Thursday, February 3, 2011

ਸਿਰਫ਼ ਪਤੀ ਨਾਲ ਹੀ ਸਾਂਝੀਆਂ ਕਰੋ ਪਤੀ ਦੀਆਂ ਖਾਮੀਆਂ - ਚੇਤਨ ਚੌਹਾਨ

ਆਪਣੇ ਪਤੀ ਦੀਆਂ ਕਮੀਆਂ ਨੂੰ ਆਂਢ-ਗੁਆਂਢ ਵਿਚ ਦੱਸਣਾ ਅਤੇ ਉਸ ਨੂੰ ਨੀਵਾਂ ਦਿਖਾਉਣਾ ਕਈ ਔਰਤਾਂ ਦੀ ਫ਼ਿਤਰਤ ਵਿਚ ਸ਼ਾਮਿਲ ਹੁੰਦਾ ਹੈ। ਇਸ ਨਾਲ ਜਿਥੇ ਘਰ ਦਾ ਮਾਹੌਲ ਵਿਗੜਦਾ ਹੈ, ਉਥੇ ਪਤੀ ਵੀ ਮਖੌਲ ਦਾ ਪਾਤਰ ਬਣਦਾ ਹੈ। ਪਤੀ ਦੀਆਂ ਬੁਰਾਈਆਂ ਨੂੰ ਵਧਾਅ-ਚੜ੍ਹਾਅ ਕੇ ਦੱਸਣ ਦੇ ਰੋਗ ਨਾਲ ਕਈ ਔਰਤਾਂ ਪੀੜਤ ਹਨ ਜੋ ਖੁਦ ਨੂੰ ਤਾਂ ਬਹੁਤ ਹੀ ਸਮਝਦਾਰ ਤੇ ਵਧੀਆ ਔਰਤ ਦੇ ਰੂਪ ਵਿਚ ਪੇਸ਼ ਕਰਦੀਆਂ ਹਨ ਪਰ ਬੁਰਾਈ ਜਾਂ ਕਮਜ਼ੋਰੀ ਕਿਸ ਪਤੀ-ਪਤਨੀ ਵਿਚ ਨਹੀਂ ਹੁੰਦੀ। ਹਰ ਕਿਸੇ ਨੂੰ ਕਿਸੇ ਨਾ ਕਿਸੇ ਕਾਰਨ ਗਿਲਾ-ਸ਼ਿਕਵਾ ਹੁੰਦਾ ਹੀ ਹੈ। ਬਹੁਤ ਘੱਟ ਅਜਿਹੇ ਪਤੀ-ਪਤਨੀ ਦੇਖਣ ਨੂੰ ਮਿਲਣਗੇ, ਜੋ ਉੱਚ-ਆਦਰਸ਼ਾਂ ਨਾਲ ਆਪਣਾ ਘਰੇਲੂ ਜੀਵਨ ਬਿਤਾਉਂਦੇ ਹਨ।

ਇਹ ਮੰਨਿਆ ਕਿ ਪਤਨੀ ਨੂੰ ਵਿਆਹ ਤੋਂ ਬਾਅਦ ਪਤੀ ਦੀਆਂ ਕੁਝ ਆਦਤਾਂ ਨਾਪਸੰਦ ਹੋ ਸਕਦੀਆਂ ਹਨ ਅਤੇ ਇਸ ਲਈ ਔਰਤ ਦਾ ਨਾਰਾਜ਼ ਹੋਣਾ ਸੁਭਾਵਿਕ ਹੈ। ਕਈ ਵਾਰ ਪਤਨੀ ਇਹ ਸਾਰੀਆਂ ਗੱਲਾਂ ਪੇਕੇ ਜਾ ਕੇ ਆਪਣੇ ਮਾਪਿਆਂ ਤੇ ਭਰਾਵਾਂ ਨੂੰ ਵੀ ਕਹਿੰਦੀ ਹੈ ਅਤੇ ਜਦੋਂ ਕਿਸੇ ਵੇਲੇ ਪਤੀ ਉਸ ਨੂੰ ਲੈਣ ਸਹੁਰੇ ਜਾਂਦਾ ਹੈ ਤਾਂ ਉਸ ਨੂੰ ਸੱਸ-ਸਹੁਰੇ ਦੀਆਂ ਖ਼ਰੀਆਂ-ਖ਼ਰੀਆਂ ਸੁਣਨੀਆਂ ਪੈਂਦੀਆਂ ਹਨ। ਅਜਿਹੀ ਸਥਿਤੀ ਵਿਚ ਪਤੀ ਦਾ ਗੁੱਸਾ ਵੀ ਸੱਤਵੇਂ ਆਸਮਾਨ 'ਤੇ ਹੁੰਦਾ ਹੈ ਅਤੇ ਉਹ ਬਿਨਾਂ ਪਤਨੀ ਦੇ ਵਾਪਸ ਆ ਜਾਂਦਾ ਹੈ। ਜੇਕਰ ਪਤਨੀ ਨਾਲ ਆਉਂਦੀ ਵੀ ਹੈ ਤਾਂ ਘਰੇਲੂ ਕਲੇਸ਼ ਤੋਂ ਬਿਨਾਂ ਕੁਝ ਨਹੀਂ ਹੁੰਦਾ।

ਪਤੀ-ਪਤਨੀ ਵਿਚਕਾਰ ਕਲੇਸ਼ ਬਹੁਤ ਆਸਾਨੀ ਨਾਲ ਮੁਸੀਬਤਾਂ ਨੂੰ ਬੁਲਾਵਾ ਦੇਣ ਵਾਲਾ ਹੁੰਦਾ ਹੈ। ਅਜਿਹੀ ਪ੍ਰਵਿਰਤੀ ਤੋਂ ਬਾਅਦ ਜਦੋਂ ਪਤੀ-ਪਤਨੀ ਆਪਸ ਵਿਚ ਪ੍ਰੇਮ-ਪਿਆਰ ਨਾਲ ਰਹਿਣ ਲਗਦੇ ਹਨ, ਉਦੋਂ ਹੌਲੀ-ਹੌਲੀ ਇਕ-ਦੂਜੇ ਦੀਆਂ ਆਦਤਾਂ ਦੀ ਜਾਣਕਾਰੀ ਹੋਣ ਲਗਦੀ ਹੈ। ਇਕ ਸਮਝਦਾਰ ਪਤਨੀ ਦਾ ਫਰਜ਼ ਬਣਦਾ ਹੈ ਕਿ ਉਹ ਹੌਸਲਾ ਅਤੇ ਸੰਜਮ ਰੱਖੇ। ਕਹਿਣ ਦਾ ਮਤਲਬ ਇਹ ਕਦੇ ਵੀ ਨਹੀਂ ਹੈ ਕਿ ਤੁਸੀਂ ਪਤੀ ਦੀ ਹਰ ਕਮੀ ਜਾਂ ਬੁਰੀ ਆਦਤ ਨੂੰ ਅਣਦੇਖਿਆ ਕਰਕੇ ਉਸ ਨਾਲ ਗੁਲਾਮੀ ਦੀ ਜ਼ਿੰਦਗੀ ਬਤੀਤ ਕਰੋ।

ਕਈ ਵਾਰ ਇਹ ਦੇਖਣ ਵਿਚ ਆਇਆ ਹੈ ਕਿ ਸੁਖੀ ਜੀਵਨ ਬਿਤਾਅ ਰਹੇ ਘਰਾਂ ਵਿਚ ਅੱਗ ਲਗਾਉਣ ਦਾ ਕੰਮ ਤੁਹਾਡੇ ਗੁਆਂਢੀ ਜਾਂ ਮੁਹੱਲੇ ਦੇ ਲੋਕ ਹੀ ਕਰਦੇ ਹਨ ਤਾਂ ਕਿ ਪਤੀ-ਪਤਨੀ ਵਿਚ ਦੂਰੀ ਵਧਦੀ ਰਹੇ। ਇਕ ਵਿਵੇਕਸ਼ੀਲ ਪਤਨੀ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦੀਆਂ ਸੁਣੀਆਂ-ਸੁਣਾਈਆਂ ਗੱਲਾਂ 'ਤੇ ਧਿਆਨ ਨਾ ਦੇਵੇ। ਜਦੋਂ ਤੱਕ ਅੱਖੀਂ ਨਾ ਦੇਖ ਲਵੋ, ਉਦੋਂ ਤੱਕ ਪਤੀ ਨਾਲ ਅਜਿਹਾ ਵਰਤਾਓ ਨਹੀਂ ਕਰਨਾ ਚਾਹੀਦਾ, ਜਿਸ ਨਾਲ ਉਸ ਨੂੰ ਡੂੰਘਾਈ ਤੱਕ ਠੇਸ ਪਹੁੰਚੇ।

ਅਜਿਹਾ ਵੀ ਨਾ ਹੋਵੇ ਕਿ ਤੁਸੀਂ ਪਤੀ 'ਤੇ ਧੋਖੇਬਾਜ਼ੀ, ਬੇਸ਼ਰਮੀ, ਅੱਤਿਆਚਾਰੀ ਦਾ ਦੋਸ਼ ਲਾ ਕੇ ਆਪਣੇ ਮਾਤਾ-ਪਿਤਾ ਦੇ ਘਰ ਬੈਠ ਜਾਓ। ਕਈ ਵਾਰ ਪਤਨੀ ਦੁਆਰਾ ਪਤੀ 'ਤੇ ਲਗਾਏ ਗਏ ਸਾਰੇ ਦੋਸ਼ ਗ਼ਲਤ ਵੀ ਸਾਬਤ ਹੋ ਸਕਦੇ ਹਨ ਅਤੇ ਤੁਸੀਂ ਬਿਨਾਂ ਕਾਰਨ ਉਸ ਨੂੰ ਹਰੇਕ ਦੀਆਂ ਨਜ਼ਰਾਂ ਵਿਚ ਗਿਰਾ ਦਿਓ ਪਰ ਜਦੋਂ ਸਚਾਈ ਸਾਹਮਣੇ ਆਵੇ ਅਤੇ ਸਾਰੇ ਦੋਸ਼ ਗ਼ਲਤ ਸਾਬਤ ਹੋ ਜਾਣ ਤਾਂ ਉਦੋਂ ਤੁਹਾਡੀ ਸਥਿਤੀ ਪਤੀ ਦੀਆਂ ਨਜ਼ਰਾਂ ਵਿਚ ਕਿੰਨੀ ਬਦਤਰ ਹੋ ਜਾਂਦੀ ਹੈ। ਜੇਕਰ ਦੁਬਾਰਾ ਫਿਰ ਪੇਕਿਓਂ ਵਾਪਸ ਆ ਕੇ ਪਤੀ ਨਾਲ ਰਹਿਣਾ ਪਵੇ ਤਾਂ ਇਸ ਸਾਰੇ ਕਾਰਨਾਮੇ ਦਾ ਕੀ ਮਤਲਬ ਰਹਿ ਜਾਂਦਾ ਹੈ।

ਭਾਵੇਂ ਤੁਹਾਡੇ ਪਤੀ ਵਿਚ ਲੱਖ ਬੁਰਾਈਆਂ ਹੋਣ ਪਰ ਯਕੀਨ ਮੰਨੋ, ਕੋਈ ਦੂਜਾ ਤੁਹਾਡੇ ਪਤੀ ਨੂੰ ਕਦੇ ਨਹੀਂ ਸੁਧਾਰ ਸਕਦਾ। ਜੇਕਰ ਦਿਨ-ਰਾਤ ਪਤੀ ਦੀ ਆਲੋਚਨਾ ਕਰਨ ਤੋਂ ਬਾਅਦ ਵੀ ਤੁਸੀਂ ਪਤੀ ਕੋਲ ਰਹਿੰਦੇ ਹੋ ਤਾਂ ਨਿਸ਼ਚੈ ਹੀ ਸਾਰੇ ਲੋਕ ਤੁਹਾਡੇ ਦੁਆਰਾ ਪਤੀ ਵਿਰੁੱਧ ਉਠਾਈਆਂ ਗਈਆਂ ਝੂਠੀਆਂ-ਮੂਠੀਆਂ ਗੱਲਾਂ ਕਰਕੇ ਨਾ ਕੇਵਲ ਤੁਹਾਡਾ ਮਜ਼ਾਕ ਉਡਾਉਣਗੇ ਬਲਕਿ ਉਹ ਤੁਹਾਡੇ ਤੋਂ ਦੂਰੀ ਵੀ ਇਹ ਸੋਚ ਕੇ ਬਣਾ ਲੈਣਗੇ ਕਿ ਤੁਸੀਂ ਤਾਂ ਪਤੀ ਨੂੰ ਬਦਨਾਮ ਕਰਨ ਵਾਲੇ ਹੋ। ਯਾਦ ਰੱਖੋ, ਸਮਾਜ ਵਿਚ ਸੱਚੀ ਹਮਦਰਦੀ ਰੱਖਣ ਵਾਲੇ ਹਿਤੈਸ਼ੀ ਘੱਟ ਹੀ ਹੁੰਦੇ ਹਨ। ਜੇਕਰ ਤੁਹਾਨੂੰ ਲਗਦਾ ਹੈ ਕਿ ਪਤੀ ਤੁਹਾਡੇ 'ਤੇ ਸਿਰਫ ਬੋਝ ਬਣਦਾ ਜਾ ਰਿਹਾ ਹੈ ਤਾਂ ਆਪਣੇ ਦਿਲ ਦੀ ਗੱਲ ਹਰ ਕਿਸੇ ਨੂੰ ਨਾ ਕਹੋ ਬਲਕਿ ਕਿਸੇ ਸਮਝਦਾਰ ਤੇ ਹਮਦਰਦ ਵਿਅਕਤੀ ਨੂੰ ਹੀ ਦੱਸੋ, ਜੋ ਤੁਹਾਡੀ ਪ੍ਰੇਸ਼ਾਨੀ ਨੂੰ ਦੂਰ ਕਰਕੇ ਪਤੀ ਦਾ ਸਹੀ ਮਾਰਗ-ਦਰਸ਼ਨ ਕਰ ਸਕੇ ਅਤੇ ਤੁਹਾਡੇ ਘਰੇਲੂ ਜੀਵਨ ਵਿਚ ਫਿਰ ਤੋਂ ਖੁਸ਼ਹਾਲੀ ਭਰ ਜਾਵੇ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 03.02.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms