Sunday, February 13, 2011

ਪੰਜਾਬੀ ਦੀਆਂ ਭਾਸ਼ਾ-ਵਿਗਿਆਨਿਕ ਵਿਸ਼ੇਸ਼ਤਾਵਾਂ ਤੇ ਕੰਪਿਊਟਰ - ਸੀ. ਪੀ. ਕੰਬੋਜ

ਹਰਦੀਪ ਸਿੰਘ ਮਾਨ ਦੀ ਕਲਾਕਾਰੀ
ਪੰਜਾਬੀ ਅਤੇ ਅੰਗ੍ਰੇਜ਼ੀ ਦੇ ਹਾਲਤ
ਭਾਸ਼ਾ ਉਹ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਦੇ ਹਾਂ। ਦੁਨੀਆ ਦੀ ਹਰੇਕ ਭਾਸ਼ਾ ਦੀਆਂ ਭਾਸ਼ਾ ਵਿਗਿਆਨਿਕ ਵਿਸ਼ੇਸ਼ਤਾਵਾਂ ਵੀ ਵੱਖ-ਵੱਖ ਹੁੰਦੀਆਂ ਹਨ। ਇਹ ਵਿਸ਼ੇਸ਼ਤਾਵਾਂ ਹੀ ਵਿਭਿੰਨ ਭਾਸ਼ਾਵਾਂ ਅਤੇ ਉਨ੍ਹਾਂ ਦੀਆਂ ਲਿਪੀਆਂ ਦਰਮਿਆਨ ਨਿਖੇੜਾ ਕਰ ਕੇ ਵਿਲੱਖਣਤਾ ਦੀ ਪੋਸ਼ਾਕ ਪਹਿਨਾਉਂਦੀਆਂ ਹਨ। ਪੰਜਾਬੀ ਦੇ ਆਪਣੇ ਨਿਵੇਕਲੇ ਭਾਸ਼ਾ ਵਿਗਿਆਨਿਕ ਲੱਛਣ ਹਨ ਜਿਨ੍ਹਾਂ ਸਦਕਾ ਇਹ ਦੂਸਰੀਆਂ ਜ਼ੁਬਾਨਾਂ ਤੋਂ ਨਿਵੇਕਲੀ ਹੈ। ਕਿਸੇ ਭਾਸ਼ਾ ਦੇ ਕੰਪਿਊਟਰੀਕਰਨ ਨੂੰ ਉਸ ਦੀਆਂ ਭਾਸ਼ਾ ਵਿਗਿਆਨਿਕ ਵਿਸ਼ੇਸ਼ਤਾਵਾਂ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੀਆਂ ਹਨ।

ਪੰਜਾਬੀ ਦੀ ਲਿਪੀ, ਵਾਕ-ਰਚਨਾ, ਸ਼ਬਦਾਵਲੀ, ਸ਼ਬਦ-ਜੋੜ ਅਤੇ ਵਿਆਕਰਨ ਨਿਯਮ ਆਦਿ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਨੇ ਕੰਪਿਊਟਰੀਕਰਨ ਦੇ ਸਿਧਾਂਤ 'ਤੇ ਸਿੱਧਾ ਅਸਰ ਕੀਤਾ ਹੈ। ਆਓ ਮਾਤ-ਭਾਸ਼ਾ ਦੀਆਂ ਵਿਭਿੰਨ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਨਾਲ ਜੁੜੇ ਤਕਨੀਕੀ ਪੱਖਾਂ ਬਾਰੇ ਵਿਸਥਾਰ ਸਹਿਤ ਜਾਣੀਏ:-

ਸਭ ਤੋਂ ਪਹਿਲਾਂ ਲਿਪੀ ਦੀ ਹੀ ਗੱਲ ਕਰਦੇ ਹਾਂ। ਜੇਕਰ ਕਿਸੇ ਭਾਸ਼ਾ ਦੀ ਲਿਪੀ ਬਣਤਰ ਸਰਲ ਹੋਵੇਗੀ ਤਾਂ ਉਹ ਕੰਪਿਊਟਰ 'ਤੇ ਪਾਉਣੀ ਵਧੇਰੇ ਆਸਾਨ ਹੋਵੇਗੀ। ਇਹੀ ਕਾਰਨ ਹੈ ਕਿ ਅੰਗਰੇਜ਼ੀ (ਰੋਮਨ ਲਿਪੀ) ਵਾਂਗ ਨਿਰੰਤਰ ਵਹਾਅ 'ਚ ਲਿਖੀਆਂ ਜਾਣ ਵਾਲੀਆਂ ਭਾਸ਼ਾਵਾਂ ਕੰਪਿਊਟਰ 'ਤੇ ਬਹੁਤ ਪਹਿਲਾਂ ਆ ਗਈਆਂ । ਇੱਥੇ ਹੀ ਬੱਸ ਨਹੀਂ ਸਗੋਂ ਇਨ੍ਹਾਂ ਭਾਸ਼ਾਵਾਂ ਨੇ ਭਾਸ਼ਾਈ ਤਕਨੀਕੀ ਵਿਕਾਸ ਲਈ ਬੇਮਿਸਾਲ ਸਾਫ਼ਟਵੇਅਰ ਵਿਕਸਿਤ ਕਰ ਲਏ ਹਨ। ਦੂਜੇ ਪਾਸੇ ਪੰਜਾਬੀ ਵਿਚ ਚਾਰੋ ਪਾਸੇ ਲਗਾਂ-ਮਾਤਰਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਪ੍ਰਕਾਰ ਹੱਥ ਲਿਖਤਾਂ ਵਿਚ ਅੱਖਰਾਂ ਦੇ ਸਪਰਸ਼ ਦੀ ਸਮੱਸਿਆ ਪੇਸ਼ ਆਉਂਦੀ ਹੈ।

ਇਨ੍ਹਾਂ ਕਾਰਨ ਕੰਪਿਊਟਰ 'ਤੇ ਸ਼ਬਦ ਵਿਭਾਜਨ ਦੀ ਸਮੱਸਿਆ ਪੇਸ਼ ਆ ਰਹੀ ਹੈ। ਇਸ ਸਮੱਸਿਆ ਨਾਲ ਰੂਪ ਵਿਗਿਆਨਿਕ ਵਿਸ਼ਲੇਸ਼ਕ, ਗਰੈਮਰ ਚੈੱਕਰ ਅਤੇ ਓ. ਸੀ. ਆਰ. (ਆਪਟੀਕਲ ਕਰੈਕਟਰ ਰਿਕੋਗਨੀਸ਼ਨ) ਆਦਿ ਸਾਫ਼ਟਵੇਅਰ ਬਣਾਉਣ 'ਚ ਅਸੀਂ ਕਾਫ਼ੀ ਪਛੜ ਗਏ ਹਾਂ। ਲਿਪੀ ਜਟਿਲਤਾ ਦੀ ਇਸ ਸਮੱਸਿਆ ਦਾ ਅਸਰ ਇੱਥੋਂ ਤੱਕ ਹੀ ਸੀਮਤ ਨਹੀਂ ਸਗੋਂ ਕੰਪਿਊਟਰ ਵਿਗਿਆਨੀਆਂ ਨੂੰ ਫੌਂਟ ਤਕਨਾਲੋਜੀ ਅਤੇ ਸਰਚ ਇੰਜਨਾਂ ਦੇ ਵਿਕਾਸ ਕਰਨ 'ਚ ਵੀ ਮੁਸ਼ਕਿਲ ਪੇਸ਼ ਆ ਰਹੀ ਹੈ।

ਦੂਸਰੀ ਸਮੱਸਿਆ ਵਾਕ ਰਚਨਾ ਨਾਲ ਜੁੜੀ ਹੋਈ ਹੈ। ਹਾਲਾਂਕਿ ਇਸ ਸਬੰਧ ਵਿਚ ਪੂਰੀ ਸਪਸ਼ਟਤਾ ਹੈ ਕਿ ਕਰਮ ਦੀ ਵਰਤੋਂ ਕਰਤਾ ਅਤੇ ਕਿਰਿਆ ਦੇ ਵਿਚਕਾਰ ਹੋਣੀ ਹੈ। ਪਰ ਕਈ ਲਿਖਤਾਂ 'ਚ ਕਰਤਾ ਦੀ ਗੈਰ ਹਾਜ਼ਰੀ ਜਾਂ ਫਿਰ ਵਾਕ ਰਚਨਾ ਨਾਲ ਜੁੜੇ ਮਿਆਰੀ ਨਿਯਮਾਂ ਦੀ ਤੋੜ-ਭੰਨ ਸਪਸ਼ਟ ਜ਼ਾਹਿਰ ਹੁੰਦੀ ਹੈ। ਇਸ ਸਥਿਤੀ ਵਿਚ ਕੰਪਿਊਟਰ ਨੂੰ ਪੰਜਾਬੀ ਦੀ ਗੈਰ ਮਿਆਰੀ ਵਾਕ ਬਣਤਰ ਵਾਲਾ ਵਾਕ ਦੇਣ ਨਾਲ ਪਾਰਟ ਆਫ਼ ਸਪੀਚ ਟੈਗਰ ਅਤੇ ਭਾਸ਼ਾ ਦੇ ਸ਼ਬਦੀ ਰੂਪਾਂ ਦਾ ਵਿਸ਼ਲੇਸ਼ਣ ਕਰਨ ਵਾਲਾ ਪ੍ਰੋਗਰਾਮ ਗ਼ਲਤ ਨਤੀਜੇ ਘੋਸ਼ਿਤ ਕਰ ਸਕਦਾ ਹੈ।

ਸ਼ਬਦ-ਭੰਡਾਰ ਅਨੁਵਾਦ ਅਤੇ ਸਪੈੱਲ ਚੈੱਕਰ ਪ੍ਰੋਗਰਾਮਾਂ ਦੀ ਕਾਰਜ ਪ੍ਰਣਾਲੀ 'ਤੇ ਸਿੱਧਾ ਪ੍ਰਭਾਵ ਪਾਉਂਦਾ ਹੈ। ਪੰਜਾਬੀ ਦਾ ਵਿਆਪਕ ਸ਼ਬਦ-ਭੰਡਾਰ ਹੈ। ਅਸੀਂ ਆਪਣੀ ਜ਼ੁਬਾਨ ਵਿਚ ਬਹੁਤ ਸਾਰੇ ਸ਼ਬਦ ਉਪ-ਭਾਸ਼ਾਵਾਂ ਅਤੇ ਬਾਹਰਲੀਆਂ ਭਾਸ਼ਾਵਾਂ ਤੋਂ ਅਪਣਾ ਲਏ ਹਨ। ਬੇਸ਼ੱਕ ਅਜਿਹਾ ਹੋਣ ਨਾਲ ਸਾਡੇ ਸ਼ਬਦ-ਭੰਡਾਰ ਵਿਚ ਵਾਧਾ ਹੋਇਆ ਹੈ।

ਦੂਜੇ ਪਾਸੇ ਤਕਨੀਕੀ ਸ਼ਬਦਾਵਲੀ ਦੀ ਘਾਟ ਕਾਰਨ ਅਸੀਂ ਅਨੁਵਾਦ ਪ੍ਰੋਗਰਾਮਾਂ ਤੋਂ ਸਾਰਥਿਕ ਨਤੀਜਾ ਹਾਸਲ ਕਰਨ ਤੋਂ ਅਸਮਰੱਥ ਹਾਂ। ਕੰਪਿਊਟਰ ਵਿਚ ਪੰਜਾਬੀ ਦੇ ਮੂਲ ਸ਼ਬਦਾਂ ਦੇ ਨਾਲ-ਨਾਲ ਅਜਿਹੇ ਸ਼ਬਦਾਂ ਨੂੰ ਦਾਖਲ ਕਰਨਾ ਅਤਿ ਜ਼ਰੂਰੀ ਹੋ ਗਿਆ ਹੈ। ਸੋ ਗਰੈਮਰ ਚੈੱਕਰਾਂ, ਸਪੈੱਲ ਚੈੱਕਰਾਂ ਅਤੇ ਅਨੁਵਾਦ ਪ੍ਰੋਗਰਾਮਾਂ ਤੋਂ ਸਾਰਥਿਕ ਨਤੀਜੇ ਪ੍ਰਾਪਤ ਕਰਨ ਲਈ ਪੰਜਾਬੀ ਦੀ 'ਮਿਸ਼ਰਤ' ਸ਼ਬਦਾਵਲੀ ਦਾ ਇੱਕ ਵਿਆਪਕ ਡਾਟਾਬੇਸ ਬਣਾਉਣ ਦੀ ਲੋੜ ਪਵੇਗੀ।

ਅਗਲੀ ਸਮੱਸਿਆ ਸ਼ਬਦ-ਜੋੜਾਂ ਨਾਲ ਸਬੰਧਿਤ ਹੈ ਜਿਸ ਨੇ ਚਿੱਠੀ-ਪੱਤਰ ਤੋਂ ਲੈ ਕੇ ਕੰਪਿਊਟਰ ਤੱਕ ਦੀਆਂ ਸਭਨਾਂ ਸੰਚਾਰ ਜੁਗਤਾਂ ਨੂੰ ਨੇੜਿਉਂ ਪ੍ਰਭਾਵਿਤ ਕੀਤਾ ਹੈ। ਪੰਜਾਬੀ ਸ਼ਬਦ-ਜੋੜਾਂ ਦਾ ਮਿਆਰੀਕਰਨ ਨਾ ਹੋਣ ਨਾਲ ਅਸੀਂ 'ਮਨੁੱਖੀ ਭਾਸ਼ਾ ਤਕਨਾਲੋਜੀ' ਦੇ ਖੇਤਰ 'ਚ ਫਾਡੀ ਹੋ ਗਏ ਹਾਂ। ਮਿਆਰੀਕਰਨ ਨਾ ਹੋਣ ਕਾਰਨ ਕੰਪਿਊਟਰ ਨੂੰ ਕਿਸੇ ਸ਼ਬਦ ਦੇ ਸਾਰੇ ਸ਼ਬਦ-ਜੋੜਾਂ ਦੀਆਂ ਵੰਨਗੀਆਂ ਵਾਲਾ ਡਾਟਾਬੇਸ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਨਾਲ ਇਕੱਲਾ ਵਕਤ ਹੀ ਜਾਇਆ ਨਹੀਂ ਹੁੰਦਾ ਸਗੋਂ ਕੰਪਿਊਟਰ ਨਾਲ ਜੁੜੇ ਹੋਰਨਾਂ ਅਨੇਕਾਂ ਵਸੀਲਿਆਂ ਦੀ ਦੁਰਵਰਤੋਂ ਜਾਂ ਵੱਧ ਵਰਤੋਂ ਵੀ ਹੁੰਦੀ ਹੈ। ਮਿਆਰੀ ਸਪੈੱਲ ਚੈੱਕਰਾਂ, ਗਰੈਮਰ ਚੈੱਕਰਾਂ, ਅਨੁਵਾਦ ਪ੍ਰੋਗਰਾਮਾਂ ਅਤੇ ਸਰਚ ਇੰਜਨਾਂ ਦੀ ਖੋਜ ਦਾ ਮਸਲਾ ਸ਼ਬਦ ਜੋੜਾਂ ਦੇ ਮਿਆਰੀਕਰਨ 'ਤੇ ਟਿਕਿਆ ਹੋਇਆ ਹੈ।

ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਪੰਜਾਬੀ ਦੇ ਵਿਆਕਰਨ ਨਿਯਮ ਸਰਲ 'ਤੇ ਸਪੱਸ਼ਟ ਹਨ ਪਰ ਜੇਕਰ ਸੰਸਾਰ ਦੀਆਂ ਹੋਰਨਾਂ ਵਿਕਸਿਤ ਭਾਸ਼ਾਵਾਂ ਨਾਲ ਮੁਕਾਬਲਾ ਕਰੀਏ ਤਾਂ ਇਹ ਆਧੁਨਿਕਤਾ ਤੇ ਤਕਨੀਕ ਦੀ ਹੋਂਦ ਤੋਂ ਸੱਖਣੇ ਜਾਪਦੇ ਹਨ। ਸੰਯੁਕਤ ਤੇ ਗੁੰਝਲਦਾਰ ਵਾਕਾਂ ਲਈ ਨਿਯਮਾਂ ਦੇ ਮਿਆਰੀਕਰਨ ਦੀ ਉਚੇਚੀ ਲੋੜ ਹੈ।

ਅੰਗਰੇਜ਼ੀ, ਅਰਬੀ, ਚੀਨੀ, ਜਾਪਾਨੀ ਆਦਿ ਭਾਸ਼ਾਵਾਂ ਨੇ ਨਾ ਕੇਵਲ ਆਪਣੀ ਹੋਂਦ ਨੂੰ ਬਰਕਰਾਰ ਰੱਖ ਕੇ ਵਿਕਾਸ ਕੀਤਾ ਹੈ ਬਲਕਿ ਕੰਪਿਊਟਰ 'ਤੇ ਸ਼ਿਫ਼ਟ ਹੋਣ 'ਚ ਵੀ ਸਫਲਤਾ ਹਾਸਲ ਕੀਤੀ ਹੈ। ਇੱਥੇ ਮੈਂ ਅਰਬੀ ਅਤੇ ਚੀਨੀ ਭਾਸ਼ਾ ਦਾ ਹਵਾਲਾ ਦੇਣਾ ਚਾਹਾਂਗਾ। ਅਰਬੀ ਭਾਸ਼ਾ ਵਿਗਿਆਨੀਆਂ ਨੇ ਕੰਪਿਊਟਰ ਦੀ ਅਹਿਮੀਅਤ ਨੂੰ ਕਬੂਲਦਿਆਂ ਆਪਣੀ ਪਰੰਪਰਾਗਤ ਭਾਸ਼ਾ ਅਤੇ ਵਿਆਕਰਨ ਦਾ ਮਿਆਰੀਕਰਨ ਕੀਤਾ । ਇਸ ਨਾਲ ਇੱਕ ਨਵੀਂ ਤੇ ਮਿਆਰੀ ਭਾਸ਼ਾ ਹੋਂਦ 'ਚ ਆਈ ਜੋ ਕੰਪਿਊਟਰ ਉੱਤੇ ਲਾਗੂ ਹੋਣ ਦੇ ਪੂਰੀ ਤਰ੍ਹਾਂ ਅਨੁਕੂਲ ਹੈ। ਇਸ ਨਵੀਂ ਭਾਸ਼ਾ ਨੂੰ 'ਮਾਡਰਨ ਅਰਬੀ' ਦਾ ਨਾਮ ਦਿੱਤਾ ਗਿਆ । ਹਜ਼ਾਰਾਂ ਅੱਖਰਾਂ/ਚਿੰਨ੍ਹਾਂ ਵਾਲੀ ਚੀਨੀ ਭਾਸ਼ਾ ਦੇ ਇਤਿਹਾਸ ਵਿਚ ਵੀ ਕੁੱਝ ਅਜਿਹਾ ਵਾਪਰਿਆ। 1950 ਦੇ ਕਰੀਬ ਚੀਨ ਦੇ ਭਾਸ਼ਾ ਵਿਗਿਆਨੀਆਂ ਨੇ ਨਾ ਕੇਵਲ ਅੱਖਰਾਂ ਦੀ ਗਿਣਤੀ ਘਟਾਈ ਸਗੋਂ ਭਾਸ਼ਾ ਦਾ ਮਿਆਰ ਵੀ ਸਥਾਪਿਤ ਕੀਤਾ। 'ਸਿੰਪਲੀਫਾਈਡ ਚੀਨੀ' ਅਰਥਾਤ ਆਸਾਨ ਚੀਨੀ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਨਵਾਂ ਭਾਸ਼ਾ ਰੂਪ ਆਪਣੇ-ਆਪ ਵਿਚ ਇਕ ਸੰਪੂਰਨ ਭਾਸ਼ਾ ਦਾ ਦਰਜਾ ਰੱਖਦਾ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਭਾਸ਼ਾਵਾਂ ਨੇ ਮਨੁੱਖੀ ਭਾਸ਼ਾ ਪ੍ਰਕਿਰਿਆ ਅਤੇ ਭਾਸ਼ਾ ਤਕਨਾਲੋਜੀ ਦੇ ਕਠਨ ਰਾਹਾਂ ਦੇ ਪੈਂਡੇ ਨੂੰ ਸਰ ਕਰਨ 'ਚ ਪਹਿਲ ਕਦਮੀ ਕੀਤੀ ਹੈ। ਸੋ ਅੰਤ ਵਿਚ ਭਾਸ਼ਾ ਦੇ ਵਿਕਾਸ ਲਈ ਕੰਪਿਊਟਰ ਦੀ ਵਰਤੋਂ ਦੀ ਅਹਿਮੀਅਤ ਨੂੰ ਸਮਝਦਿਆਂ ਪੰਜਾਬੀ ਦੀ ਲਿਪੀ, ਵਾਕ-ਰਚਨਾ, ਸ਼ਬਦ-ਭੰਡਾਰ, ਸ਼ਬਦ-ਜੋੜਾਂ ਅਤੇ ਵਿਆਕਰਨ ਨਿਯਮਾਂ ਦੇ ਮਿਆਰੀਕਰਨ 'ਤੇ ਉਚੇਚਾ ਧਿਆਨ ਦੇਣਾ ਸਮੇਂ ਦੀ ਮੁੱਖ ਮੰਗ ਹੈ।

ਸੀ. ਪੀ. ਕੰਬੋਜ
- ਕੰਪਿਊਟਰ ਪ੍ਰੋਗਰਾਮਰ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਈ-ਮੇਲ: cp_kamboj@yahoo.co.in

ਧੰਨਵਾਦ ਸਾਹਿਤ ਅਜੀਤ ਜਲੰਧਰ ‘ਚੋਂ 06, 13.02.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms