Monday, February 21, 2011

ਜੀਵਨ ਸਾਥੀ ਦੀ ਸਹੀ ਚੋਣ ਕਰੇ ਜ਼ਿੰਦਗੀ ਵਿਚ ਖੁਸ਼ੀਆਂ ਦਾ ਰਾਹ ਪੱਧਰਾ - ਯਸ਼ਪਾਲ ਗੁਲਾਟੀ

ਜਵਾਨੀ ਦੇ ਰੰਗਲੇ ਵਿਹੜੇ 'ਚ ਪੈਰ ਧਰਦਿਆਂ ਹੀ ਅਕਸਰ ਹਰ ਲੜਕੀ-ਲੜਕੇ ਦੀ ਦਿਲੀ ਚਾਹਤ ਹੁੰਦੀ ਹੈ ਕਿ ਉਸ ਦਾ ਜੀਵਨ ਸਾਥੀ ਅਜਿਹਾ ਹੋਵੇ, ਜੋ ਉਸ ਦੇ ਸੁਪਨਿਆਂ 'ਤੇ ਖਰਾ ਉਤਰਦਾ ਹੋਵੇ ਅਤੇ ਜਿਸ ਸੰਗ ਚਲਦਿਆਂ ਜੀਵਨ ਭਰ ਦਾ ਸਮੁੱਚਾ ਪੈਂਡਾ ਖੁਸ਼ੀ-ਖੁਸ਼ੀ ਬਤੀਤ ਹੋ ਜਾਵੇ।

ਕੁਝ ਦਹਾਕੇ-ਸਾਲ ਪਹਿਲਾਂ ਤਾਂ ਵਿਆਹ ਤੋਂ ਪਹਿਲਾਂ ਲੜਕੀ-ਲੜਕੇ ਨੂੰ ਇਕ-ਦੂਜੇ ਨਾਲ ਗੱਲਬਾਤ ਕਰਨ, ਦੇਖਣ, ਪਰਖਣ ਦੀ ਵੀ ਇਜਾਜ਼ਤ ਨਹੀਂ ਸੀ ਹੁੰਦੀ। ਬੱਸ ਵਿਚੋਲਾ ਜਾਂ ਪਿੰਡ ਦਾ ਰਾਜਾ (ਨਾਈ) ਹੀ ਮਾਪਿਆਂ ਦੀ ਸਹਿਮਤੀ ਨਾਲ ਲੜਕੀ-ਲੜਕੇ ਦੀ ਤਲੀ 'ਤੇ ਗੁੜ ਦੀ ਭੇਲੀ, ਰੁਪਿਆ ਧਰ ਕੇ ਗੱਲ ਪੱਕੀ ਕਰ ਆਉਂਦਾ ਸੀ। ਵਿਆਹ ਸਬੰਧੀ ਫੈਸਲਿਆਂ 'ਚ ਸਿਰਫ ਪਰਿਵਾਰਕ ਮੁਖੀਆਂ, ਵਿਚੋਲਿਆਂ ਦੀ ਹੀ ਰਾਏ ਮੰਨੀ ਜਾਂਦੀ ਅਤੇ ਲੜਕੀ-ਲੜਕੇ ਨੂੰ ਇਸ ਫੈਸਲੇ ਤੋਂ ਦੂਰ ਹੀ ਰੱਖਿਆ ਜਾਂਦਾ ਸੀ, ਭਾਵੇਂ ਕਿ ਇਹ ਮਾਮਲਾ ਉਨ੍ਹਾਂ ਦੀ ਭਰ ਜ਼ਿੰਦਗੀ ਨਾਲ ਸੰਬੰਧਿਤ ਹੁੰਦਾ ਸੀ। ਸਮਾਂ ਬੀਤਣ, ਵਿੱਦਿਆ ਦਾ ਪਸਾਰ, ਸਮੇਂ ਦੀ ਮੰਗ ਅਨੁਸਾਰ ਅਜੋਕੇ ਪੜ੍ਹੇ-ਲਿਖੇ ਸਮਾਜ ਵਿਚ ਲੜਕੇ-ਲੜਕੀ ਦੀ ਪਸੰਦ, ਰਾਏ ਨੂੰ ਵੀ ਪ੍ਰਮੁੱਖਤਾ ਦਿੱਤੀ ਜਾਣ ਲੱਗੀ ਹੈ। ਹੁਣ ਤਾਂ ਦੇਖਣ ਵਾਲੀ ਗੱਲ ਹੈ ਕਿ ਜਿਥੇ ਪਹਿਲਾਂ-ਪਹਿਲ ਮਾਪੇ ਆਪਣੇ ਬੱਚਿਆਂ ਨੂੰ ਮਿਲਾਉਂਦੇ ਸਨ, ਉਥੇ ਹੀ ਹੁਣ ਬੱਚੇ ਆਪਣੇ-ਆਪ ਹੀ ਵਿਆਹ ਸਬੰਧੀ ਫੈਸਲਾ ਕਰ ਮਾਪਿਆਂ ਨੂੰ ਮਿਲਾਉਣ ਲੱਗੇ ਹਨ। ਗੱਲ ਕੀ... ਹੁਣ ਦੇ ਪੜ੍ਹੇ-ਲਿਖੇ ਨੌਜਵਾਨ ਵਿਆਹ ਤੋਂ ਪਹਿਲਾਂ ਹੀ ਇਕ-ਦੂਜੇ ਨੂੰ ਘੋਖਣ-ਪਰਖਣ 'ਚ ਵਿਸ਼ਵਾਸ ਰੱਖਦੇ ਹਨ ਅਤੇ ਇਹ ਰੁਝਾਨ ਸਹੀ ਵੀ ਹੈ, ਕਿਉਂਕਿ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਕੱਠਿਆਂ ਰਹਿਣਾ ਹੈ, ਉਨ੍ਹਾਂ ਨੂੰ ਸਹਿਮਤੀ-ਅਸਹਿਮਤੀ ਪ੍ਰਗਟਾਉਣ ਦੀ ਪੂਰੀ ਖੁੱਲ੍ਹ ਵੀ ਹੋਣੀ ਚਾਹੀਦੀ ਹੈ।

ਅਕਸਰ ਕਈ ਵਾਰ ਹੁੰਦਾ ਹੈ ਕਿ ਜਦ ਰਿਸ਼ਤੇ ਪ੍ਰਤੀ ਗੱਲਬਾਤ ਸ਼ੁਰੂ ਹੁੰਦੀ ਹੈ ਤਾਂ ਲੜਕੇ ਜਾਂ ਲੜਕੀ ਦਾ ਜਵਾਬ ਹੁੰਦਾ ਹੈ ਕਿ ਅਜੇ ਤਾਂ ਮੈਂ ਸ਼ਾਦੀ ਬਾਰੇ ਸੋਚਿਆ ਵੀ ਨਹੀਂ ਅਤੇ ਨਾ ਹੀ ਫੈਸਲਾ ਲਿਆ ਹੈ, ਜਿਸ ਤੋਂ ਮਾਪਿਆਂ ਨੂੰ ਸੁਭਾਵਿਕ ਹੀ ਕੁਝ ਪ੍ਰੇਸ਼ਾਨੀ ਜ਼ਰੂਰ ਹੁੰਦੀ ਹੈ ਪਰ ਦੇਖਿਆ ਜਾਵੇ ਤਾਂ ਇਸ ਪਿੱਛੇ ਲੜਕੀ-ਲੜਕੇ ਦੀ ਕਨਫਿਊਜ਼ਨ ਭਰੀ ਧਾਰਨਾ ਛੁਪੀ ਹੁੰਦੀ ਹੈ, ਜਿਸ ਦੇ ਚਲਦਿਆਂ ਉਹ ਸੋਚਦੇ ਹਨ ਕਿ ਉਹ ਸ਼ਾਦੀ ਤੋਂ ਬਾਅਦ ਘਰ ਵਿਚ ਬੱਝ ਕੇ ਬੈਠ ਜਾਣਗੇ, ਆਜ਼ਾਦੀ 'ਤੇ ਪਾਬੰਦੀ ਲੱਗ ਜਾਵੇਗੀ ਆਦਿ ਅਤੇ ਇਸੇ ਕਨਫਿਊਜ਼ਨ ਸਮੇਂ ਦੌਰਾਨ ਸਹੀ ਫੈਸਲਾ ਨਾ ਲੈ ਸਕਣ ਕਰਕੇ ਉਹ ਵਧੀਆ-ਯੋਗ ਜੀਵਨ ਸਾਥੀ ਪਾਉਣ ਦਾ ਮੌਕਾ ਵੀ ਹੱਥੋਂ ਕੱਢ ਬੈਠਦੇ ਹਨ।

ਰਿਸ਼ਤੇ ਦੀ ਗੱਲ ਤੁਰਨ, ਵੇਖੋ-ਵਿਖਾਈ ਦੀ ਰਸਮ ਦੇ ਚੱਲਦਿਆਂ ਕਈ ਵਾਰ ਲੜਕੀ-ਲੜਕੇ ਦੇ ਮਨ 'ਤੇ ਸੋਚ ਭਾਰੂ ਹੋ ਜਾਂਦੀ ਹੈ ਕਿ ਜਦ ਹੁਣ ਤੱਕ ਮੇਰੀ ਸਾਹਮਣੇ ਵਾਲੇ ਨਾਲ ਨਾ ਹੀ ਕੋਈ ਗੱਲਬਾਤ, ਮੁਲਾਕਾਤ, ਜਾਣ-ਪਛਾਣ ਹੋਈ ਹੈ ਪਰ ਹੁਣ ਮੈਂ ਕੁਝ ਹੀ ਮਿੰਟਾਂ ਵਿਚ ਕਿਵੇਂ ਪਤਾ ਕਰਾਂ ਕਿ ਉਸ ਦਾ ਸੁਭਾਅ, ਅਸੂਲ, ਵਿਚਾਰ ਮੇਰੇ ਨਾਲ ਮੇਲ ਖਾਂਦੇ ਹਨ ਜਾਂ ਨਹੀਂ? ...ਤੇ ਹਾਂ! ਜੇ ਤੁਸੀਂ ਵੀ ਇਸ ਕਿਸਮ ਦੀ ਕਨਫਿਊਜ਼ਨ ਭਰੀ ਸਥਿਤੀ ਵਿਚ ਹੋ ਤਾਂ ਆਓ ਕੁਝ ਅਜਿਹੇ ਨੁਕਤਿਆਂ ਬਾਰੇ ਜਾਣਦੇ ਹਾਂ, ਜਿਸ ਰਾਹੀਂ ਤੁਸੀਂ ਆਪਣੇ ਹੋਣ ਵਾਲੇ ਜੀਵਨ ਸਾਥੀ ਸਬੰਧੀ ਸਹੀ ਫੈਸਲਾ, ਚੋਣ ਕਰਕੇ ਆਪਣਾ ਵਿਵਾਹਿਕ ਜੀਵਨ ਸੁਖੀ ਬਣਾ ਸਕਦੇ ਹੋ।

ਸਭ ਤੋਂ ਪਹਿਲਾਂ ਜਾਣਨਾ ਜ਼ਰੂਰੀ ਹੈ ਕਿ ਤੁਹਾਡੇ ਸੰਭਾਵਿਤ ਜੀਵਨ ਸਾਥੀ ਦੇ ਵਿਆਹ ਬਾਰੇ ਕੀ ਵਿਚਾਰ ਹਨ ਅਤੇ ਉਸ ਉੱਪਰ ਕਿਸੇ ਕਿਸਮ ਦਾ ਦਬਾਅ ਜਾਂ ਲਾਲਚ ਭਾਵਨਾ ਤਾਂ ਨਹੀਂ? ਇਸ ਬਾਰੇ ਜ਼ਰੂਰ ਚਰਚਾ ਕਰੋ ਕਿ ਤੁਹਾਡੇ ਭਵਿੱਖ ਸਬੰਧੀ ਕੀ ਸੁਪਨੇ ਜਾਂ ਵਿਚਾਰ ਹਨ? ਉਸ ਦੀ ਪਸੰਦ, ਨਾਪਸੰਦ, ਵਿਚਾਰ, ਪੜ੍ਹਾਈ ਬਾਰੇ ਪੁੱਛੋ, ਜਿਸ ਤੋਂ ਤੁਸੀਂ ਉਸ ਦੇ ਰਹਿਣ-ਸਹਿਣ, ਸੁਭਾਅ, ਬੋਲਣ ਸ਼ੈਲੀ ਅਤੇ ਹੋਰ ਗੱਲਾਂ ਬਾਰੇ ਵੀ ਜਾਣ ਸਕਦੇ ਹੋ।

ਸਾਹਮਣੇ ਵਾਲੇ ਦੇ ਹੇਅਰ ਸਟਾਈਲ, ਨੈਣ-ਨਕਸ਼ਾਂ, ਸੁੰਦਰਤਾ, ਪਹਿਰਾਵੇ ਦੀ ਝੂਠੀ ਪ੍ਰਸੰਸਾ ਦੇ ਪੁਲ ਬੰਨ੍ਹਦਿਆਂ ਉਸ ਦਾ ਦਿਲ ਜਿੱਤਣ ਜਾਂ ਵਡਿਆਉਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਇਸ ਦਾ ਤੁਹਾਡੇ ਪ੍ਰਤੀ ਉਸ ਦੇ ਜ਼ਿਹਨ ਉੱਪਰ ਗ਼ਲਤ ਅਸਰ ਪੈ ਸਕਦਾ ਹੈ।
ਇਸ ਸਮੇਂ ਗੱਲਬਾਤ ਦੌਰਾਨ ਘੜੀ-ਮੁੜੀ ਆਪਣੀ ਅਮੀਰੀ, ਪੜ੍ਹਾਈ, ਸਟੇਟਸ, ਗੱਡੀਆਂ, ਕਾਬਲੀਅਤ ਜਾਂ ਬੈਂਕ ਬੈਲੇਂਸ ਦਾ ਬਖਿਆਨ ਕਰ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਤੋਂ ਗੁਰੇਜ਼ ਕਰੋ।

ਸਭ ਤੋਂ ਅਹਿਮ ਨੁਕਤਾ ਹੈ ਕਿ ਉਸ ਨਾਲ ਜ਼ਰੂਰ ਵਿਚਾਰ ਕਰੋ ਕਿ ਮੰਨ ਲਓ ਤੁਹਾਡਾ ਵਿਆਹ ਹੋ ਜਾਂਦਾ ਹੈ ਤਾਂ ਪਰਿਵਾਰ, ਕੰਮਕਾਰ, ਕੈਰੀਅਰ ਜਾਂ ਭਵਿੱਖ ਨੂੰ ਕਿਵੇਂ ਐਡਜਸਟ ਕਰੋਗੇ? ਤਾਂ ਕਿ ਬਾਅਦ ਵਿਚ ਹੋ ਸਕਣ ਵਾਲੇ ਫਜ਼ੂਲ ਝਗੜਿਆਂ ਦੀ ਨੌਬਤ ਹੀ ਨਾ ਆਵੇ।
ਉਪਰੋਕਤ ਕੁਝ ਨੁਕਤਿਆਂ ਨੂੰ ਧਿਆਨ ਗੋਚਰੇ ਰੱਖਦਿਆਂ ਤੁਸੀਂ ਕੁਝ ਹੀ ਸਮੇਂ ਵਿਚ ਆਪਣੇ ਸੰਭਾਵਿਤ ਜੀਵਨ ਸਾਥੀ ਬਾਰੇ ਸਰਲਤਾ-ਸਫਲਤਾਪੂਰਵਕ ਫੈਸਲਾ ਕਰਦਿਆਂ ਸੁਖਦ ਜੀਵਨ ਸਾਥੀ ਦੀ ਚੋਣ ਕਰ ਸਕਦੇ ਹੋ ਅਤੇ ਸਾਰੇ ਭਲੀਭਾਂਤ ਜਾਣਦੇ ਹਨ ਕਿ ਸਹੀ ਜੀਵਨ ਸਾਥੀ ਦੀ ਚੋਣ ਜੀਵਨ ਭਰ ਲਈ ਖੁਸ਼ੀਆਂ ਦੀ ਗਾਰੰਟੀ ਵਾਂਗ ਹੁੰਦੀ ਹੈ।

-ਮਸੀਤਾਂ ਰੋਡ, ਕੋਟ ਈਸੇ ਖਾਂ (ਮੋਗਾ)। ਮੋਬਾ: 98726-48140

ਧੰਨਵਾਦ ਸਾਹਿਤ ਅਜੀਤ ਜਲੰਧਰ ‘ਚੋਂ 17.02.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms