਹੁੰਦੇ ਹਨ। ਅਜਿਹੀ ਸਥਿਤੀ ਵਿਚ ਰਾਤ ਨੂੰ ਸੌਣ ਤੋਂ ਪਹਿਲਾਂ ਹਲਕੇ ਕੋਸੇ ਪਾਣੀ ਨਾਲ ਨਹਾ ਸਕਦੇ ਹੋ। ਇਸ ਨਾਲ ਬਿਸਤਰ 'ਤੇ ਲੇਟਣ ਨਾਲ ਵੀ ਕਾਫੀ ਆਰਾਮ ਮਿਲਦਾ ਹੈ।
(ਇਮੇਜ ਰਿਫਲੈਕਸ਼ਨ ਸੈਂਟਰ)
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 14.05.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms