ਮਾਹਵਾਰੀ ਦੀ ਸਥਿਤੀ ਸਾਰੀਆਂ ਔਰਤਾਂ ‘ਚ ਵੱਖੋ-ਵੱਖਰੀ ਹੁੰਦੀ ਹੈ। ਇਸ ਵੰਨਗੀ ਤੋਂ ਇਲਾਵਾ ਇਨ੍ਹਾਂ ‘ਚ ਮਾਹਵਾਰੀ ਤੋਂ ਪਹਿਲਾਂ ਦਾ ਤਣਾਅ ਅਤੇ ਤਕਨੀਕ ਦੀ ਸਥਿਤੀ ਵੀ ਵੱਖੋ-ਵੱਖਰੀ ਹੁੰਦੀ ਹੈ ਪਰ ਜ਼ਿਆਦਾਤਰ ਔਰਤਾਂ ਉਨ੍ਹਾਂ ਦਿਨਾਂ ਤੋਂ ਪਹਿਲਾਂ ਭਾਵ ਮਾਹਵਾਰੀ ਆਉਣ ਤੋਂ ਪਹਿਲਾਂ ਹੀ ਤਣਾਅ ਅਤੇ ਤਕਲੀਫ ‘ਚੋਂ ਲੰਘਦੀਆਂ ਹਨ।
ਇਹ ਇਕ ਅਜਿਹੀ ਸਥਿਤੀ ਹੈ, ਜਿਸ ‘ਚ ਔਰਤਾਂ ਨੂੰ ਮਾਹਵਾਰੀ ਸ਼ੁਰੂ ਹੋਣ ਤੋਂ 5-6 ਦਿਨ ਪਹਿਲਾਂ ਪੇਟ ਦੇ ਹੇਠਲੇ ਹਿੱਸੇ ‘ਚ ਭਾਰਾਪਣ, ਪੂਰੇ ਸਰੀਰ ‘ਚ ਸੋਜ, ਬਦਹਜ਼ਮੀ, ਵਾਰ-ਵਾਰ ਪਿਸ਼ਾਬ ਆਉਣਾ, ਛਾਤੀਆਂ ‘ਚ ਭਾਰਾਪਣ ਅਤੇ ਦਰਦ, ਮਾਨਸਿਕ ਤਣਾਅ, ਉਦਾਸੀਨਤਾ, ਬੇਹੱਦ ਸੰਵੇਦਨਸ਼ੀਲਤਾ ਆਦਿ ਲੱਛਣ ਹੁੰਦੇ ਹਨ।
ਇਹ ਸਥਿਤੀ ਸ਼ਹਿਰੀ ਜ਼ਿੰਦਗੀ ਜਿਊਣ ਵਾਲੀਆਂ ਔਰਤਾਂ ‘ਚ ਵਧੇਰੇ ਦੇਖੀ ਜਾਂਦੀ ਹੈ। ਇਸ ਦਾ ਕਾਰਨ ਤਾਂ ਨਹੀਂ ਪਤਾ ਪਰ ਫਿਰ ਵੀ ਹੇਠ ਲਿਖੇ ਕਾਰਨਾਂ ਦੀ ਸੰਭਾਵਨਾ ਹੋ ਸਕਦੀ ਹੈ। ਇਹ ਮਨੋਵਿਗਿਆਨਕ, ਹਾਰਮੋਨਸ ਦੀ ਗੜਬੜੀ, ਵਿਟਾਮਿਨਾਂ ਦੀ ਘਾਟ ਕਾਰਨ ਅਤੇ ਉਸਦੇ ਪ੍ਰਭਾਵ ਦੇ ਪੈਦਾ ਹੋਣ ਹੁੰਦੀ ਹੈ। ਇਹ ਤਕਲੀਫ ਕਈ ਤਰ੍ਹਾਂ ਦੀ ਹੁੰਦੀ ਹੈ, ਜਿਸ ਦਾ ਇਲਾਜ ਵੀ ਵੱਖੋ-ਵੱਖਰਾ ਹੁੰਦਾ ਹੈ।
ਭਾਰਤ ਗਰਮ ਦੇਸ਼ ਮੰਨਿਆ ਜਾਂਦਾ ਹੈ, ਇਸ ਲਈ ਇਥੋਂ ਦੀਆਂ ਕੁੜੀਆਂ ਨੂੰ 11 ਤੋਂ 13 ਸਾਲ ਦੀ ਉਮਰ ‘ਚ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ। ਇਹ ਮਾਹਵਾਰੀ ਉਸ ਦੇ ਔਰਤ ਹੋਣ ਦੀ ਨਿਸ਼ਾਨੀ ਅਤੇ ਖਾਸੀਅਤ ਹੈ, ਜੋ ਮਾਹਵਾਰੀ ਸ਼ੁਰੂ ਹੋਣ ਤੋਂ ਲੈ ਕੇ ਮਾਹਵਾਰੀ ਖਤਮ ਹੋਣ ਭਾਵ ਮੇਨੋਪਾਜ਼ ਤਕ ਚਲਦੀ ਰਹਿੰਦੀ ਹੈ।
ਮਾਹਵਾਰੀ ਦੇ ਸਮੇਂ ਰਿਸਣ ਵਾਲਾ ਖੂਨ ਸਭ ‘ਚ ਵੱਖ-ਵੱਖਰਾ ਹੁੰਦਾ ਹੈ। ਇਸ ਦਾ ਫਰਕ, ਖੂਨ ਦੀ ਮਾਤਰਾ, ਖੂਨ ਰਿਸਣ ਦਾ ਸਮਾਂ ਸਭ ‘ਚ ਵੱਖੋ-ਵੱਖਰਾ ਹੁੰਦਾ ਹੈ। ਸਭ ਨੂੰ ਮਾਹਵਾਰੀ ਦੇ ਸਮੇਂ ਅਤੇ ਇਸ ਤੋਂ ਪਹਿਲਾਂ ਤਣਾਅ, ਤਕਲੀਫ ਅਤੇ ਪ੍ਰੇਸ਼ਾਨੀ ਦੀ ਸਥਿਤੀ ਨਾਲ ਜੂਝਣਾ ਪੈਂਦਾ ਹੈ। ਮਾਹਵਾਰੀ ਤੋਂ ਪਹਿਲਾਂ ਦੇ ਤਣਾਅ ਨੂੰ ਡਾਕਟਰੀ ਸ਼ਬਦਾਂ ‘ਚ ਪ੍ਰੀ-ਮੈਂਸਟਰੁਅਲ ਸਿੰਡ੍ਰੋਮ (ਪੀ.ਐੱਮ.ਐੱਸ.) ਕਹਿੰਦੇ ਹਨ।
ਮੂਡ ‘ਚ ਤਬਦੀਲੀ : ਮੂਡ ‘ਚ ਤੇਜ਼ੀ ਨਾਲ ਤਬਦੀਲੀ ਹੋਣ ‘ਤੇ ਤਣਾਅ, ਚਿੜਚਿੜਾਪਣ ਉਨੀਂਦਰੇ ਦੀ ਸ਼ਿਕਾਇਤ ਹੁੰਦੀ ਹੈ। ਇਹ ਸਰੀਰ ‘ਚ ਆਕਸੀਜਨ ਦੀ ਕਮੀ ਨਾਲ ਹੁੰਦਾ ਹੈ। ਇਸ ਲਈ ਲੰਬਾ ਸਾਹ ਲਓ ਅਤੇ ਛੱਡੋ। ਇਸ ਨਾਲ ਕਾਰਬਨ ਡਾਈਆਕਸਾਈਡ ਦਾ ਪੱਧਰ ਘਟੇਗਾ ਅਤੇ ਸਰੀਰ ‘ਚ ਆਕਸੀਜਨ ਦੀ ਮਾਤਰਾ ਵਧੇਗੀ। ਇਸ ਤਰ੍ਹਾਂ ਦੀ ਪ੍ਰੇਸ਼ਾਨੀ ਨਾਲ ਜੂਝ ਰਹੀਆਂ ਔਰਤਾਂ ਮਾਹਵਾਰੀ ਤੋਂ ਪਹਿਲਾਂ ਕੈਫੀਨ, ਚਾਕਲੇਟ ਅਤੇ ਖੰਡ ਦੀ ਮਾਤਰਾ ਘੱਟ ਕਰ ਦੇਣ। ਹਲਕੀ ਕਸਰਤ ਕਰਨ।
ਤਣਾਅ : ਪੀ. ਐੱਮ. ਐੱਸ. ਦੀਆਂ ਤਣਾਅਗ੍ਰਸਤ ਔਰਤਾਂ ‘ਤੇ ਉਦਾਸੀ, ਇਕੱਲਾਪਣ ਹਾਵੀ ਹੋ ਜਾਂਦਾ ਹੈ। ਉਨ੍ਹਾਂ ਦਾ ਮਨ ਰੋਣ ਨੂੰ ਕਰਦਾ ਹੈ। ਅਜਿਹੀਆਂ ਔਰਤਾਂ ਮਾਹਵਾਰੀ ਤੋਂ ਪਹਿਲਾਂ ਹਲਕੀ ਕਸਰਤ ਕਰਨੀ ਸ਼ੁਰੂ ਕਰ ਦੇਣ, ਜਿਸ ਨਾਲ ਹਾਰਮੋਨ ਦਾ ਰਿਸਾਅ ਹੁੰਦਾ ਹੈ, ਜੋ ਦਿਮਾਗ ਅਤੇ ਸਰੀਰ ਨੂੰ ਦਰੁੱਸਤ ਰੱਖਦਾ ਹੈ। ਸ਼ੂਗਰ ਦਾ ਪੱਧਰ ਸੁਧਰਦਾ ਹੈ। ਮੂਡ ‘ਚ ਸੁਧਾਰ ਹੁੰਦਾ ਹੈ। ਕੌਫੀ, ਤਲੀ-ਭੁੰਨੀਆਂ, ਮਸਾਲੇਦਾਰ ਚੀਜ਼ਾਂ ਤੋਂ ਬਚੋ। ਦਹੀਂ ਅਤੇ ਫਲੀਆਂ ਖਾਓ।
ਗੁੱਸਾ : ਪੀ. ਐੱਮ. ਐੱਸ. ਨਾਲ ਗੁੱਸੇ ਦੀ ਸ਼ਿਕਾਰ ਔਰਤ ਦੀ ਨੀਂਦ ਬੇਚੈਨੀ ਭਰਪੂਰ ਹੋ ਜਾਂਦੀ ਹੈ। ਕੁਝ ਖਾਣ ਦੀ ਤੀਬਰ ਇੱਛਾ ਹੁੰਦੀ ਹੈ। ਇਸ ਸਥਿਤੀ ‘ਚ ਉਨ੍ਹਾਂ ਨੂੰ ਥੋੜ੍ਹਾ-ਥੋੜ੍ਹਾ ਕਰਕੇ 4-5 ਵਾਰ ਭੋਜਨ ਖਾਣਾ ਚਾਹੀਦੈ, ਜਿਸ ‘ਚ ਦਾਲ ਅਤੇ ਸ਼ੂਗਰ ਦੀ ਮਾਤਰਾ ਘੱਟ ਹੋਵੇ। ਇਕੋ ਵਾਰ ਵਧੇਰੇ ਖਾਣ ਤੋਂ ਬਚੋ।
ਪਾਚਨ ਦੀ ਖਰਾਬੀ : ਮਾਹਵਾਰੀ ਤੋਂ ਪਹਿਲਾਂ ਕਈ ਔਰਤਾਂ ਪੇਟ ਦੀ ਖਰਾਬੀ ਕਾਰਨ ਬਦਹਜ਼ਮੀ, ਕਬਜ਼, ਦਸਤ, ਥਕਾਵਟ, ਉਨੀਂਦਰੇ ਆਦਿ ਦੀ ਸਥਿਤੀ ‘ਚੋਂ ਲੰਘਦੀਆਂ ਹਨ। ਅਜਿਹੀਆਂ ਔਰਤਾਂ ਪਚਣਯੋਗ ਭੋਜਨ ਖਾਣ ਅਤੇ ਭਰਪੂਰ ਪਾਣੀ ਪੀਣ।
ਸਰੀਰ ਫੁੱਲ ਜਾਣਾ : ਮਾਹਵਾਰੀ ਤੋਂ ਪਹਿਲਾਂ ਕਈ ਔਰਤਾਂ ਦਾ ਸਰੀਰ ਫੁੱਲ ਜਾਂਦਾ ਹੈ। ਛਾਤੀਆਂ ‘ਚ ਸਖਤਪਣ ਆ ਜਾਂਦਾ ਹੈ। ਲੱਕ, ਪਿੱਠ ਅਤੇ ਸਿਰ ‘ਚ ਦਰਦ ਹੁੰਦਾ ਹੈ। ਉਨ੍ਹਾਂ ਨੂੰ ਮਾਹਵਾਰੀ ਤੋਂ ਪਹਿਲਾਂ ਨਮਕ ਅਤੇ ਠੰਡੀਆਂ ਚੀਜ਼ਾਂ ਘੱਟ ਖਾਣੀਆਂ ਚਾਹੀਦੀਆਂ ਹਨ।
ਨਤੀਜਾ : ਮਾਹਵਾਰੀ ਤੋਂ ਪਹਿਲਾਂ ਤਣਾਅ, ਤਕਲੀਫ, ਪ੍ਰੇਸ਼ਾਨੀ ‘ਚੋਂ ਆਮ ਤੌਰ ‘ਤੇ ਹਰ ਔਰਤ ਨੂੰ ਲੰਘਣਾ ਪੈਂਦਾ ਹੈ ਪਰ ਜੇਕਰ ਇਹ ਤੁਹਾਡੀ ਸਹਿਣ ਸ਼ਕਤੀ ਤੋਂ ਬਾਹਰ ਹੋਵੇ ਅਤੇ ਰੋਜ਼ਾਨਾ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰੇ ਤਾਂ ਨਾਰੀ ਰੋਗ ਮਾਹਿਰ ਨੂੰ ਮਿਲ ਕੇ ਸਲਾਹ ਲਓ। ਭੋਜਨ ਹਮੇਸ਼ਾ ਹਲਕਾ, ਪਚਣਯੋਗ, ਤਾਜ਼ਾ, ਪੌਸ਼ਟਿਕ ਅਤੇ ਸੀਮਤ ਰੱਖੋ। ਸਰੀਰਕ ਮਿਹਨਤ ਕਰਦੇ ਰਹੋ।
ਧੰਨਵਾਦ ਸਾਹਿਤ ਜਗ ਬਾਣੀ 'ਚੋਂ 17.02.2011