Thursday, March 17, 2011

ਨੈਤਿਕ ਸਿੱਖਿਆ ਦੇਵੋ, ਬੇਟੀ ਦਾ ਭਵਿੱਖ ਸੁਧਾਰੋ - ਡਾ: ਇਕਬਾਲ ਸਿੰਘ

ਜਦੋਂ ਤੋਂ ਮਨੁੱਖ ਨੇ ਇਸ ਧਰਤੀ 'ਤੇ ਆਪਣੀ ਹੋਂਦ ਧਾਰਨ ਕੀਤੀ ਹੈ, ਉਦੋਂ ਤੋਂ ਹੀ ਉਹ ਆਪਣੀ ਬੁੱਧੀ ਅਤੇ ਵਿਵੇਕ ਨਾਲ ਆਪਣੇ ਜੀਵਨ ਨੂੰ ਬਿਹਤਰ ਤੋਂ ਬਿਹਤਰ ਬਣਾਉਣ ਦਾ ਯਤਨ ਕਰਦਾ ਆ ਰਿਹਾ ਹੈ। ਉਂਜ ਤਾਂ ਸਿੱਖਿਆ ਨੂੰ ਲਗਭਗ ਹਰ ਸਮਾਜ ਵਿਚ ਅਹਿਮੀਅਤ ਦਿੱਤੀ ਜਾਂਦੀ ਰਹੀ ਹੈ ਪਰ ਲੜਕੀਆਂ ਦੀ ਸਿੱਖਿਆ ਪ੍ਰਤੀ ਸਾਡੇ ਵੱਡੇ-ਵਡੇਰੇ ਹਮੇਸ਼ਾ ਹੀ ਅਵੇਸਲੇ ਹੋਏ ਰਹੇ ਹਨ। ਵਰਤਮਾਨ ਯੁੱਗ ਵਿਚ ਸੰਸਾਰ ਭਰ ਵਿਚ ਚੇਤਨਤਾ ਆਉਣ ਦੇ ਸਿੱਟੇ ਵਜੋਂ ਸਾਡੇ ਦੇਸ਼ ਭਾਰਤ ਵਿਚ ਵਿਸ਼ੇਸ਼ ਕਰਕੇ ਪੰਜਾਬ ਵਿਚ ਸਾਡੇ ਮੰਤਰੀ, ਸਿੱਖਿਆ ਅਧਿਕਾਰੀ, ਪ੍ਰਸ਼ਾਸਨਿਕ ਅਧਿਕਾਰੀ, ਮਾਪੇ ਅਤੇ ਸਮਾਜ ਸੇਵੀ ਸੰਗਠਨਾਂ ਦੇ ਅਹੁਦੇਦਾਰ ਲੜਕੀਆਂ ਦੀ ਸਿੱਖਿਆ ਪ੍ਰਤੀ ਜਾਗਰੂਕ ਹੋਏ ਹਨ। ਇਹੋ ਕਾਰਨ ਹੈ ਕਿ ਅੱਜਕਲ੍ਹ ਲੜਕੀਆਂ ਦੀ ਸਿੱਖਿਆ ਨੂੰ ਵਧੇਰੇ ਮਹੱਤਵ ਦਿੱਤਾ ਜਾਣ ਲੱਗਾ ਹੈ ਅਤੇ ਇਹ ਅੱਜ ਦੇ ਸਮੇਂ ਦੀ ਲੋੜ ਵੀ ਹੈ।

ਹਰ ਲੜਕੀ ਪਹਿਲਾਂ ਧੀ ਬਣ ਕੇ ਜਨਮ ਲੈਂਦੀ ਹੈ, ਫਿਰ ਭੈਣ ਬਣਦੀ ਹੈ, ਫਿਰ ਪਤਨੀ ਬਣਦੀ ਹੈ ਅਤੇ ਫਿਰ ਉਹ ਮਾਂ ਬਣਦੀ ਹੈ। ਭਾਰਤੀ ਸਮਾਜ ਪ੍ਰਬੰਧ ਅਨੁਸਾਰ ਹਰ ਲੜਕੀ ਨੇ ਵਿਆਹ ਉਪਰੰਤ ਮਾਪਿਆਂ ਦਾ ਘਰ ਛੱਡ ਕੇ ਆਪਣੇ ਸਹੁਰੇ ਘਰ ਜਾਣਾ ਹੀ ਹੁੰਦਾ ਹੈ। ਇਸ ਲਈ ਹਰ ਮਾਤਾ-ਪਿਤਾ ਦਾ ਇਹ ਮੁਢਲਾ ਅਤੇ ਨੈਤਿਕ ਕਰਮ ਬਣ ਜਾਂਦਾ ਹੈ ਕਿ ਉਹ ਆਪਣੀ ਜਵਾਨ ਹੋ ਰਹੀ ਧੀ ਨੂੰ ਅਜਿਹੀ ਭਾਂਤ ਦੀ ਸਿੱਖਿਆ ਦੇਣ ਕਿ ਉਸ ਨੇ ਆਪਣੇ ਸਹੁਰੇ ਘਰ ਵਿਚ ਕਿਵੇਂ ਸਮਤੋਲ ਬਣਾ ਕੇ ਵਧੀਆ ਢੰਗ ਨਾਲ ਜੀਵਨ ਜਿਉਣਾ ਹੈ।

ਹਰ ਜਵਾਨ ਹੋ ਰਹੀ ਹਰ ਪੁੱਤਰੀ ਨੂੰ ਇਹ ਸਿੱਖਿਆ ਦੇਣ ਦੀ ਲੋੜ ਹੈ ਕਿ ਹਮੇਸ਼ਾ ਹੀ ਵੱਡਿਆਂ ਦਾ ਸਤਿਕਾਰ ਕਰਦੇ ਰਹਿਣਾ ਹੈ। ਪੇਕੇ ਘਰ ਤੋਂ ਲਈ ਸਿੱਖਿਆ 'ਤੇ ਅਮਲ ਕਰਦੇ ਹੋਏ ਜਦੋਂ ਬੇਟੀ ਆਪਣੇ ਸਹੁਰੇ ਘਰ ਵਿਚ ਵਿਚਰਦੀ ਹੈ ਤਾਂ ਉਸ ਦਾ ਜੀਵਨ ਸੁਖਮਈ ਅਤੇ ਅਨੰਦਮਈ ਹੋ ਨਿਬੜਦਾ ਹੈ। ਸੋ ਅੱਜ ਵੀ ਲੜਕੀ ਨੂੰ ਇਹ ਸਿੱਖਿਆ ਦੇਣ ਦੀ ਲੋੜ ਹੈ ਕਿ ਮੂੰਹੋਂ ਕਦੇ ਵੀ ਕੋਈ ਅਜਿਹਾ ਕੌੜਾ ਸ਼ਬਦ ਜਾਂ ਵਾਕ ਨਹੀਂ ਕੱਢਣਾ ਚਾਹੀਦਾ, ਜਿਸ ਨਾਲ ਕਿਸੇ ਦਾ ਦਿਲ ਜ਼ਖਮੀ ਹੁੰਦਾ ਹੋਵੇ।

ਲੜਕੀਆਂ ਬਾਰੇ ਇਹ ਧਾਰਨਾ ਆਮ ਹੀ ਪ੍ਰਚੱਲਿਤ ਹੈ ਕਿ ਜਦੋਂ ਉਹ ਕਿਸੇ ਨੂੰ ਪ੍ਰੇਮ ਕਰਦੀਆਂ ਹਨ ਤਾਂ ਓੜਕ ਦੀ ਹੱਦ ਤੱਕ ਜਾ ਕੇ ਪ੍ਰੇਮ ਕਰਦੀਆਂ ਹਨ ਪਰ ਜੇਕਰ ਉਹ ਕਿਸੇ ਨੂੰ ਨਫਰਤ ਕਰਦੀਆਂ ਹਨ ਤਾਂ ਉਹ ਇੰਤਹਾ ਦੀ ਹੱਦ ਤੱਕ ਜਾ ਕੇ ਨਫਰਤ ਕਰਦੀਆਂ ਹਨ। ਜਦੋਂ ਉਹ ਆਪਣੇ ਹਿਰਦੇ ਵਿਚ ਨਫਰਤ ਦੀ ਅੱਗ ਬਾਲ ਲੈਂਦੀਆਂ ਹਨ ਤਾਂ ਉਨ੍ਹਾਂ ਦਾ ਆਪਣਾ ਰੰਗ-ਰੂਪ, ਬੁੱਧੀ, ਸਿਹਤ ਅਤੇ ਅਮਨ-ਚੈਨ ਤਬਾਹ ਹੋ ਜਾਂਦਾ ਹੈ। ਸੋ ਹਰ ਬੱਚੀ ਨੂੰ ਇਹ ਸਿੱਖਿਆ ਦੇਣੀ ਜ਼ਰੂਰੀ ਹੈ ਕਿ ਨਫਰਤ ਦੀ ਅੱਗ ਨਾਲ ਨਫਰਤ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਸਗੋਂ ਕਿਸੇ ਨੂੰ ਮੁਆਫ ਕਰ ਦੇਣਾ ਬਹੁਤ ਵੱਡਾ ਇਨਸਾਨੀ ਗੁਣ ਹੈ।

ਲੜਕੀਆਂ ਲਈ ਇਹ ਸਭ ਤੋਂ ਵੱਧ ਜ਼ਰੂਰੀ ਹੈ ਕਿ ਉਹ ਆਪਣੀ ਮਰਿਆਦਾ ਦੀ ਸੀਮਾ ਵਿਚ ਹੀ ਰਹਿਣ। ਪੱਛਮੀ ਸੱਭਿਆਚਾਰ ਦੇ ਪ੍ਰਭਾਵ ਅਧੀਨ ਅੱਜਕਲ੍ਹ ਲੜਕੀਆਂ ਪਿੰਡਾਂ ਅਤੇ ਸ਼ਹਿਰਾਂ ਵਿਚ ਇਕ ਹੱਦ ਤੋਂ ਪਾਰ ਜਾ ਰਹੀਆਂ ਹਨ ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ।

ਸਮਾਜ ਵਿਚ ਵਿਚਰਦਿਆਂ ਜੇਕਰ ਕੋਈ ਲੜਕੀ ਆਪਣੇ ਸਰੀਰ ਦੀ ਪ੍ਰਦਰਸ਼ਨੀ ਕਰਦੀ ਹੈ ਤਾਂ ਸਮਾਜ ਨੇ ਉਸ ਲੜਕੀ ਨੂੰ ਉਸੇ ਦ੍ਰਿਸ਼ਟੀ ਨਾਲ ਦੇਖਣਾ ਹੀ ਹੈ। ਹਰ ਲੜਕੀ ਨੂੰ ਚਾਹੀਦਾ ਹੈ ਕਿ ਉਸ ਦਾ ਪਹਿਰਾਵਾ ਏਨਾ ਸੁਚੱਜਾ ਅਤੇ ਸਲੀਕੇ ਭਰਿਆ ਹੋਵੇ ਕਿ ਕਿਸੇ ਦੂਜੇ ਦੀ ਇਹ ਜੁਰਅਤ ਹੀ ਨਾ ਹੋਵੇ ਕਿ ਉਹ ਤੁਹਾਡੇ ਵੱਲ ਉਂਗਲ ਕਰ ਸਕੇ।

ਜਦੋਂ ਵੀ ਕਿਤੇ ਦੋ ਵਿਅਕਤੀਆਂ ਵਿਚਕਾਰ, ਦੋ ਧੜਿਆਂ ਵਿਚਕਾਰ, ਦੋ ਦੇਸ਼ਾਂ ਵਿਚਕਾਰ ਲੜਾਈ ਹੁੰਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਲੜਕੀਆਂ ਨੂੰ ਹੀ ਉਠਾਉਣਾ ਪੈਂਦਾ ਹੈ।

ਲੈਕਚਰਾਰ ਪੰਜਾਬੀ, ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ, ਸੰਗਰੂਰ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 17.03.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms