Sunday, March 6, 2011

ਮਾਤ-ਭਾਸ਼ਾ ਦਾ ਵਿਕਾਸ ਕੰਪਿਊਟਰ ਤੋਂ ਬਿਨਾਂ ਸੰਭਵ ਕਿਵੇਂ? - ਸੀ. ਪੀ. ਕੰਬੋਜ

ਆਮ ਤੌਰ 'ਤੇ ਮਾਤ-ਭਾਸ਼ਾ ਦੇ ਵਿਕਾਸ ਨੂੰ ਸਿਰਫ਼ ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਨਾਲ ਹੀ ਜੋੜਿਆ ਜਾਂਦਾ ਹੈ। ਪੰਜਾਬੀ ਦੇ ਵਿਕਾਸ ਲਈ ਕੀਤੀਆਂ ਜਾਂਦੀਆਂ ਕਈ ਕਾਨਫ਼ਰੰਸਾਂ, ਸੈਮੀਨਾਰਾਂ ਆਦਿ ਵਿਚ ਸਾਹਿਤ ਤੇ ਸਭਿਆਚਾਰ ਤੋਂ ਇਲਾਵਾ ਕੋਈ ਨਵੀਂ ਗੱਲ ਪੜ੍ਹਨ, ਸੁਣਨ ਨੂੰ ਨਹੀਂ ਮਿਲਦੀ। ਭਾਸ਼ਾ ਦਾ ਕੰਪਿਊਟਰੀਕਰਨ ਇਕ ਸੰਜੀਦਾ ਮਸਲਾ ਹੈ। ਅੱਜ ਦੇ ਸੂਚਨਾ ਤੇ ਤਕਨਾਲੋਜੀ ਦੇ ਦੌਰ ਵਿਚ ਵਿਸ਼ਵ ਦੀ ਕੋਈ ਭਾਸ਼ਾ ਕੰਪਿਊਟਰ ਵਰਗੇ ਆਧੁਨਿਕ ਔਜਾਰ ਦੀ ਮਦਦ ਤੋਂ ਬਿਨਾਂ ਤਰੱਕੀ ਨਹੀਂ ਕਰ ਸਕਦੀ। ਪੰਜਾਬੀ ਭਾਸ਼ਾ ਬੋਲਣ ਵਾਲੇ ਪੂਰੀ ਦੁਨੀਆ ਵਿਚ ਫੈਲੇ ਹੋਏ ਹਨ। ਵਿਦੇਸ਼ਾਂ 'ਚ ਪੰਜਾਬੀ ਸਿਖਾਉਣ ਵਾਲਾ ਕੋਈ ਨਹੀਂ, ਜਿਸ ਕਾਰਨ ਪੰਜਾਬੀਆਂ ਦੇ ਬੱਚੇ ਨਾ ਚਾਹੁੰਦੇ ਹੋਏ ਵੀ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਹਨ। ਕੰਪਿਊਟਰ ਉੱਤੇ ਪੰਜਾਬੀ ਦੀ ਵਰਤੋਂ ਹੋਣ ਨਾਲ ਆਸ ਦੀ ਇਕ ਕਿਰਨ ਪੈਦਾ ਹੋਈ ਹੈ। ਅੱਜ ਕੰਪਿਊਟਰ 'ਤੇ ਉਪਲਬਧ ਬਹੁਤ ਸਾਰੀਆਂ ਵੈੱਬਸਾਈਟਾਂ ਵਿਦੇਸ਼ਾਂ ਵਿਚ ਰਹਿੰਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਮਾਤ-ਭਾਸ਼ਾ ਦੇ ਅਧਿਐਨ/ਅਧਿਆਪਨ 'ਚ ਮਦਦ ਕਰ ਰਹੀਆਂ ਹਨ। ਗੁਰਮੁਖੀ ਲਿਪੀ ਵਿਚ ਲਿਖਿਆ ਸੰਦੇਸ਼ ਈ-ਮੇਲ ਰਾਹੀਂ ਕਿਸੇ ਨੂੰ ਝੱਟ ਹਿੰਦੀ ਜਾਂ ਸ਼ਾਹਮੁਖੀ ਵਿਚ ਤਬਦੀਲ ਕਰਕੇ ਭੇਜਿਆ ਜਾ ਸਕਦਾ ਹੈ। ਹਿੰਦੀ ਵਿਚ ਲਿਖੀ ਪਾਠ ਸਮੱਗਰੀ ਨੂੰ ਅਸੀਂ ਕੰਪਿਊਟਰ ਸਾਫ਼ਟਵੇਅਰ ਦੀ ਮਦਦ ਨਾਲ ਪੰਜਾਬੀ ਵਿਚ ਉਲਥਾਅ ਸਕਦੇ ਹਾਂ। ਸਰਚ ਇੰਜਣਾਂ ਦੀ ਬਦੌਲਤ ਅਸੀਂ ਪਲ-ਭਰ 'ਚ ਦੁਨੀਆ ਦੇ ਕਿਸੇ ਵੀ ਵਿਸ਼ੇ ਦੀ ਜਾਣਕਾਰੀ ਦੀ ਤਹਿ ਤੱਕ ਪਹੁੰਚ ਸਕਦੇ ਹਾਂ। ਯੂਨੀਕੋਡ ਪ੍ਰਣਾਲੀ ਦੇ ਵਿਕਾਸ ਨਾਲ ਮਾਤ-ਭਾਸ਼ਾ ਵਿਚ ਈ-ਮੇਲ ਭੇਜਣ, ਫਾਈਲਾਂ-ਫੋਲਡਰਾਂ ਦਾ ਨਾਂਅ ਰੱਖਣ, ਬਲੌਗ ਤੇ ਵੈੱਬਸਾਈਟਾਂ ਆਦਿ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਬਹੁਤ ਸਾਰੇ ਸ਼ਬਦ ਕੋਸ਼, ਰੂਪ ਵਿਗਿਆਨ ਵਿਸ਼ਲੇਸ਼ਕ ਅਤੇ ਉਤਪਾਦਿਕ, ਵਰਗੇ ਭਾਸ਼ਾ ਵਿਗਿਆਨਿਕ ਔਜ਼ਾਰ, ਸਪੈੱਲ ਚੈੱਕਰ, ਸ਼ਬਦ ਭੰਡਾਰ (ਕਾਰਪਸ), ਤਕਨਾਲੋਜੀ ਪੁਸਤਕਾਂ 'ਤੇ ਰਸਾਲਿਆਂ ਆਦਿ ਦਾ ਵਿਕਾਸ ਹੋ ਚੁੱਕਾ ਹੈ। ਪਰ ਅਫ਼ਸੋਸ ਕਿ ਨਵੀਂ ਦੁਨੀਆ ਦੀ ਖਿੜਕੀ ਵੱਲ ਝਾਤ ਮਾਰਨ ਦੀ ਬਜਾਏ ਅਸੀਂ ਉਹੀ ਪੁਰਾਣੀ ਲਕੀਰ 'ਤੇ ਤੁਰਨਾ ਪਸੰਦ ਕਰਦੇ ਹਾਂ। ਕੰਪਿਊਟਰ ਦੇ ਜ਼ਮਾਨੇ ਵਿਚ ਸੰਸਾਰ ਦੀਆਂ ਭਿੰਨ-ਭਿੰਨ ਭਾਸ਼ਾਵਾਂ ਦੇ ਮੁੱਦਈ ਆਪਣੀ-ਆਪਣੀ ਭਾਸ਼ਾ ਦੇ ਤਕਨਾਲੋਜੀਕਲ ਵਿਕਾਸ ਵੱਲ ਉਚੇਚੀ ਤਵੱਜੋਂ ਦੇ ਰਹੇ ਹਨ। ਜੇਕਰ ਅਸੀਂ ਵੀ ਆਪਣੀ ਮਾਤ-ਭਾਸ਼ਾ ਦਾ ਤਕਨੀਕੀ ਵਿਕਾਸ ਚਾਹੁੰਦੇ ਹਾਂ ਤਾਂ ਸਾਨੂੰ ਇਸ ਦੇ ਕੰਪਿਊਟਰੀਕਰਨ ਦੇ ਪੱਖ 'ਤੇ ਉਚੇਚਾ ਧਿਆਨ ਦੇਣਾ ਪਵੇਗਾ।

ਜ਼ਿਕਰਯੋਗ ਹੈ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਹੋ ਚੁੱਕੇ ਕੰਮਾਂ ਦੇ ਮਿਆਰੀਕਰਨ ਤੇ ਵੱਖ-ਵੱਖ ਵਿਅਕਤੀਆਂ/ਸੰਸਥਾਵਾਂ ਵੱਲੋਂ ਕੀਤੇ ਜਾਣ ਵਾਲੇ ਯਤਨਾਂ ਦੇ ਕੇਂਦਰੀਕਰਨ ਦਾ ਜਿੰਮਾ ਚੁੱਕਣ ਵਾਲੀ ਇਕ ਸੰਸਥਾ ਦੀ ਉਚੇਚੀ ਲੋੜ ਹੈ। ਕਿੰਨਾ ਚੰਗਾ ਹੋਵੇ ਕਿ ਪੰਜਾਬੀ ਦੀਆਂ ਵਰਕਸ਼ਾਪਾਂ/ਸੈਮੀਨਾਰਾਂ ਆਦਿ ਵਿਚ ਪੰਜਾਬੀ ਨੂੰ ਬਾਜ਼ਾਰ ਤੇ ਰੁਜ਼ਗਾਰ ਦੀ ਭਾਸ਼ਾ ਬਣਾਉਣ, ਕੰਪਿਊਟਰ ਰਾਹੀਂ ਭਾਸ਼ਾ ਦੇ ਵਿਕਾਸ ਦੀਆਂ ਸੰਭਾਵਨਾਵਾਂ, ਪੰਜਾਬੀ ਭਾਸ਼ਾ ਦਾ ਤਕਨੀਕੀ ਪਰਿਪੇਖ ਜਿਹੇ ਵਿਸ਼ਿਆਂ 'ਤੇ ਚਰਚਾ ਹੋਵੇ ਜਿਨ੍ਹਾਂ ਵਿਚ ਮਾਤ-ਭਾਸ਼ਾ ਨਾਲ ਪਿਆਰ ਕਰਨ ਵਾਲੇ ਕੰਪਿਊਟਰ ਖੋਜਕਾਰਾਂ ਅਤੇ ਲੇਖਕਾਂ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਜਾਵੇ ਤੇ ਉਨ੍ਹਾਂ ਨੂੰ ਭਾਸ਼ਾ ਦੇ ਤਕਨੀਕੀ ਵਿਕਾਸ ਲਈ ਪ੍ਰੇਰਿਆ ਜਾਵੇ। ਦੁਨੀਆ ਭਰ 'ਚ ਵਿਕਸਿਤ ਹੋ ਚੁੱਕੇ ਪੰਜਾਬੀ ਭਾਸ਼ਾ ਦੇ ਕੰਪਿਊਟਰ ਪ੍ਰੋਗਰਾਮਾਂ/ਸਾਫ਼ਟਵੇਅਰਜ਼ ਨੂੰ ਇਕ ਸਾਂਝੀ ਵੈੱਬਸਾਈਟ 'ਤੇ ਪਾਇਆ ਜਾਵੇ। ਵਿਕਸਿਤ ਹੋ ਚੁੱਕੇ ਤਕਨੀਕੀ ਔਜਾਰਾਂ ਦੀ ਹਰੇਕ ਵਿਅਕਤੀ ਤੱਕ ਮੁਫ਼ਤ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇ। ਲੇਖਕਾਂ ਤੇ ਪੱਤਰਕਾਰਾਂ ਨੂੰ ਮਾਤ-ਭਾਸ਼ਾ ਵਿਚ ਕੰਪਿਊਟਰ ਸਿਖਲਾਈ ਦੇਣ ਦਾ ਇਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਜਾਵੇ। ਭਾਸ਼ਾ ਨੂੰ ਸੂਚਨਾ, ਗਿਆਨ-ਵਿਗਿਆਨ ਤੇ ਰੁਜ਼ਗਾਰ ਨਾਲ ਜੋੜਨ ਲਈ ਜ਼ਰੂਰੀ ਹੈ ਕਿ ਕੰਪਿਊਟਰ ਜਿਹੇ ਆਧੁਨਿਕ ਤਕਨਾਲੋਜੀ ਦੇ ਕੋਰਸਾਂ ਨੂੰ ਪੰਜਾਬੀ ਮਾਧਿਅਮ ਵਿਚ ਸ਼ੁਰੂ ਕੀਤਾ ਜਾਵੇ।
-ਕੰਪਿਊਟਰ ਪ੍ਰੋਗਰਾਮਰ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਈ-ਮੇਲ: cp_kamboj@yahoo.co.in
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 06.03.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms