Thursday, March 17, 2011

ਪਤੀ-ਪਤਨੀ ਦੋਵੇਂ ਦੇਣ ਇਕ-ਦੂਜੇ ਨੂੰ ਬਰਾਬਰਤਾ - ਕੰਵਲ ਵਾਲੀਆ

ਗ੍ਰਹਿਸਥ ਜੀਵਨ ਵਿਸ਼ਵਾਸ ਦੇ ਸਿਰ 'ਤੇ ਚਲਦਾ ਹੈ। ਪਤੀ-ਪਤਨੀ ਨੂੰ ਇਕ-ਦੂਜੇ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਜਦੋਂ ਕਦੇ ਵੀ ਇਕ-ਦੂਜੇ ਵਿਚ ਵਿਸ਼ਵਾਸ ਨਹੀਂ ਰਹਿੰਦਾ ਤੇ ਇਕ-ਦੂਜੇ 'ਤੇ ਸ਼ੱਕ ਕੀਤਾ ਜਾਵੇ ਤਾਂ ਗ੍ਰਹਿਸਥ ਰੂਪੀ ਗੱਡੀ ਅੱਜ ਵੀ ਡਗਮਗਾਈ ਤੇ ਕੱਲ੍ਹ ਵੀ ਡਗਮਗਾਈ। ਗ੍ਰਹਿਸਥ ਜੀਵਨ ਚਲਾਉਣ ਲਈ ਆਪਸੀ ਪਿਆਰ, ਵਿਸ਼ਵਾਸ ਤੇ ਇਕ-ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਹਰ ਇਕ ਆਦਮੀ ਦੀ ਆਪਣੀ ਪਸੰਦ ਤੇ ਆਪਣੇ ਖਿਆਲ ਹੁੰਦੇ ਹਨ। ਉਨ੍ਹਾਂ ਨੂੰ ਜ਼ਬਰਦਸਤੀ ਆਪਣੇ ਵਿਚਾਰਾਂ ਨਾਲ ਢਾਲਿਆ ਨਹੀਂ ਜਾ ਸਕਦਾ ਪਰ ਫਿਰ ਵੀ ਕਿਸੇ ਦੇ ਵਿਚਾਰਾਂ ਨੂੰ ਬਦਲਣ ਲਈ ਕੁਝ ਦਲੀਲਾਂ ਦੇ ਕੇ ਸਹਿਮਤ ਕਰਵਾਇਆ ਜਾ ਸਕਦਾ ਹੈ। ਇਸ ਵਰਗੀ ਕੋਈ ਰੀਸ ਨਹੀਂ ਜੇ ਆਪਸੀ ਸਹਿਮਤੀ ਨਾਲ ਕੋਈ ਕੰਮ ਕੀਤਾ ਜਾਵੇ।

ਜੇ ਕੋਈ ਵੀ ਕੰਮ ਇਕ-ਦੂਜੇ ਤੋਂ ਪੁੱਛੇ ਬਗੈਰ ਚੋਰੀ ਕੀਤਾ ਜਾਵੇ ਤੇ ਬਾਅਦ ਵਿਚ ਭੇਦ ਖੁੱਲ੍ਹ ਜਾਵੇ ਤਾਂ ਇਕ-ਦੂਜੇ ਵਿਚ ਵਿਸ਼ਵਾਸ ਰੂਪੀ ਡੋਰ ਟੁੱਟ ਜਾਂਦੀ ਹੈ। ਦੋਵੇਂ ਹੀ ਇਕ-ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ, ਇਹ ਸੋਚ ਕੇ ਕਿ ਪਤਾ ਨਹੀਂ ਕਿੰਨੀਆਂ ਕੁ ਗੱਲਾਂ ਛੁਪਾਈਆਂ ਗਈਆਂ ਹੋਣਗੀਆਂ। ਇਕ ਵਾਰ ਸ਼ੱਕ ਪੈ ਜਾਵੇ ਤਾਂ ਛੇਤੀ ਮਨਾਂ ਵਿਚੋਂ ਕੱਢਿਆ ਨਹੀਂ ਜਾ ਸਕਦਾ, ਜਿਸ ਨਾਲ ਘਰ ਵਿਚ ਨਿੱਕੀ-ਨਿੱਕੀ ਗੱਲ 'ਤੇ ਲੜਾਈ ਪੈ ਜਾਂਦੀ ਹੈ ਤੇ ਘਰ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ। ਇਸ ਅਸ਼ਾਂਤੀ ਦਾ ਪ੍ਰਭਾਵ ਘਰ ਦੇ ਬਾਕੀ ਮੈਂਬਰਾਂ 'ਤੇ ਵੀ ਪੈਂਦਾ ਹੈ। ਘਰ ਦਾ ਹਰ ਜੀਅ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਜਾਂਦਾ ਹੈ। ਘਰ ਵਿਚ ਲੜਾਈ-ਝਗੜੇ ਦਾ ਮਾਹੌਲ ਕਿਸੇ ਨੂੰ ਵੀ ਖੁਸ਼ੀ ਪ੍ਰਦਾਨ ਨਹੀਂ ਕਰਦਾ, ਸਗੋਂ ਆਪਸੀ ਮਨਮੁਟਾਵ ਵਾਲਾ ਮਾਹੌਲ ਪੈਦਾ ਹੋ ਜਾਂਦਾ ਹੈ। ਜੇ ਇਕ ਵਾਰ ਮਨਾਂ ਵਿਚ ਸ਼ੱਕ ਜਾਂ ਵਹਿਮ ਪੈ ਗਿਆ ਤਾਂ ਕਈ ਵਾਰ ਖਤਰਨਾਕ ਰੂਪ ਧਾਰਨ ਕਰ ਲੈਂਦਾ ਹੈ। ਇਸ ਨਾਲ ਨੌਬਤ ਲੜਾਈ-ਝਗੜੇ ਦੀ ਤਾਂ ਆਉਣੀ ਹੀ ਹੈ, ਇਸ ਤੋਂ ਇਲਾਵਾ ਕਈ ਵਾਰ ਜਾਨਾਂ ਵੀ ਚਲੀਆਂ ਜਾਂਦੀਆਂ ਹਨ ਤੇ ਤਲਾਕ ਵੀ ਹੋ ਜਾਂਦੇ ਹਨ। ਵਸਦੇ-ਰਸਦੇ ਘਰ ਬਰਬਾਦ ਹੋ ਜਾਂਦੇ ਹਨ।

ਸਮਾਜ ਵਿਚ ਰਹਿੰਦੇ ਹੋਏ ਸਾਨੂੰ ਕਈ ਮੌਕਿਆਂ 'ਤੇ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਨਾਲ ਤੋਹਫਿਆਂ ਦਾ ਅਦਾਨ-ਪ੍ਰਦਾਨ ਕਰਨਾ ਪੈਂਦਾ ਹੈ। ਕੋਈ ਤਿਉਹਾਰ, ਮੌਕੇ ਜਾਂ ਕਿਸੇ ਘਰ ਕੋਈ ਖੁਸ਼ੀਆਂ ਦੇ ਮੌਕੇ ਹੁੰਦੇ ਹਨ, ਜਿਥੇ ਕਿਸੇ ਨੂੰ ਸ਼ਗਨ ਪਾਉਣਾ ਹੁੰਦਾ ਹੈ ਜਾਂ ਕੋਈ ਤੋਹਫਾ ਦੇਣਾ ਹੁੰਦਾ ਹੈ ਤਾਂ ਆਪਸ ਵਿਚ ਇਕ-ਦੂਜੇ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਨੂੰ ਕੀ ਦਿੱਤਾ ਜਾ ਰਿਹਾ ਹੈ। ਜੇ ਪਤੀ-ਪਤਨੀ ਇਕ-ਦੂਜੇ ਤੋਂ ਚੋਰੀ ਰੱਖ ਕੇ ਕੋਈ ਚੀਜ਼ ਕਿਸੇ ਨੂੰ ਦਿੰਦੇ ਹਨ ਤਾਂ ਜਦੋਂ ਸੱਚ ਸਾਹਮਣੇ ਆ ਜਾਵੇਗਾ ਤਾਂ ਉਸ ਵੇਲੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇਗਾ ਤੇ ਫਿਰ ਸ਼ੱਕ ਦੀ ਦਰਾਰ ਪੈ ਜਾਵੇਗੀ।

ਜੇਕਰ ਕੋਈ ਗੱਲ ਦੱਸਣ ਜਾਂ ਕਰਨ ਲੱਗਿਆਂ ਸਮਾਂ ਨਹੀਂ ਮਿਲਦਾ ਤੇ ਕੋਈ ਕੰਮ ਕਰ ਲਿਆ ਜਾਂਦਾ ਹੈ ਤਾਂ ਬਾਅਦ ਵਿਚ ਮੁਨਾਸਿਬ ਸਮੇਂ 'ਤੇ ਗੱਲ ਜ਼ਰੂਰ ਦੱਸ ਦੇਣੀ ਚਾਹੀਦੀ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿਚ ਜੇ ਉਹੀ ਗੱਲ ਕਿਸੇ ਹੋਰ ਦੇ ਮੂੰਹੋਂ ਪਤਾ ਲੱਗੇ ਤਾਂ ਇਸ ਦੇ ਨਤੀਜੇ ਠੀਕ ਨਹੀਂ ਨਿਕਲਦੇ। ਇਕ-ਦੂਜੇ ਪ੍ਰਤੀ ਪਿਆਰ ਵਧਣ ਦੀ ਬਜਾਏ ਘਟਦਾ ਹੈ। ਇਕ-ਦੂਜੇ ਵਿਚ ਨਿੱਕੀਆਂ-ਨਿੱਕੀਆਂ ਗੱਲਾਂ 'ਤੇ ਤੂੰ-ਤੂੰ, ਮੈਂ-ਮੈਂ ਹੋਣ ਲਗਦੀ ਹੈ। ਜੇ ਕਿਸੇ ਦੇ ਵੀ ਦਿਮਾਗ ਵਿਚ ਸ਼ੱਕ ਦਾ ਕੀੜਾ ਵੜ ਗਿਆ ਤਾਂ ਉਸ ਕੀੜੇ ਨੂੰ ਦਿਮਾਗ ਵਿਚੋਂ ਕੱਢਿਆ ਨਹੀਂ ਜਾ ਸਕਦਾ। ਇਕ-ਦੂਜੇ 'ਤੇ ਸ਼ੱਕ ਦੀ ਨਜ਼ਰ ਰੱਖੀ ਜਾਂਦੀ ਹੈ।

ਇਸ ਲਈ ਜ਼ਰੂਰੀ ਹੈ ਆਪਣੇ ਜੀਵਨ ਨੂੰ ਸੁਖੀ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਪਤੀ-ਪਤਨੀ ਆਪਸ ਵਿਚ ਇਕ-ਦੂਜੇ ਪ੍ਰਤੀ ਵਿਸ਼ਵਾਸ ਬਣਾਈ ਰੱਖਣ ਵਿਚ ਪੂਰਨ ਸਹਿਯੋਗ ਦੇਣ ਤਾਂ ਜੋ ਘਰ ਵਿਚ ਸੁਖ, ਸ਼ਾਂਤੀ ਦਾ ਮਾਹੌਲ ਬਣਿਆ ਰਹੇ ਤੇ ਜੀਵਨ ਅਨੰਦਮਈ ਜੀਵਿਆ ਜਾਵੇ।

ਸ: ਹਾ: ਸਕੂਲ, ਛਾਉਣੀ ਮੁਹੱਲਾ, ਲੁਧਿਆਣਾ। 97800-32199

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 17.03.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms