Monday, February 21, 2011

ਸਿਰਫ਼ ਚੰਗੇ ਸੁਭਾਅ ਵਾਲੇ ਲੋਕ ਵਸਦੇ ਨੇ ਲੋਕਾਂ ਦੇ ਮਨਾਂ ਵਿਚ - ਅਮਰਜੀਤ ਬਰਾੜ

ਇਕ ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਸ਼ਖ਼ਸੀਅਤ ਦਾ ਮਾਲਕ ਹੋਣਾ ਬੜੇ ਮਾਣ ਦੀ ਗੱਲ ਹੈ ਅਤੇ ਇਸ ਤਰ੍ਹਾਂ ਦੀ ਸ਼ਖ਼ਸੀਅਤ ਦੇ ਮਾਲਕ ਹੋਣਾ ਸਾਡੀ ਖੁਦ ਦੀ ਕਮਾਈ 'ਤੇ ਨਿਰਭਰ ਹੈ। ਹਰਮਨ ਪਿਆਰੀ ਅਤੇ ਪ੍ਰੇਰਨਾਦਾਇਕ ਸ਼ਖ਼ਸੀਅਤ ਦਾ ਮਾਲਕ ਬਣਨ ਲਈ ਮਨੁੱਖ ਵਿਚ ਕਈ ਮਾਨਵੀ ਗੁਣਾਂ ਦਾ ਹੋਣਾ ਜ਼ਰੂਰੀ ਹੈ ਜੋ ਮਨੁੱਖ ਨੂੰ ਸਮਾਜ ਵਿਚ ਇੱਜ਼ਤ ਬਖਸ਼ਦੇ ਹਨ ਅਤੇ ਉਸ ਦੀ ਸ਼ਖ਼ਸੀਅਤ ਨੂੰ ਉਸਾਰੂ ਬਣਾਉਂਦੇ ਹਨ। ਇਹ ਗੁਣ ਨਾ ਕੇਵਲ ਸੁਖੀ ਪਰਿਵਾਰਕ ਜੀਵਨ ਦਾ ਆਧਾਰ ਬਣਦੇ ਹਨ ਬਲਕਿ ਇਹ ਦੂਜਿਆਂ ਲਈ ਵੀ ਪ੍ਰੇਰਨਾ ਸਰੋਤ ਹੋ ਨਿਬੜਦੇ ਹਨ। ਪਿਆਰ ਅਤੇ ਸਤਿਕਾਰ ਦੋ ਅਜਿਹੀਆਂ ਚੀਜ਼ਾਂ ਹਨ, ਜੋ ਖੁਦ ਵੱਲੋਂ ਦਿੱਤੀਆਂ ਹੀ ਵਾਪਸ ਆਉਂਦੀਆਂ ਹਨ। ਗੱਲ-ਗੱਲ 'ਤੇ ਬਹਿਸ ਨਾ ਕਰੋ, ਬਲਕਿ ਦੂਜਿਆਂ ਨਾਲ ਸਹਿਮਤ ਹੋਣਾ ਵੀ ਸਿੱਖੋ। ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਨਾ ਸਿੱਖੋ ਅਤੇ ਦੂਜਿਆਂ ਦੇ ਹਿਤਾਂ ਨੂੰ ਸਮਝਣ ਦੀ ਕੋਸ਼ਿਸ ਕਰੋ। ਇਮਾਨਦਾਰੀ ਨਾਲ ਦੂਜਿਆਂ ਦੀ ਤਾਰੀਫ ਕਰਨਾ ਵੀ ਇਕ ਕਲਾ ਹੈ ਅਤੇ ਦੂਜੇ ਮਨੁੱਖਾਂ ਦੇ ਸੁਭਾਅ ਨੂੰ ਸਮਝਣਾ ਇਕ ਤੋਂ ਵੀ ਵੱਡੀ ਕਲਾ ਹੈ।

ਦੂਜਿਆਂ ਲਈ ਪ੍ਰੇਰਨਾਦਾਇਕ ਬਣਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਰੁੱਖੇ ਸੁਭਾਅ ਨੂੰ ਤਬਦੀਲ ਕਰੀਏ ਅਤੇ ਆਪਣੀ ਸੋਚ ਨੂੰ ਨਿਮਰਤਾ ਭਰਪੂਰ ਬਣਾਈਏ ਤਾਂ ਕਿ ਲੋਕ ਆਪਣੀਆਂ ਦਿਲੀ ਭਾਵਨਾਵਾਂ ਨੂੰ ਸੌਖੇ ਤਰੀਕੇ ਨਾਲ ਸਾਡੇ ਨਾਲ ਸਾਂਝਾ ਕਰ ਸਕਣ। ਦੂਜਿਆਂ ਨੂੰ ਧਿਆਨ ਨਾਲ ਸੁਣਨਾ ਅਤੇ ਲੋਕਾਂ ਦੇ ਹਿਤਾਂ ਦੀ ਗੱਲ ਕਰਨਾ ਲੋਕਾਂ ਵਿਚ ਤੁਹਾਨੂੰ ਹਰਮਨ ਪਿਆਰਾ ਬਣਾਉਂਦਾ ਹੈ। ਇਸੇ ਤਰ੍ਹਾਂ ਆਪਣੀ ਗਲਤੀ ਨੂੰ ਸਵੀਕਾਰ ਕਰਨਾ, ਧੰਨਵਾਦ ਕਰਨਾ ਅਤੇ ਮੁਆਫੀ ਮੰਗਣਾ ਅਜਿਹੇ ਗੁਣ ਹਨ, ਜੋ ਤੁਹਾਡੀ ਸ਼ਖ਼ਸੀਅਤ ਨੂੰ ਨਿਖਾਰਦੇ ਹਨ। ਤੁਹਾਡੀ ਪਸੰਦ ਜ਼ਰੂਰੀ ਨਹੀਂ ਦੂਜਿਆਂ ਦੀ ਵੀ ਪਸੰਦ ਹੋਵੇ, ਇਸ ਲਈ ਦੂਜਿਆਂ ਦੀ ਪਸੰਦ ਦਾ ਖਿਆਲ ਰੱਖੋ। ਤੁਹਾਨੂੰ ਉਸ ਗੱਲ ਦਾ ਇਨਾਮ ਕਦੇ ਨਹੀਂ ਮਿਲਦਾ, ਜੋ ਤੁਸੀਂ ਕਰ ਸਕਦੇ ਸੀ ਬਲਕਿ ਇਨਾਮ ਇਸੇ ਗੱਲ ਦਾ ਮਿਲਦਾ ਹੈ ਕਿ ਅਸੀਂ ਕੀ ਕਰ ਰਹੇ ਹਾਂ। ਇਸੇ ਲਈ ਕਹਿੰਦੇ ਹਨ ਕਿ ਆਪਣੀ ਯੋਗਤਾ ਦੇ ਬਲਬੂਤੇ ਉੱਪਰ ਉਠਣ ਦੀ ਕੋਸ਼ਿਸ਼ ਕਰੋ, ਕਿਉਂਕਿ ਤੁਹਾਡੀ ਯੋਗਤਾ ਹੀ ਲੋਕਾਂ ਵਿਚ ਤੁਹਾਡੀ ਅਸਲ ਪਹਿਚਾਣ ਹੈ।

ਆਪਣੀ ਯੋਗਤਾ ਨਾਲ ਹੁਣ ਸਮਾਜ ਵਿਚ ਔਰਤਾਂ ਵੀ ਆਪਣੀ ਵੱਖਰੀ ਪਹਿਚਾਣ ਬਣਾ ਰਹੀਆਂ ਹਨ। ਕਈ ਪਿੰਡਾਂ ਦੀਆਂ ਕੁੜੀਆਂ ਨੇ ਆਪਣੀ ਯੋਗਤਾ ਅਤੇ ਮਿਹਨਤ ਨਾਲ ਸਮਾਜ ਵਿਚ ਵੱਡੇ ਰੁਤਬਿਆਂ ਨੂੰ ਪ੍ਰਾਪਤ ਕੀਤਾ ਹੈ ਜੋ ਸਮੁੱਚੇ ਸਮਾਜ ਲਈ ਪ੍ਰੇਰਨਾ ਦਾ ਕੰਮ ਕਰਦਾ ਹੈ ਪਰ ਮੰਜ਼ਿਲ ਇਥੇ ਹੀ ਖਤਮ ਨਹੀਂ ਹੋ ਜਾਂਦੀ, ਬਲਕਿ ਆਪਣੇ ਅਹੁਦੇ 'ਤੇ ਕੰਮ ਕਰਦਿਆਂ ਆਪਣੀ ਇਮਾਨਦਾਰੀ ਨਾਲ ਉਹ ਆਪਣੀ ਸ਼ਖ਼ਸੀਅਤ ਨੂੰ ਆਦਰਸ਼ ਸ਼ਖ਼ਸੀਅਤ ਬਣਾ ਸਕਦੀਆਂ ਹਨ। ਇਸੇ ਤਰ੍ਹਾਂ ਉਹ ਆਪਣੀ ਸਿਆਣਪ ਅਤੇ ਸਲੀਕੇ ਨਾਲ ਮਾਨਵੀ ਰਿਸ਼ਤਿਆਂ ਨੂੰ ਇਕ ਨਵੀਂ ਦਿਸ਼ਾ ਦੇ ਸਕਦੀਆਂ ਹਨ। ਪ੍ਰੇਰਨਾ ਵਿਚ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਛੁਪੀ ਹੁੰਦੀ ਹੈ। ਸੱਚੀ ਪ੍ਰੇਰਨਾਦਾਇਕ ਸ਼ਕਤੀ ਸਾਡੇ ਉਤਸ਼ਾਹ ਵਿਚ ਵਾਧਾ ਕਰਦੀ ਹੈ, ਸਾਨੂੰ ਚੰਗੇ ਹੋਣ ਦਾ ਅਹਿਸਾਸ ਕਰਵਾਉਂਦੀ ਹੈ। ਆਪਣੇ ਵਤੀਰੇ ਨੂੰ ਲੋਕ-ਪੱਖੀ ਬਣਾਏ ਬਗੈਰ ਅਤੇ ਆਪਣੇ ਦ੍ਰਿਸ਼ਟੀਕੋਣ ਵਿਚ ਲਚਕੀਲਾਪਣ ਲਿਆਏ ਬਗੈਰ ਅਸੀਂ ਦੂਜਿਆਂ ਦੀ ਸੋਚ ਨੂੰ ਬਦਲ ਨਹੀਂ ਸਕਦੇ ਅਤੇ ਨਾ ਹੀ ਅਸੀਂ ਦੂਜਿਆਂ ਲਈ ਪ੍ਰੇਰਨਾ ਬਣ ਸਕਦੇ ਹਾਂ।

ਪਿੰਡ ਤੇ ਡਾਕ: ਗੋਲੇਵਾਲਾ (ਫਰੀਦਕੋਟ)।
ਮੋਬਾ: 94179-49079

ਧੰਨਵਾਦ ਸਾਹਿਤ ਅਜੀਤ ਜਲੰਧਰ ‘ਚੋਂ 17.02.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms