Sunday, May 15, 2011

ਚੈਟਿੰਗ ਵਿਚ ਚੀਟਿੰਗ ਕਿਉਂ? (ਸਾਈਬਰ ਸੰਸਾਰ) - ਸੀ. ਪੀ. ਕੰਬੋਜ

ਇੰਟਰਨੈੱਟ ਦੇ ਜ਼ਰੀਏ ਦੋ ਜਾਂ ਦੋ ਤੋਂ ਵੱਧ ਲੋਕਾਂ ਦਰਮਿਆਨ ਹੋਣ ਵਾਲੇ ਲਿਖਤੀ ਸੰਵਾਦ ਨੂੰ ਚੈਟਿੰਗ ਦਾ ਨਾਮ ਦਿੱਤਾ ਗਿਆ ਹੈ। ਇਸ ਦਾ ਫ਼ਾਇਦਾ ਇਹ ਹੈ ਕਿ ਆਪ ਸੱਤ ਸਮੁੰਦਰੋਂ ਪਾਰ ਕਿਸੇ ਦੂਸਰੇ ਦੇਸ਼ ਵਿਚ ਬੈਠੇ ਵਿਅਕਤੀ ਨਾਲ ਢੇਰ ਸਾਰੀ ਪਾਠ, ਆਵਾਜ਼ ਅਤੇ ਵੀਡੀਓ ਜਾਣਕਾਰੀ ਸਾਂਝੀ ਕਰ ਸਕਦੇ ਹੋ। ਇਸ ਨਾਲ ਤੁਸੀਂ ਆਨ-ਲਾਈਨ ਬੈਠੇ ਕਿਸੇ ਦੂਸਰੇ ਵਿਅਕਤੀ ਨਾਲ ਸਿੱਧਾ ਜੁੜ ਸਕਦੇ ਹੋ, ਉਸ ਨੂੰ ਸਵਾਲ ਕਰ ਸਕਦੇ ਹੋ ਤੇ ਉਸ ਦਾ ਜਵਾਬ ਉਸੇ ਸਮੇਂ ਆਪਣੀ ਸਕਰੀਨ 'ਤੇ ਪੜ੍ਹ ਸਕਦੇ ਹੋ। ਆਨ-ਲਾਈਨ ਸਮੂਹਿਕ (ਗਰੁੱਪ) ਚੈਟ ਦੀ ਵਿਧੀ ਨਾਲ ਸੰਪਰਕ ਸੂਚੀ ਵਿਚ ਸ਼ਾਮਿਲ ਇਕ ਤੋਂ ਜ਼ਿਆਦਾ ਵਿਅਕਤੀਆਂ ਨੂੰ ਵੀ ਸਿੱਧੇ ਸੰਦੇਸ਼ ਭੇਜੇ ਜਾ ਸਕਦੇ ਹਨ। ਇਹ ਇਕ ਦੋਸਤਾਨਾ ਗਤੀਵਿਧੀ ਹੈ ਜਿਸ ਰਾਹੀਂ ਆਪਣੀ ਹੀ ਕਿਸਮ ਦਾ ਇਕ ਵਾਸਤਵਿਕ ਸੰਸਾਰ ਸਿਰਜਿਆ ਜਾ ਸਕਦਾ ਹੈ। ਇਹ ਅਜੋਕੀ ਨੌਜਵਾਨ ਪੀੜ੍ਹੀ ਦੁਆਰਾ ਸਭ ਤੋਂ ਵੱਧ ਵਰਤੀ ਜਾ ਰਹੀ ਹੈ।

ਇਨਸਟੈਂਟ ਚੈਟਿੰਗ (Instant Chatting)
ਇਨਸਟੈਂਟ ਚੈਟਿੰਗ ਦੀਆਂ ਅਨੇਕਾਂ ਵਿਸ਼ੇਸ਼ਤਾਵਾਂ ਹਨ। ਇਨ੍ਹਾਂ ਵਿਚੋਂ ਟੈਕਸਟ ਸੰਦੇਸ਼ ਭੇਜਣਾ, ਵੈੱਬ ਕੌਮ ਰਾਹੀਂ ਵੀਡੀਓ ਚੈਟ ਕਰਨਾ, ਮਾਈਕ੍ਰੋਫ਼ੋਨ ਰਾਹੀਂ ਵਾਇਸ ਚੈਟ ਕਰਨਾ, ਫਾਈਲਾਂ ਦਾ ਅਦਾਨ-ਪ੍ਰਦਾਨ ਕਰਨਾ, ਮਿੱਤਰ ਬਣਾਉਣਾ, ਵਧਾਉਣਾ ਤੇ ਪ੍ਰਬੰਧ ਕਰਨਾ, ਹਾਲ ਹੀ ਵਿਚ ਕੀਤੀ ਗਈ ਚੈਟ ਦਾ ਇਤਿਹਾਸ ਦੇਖਣ, ਬਹੁ ਭਾਸ਼ਾਈ ਚੈਟਿੰਗ ਕਰਨਾ, ਆਫ਼-ਲਾਈਨ ਸੰਦੇਸ਼ ਭੇਜਣਾ ਤੇ ਪ੍ਰਾਪਤ ਕਰਨਾ ਆਦਿ ਪ੍ਰਮੁੱਖ ਹਨ।

ਚੈਟਿੰਗ ਦੀਆਂ ਕਿਸਮਾਂ:
ਆਮ ਤੌਰ ਤੇ ਚੈਟਿੰਗ ਤਿੰਨ ਕਿਸਮ ਦੀ ਹੁੰਦੀ ਹੈ- ਟੈਕਸਟ (ਪਾਠ) ਆਧਾਰਿਤ, ਆਵਾਜ਼ (ਆਡੀਓ) ਅਤੇ ਵੀਡੀਓ ਚੈਟਿੰਗ। ਟੈਕਸਟ ਚੈਟਿੰਗ ਸਭ ਤੋਂ ਪੁਰਾਣੀ ਅਤੇ ਲੋਕਪ੍ਰਿਆ ਚੈਟਿੰਗ ਹੈ। ਇਸ ਵਿਚ ਤੁਸੀਂ ਇਕ ਤੋਂ ਵੱਧ ਵਿਅਕਤੀਆਂ ਨਾਲ ਚੈਟਿੰਗ ਕਰ ਸਕਦੇ ਹੋ ਜਿਸ ਨਾਲ ਕਾਨਫਰੰਸਿੰਗ ਵਰਗਾ ਮਾਹੌਲ ਪੈਦਾ ਹੋ ਜਾਂਦਾ ਹੈ। ਇਹ ਚੈਟਿੰਗ ਦੀ ਤੇਜ਼ ਤਰਾਰ ਕਿਸਮ ਹੈ। ਦੂਜੇ ਪਾਸੇ, ਮਲਟੀਮੀਡੀਆ ਚੈਟਿੰਗ ਵਿਚ ਤੁਸੀਂ ਬੋਲ ਕੇ ਗੱਲ ਵੀ ਕਰ ਸਕਦੇ ਹੋ। ਇਸ ਰਾਹੀਂ ਇੰਟਰਨੈੱਟ 'ਤੇ ਲਾਈਵ ਵੀਡੀਓ ਰਾਹੀਂ ਆਪਣਾ ਸੰਪਰਕ ਸਥਾਪਿਤ ਕਰ ਸਕਦੇ ਹੋ। ਇੰਟਰਨੈੱਟ 'ਤੇ ਆਵਾਜ਼ ਅਤੇ ਵੀਡੀਓ ਦੀ ਗਤੀ ਧੀਮੀ ਹੋ ਜਾਂਦੀ ਹੈ ਜਿਸ ਕਾਰਨ ਇਸ ਨੂੰ ਸਿਰਫ਼ ਤੇਜ਼ ਰਫ਼ਤਾਰ ਵਾਲੇ ਇੰਟਰਨੈੱਟ ਕੁਨੈਕਸ਼ਨ 'ਤੇ ਹੀ ਵਰਤਿਆ ਜਾ ਸਕਦਾ ਹੈ।

ਚੈਟਿੰਗ ਦੇ ਲਾਭ
ਚੈਟਿੰਗ ਦੇ ਸਾਨੂੰ ਅਨੇਕਾਂ ਲਾਭ ਹਨ। ਇਸ ਦੀ ਮਦਦ ਨਾਲ ਅਸੀਂ ਮੁਫ਼ਤ ਵਿਚ ਜਾਂ ਬਹੁਤ ਹੀ ਸਸਤੀ ਦਰ 'ਤੇ ਵਿਦੇਸ਼ਾਂ ਵਿਚ ਬੈਠੇ ਦੋਸਤਾਂ ਜਾਂ ਸਕੇ ਸੰਬੰਧੀਆਂ ਨਾਲ ਗੱਲਬਾਤ ਕਰ ਸਕਦੇ ਹਾਂ। ਇਸ ਦੀ ਮਦਦ ਨਾਲ ਆਪਣੇ ਗਿਆਨ ਅਤੇ ਵਪਾਰ ਵਿਚ ਵਾਧਾ ਕੀਤਾ ਜਾ ਸਕਦਾ ਹੈ। ਇਹ ਮਨੋਰੰਜਨ ਦਾ ਵੀ ਇਕ ਮਹੱਤਵਪੂਰਨ ਸਾਧਨ ਹੈ। ਇਸ ਦੀ ਮਦਦ ਨਾਲ ਨਵੇਂ ਦੋਸਤ ਬਣਾਏ ਜਾ ਸਕਦੇ ਹਨ 'ਤੇ ਪੁਰਾਣਿਆਂ ਨਾਲ ਸੰਪਰਕ 'ਚੋਂ ਰਿਹਾ ਜਾ ਸਕਦਾ ਹੈ।

Messenger (ਮਸੈਂਜਰ)
ਮਸੈਂਜਰ ਇਕ ਅਜਿਹਾ ਪ੍ਰੋਗਰਾਮ ਹੈ ਜੋ ਤੁਹਾਨੂੰ ਚੈਟਿੰਗ ਕਰਨ ਦੀ ਸੁਵਿਧਾ ਪ੍ਰਦਾਨ ਕਰਵਾਉਂਦਾ ਹੈ ਤੇ ਤੁਸੀਂ ਸੁਨੇਹੇ ਭੇਜ ਸਕਦੇ ਹੋ। ਇਸ ਵਿਚ ਤੁਸੀਂ ਆਪਣੇ ਦੋਸਤਾਂ ਦੀ ਸੰਪਰਕ ਸੂਚੀ (Contact List) ਸ਼ਾਮਿਲ ਕਰ ਸਕਦੇ ਹੋ।
ਵਿੰਡੋਜ਼ ਲਾਈਵ ਮਸੈਂਜਰ ਇਕ ਮਹੱਤਵਪੂਰਨ ਮਸੈਂਜਰ ਹੈ। ਇਸ ਵਿਚ ਸੰਦੇਸ਼ (Message) ਭੇਜਣ ਦੇ ਨਾਲ-ਨਾਲ ਵਾਇਸ ਵੈੱਬ ਕੌਮ (Voice Webcom) ਅਤੇ ਫਾਈਲ ਸ਼ੇਅਰਿੰਗ (File Sharing) ਦੀ ਸੁਵਿਧਾ ਵੀ ਉਪਲਬਧ ਹੈ।

ਯਾਹੂ ਮਸੈਂਜਰ
ਯਾਹੂ ਮਸੈਂਜਰ ਮੁਫ਼ਤ ਵਿਚ ਪ੍ਰਦਾਨ ਕੀਤਾ ਇਕ ਸ਼ਕਤੀਸ਼ਾਲੀ ਪ੍ਰੋਗਰਾਮ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਜਦੋਂ ਸਾਨੂੰ ਕੋਈ ਨਵਾਂ ਈ-ਮੇਲ ਪ੍ਰਾਪਤ ਹੁੰਦਾ ਹੈ ਤਾਂ ਇਹ ਸਾਨੂੰ ਆਪਣੇ ਆਪ ਸੂਚਿਤ ਕਰ ਦਿੰਦਾ ਹੈ। ਯਾਹੂ ਪੀ.ਸੀ. ਤੋਂ ਪੀ.ਸੀ., ਪੀ.ਸੀ. ਤੋਂ ਫ਼ੋਨ, ਫ਼ੋਨ ਤੋਂ ਪੀ.ਸੀ. ਫਾਈਲ ਸਥਾਨ-ਅੰਤਰਨ, ਵੈੱਬ ਕੌਮ ਹਾਸਟਿੰਗ, ਐਸ. ਐਮ. ਐਸ. ਅਤੇ ਚੈਟ ਰੂਮ ਜਿਹੀਆਂ ਸੇਵਾਵਾਂ ਪ੍ਰਦਾਨ ਕਰਵਾਉਂਦਾ ਹੈ। ਪਰ ਧਿਆਨ ਰਹੇ ਇਸ ਦੀ ਮਦਦ ਨਾਲ ਕੰਪਿਊਟਰ ਤੋਂ ਮੋਬਾਈਲ ਫ਼ੋਨ 'ਤੇ ਗੱਲ ਕਰਨ ਲਈ ਖ਼ਰਚ ਆਉਂਦਾ ਹੈ।

ਅਸਕਾਈਪ (Skype) -ਇਹ ਇਕ ਅਜਿਹਾ ਸ਼ਕਤੀਸ਼ਾਲੀ ਸਾਫ਼ਟਵੇਅਰ ਹੈ ਜੋ ਵਰਤੋਂਕਾਰਾਂ ਨੂੰ ਇੰਟਰਨੈੱਟ 'ਤੇ ਵਾਈਸ ਚੈਟਿੰਗ (ਇਕ ਦੂਜੇ ਦੀ ਗੱਲ ਸੁਣ ਕੇ) ਅਤੇ ਫ਼ੋਨ ਕਰਨ ਦੀ ਸੁਵਿਧਾ ਦਿੰਦਾ ਹੈ। ਇਸ ਨਾਲ ਤੁਸੀਂ ਵੀਡੀਓ ਕਾਨਫਰੰਸਿੰਗ ਵੀ ਕਰ ਸਕਦੇ ਹੋ। ਗੌਰਤਲਬ ਹੈ ਕਿ ਵੀਅਤਨਾਮ, ਅਸਟਰੇਲੀਆ, ਆਦਿ ਦੇਸ਼ਾਂ ਵਿਚ ਅਸਕਾਈਪ ਦੀ ਸੁਵਿਧਾ ਮੋਬਾਈਲ ਫੋਨਾਂ ਵਿਚ ਹੀ ਉਪਲਬਧ ਹੈ।

ਗੂਗਲ ਟਾਕ (Goggle Talk ) -ਇਹ ਗੂਗਲ ਦੀ ਇਕ ਮੁਫ਼ਤ ਸੇਵਾ ਹੈ। ਗੂਗਲ ਟਾਕ ਵਿਚ ਆਵਾਜ਼ ਅਤੇ ਵੀਡੀਓ ਚੈਟਿੰਗ ਲਈ ਤੁਹਾਡੇ ਕੋਲ ਵੈੱਬ ਕੌਮ ਹੋਣਾ ਜ਼ਰੂਰੀ ਹੈ। ਇਸ 'ਤੇ ਆਫ਼-ਲਾਈਨ (ਇੰਟਰਨੈੱਟ ਨਾਲ ਨਾ ਜੁੜੇ ਹੋਣ ਦੀ ਸੂਰਤ ਵਿਚ) ਸੰਦੇਸ਼ ਸੁਵਿਧਾ ਵੀ ਉਪਲਬਧ ਹੈ। ਇਹ ਦਰਜ ਹੋਈ ਸੰਪਰਕ ਸੂਚੀ ਨੂੰ ਆਨ-ਲਾਈਨ ਹੋਣ ਦੀ ਸੂਰਤ ਵਿਚ ਵੀ ਸੰਦੇਸ਼ ਭੇਜਣ ਦੀ ਪ੍ਰਵਾਨਗੀ ਦਿੰਦਾ ਹੈ। ਜਦੋਂ ਉਹ ਅਗਲੀ ਵਾਰ ਆਨ-ਲਾਈਨ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਸੰਦੇਸ਼ ਪ੍ਰਾਪਤ ਹੋ ਜਾਂਦਾ ਹੈ। ਇਸ ਸਥਿਤੀ ਵਿਚ ਭੇਜਣ ਵਾਲੇ ਦਾ ਆਨ-ਲਾਈਨ ਰਹਿਣਾ ਜ਼ਰੂਰੀ ਨਹੀਂ ਹੁੰਦਾ।

ਚੈਟ ਰੂਮ (Chat Room) - ਚੈਟ ਰੂਮ ਆਨ-ਲਾਈਨ (ਇੰਟਰਨੈੱਟ ਨਾਲ ਜੁੜੇ ਹੋਏ) ਲੋਕਾਂ ਦੇ ਵਿਲੱਖਣ ਸਮੂਹ ਹੁੰਦੇ ਹਨ। ਇਹ ਦੋ ਪ੍ਰਕਾਰ ਦੇ ਹੁੰਦੇ ਹਨ- ਪਹਿਲੇ ਜਨਤਕ ਜੋ ਸਾਰਿਆਂ ਲਈ ਖੁੱਲ੍ਹੇ ਹੁੰਦੇ ਹਨ ਤੇ ਦੂਸਰੇ ਨਿੱਜੀ ਜਿੱਥੇ ਸਿਰਫ਼ ਸਬੰਧਿਤ ਸਮੂਹ ਦੇ ਵਿਅਕਤੀ ਹੀ ਸ਼ਾਮਿਲ ਹੋ ਸਕਦੇ ਹਨ। ਬਿਜ਼ਨੈੱਸ, ਰਾਜਨੀਤਕ, ਅਜਨਬੀ, ਪਰਿਵਾਰਿਕ, ਰੋਮਾਂਸ, ਮਾਨਵ ਆਦਿ ਚੈਟ ਰੂਮ ਦੀਆਂ ਕੁਝ ਮਹੱਤਵਪੂਰਨ ਸ਼੍ਰੇਣੀਆਂ ਹਨ।

ਇੰਟਰਨੈੱਟ ਰਿਲੇ ਚੈਟ (Internet Relay Chat) -ਇਹ ਇਕ ਟੈਕਸਟ ਆਧਾਰਿਤ ਚੈਟ ਪ੍ਰਣਾਲੀ ਹੈ। ਇਹ ਦੁਨੀਆ ਭਰ ਦੇ ਕਰੋੜਾ ਲੋਕਾਂ ਨੂੰ ਵਾਸਤਵਿਕ ਸਮੇਂ ਵਿਚ ਗੱਲਬਾਤ ਕਰਨ ਦਾ ਮੌਕਾ ਮੁਹੱਈਆ ਕਰਵਾਉਂਦੀ ਹੈ। ਇਹ ਮੁੱਖ ਤੌਰ 'ਤੇ ਵੱਖ-ਵੱਖ ਚਰਚਾ ਮੰਚਾਂ (ਸਮੂਹਾਂ) ਦਰਮਿਆਨ ਸੰਚਾਰ ਪ੍ਰਵਾਹ ਸਥਾਪਿਤ ਕਰਨ ਲਈ ਵਰਤੀ ਜਾਂਦੀ ਹੈ।

ਇਸ ਤੋਂ ਬਿਨਾਂ ਏ. ਓ. ਐਲ. (AOL), (Meebo) ਆਦਿ ਸਾਫ਼ਟਵੇਅਰ ਫੇਸਬੁੱਕ, ਯਾਹੂ ਆਦਿ ਦੀਆਂ ਸੁਵਿਧਾਵਾਂ ਇਕ ਹੀ ਵਾਤਾਵਰਨ ਵਿਚ ਮੁਹੱਈਆ ਕਰਵਾਉਂਦੇ ਹਨ। ਕੁਝ ਹੋਰ ਪ੍ਰੋਗਰਾਮ ਹਨ ਜੋ ਚੈਟਿੰਗ, ਐਸ. ਐਮ. ਐਸ., ਵੀਡੀਓ ਕਾਰਫਰੈਂਸਿੰਗ ਆਦਿ ਦੀਆਂ ਸੇਵਾਵਾਂ ਪ੍ਰਦਾਨ ਕਰਵਾਉਣ ਲਈ ਫੇਸਬੁਕ ਵਰਗੀਆਂ ਸਮਾਜਿਕ ਵੈੱਬਸਾਈਟਾਂ ਨੂੰ ਪੂਰਾ ਸਮਰਥਨ ਦਿੰਦੇ ਹਨ।

ਮੋਬਾਈਲ ਚੈਟਿੰਗ (Mobile Chatting) - ਮੋਬਾਈਲ ਫ਼ੋਨ 'ਤੇ ਚੈਟਿੰਗ ਕਰਨ ਦਾ ਰਿਵਾਜ ਵੀ ਜ਼ੋਰ ਪਕੜ ਚੁੱਕਾ ਹੈ। ਕਈ ਵੈੱਬਸਾਈਟਾਂ ਅਜਿਹੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਮੁਫ਼ਤ ਵਿਚ ਚੈਟਿੰਗ ਕਰ ਸਕਦੇ ਹਾਂ। ਇਹਨਾਂ ਵੈੱਬਸਾਈਟਾਂ ਵਿਚੋਂ prodigits.co.uk, chat_zone.mobi, wikichat.com ਆਦਿ ਦਾ ਨਾਂ ਜ਼ਿਕਰਯੋਗ ਹੈ।

ਚੈਟਿੰਗ ਵਿਚ ਚੀਟਿੰਗ
ਦਰਅਸਲ ਇੰਟਰਨੈੱਟ ਗਿਆਨ ਦੇ ਇਕ ਗਹਿਰੇ ਸਮੁੰਦਰ ਦੀ ਤਰ੍ਹਾਂ ਹੈ ਜਿਸ ਵਿਚ ਚੁੱਭੀ ਮਾਰ ਕੇ ਕੋਈ ਮੋਤੀ ਢੂੰਡ ਲਿਆਉਂਦਾ ਹੈ ਤੇ ਕਈਆਂ ਨੂੰ ਧੋਖਾਧੜੀ ਦਾ ਸ਼ਿਕਾਰ ਹੋਣ ਕਰ ਕੇ ਘੋਘੇ ਹੀ ਮੱਥੇ ਲਗਦੇ ਹਨ। ਅਜੀਤ ਦੇ ਪਾਠਕ ਚੈਟਿੰਗ ਦੌਰਾਨ ਚੀਟਿੰਗ ਦਾ ਸਾਹਮਣਾ ਨਾ ਕਰਨ ਇਸ ਲਈ ਹੇਠਾਂ ਦਿੱਤੇ ਕੁਝ ਸਿੱਕੇਬੰਦ ਤਰੀਕੇ ਦੱਸ ਰਿਹਾ ਹਾਂ: ਚੈਟ ਰੂਮ ਵਿਚ ਨਿੱਜੀ ਜਾਣਕਾਰੀ ਦੇਣ ਤੋਂ ਪਾਸਾ ਵੱਟ ਜਾਓ। ਪਤਾ ਅਤੇ ਫ਼ੋਨ ਨੰਬਰ ਤਾਂ ਭੁੱਲ ਕੇ ਵੀ ਨਾ ਦਿਓ।

ਕਈ ਵਾਰ ਲੋਕ ਤੁਹਾਡੇ ਨਾਲ ਐਮ. ਐਸ. ਐਨ., ਯਾਹੂ, ਰੈਡਿਫ, ਗੂਗਲ ਅਤੇ ਸਮਾਜਿਕ ਨੈੱਟਵਰਕ ਸਾਈਟਾਂ ਦੇ ਜ਼ਰੀਏ (ਈ-ਮੇਲ ਸੰਦੇਸ਼ਾਂ ਰਾਹੀ) ਸੰਪਰਕ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਅਣਪਛਾਤੇ ਲੋਕਾਂ ਦੇ ਸੰਦੇਸ਼ਾਂ ਨੂੰ ਫ਼ੌਰਨ ਹਟਾ ਦਿਓ ਤੇ ਉਨ੍ਹਾਂ ਨਾਲ ਜਵਾਬ ਦੇਣ ਜਾਂ ਜੁੜਨ ਦੀ ਪ੍ਰਕਿਰਿਆ ਵਿਚ ਨਾ ਪਵੋ।

ਚੈਟ ਰੂਮ ਤੋਂ ਆਨ-ਲਾਈਨ ਟਰੇਡਿੰਗ/ਵਪਾਰਿਕ ਵਿਕਲਪ ਬੜਾ ਸੋਚ ਸਮਝ ਕੇ ਚੁਣੋ। ਇੱਥੋਂ ਕੋਈ ਤੁਹਾਡਾ ਬੈਂਕ ਖਾਤਾ ਨੰਬਰ ਅਤੇ ਕਰੈਡਿਟ ਕਾਰਡ ਨੰਬਰ ਜਾਣ ਕੇ ਚੀਟਿੰਗ ਕਰ ਸਕਦਾ ਹੈ।

ਕਦੇ ਵੀ ਰਾਤੋ-ਰਾਤ ਅਮੀਰ ਬਣਾਉਣ ਵਾਲੇ ਸੰਦੇਸ਼ਾਂ ਦੇ ਜਾਲ ਵਿਚ ਨਾ ਫਸੋ। ਇਸ ਨਾਲ ਹਮੇਸ਼ਾ ਠੱਗੀ ਹੀ ਹੁੰਦੀ ਹੈ। ਨਾਈਜੀਰੀਆ ਦੀਆਂ ਕੁਝ ਕੰਪਨੀਆਂ ਅਕਸਰ ਹੀ ਲੋਕਾਂ ਨੂੰ ਮੋਮੋ-ਠੱਗਣੇ ਸੰਦੇਸ਼ ਭੇਜ ਕੇ ਠਗਦੀਆਂ ਰਹਿੰਦੀਆਂ ਹਨ।

ਚੈਟਿੰਗ ਕਰਨ ਉਪਰੰਤ ਵੈੱਬਸਾਈਟ ਨੂੰ ਠੀਕ ਢੰਗ ਨਾਲ ਲਾਗ-ਆਉਟ ਕਰ ਦਿਓ। ਕਿਧਰੇ ਅਜਿਹਾ ਨਾ ਹੋਵੇ ਕਿ ਬਾਅਦ ਵਿਚ ਉਸ ਕੰਪਿਊਟਰ 'ਤੇ ਬੈਠਣ ਵਾਲਾ ਵਿਅਕਤੀ ਤੁਹਾਡੇ ਹੀ ਅਕਾਊਂਟ ਵਿਚ ਵੜ ਕੇ ਧੋਖਾ ਦੇ ਦੇਵੇ।
ਸੀ. ਪੀ. ਕੰਬੋਜ
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 01, 08, 15.05.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms