ਅਜੋਕੀ ਵਿੱਦਿਅਕ ਪ੍ਰਣਾਲੀ ਵਿਚ ਪ੍ਰੀਖਿਆ ਇਕ ਮਹੱਤਵਪੂਰਨ ਪੜਾਅ ਹੈ ਪਰ ਇਸ ਪ੍ਰੀਖਿਆ ਨੂੰ ਸਹਿਜ ਸੁਭਾਵਿਕ ਸਵੀਕਾਰ ਕਰਨ ਦੀ ਬਜਾਏ ਵਿਦਿਆਰਥੀਆਂ ਅੰਦਰ ਇਕ ਡਰ ਅਤੇ ਤਣਾਓ ਜਨਮ ਲੈਂਦਾ ਹੈ।
ਪਹਿਲੀ ਗੱਲ ਤਾਂ ਇਹ ਕਿ ਸਾਡੀ ਸਿੱਖਿਆ ਪ੍ਰਣਾਲੀ ਹੀ ਕੁਝ ਇਸ ਤਰ੍ਹਾਂ ਦੀ ਹੈ ਕਿ ਮਨ ਵਿਚ ਹਮੇਸ਼ਾ ਚਿੰਤਾ ਰਹਿੰਦੀ ਹੈ ਕਿ ਪਤਾ ਨਹੀਂ ਨਤੀਜਾ ਕੈਸਾ ਰਹੇਗਾ। ਅੱਜਕਲ੍ਹ ਟਿਊਸ਼ਨ ਦਾ ਫੈਸ਼ਨ ਹੋ ਗਿਆ ਹੈ। ਮਾਂ-ਬਾਪ, ਅਧਿਆਪਕ ਸਭ ਪੜ੍ਹਨ-ਪੜ੍ਹਨ ਦੀ ਰਟ ਲਾ ਕੇ ਵਿਦਿਆਰਥੀ ਨੂੰ ਚਿੰਤਤ ਕਰ ਦਿੰਦੇ ਹਨ। ਭਾਰੀ ਬੋਝ ਕਾਰਨ ਪ੍ਰੀਖਿਆ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਖੇਡਣ-ਕੁੱਦਣ, ਟੀ. ਵੀ. ਦੇਖਣ ਤੋਂ ਬਿਲਕੁਲ ਕਈ ਮਾਪੇ ਰੋਕ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਚਿੰਤਾ ਜਾਂ ਤਣਾਅ ਵਧ ਜਾਂਦਾ ਹੈ।
ਬਹੁਤੀ ਵਾਰ ਮਾਪੇ ਆਪਣੇ ਬੱਚਿਆਂ ਦੀ ਸਮਰੱਥਾ ਤੋਂ ਵੱਧ ਆਸ ਕਰਦੇ ਹਨ। ਉਨ੍ਹਾਂ ਉੱਪਰ ਦਬਾਅ, ਚੰਗਾ ਕੈਰੀਅਰ ਬਣਾਉਣ ਦੀ ਚਿੰਤਾ ਦਾ ਬੋਝ ਤੇ ਚੰਗੇ ਅੰਕ ਨਾ ਆਉਣ 'ਤੇ ਝਿੜਕਣ-ਝੰਬਣ ਦੀ ਨੌਬਤ ਵਰਗੀਆਂ ਸਥਿਤੀਆਂ ਬਣ ਜਾਂਦੀਆਂ ਹਨ। ਆਪਣੇ ਬੱਚਿਆਂ ਵਿਚ ਮੁਕਾਬਲੇਬਾਜ਼ੀ ਦੀ ਭਾਵਨਾ ਅਸੀਂ ਏਨੀ ਵਧਾ ਦਿੱਤੀ ਹੈ ਕਿ ਉਨ੍ਹਾਂ ਦੇ ਮਨ ਵਿਚ ਹਾਰ-ਜਿੱਤ ਦੀ ਭਾਵਨਾ ਪੂਰੀ ਤਰ੍ਹਾਂ ਘਰ ਕਰ ਗਈ ਹੈ ਅਤੇ ਉਹ ਪਾਸ ਹੋਣ ਨੂੰ ਆਪਣਾ ਵੱਡਾ ਉਦੇਸ਼ ਸਮਝਦੇ ਹਨ। ਆਪਣੇ ਸਾਥੀਆਂ ਸਾਹਮਣੇ ਘੱਟ ਅੰਕ ਆਉਣ ਨਾਲ ਨਮੋਸ਼ੀ ਹੋਣ ਤੋਂ ਬਚਣ ਲਈ ਉਹ ਚਿੰਤਾ ਕਰਦੇ ਹਨ, ਜਿਸ ਦੇ ਸਿੱਟੇ ਵਜੋਂ ਗੈਸ, ਪਾਚਣ ਸਬੰਧੀ ਸਮੱਸਿਆਵਾਂ, ਦਿਲ ਦੀ ਧੜਕਣ ਦਾ ਵਧਣਾ ਵਰਗੀਆਂ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰੀਖਿਆ ਨੂੰ ਹਊਆ ਸਮਝ ਕੇ ਵਿਦਿਆਰਥੀ ਰਾਤ ਭਰ ਤਣਾਓ ਅਤੇ ਫਿਕਰ ਵਿਚ ਡੁੱਬੇ ਰਹਿੰਦੇ ਹਨ। ਉਂਜ ਵੀ ਇਮਤਿਹਾਨ ਨਾਂਅ ਹੀ ਇਸ ਤਰ੍ਹਾਂ ਦਾ ਹੈ ਕਿ ਘਬਰਾਹਟ, ਬੇਚੈਨੀ ਹੋਣੀ ਸੁਭਾਵਿਕ ਹੈ ਪਰ ਮਾਪਿਆਂ, ਅਧਿਆਪਕਾਂ ਦੇ ਸਹਿਯੋਗ ਨਾਲ ਇਸ ਤਣਾਓ ਤੋਂ ਬਚਿਆ ਜਾ ਸਕਦਾ ਹੈ।
ਆਓ, ਵਿਚਾਰ ਕਰੀਏ ਕਿ ਮਾਪੇ ਅਤੇ ਅਧਿਆਪਕ ਕੀ ਸਹਿਯੋਗ ਦੇ ਸਕਦੇ ਹਨ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਇਕੋ ਵਾਰ ਹੀ ਸਾਲ ਦੇ ਅੰਤ ਵਿਚ ਵਧੇਰੇ ਪੜ੍ਹਨ ਨਾਲੋਂ ਪੂਰਾ ਸਾਲ ਹੀ ਆਪਣੇ ਸਿਲੇਬਸ ਨੂੰ ਨੇਮ ਨਾਲ ਪੜ੍ਹਦੇ ਰਹਿਣ। ਪ੍ਰੀਖਿਆ ਦੇ ਦਿਨਾਂ ਵਿਚ ਕੇਵਲ ਦੁਹਰਾਈ ਕਰਨ। ਕਲਾਸ ਅਧਿਆਪਕਾਂ ਦੇ ਪੜ੍ਹਾਉਣ ਦਾ ਢੰਗ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਵਿਦਿਆਰਥੀਆਂ ਨੂੰ ਟਿਊਸ਼ਨਾਂ ਦਾ ਬੋਝ ਨਾ ਚੁੱਕਣਾ ਪਵੇ। ਪਹਿਲਾਂ ਦੀ ਤੁਲਨਾ ਵਿਚ ਅਜੋਕੀ ਪੜ੍ਹਾਈ ਵਧੇਰੇ ਅਬਜੈਕਟਿਵ ਟਾਈਪ ਪ੍ਰੀਖਿਆ ਨਾਲ ਸੰਬੰਧਿਤ ਹੈ, ਜਿਸ ਕਾਰਨ ਮਾਂ-ਬਾਪ ਨੂੰ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਕਿ ਉਹ ਛੋਟੇ ਪ੍ਰਸ਼ਨ ਚੰਗੀ ਤਰ੍ਹਾਂ ਤਿਆਰ ਕਰ ਸਕਣ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਉੱਪਰ ਜ਼ਿਆਦਾ ਬੋਝ ਨਾ ਪਾਉਣ। ਉਨ੍ਹਾਂ ਉੱਪਰ ਵਾਧੂ ਦੀ ਆਸ ਨਾ ਲਾਉਣ। ਬੱਚਿਆਂ ਨਾਲ ਲੋੜ ਤੋਂ ਵੱਧ ਸਖਤੀ ਨਾ ਵਰਤੀ ਜਾਵੇ। ਉਨ੍ਹਾਂ ਦੀ ਸਮਰੱਥਾ ਅਨੁਸਾਰ ਹੀ ਉਨ੍ਹਾਂ ਤੋਂ ਉਮੀਦ ਕਰਨੀ ਚਾਹੀਦੀ ਹੈ। ਅਧਿਆਪਕਾਂ ਨੂੰ ਵੀ ਕਮਜ਼ੋਰ ਬੱਚਿਆਂ ਦੀ ਪੜ੍ਹਾਈ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੇ ਮਨ ਵਿਚ ਹੀਣ ਭਾਵਨਾ ਨਾ ਆਵੇ। ਪ੍ਰੀਖਿਆਵਾਂ ਦੇ ਦਿਨਾਂ ਵਿਚ ਬੱਚਿਆਂ ਦਾ ਤਣਾਅ ਘੱਟ ਕਰਨ ਲਈ ਉਨ੍ਹਾਂ ਨੂੰ ਖੇਡਣ, ਥੋੜ੍ਹੀ ਦੇਰ ਟਹਿਲਣ ਜਾਂ ਕੋਈ ਇਕ-ਅੱਧਾ ਪ੍ਰੋਗਰਾਮ ਟੀ. ਵੀ. 'ਤੇ ਦੇਖਣ ਦੀ ਇਜਾਜ਼ਤ ਦੇਣ ਵਿਚ ਕੋਈ ਬੁਰਾਈ ਨਹੀਂ ਹੈ। ਮਾਪਿਆਂ ਨੂੰ ਬੱਚਿਆਂ ਦੇ ਪੱਧਰ 'ਤੇ ਆ ਕੇ ਉਨ੍ਹਾਂ ਦੀ ਮਾਨਸਿਕ ਸਥਿਤੀ ਨੂੰ ਸਮਝਣਾ ਚਾਹੀਦਾ ਹੈ। ਇਸ ਪ੍ਰਕਾਰ ਸਹੀ ਸਹਿਯੋਗ, ਸੁਚੱਜੀ ਸਿਹਤ ਅਤੇ ਚੰਗੀ ਅਗਵਾਈ ਕਾਰਨ ਹੀ ਬੱਚੇ ਪ੍ਰੀਖਿਆ ਦੇ ਤਣਾਅ ਤੋਂ ਬਚ ਸਕਦੇ ਹਨ।
ਧੰਨਵਾਦ ਸਾਹਿਤ ਅਜੀਤ ਜਲੰਧਰ ‘ਚੋਂ 24.02.2011