Monday, February 21, 2011

ਹਰ ਮਾਂ-ਬਾਪ ਦੇ ਮਨ ਦਾ ਸਵਾਲ-ਬੱਚੇ ਤੇ ਜੇਬ ਖ਼ਰਚ - ਸੁਖਮੰਦਰ ਸਿੰਘ ਤੂਰ

ਪਤਾ ਨਹੀਂ ਕਿਉਂ ਮਾਂ-ਪਿਓ ਇਸ ਵਿਚ ਆਪਣੀ ਸ਼ਾਨ ਸਮਝਦੇ ਹਨ ਕਿ ਜਦੋਂ ਵੀ ਕੋਈ ਫੇਰੀ ਵਾਲਾ ਲੰਘੇ ਤਾਂ ਬੱਚੇ ਨੂੰ ਜ਼ਰੂਰ ਕੁਝ ਨਾ ਕੁਝ ਲੈ ਕੇ ਦਿੰਦੇ ਹਨ। ਬੱਚਾ ਜੋ ਵੀ ਮੰਗੇ, ਉਸ ਦੀ ਹਰ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਬੱਚੇ ਨੂੰ ਆਦਤ ਪੈ ਜਾਂਦੀ ਹੈ ਅਤੇ ਉਸ ਦੀਆਂ ਮੰਗਾਂ ਵਧਣ ਕਾਰਨ ਖਰਚ ਵੀ ਵਧਦਾ ਹੈ। ਉਸ ਦੀ ਜੀਭ ਨੂੰ ਬਾਹਰ ਦੀਆਂ ਚੀਜ਼ਾਂ ਖਾਣ ਦਾ ਚਸਕਾ ਲੱਗ ਜਾਂਦਾ ਹੈ। ਫਿਰ ਉਹ ਦਿਨ ਆ ਜਾਂਦੇ ਹਨ ਜਦੋਂ ਘਰੋਂ ਖਰਚਣ ਲਈ ਮਿਲੇ ਪੈਸਿਆਂ ਨਾਲ ਉਸ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਉਹ ਹੋਰਨਾਂ ਬੱਚਿਆਂ ਤੋਂ ਉਧਾਰ ਲੈਣਾ ਸ਼ੁਰੂ ਕਰ ਦਿੰਦਾ ਹੈ। ਫਿਰ ਉਸ ਉਧਾਰ ਨੂੰ ਲਾਹੁਣ ਲਈ ਚੋਰੀ ਵਰਗੇ ਕੰਮ ਦਾ ਆਸਰਾ ਲੈਣਾ ਪੈਂਦਾ ਹੈ। ਕਈ ਬੱਚੇ ਤਾਂ ਫੀਸਾਂ ਆਦਿ ਦੇ ਲਈ ਮਿਲੇ ਪੈਸਿਆਂ ਨੂੰ ਵੀ ਖਾਣ-ਪੀਣ 'ਤੇ ਖਰਚ ਕਰਨ ਲੱਗ ਜਾਂਦੇ ਹਨ। ਫਿਰ ਕਾਪੀਆਂ-ਕਿਤਾਬਾਂ ਤੱਕ ਵੇਚਣ ਦੀ ਨੌਬਤ ਵੀ ਆ ਜਾਂਦੀ ਹੈ। ਇਸ ਦਾ ਮਤਲਬ ਇਹ ਨਹੀਂ ਸਮਝਣਾ ਚਾਹੀਦਾ ਕਿ ਜ਼ਿਆਦਾ ਪੈਸੇ ਦੇਣ ਨਾਲ ਹੀ ਬੱਚੇ ਵਿਗੜਦੇ ਹਨ। ਕਈ ਵਾਰੀ ਘੱਟ ਪੈਸੇ ਮਿਲਣ ਕਰਕੇ ਵੀ ਅਜਿਹਾ ਹੋ ਜਾਂਦਾ ਹੈ।

ਹੁਣ ਸਵਾਲ ਇਹ ਉਠਦਾ ਹੈ ਕਿ ਬੱਚੇ ਨੂੰ ਅਜਿਹੀਆਂ ਆਦਤਾਂ ਪੈਣ ਤੋਂ ਬਚਾਉਣ ਲਈ ਕੀ ਕੀਤਾ ਜਾਵੇ? ਇਸ ਸਭ ਦੀ ਜ਼ਿੰਮੇਵਾਰੀ ਤਾਂ ਕਾਫੀ ਹੱਦ ਤੱਕ ਮਾਪਿਆਂ ਦੀ ਹੋਵੇਗੀ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਸ਼ੁਰੂ ਤੋਂ ਹੀ ਬੱਚੇ ਦੀ ਹਰੇਕ ਇੱਛਾ ਨੂੰ ਪੂਰਾ ਨਾ ਕਰਨ। ਉਸ ਨੂੰ ਬਾਹਰ ਪੈਸੇ ਖਰਚਣ ਦੀ ਆਦਤ ਨਾ ਪਾਉਣ। ਸ਼ੁਰੂ ਵਿਚ ਇੰਜ ਕਹਿਣਾ ਜਾਂ ਕਰਨਾ ਔਖਾ ਤਾਂ ਜ਼ਰੂਰ ਲਗਦਾ ਹੈ ਪਰ ਕੁਝ ਚਿਰ ਬਾਅਦ ਅਸਰ ਹੋਣ ਲੱਗ ਪੈਂਦਾ ਹੈ। ਇਸ ਤਰ੍ਹਾਂ ਬੱਚਾ ਫਜ਼ੂਲਖਰਚੀ ਦੀ ਆਦਤ ਤੋਂ ਵੀ ਬਚ ਜਾਂਦਾ ਹੈ। ਇਕ ਸਿਆਣੀ ਤੇ ਸਮਝਦਾਰ ਮਾਂ ਉਹੋ ਹੈ, ਜਿਹੜੀ ਬੱਚੇ ਨੂੰ ਖੁਦ ਆਪ ਚੀਜ਼ਾਂ ਤਿਆਰ ਕਰਕੇ ਦਿੰਦੀ ਹੈ। ਇਸ ਤਰ੍ਹਾਂ ਚੀਜ਼ ਵੀ ਚੰਗੀ ਮਿਲਦੀ ਹੈ ਅਤੇ ਬੱਚੇ ਦਾ ਮਨ ਵੀ ਭਰਿਆ ਰਹਿੰਦਾ ਹੈ।

ਕੁਝ ਮਾਪੇ ਇਹ ਸੋਚਦੇ ਹਨ ਕਿ ਬੱਚਿਆਂ ਨੂੰ ਜੇਬ ਖਰਚ ਦੇਣ ਦੀ ਲੋੜ ਨਹੀਂ, ਕਿਉਂਕਿ ਉਨ੍ਹਾਂ ਦੀ ਲੋੜ ਦੀ ਹਰੇਕ ਚੀਜ਼ ਉਹ ਖੁਦ ਲਿਆ ਕੇ ਦਿੰਦੇ ਹਨ। ਅਜਿਹੇ ਮਾਪੇ ਇਹ ਵੀ ਸੋਚਦੇ ਹਨ ਕਿ ਹੁਣੇ ਤੋਂ ਹੀ ਬੱਚਿਆਂ ਨੂੰ ਪੈਸਿਆਂ ਦੇ ਝਮੇਲਿਆਂ 'ਚ ਕਾਹਨੂੰ ਪਾਈਏ। ਬਾਅਦ ਵਿਚ ਤਾਂ ਵੱਡੇ ਹੋ ਕੇ ਸਾਰੀ ਉਮਰ ਪੈਸੇ ਦੇ ਚੱਕਰਾਂ ਵਿਚ ਹੀ ਉਲਝੇ ਰਹਿਣੈ। ਅਜਿਹੇ ਮਾਪੇ ਇਹ ਭੁੱਲ ਜਾਂਦੇ ਹਨ ਕਿ ਇਸ ਤਰ੍ਹਾਂ ਬੱਚੇ ਆਪਣੀ ਮਨਪਸੰਦ ਦੀ ਚੀਜ਼/ਵਸਤ ਨਹੀਂ ਖਰੀਦ ਪਾਉਂਦੇ ਅਤੇ ਨਾ ਹੀ ਉਨ੍ਹਾਂ ਨੂੰ ਇਹ ਖੁਸ਼ੀ ਹਾਸਲ ਹੁੰਦੀ ਹੈ, ਜਿਹੜੀ ਉਨ੍ਹਾਂ ਨੂੰ ਆਪਣੇ ਬਜਟ ਮੁਤਾਬਿਕ ਖਿਡੌਣੇ ਖਰੀਦ ਕੇ ਜਾਂ ਮਨੋਰੰਜਨ ਲਈ ਕੋਈ ਤਮਾਸ਼ਾ ਦੇਖ ਜਾਂ ਕੋਈ ਮਨਪਸੰਦ ਪੁਸਤਕ ਖਰੀਦ ਕੇ ਹੋਈ ਸੀ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਬੱਚਿਆਂ ਨੂੰ ਕੁਝ ਪੈਸੇ ਜ਼ਰੂਰ ਦਿੱਤੇ ਜਾਣ ਤਾਂ ਜੋ ਉਹ ਆਪਣੀ ਮਰਜ਼ੀ ਮੁਤਾਬਿਕ ਖਰਚ ਸਕਣ।

ਬੱਚਿਆਂ ਨੂੰ ਜੇਬ ਖਰਚ ਦੇਣ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੂੰ ਖੁੱਲ੍ਹੇ ਪੈਸੇ ਹਰੇਕ ਮਹੀਨੇ ਦਿੱਤੇ ਜਾਣ। ਇੰਜ ਉਹ ਸ਼ੁਰੂ ਤੋਂ ਹੀ ਖੁੱਲ੍ਹ ਖੇਡਣ ਲੱਗਣਗੇ। ਉਨ੍ਹਾਂ ਨੂੰ ਪੈਸੇ ਦੀ ਕੋਈ ਕਦਰ ਨਹੀਂ ਰਹੇਗੀ। ਇਸ ਲਈ ਜੇਬ ਖਰਚ ਇਕ ਨਿਸ਼ਚਿਤ ਮਾਤਰਾ ਵਿਚ ਹੀ ਦੇਣਾ ਚਾਹੀਦਾ ਹੈ। ਪਰ ਜੇਬ ਖਰਚ ਨਿਸ਼ਚਿਤ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰੀ ਹੈ ਕਿ ਬੱਚਾ ਕਿਸ ਤਰ੍ਹਾਂ ਦੇ ਮਾਹੌਲ ਵਿਚ ਰਹਿ ਰਿਹਾ ਹੈ। ਉਹ ਕਿਸ ਤਰ੍ਹਾਂ ਦੇ ਸਕੂਲ ਆਦਿ ਵਿਚ ਪੜ੍ਹਦਾ ਹੈ। ਕਿਸ ਵਰਗ ਦੇ ਬੱਚੇ ਉਸ ਦੇ ਸਾਥੀ ਹਨ। ਪਰ ਇਨ੍ਹਾਂ ਸਾਰਿਆਂ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਘਰ ਵਾਲਿਆਂ ਦੀ ਆਰਥਿਕ ਸਥਿਤੀ ਅਤੇ ਪਰਿਵਾਰ ਦੀਆਂ ਆਪਣੀਆਂ ਲੋੜਾਂ ਅਤੇ ਖਰਚੇ। ਮਾਪਿਆਂ ਨੂੰ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਹੀ ਬੱਚਿਆਂ ਦਾ ਜੇਬ ਖਰਚ ਨਿਸ਼ਚਿਤ ਕਰਨਾ ਚਾਹੀਦਾ ਹੈ।
ਇਕ ਵਾਰੀ ਨਿਸ਼ਚਿਤ ਕੀਤਾ ਜੇਬ ਖਰਚ ਜਲਦੀ ਬਦਲ ਵੀ ਨਹੀਂ ਦੇਣਾ ਚਾਹੀਦਾ। ਇਹ ਨਹੀਂ ਕਿ 2-3 ਮਹੀਨਿਆਂ ਬਾਅਦ ਹੀ ਜੇਬ-ਖਰਚ ਵਧਾ ਦਿੱਤਾ ਜਾਵੇ। ਇੰਜ ਕਰਨ ਨਾਲ ਬੱਚੇ ਨੂੰ ਆਪਣੀ ਸੀਮਤ ਜੇਬ ਖਰਚ ਵਿਚ ਰਹਿਣ ਦੀ ਆਦਤ ਨਹੀਂ ਰਹੇਗੀ। ਉਹ ਆਪਣੀਆਂ ਲੋੜਾਂ ਘੱਟ ਕਰਨ ਦੀ ਬਜਾਏ ਉਨ੍ਹਾਂ ਨੂੰ ਵਧਾਈ ਜਾਵੇਗਾ।

ਮਾਪਿਆਂ ਨੂੰ ਕਦੇ-ਕਦਾਈਂ ਆਪਣੇ ਬੱਚਿਆਂ ਨਾਲ ਉਨ੍ਹਾਂ ਨੂੰ ਦਿੱਤੇ ਪੈਸੇ ਅਤੇ ਖਰਚ ਅਤੇ ਉਨ੍ਹਾਂ ਵੱਲੋਂ ਕੀਤੀ ਬੱਚਤ ਬਾਰੇ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਬੱਚੇ ਕੋਲ ਆਪਣੀਆਂ ਲੋੜਾਂ ਮੁਤਾਬਿਕ ਪੈਸੇ ਥੋੜ੍ਹੇ ਰਹਿੰਦੇ ਹੋਣ ਤਾਂ ਵੀ ਉਸ ਵਿਚ ਏਨਾ ਹੌਸਲਾ ਹੋਣਾ ਚਾਹੀਦਾ ਹੈ ਕਿ ਉਹ ਮਾਪਿਆਂ ਨੂੰ ਆਪਣੀ ਸਮੱਸਿਆ ਬਾਰੇ ਦੱਸ ਸਕੇ। ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਬੱਚੇ ਦੀ ਗੱਲ ਆਰਾਮ ਨਾਲ ਸੁਣਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬੱਚਿਆਂ ਦੇ ਦਿਮਾਗ ਉੱਤੇ ਘਰਾਂ ਦੀਆਂ ਆਰਥਿਕ ਪ੍ਰੇਸ਼ਾਨੀਆਂ ਦਾ ਬੋਝ ਪਾਉਣ ਨਾਲ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਰੁਕ ਜਾਂਦਾ ਹੈ ਪਰ ਇਹ ਵੀ ਨਹੀਂ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਬਿਲਕੁਲ ਹੀ ਨਿਰਲੇਪ ਰਹਿਣ ਦਿੱਤਾ ਜਾਵੇ। ਚਾਹੀਦਾ ਇਹ ਹੈ ਕਿ ਉਹ ਸੁਚੱਜੇ ਢੰਗ ਨਾਲ ਬੱਚਿਆਂ ਸਾਹਮਣੇ ਆਪਣੀਆਂ ਸਮੱਸਿਆਵਾਂ ਰੱਖਣ ਤਾਂ ਜੋ ਉਹ ਇਨ੍ਹਾਂ ਨੂੰ ਹੱਲ ਕਰਨ ਲਈ ਮਦਦ ਦੇਣ ਲਈ ਖੁਸ਼ੀ ਅਤੇ ਜ਼ਿੰਮੇਵਾਰੀ ਮਹਿਸੂਸ ਕਰਨ। ਇਸ ਤਰ੍ਹਾਂ ਉਨ੍ਹਾਂ ਦੇ ਮਨ ਅੰਦਰ ਪਰਿਵਾਰ ਲਈ ਕੁਝ ਕਰਨ ਦੀ ਭਾਵਨਾ ਪੈਦਾ ਹੋਵੇਗੀ। ਇਸ ਮਨੋਰਥ ਦੀ ਪ੍ਰਾਪਤੀ ਲਈ ਲਾਜ਼ਮੀ ਤੌਰ 'ਤੇ ਉਹ ਆਪਣੀਆਂ ਕੁਝ ਇੱਛਾਵਾਂ ਨੂੰ ਤਿਆਗਣਗੇ ਅਤੇ ਪੈਸੇ ਦੀ ਬੱਚਤ ਕਰਨਗੇ, ਕਿਉਂਕਿ ਪੈਸਾ ਹਰੇਕ ਯੁੱਗ ਵਿਚ ਮਨੁੱਖ ਦੀ ਪ੍ਰਮੁੱਖ ਲੋੜ ਰਹੀ ਹੈ ਤੇ ਰਹੇਗੀ।

- ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048

ਧੰਨਵਾਦ ਸਾਹਿਤ ਅਜੀਤ ਜਲੰਧਰ ‘ਚੋਂ 17.02.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms