Thursday, February 10, 2011

ਕਿਸੇ ਦਾ ਦਿਲ ਦੁਖਾ ਬੈਠਾਂ ਤਾਂ ਜੱਫੀ ਪਾ ਕੇ ਮਨਾਏ ਬਿਨਾਂ ਚੈਨ ਨਹੀਂ ਆਉਂਦਾ - ਧਰਮਿੰਦਰ

'ਅਜੀਤ ਭਵਨ' ਪੁੱਜੇ ਦਿਲਦਾਰ ਬਾਲੀਵੁੱਡ ਅਦਾਕਾਰ
ਐੱਚ.ਐੱਸ.ਬਾਵਾ
ਜਲੰਧਰ, 9 ਫਰਵਰੀ-ਹਿੰਦੀ ਫ਼ਿਲਮ ਸਨਅਤ ਵਿਚ ਪੰਜਾਬੀਆਂ ਦਾ ਸਿਰ ਉੱਚਾ ਕਰਨ ਵਾਲੇ ਫ਼ਿਲਮ ਅਦਾਕਾਰ ਧਰਮਿੰਦਰ ਦਾ ਕਹਿਣਾ ਹੈ ਕਿ ਉਹ ਇਕ ਜਜ਼ਬਾਤੀ ਇਨਸਾਨ ਹਨ ਅਤੇ ਦਿਖਾਵੇ ਵਿਚ ਯਕੀਨ ਨਹੀਂ ਰੱਖਦੇ। ਜੇ ਉਹ ਗਲਤੀ ਨਾਲ ਵੀ ਕਿਸੇ ਦਾ ਦਿਲ ਦੁਖਾ ਬੈਠਣ ਤਾਂ ਉਨੀ ਦੇਰ ਚੈਨ ਨਹੀਂ ਆਉਂਦਾ ਜਦ ਤਕ ਉਸ ਵਿਅਕਤੀ ਨੂੰ ਜੱਫੀ ਪਾ ਕੇ ਮਨਾ ਨਾ ਲੈਣ। ਰਾਜ ਗਾਇਕ ਹੰਸ ਰਾਜ ਹੰਸ ਨਾਲ 'ਅਜੀਤ ਭਵਨ' ਪੁੱਜੇ ਧਰਮਿੰਦਰ ਨੇ 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨਾਲ ਮੁਲਾਕਾਤ ਮਗਰੋਂ 'ਅਜੀਤ' ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਤਾਂ ਲੋਕਾਂ ਵੱਲੋਂ ਮਿਲੇ ਪਿਆਰ ਸਦਕਾ ਹੀ ਉੱਡੇ ਫ਼ਿਰਦੇ ਹਨ ਅਤੇ ਜ਼ਿੰਦਗੀ ਵਿਚ ਉਨ੍ਹਾਂ ਦੀ ਸੋਚ ਵੀ ਇਹੀ ਰਹੀ ਹੈ ਕਿ ਜਿੰਨਾ ਪਿਆਰ ਵੰਡ ਸਕੋ ਉਨਾ ਹੀ ਘੱਟ ਹੈ। ਉਨ੍ਹਾਂ ਕਿਹਾ ਕਿ 'ਇਕ ਦੂਜੇ ਦੀ ਪ੍ਰਵਾਹ ਕਰਨੀ ਸ਼ੁਰੂ ਕਰੋ, ਆਲੇ-ਦੁਆਲੇ ਆਪੇ ਹੀ ਜੱਨਤ ਹੋ ਜਾਵੇਗੀ।' ਉਨ੍ਹਾਂ ਦੱਸਿਆ ਕਿ ਅੱਜ ਵੀ ਉਨ੍ਹਾਂ ਦਾ ਪਰਿਵਾਰ ਇਕ ਸੰਯੁਕਤ ਪਰਿਵਾਰ ਹੈ ਅਤੇ ਇਹ ਸਭ ਇਸੇ ਗੱਲ ਦੀ ਬਦੌਲਤ ਹੈ।

ਫ਼ਿਲਮ ਨਗਰੀ ਵਿਚ 50 ਵਰ੍ਹੇ ਬਿਤਾ ਚੁੱਕੇ ਧਰਮਿੰਦਰ ਨੇ ਹਿੰਦੀ ਦਾ ਇਕ ਲਫਜ਼ ਵੀ ਬੋਲੇ ਬਿਨਾਂ ਸਿੱਧੀ ਅਤੇ ਗੂੜ੍ਹ ਪੰਜਾਬੀ ਵਾਹੁੰਦਿਆਂ ਆਖਿਆ ਕਿ ਉਹ ਦਿਖਾਵੇ ਦੀ ਦੁਨੀਆਂ ਵਿਚ ਯਕੀਨ ਨਹੀਂ ਰੱਖ ਸਕਦੇ ਅਤੇ ਉਨ੍ਹਾਂ ਨੂੰ ਦਿਖਾਵੇ ਤੋਂ ਡਾਢੀ ਕੋਫ਼ਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਆਪਣਾ ਕੰਮ ਮਿਹਨਤ ਅਤੇ ਲਗਨ ਨਾਲ ਕੀਤਾ ਅਤੇ ਕਦੇ ਨੰਬਰਾਂ ਦੀ ਦੌੜ ਵਿਚ ਨਹੀਂ ਪਏ। ਉਨ੍ਹਾਂ ਦੱਸਿਆ ਕਿ 1960 ਤੋਂ ਲੈ ਕੇ 1975 ਤਕ ਤਾਂ ਉਨ੍ਹਾਂ ਲਗਾਤਾਰ 'ਡਬਲ ਸ਼ਿਫਟ' ਵਿਚ ਹੀ ਕੰਮ ਕੀਤਾ।

300 ਤੋਂ ਵੱਧ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਧਰਮਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਉਹ ਫ਼ਿਲਮਾਂ ਅਤੇ ਕਿਰਦਾਰ ਪਸੰਦ ਰਹੇ ਹਨ ਜਿਹੜੇ ਜ਼ਿੰਦਗੀ ਦੇ ਨੇੜੇ ਹੋਣ। ਆਪਣੇ ਬੇਟਿਆਂ ਸੰਨੀ ਅਤੇ ਬੌਬੀ ਦਿਓਲ ਨੂੰ ਨਾਲ ਲੈ ਕੇ ਬਣਾਈ ਆਪਣੀ ਨਵੀਂ ਫ਼ਿਲਮ 'ਯਮਲਾ ਪਗਲਾ ਦੀਵਾਨਾ' ਦੀ ਸਫ਼ਲਤਾ ਤੋਂ ਸੰਤੁਸ਼ਟ ਅਤੇ ਖੁਸ਼ ਨਜ਼ਰ ਆਏ ਧਰਮਿੰਦਰ ਨੇ ਕਿਹਾ ਕਿ ਇਸੇ ਫ਼ਿਲਮ ਦੇ ਕਿਰਦਾਰਾਂ ਨੂੂੰ ਕੈਨੇਡਾ ਲਿਜਾ ਕੇ ਇਸ ਫ਼ਿਲਮ ਦਾ 'ਸੀਕਵਲ' ਬਣਾਉਣ ਦੀ ਯੋਜਨਾ ਹੈ। ਕੱਦਾਵਰ ਅਭਿਨੇਤਾ ਦਲੀਪ ਕੁਮਾਰ ਦੀ ਫ਼ਿਲਮ 'ਸ਼ਹੀਦ' ਤੋਂ ਪ੍ਰਭਾਵਿਤ ਹੋ ਕੇ ਉਸ ਵੇਲੇ ਮੁੰਬਈ ਵੱਲ ਮੂੰਹ ਕਰਨ ਵਾਲੇ ਧਰਮਿੰਦਰ ਨੇ ਦੱਸਿਆ ਕਿ ਉਨ੍ਹਾਂ ਦਾ ਅੱਜ ਵੀ ਦਲੀਪ ਕੁਮਾਰ ਨਾਲ ਬੜਾ ਪਿਆਰ ਹੈ ਅਤੇ ਉਹ ਤਾਂ ਜਿਵੇਂ ਉਨ੍ਹਾਂ ਨੂੰ ਅਜੇ ਤਾਈਂ ਲਾਡ ਲਡਾਉਂਦੇ ਹਨ।

ਆਪਣੇ ਬੇਟਿਆਂ ਸੰਨੀ ਅਤੇ ਬੌਬੀ ਬਾਰੇ ਗੱਲ ਕਰਦਿਆਂ ਧਰਮਿੰਦਰ ਨੇ ਦੱਸਿਆ ਕਿ ਉਹ ਦੋਵੇਂ ਤਾਂ ਬਹੁਤ ਹੀ ਸ਼ਰਮੀਲੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੋਵਾਂ ਨੂੰ ਵੇਖ ਕੇ ਤਾਂ ਇੰਜ ਲੱਗਦੈ ਕਿ ਉਹ ਦੋਵੇਂ ਅੱਜ ਹੀ ਸਾਹਨੇਵਾਲ ਤੋਂ ਮੁੰਬਈ ਗਏ ਹੋਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਲੋਨਾਵਾਲਾ ਵਿਖੇ ਆਪਣਾ ਇਕ ਵੱਡਾ ਫ਼ਾਰਮ ਬਣਾ ਰੱਖਿਆ ਹੈ ਜਿੱਥੇ ਉਹ ਹੀ ਨਹੀਂ ਸਗੋਂ ਉਨ੍ਹਾਂ ਦੇ ਬੇਟੇ ਵੀ ਰਹਿਣਾ ਬਹੁਤ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਉੱਥੇ ਸਭ ਕੁਝ ਹੈ ਪਰ ਫ਼ਿਰ ਵੀ ਪੰਜਾਬ ਵਿਚ ਆਪਣੇ ਪਿੰਡ ਵਾਲਾ ਤੂਤਾਂ ਵਾਲਾ ਖੂਹ ਅਜੇ ਵੀ ਯਾਦ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਫ਼ਾਰਮ 'ਤੇ ਉਹ ਖੇਤੀ ਕਰਦੇ ਹਨ ਅਤੇ ਸੰਨੀ ਤੇ ਬੌਬੀ ਵੀ ਇਸ ਫ਼ਾਰਮ ਵੱਲ ਨੂੰ ਹੀ ਦੌੜਦੇ ਹਨ ਤੇ ਫਾਰਮ ਵਿਚ ਵਾਲੀਬਾਲ ਅਤੇ ਗੁੱਲੀ ਡੰਡਾ ਤਕ ਸਭ ਖੇਡਾਂ ਚੱਲਦੀਆਂ ਹਨ।

ਧਰਮਿੰਦਰ ਨੇ ਦੱਸਿਆ 'ਫ਼ਾਰਮ 'ਤੇ ਮੱਝਾਂ ਗਾਈਆਂ ਵੀ ਰੱਖੀਆਂ ਹੋਈਆਂ ਹਨ ਤੇ ਹੁਣੇ ਜਿਹੇ ਹੀ ਮੈਂ ਦੋ ਸਾਹੀਵਾਲ ਗਾਈਆਂ ਭੈਣੀ ਸਾਹਿਬ ਤੋਂ ਲੈ ਕੇ ਗਿਆ ਹਾਂ।' ਉਨ੍ਹਾਂ ਦੱਸਿਆ ਕਿ ਉਹ ਅਜੇ ਵੀ ਆਪਣੇ 'ਜਿਮ' ਵਿਚ ਕਸਰਤ ਕਰਦੇ ਹਨ, ਆਪਣੀ ਖੁਰਾਕ ਦਾ ਧਿਆਨ ਰੱਖਦੇ ਹਨ ਅਤੇ ਆਪਣੀ ਮਾਂ ਦੇ ਆਖ਼ੇ ਕਰਕੇ ਉਨ੍ਹਾਂ ਦੇ ਮੁੰਬਈ ਸਥਿਤ ਘਰ ਵਿਚ ਵੀ ਅੱਜ ਤਾਈਂ ਕਦੇ ਰਸੋਈ 'ਚ ਮੀਟ ਨਹੀਂ ਬਣਿਆ, ਪਰ ਕਿਉਂਕਿ ਉਹ ਅਤੇ ਬੱਚੇ ਹੁਣ ਖਾ ਲੈਂਦੇ ਹਨ ਇਸ ਲਈ ਬਾਹਰੋਂ ਮੰਗਵਾ ਲੈਂਦੈ ਹਨ।

ਆਪਣੇ ਸਿਆਸੀ ਜੀਵਨ ਦੀ ਬਾਤ ਪਾਉਂਦਿਆਂ ਧਰਮਿੰਦਰ ਨੇ ਦੱਸਿਆ ਕਿ ਉਹ ਕਦੇ ਵੀ ਸਿਆਸਤ ਵਿਚ ਜਾਣ ਦੇ ਇੱਛੁਕ ਨਹੀਂ ਸਨ ਪਰ ਪਤਾ ਨਹੀਂ ਕਿਵੇਂ ਉਨ੍ਹਾਂ ਦੇ ਮੂੰਹੋਂ ਇਕ ਵਾਰ ਹਾਂ ਨਿਕਲ ਗਈ ਜਿਸਨੇ ਉਨ੍ਹਾਂ ਨੂੰ ਸਿਆਸਤ ਦੀ ਰਾਹੇ ਪਾ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪੰਜਾਬ ਵਿਚੋਂ ਚੋਣ ਲੜਾਉਣ ਦੀਆਂ ਵੀ ਗੱਲਾਂ ਹੋਈਆਂ ਪਰ ਉਨ੍ਹਾਂ ਨੇ ਅੰਤ ਬੀਕਾਨੇਰ ਤੋਂ ਚੋਣ ਲੜਨਾ ਹੀ ਬਿਹਤਰ ਸਮਝਿਆ। ਉਨ੍ਹਾਂ ਕਿਹਾ ਕਿ ਉਹ ਸਿਆਸੀ ਘੱਟ ਤੇ ਜਜ਼ਬਾਤੀ ਵਧੇਰੇ ਹਨ ਅਤੇ ਬੀਕਾਨੇਰ ਤੋਂ ਚੋਣ ਜਿੱਤਣ ਮਗਰੋਂ ਉਨ੍ਹਾਂ ਦੇ ਮਨ ਨੂੰ ਬੜਾ ਦੁੱਖ ਲੱਗਾ ਕਿ ਉਨ੍ਹਾਂ ਦੇ ਸਾਹਮਣੇ ਖੜ੍ਹਾ ਉਮੀਦਵਾਰ ਹਾਰ ਗਿਆ ਹੈ। ਇਸ ਲਈ ਉਹ ਜਜ਼ਬਾਤੀ ਹੋਏ ਉਸ ਉਮੀਦਵਾਰ ਦੇ ਘਰ ਗਏ ਤਾਂ ਜੋ ਉਸਦਾ ਦੁੱਖ ਘਟ ਸਕੇ। ਉਨ੍ਹਾਂ ਆਖਿਆ, 'ਫ਼ਿਲਮਾਂ ਵਿਚ ਮੇਰੀਆਂ ਪ੍ਰਾਪਤੀਆਂ ਦੇ ਬਾਵਜੂਦ ਮੈਨੂੰ ਉਹ ਸਨਮਾਨ ਨਹੀਂ ਮਿਲਿਆ ਜੋ ਬਣਦਾ ਸੀ, ਹਾਂ ਮੇਰਾ ਰੱਬ ਅਤੇ ਲੋਕਾਂ ਦਾ ਪਿਆਰ ਜ਼ਰੂਰ ਮੇਰੇ ਦੇ ਨਾਲ ਰਿਹਾ।'

ਇਕ ਸਕੂਲ ਅਧਿਆਪਕ ਦੇ ਬੇਟੇ ਧਰਮਿੰਦਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਵੀ ਪ੍ਰੋਫੈਸਰ ਬਣੇ ਪਰ ਫ਼ਿਲਮਾਂ ਦੇਖ ਕੇ ਉਨ੍ਹਾਂ ਦੇ ਅੰਦਰੋਂ ਮੁੰਬਈ ਬਾਰੇ ਇਹ ਆਵਾਜ਼ ਆ ਗਈ ਸੀ ਕਿ 'ਇਹ ਜੱਨਤ ਹੈ ਅਤੇ ਇੱਥੇ ਜਾਣਾ ਚਾਹੀਦਾ ਹੈ।' ਸੋ ਉਨ੍ਹਾਂ ਨੇ ਫ਼ਿਲਮਫ਼ੇਅਰ ਦੀ ਪ੍ਰਤੀਯੋਗਿਤਾ ਦਾ ਦਾਖ਼ਲਾ ਫਾਰਮ ਭਰਿਆ ਤਾਂ ਉਨ੍ਹਾਂ ਨੂੰ 1958 ਵਿਚ ਫ਼ਿਲਮਫ਼ੇਅਰ ਵੱਲੋਂ ਪੱਤਰ ਆਇਆ ਕਿ ਉਹ ਇੰਟਰਵਿਊ ਦੇਣ ਲਈ ਬੰਬਈ ਆਉਣ ਜਿੱਥੇ ਬਿਮਲ ਰਾਏ ਅਤੇ ਗੁਰੂ ਦੱਤ ਵੱਲੋਂ ਇੰਟਰਵਿਊ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੱਤਰ ਵਿਚ ਲਿਖਿਆ ਸੀ ਕਿ ਮੁੰਬਈ ਵਿਚ ਪੰਜ ਤਾਰਾ ਹੋਟਲ ਵਿਚ ਰਹਿਣ ਦਾ ਇੰਤਜ਼ਾਮ ਹੋਵੇਗਾ ਅਤੇ ਆਉਣ ਜਾਣ ਦਾ ਰੇਲ ਦਾ ਪਹਿਲੇ ਦਰਜੇ ਦਾ ਕਿਰਾਇਆ ਮਿਲੇਗਾ ਪਰ ਉਹ ਜਾਂਦੀ ਵਾਰ ਰੇਲ ਦੇ ਤੀਜੇ ਦਰਜੇ ਵਿਚ ਹੀ ਸਫ਼ਰ ਕਰ ਕੇ ਗਏ ਕਿਉਂਕਿ ਉਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਅੱਗੋਂ ਪੈਸੇ ਮਿਲਣਗੇ ਵੀ ਕਿ ਨਹੀਂ।

'ਕੀ ਕੋਈ ਸ਼ੋਅਜ਼ ਵੀ ਕਰਦੇ ਹੋ?' ਇਸ ਸਵਾਲ ਦੇ ਜਵਾਬ ਵਿਚ ਧਰਮਿੰਦਰ ਨੇ ਕਿਹਾ ਕਿ ਨਹੀਂ, ਉਨ੍ਹਾਂ ਦੀ ਹਮੇਸ਼ਾ ਫ਼ਿਲਮਾਂ ਵਿਚ ਹੀ ਦਿਲਚਸਪੀ ਰਹੀ ਹੈ। ਉਨ੍ਹਾਂ ਕਿਹਾ ਕਿ 'ਪੈਸੇ ਦੀ ਕਦੇ ਬਹੁਤੀ ਚਾਹਨਾ ਨਹੀਂ ਰਹੀ, ਇਸ ਲਈ ਸ਼ੋਅਜ਼ ਵੱਲ ਧਿਆਨ ਨਹੀਂ ਦਿੱਤਾ।' ਉਨ੍ਹਾਂ ਕਿਹਾ ਕਿਹਾ ਕਿ ਉਨ੍ਹਾਂ ਨੂੰ ਤਾਂ 'ਯਮਲਾ ਪਗਲਾ ਦੀਵਾਨਾ' ਦੀ ਮਸ਼ਹੂਰੀ ਲਈ ਜਗ੍ਹਾ ਜਗ੍ਹਾ ਜਾਣਾ ਵੀ ਔਖਾ ਹੀ ਲੱਗਾ ਪਰ ਇਹ ਕਰਨਾ ਪਿਆ ਕਿਉਂਕਿ ਹੁਣ ਇਹ ਰਿਵਾਜ ਜਿਹਾ ਹੀ ਪੈ ਚੁੱਕਾ ਹੈ।

ਪੰਜਾਬ ਅੰਦਰ ਮਾਂ ਦੀ ਬੁੱਕਲ ਵਰਗਾ ਨਿੱਘ - ਧਰਮਿੰਦਰ

ਜਲੰਧਰ, 9 ਫਰਵਰੀ (ਮਨਜੀਤ ਸਿੰਘ ਗਿੱਲ)-ਸ਼ਹੀਦ ਭਗਤ ਸਿੰਘ ਦੇ ਪਿੰਡ ਤੋਂ ਜਗਦੀ ਮਸ਼ਾਲ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਰ ਹਾਲ 'ਚ ਲਿਆਉਣ ਤੋਂ ਬਾਅਦ ਆਪਣੇ ਹਜ਼ਾਰਾਂ ਪ੍ਰਸੰਸਕਾਂ 'ਚ ਘਿਰੇ ਪੰਜਾਬੀਆਂ ਦੇ ਮਹਾਂਨਾਇਕ ਤੇ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਧਰਮਿੰਦਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਦ ਤੱਕ ਉਸ ਨੂੰ ਪੰਜਾਬੀ ਆਪਣੇ ਪਿਆਰ ਅਤੇ ਸ਼ੁੱਭ-ਇਛਾਵਾਂ ਨਾਲ ਸਿੰਜਦੇ ਰਹਿਣਗੇ ਤਦ ਤੱਕ ਉਹ ਹਮੇਸ਼ਾ ਬੁਲੰਦੀਆ ਦੀਆਂ ਮੰਜ਼ਿਲ੍ਹਾਂ ਨੂੰ ਪਾਰ ਕਰਦੇ ਜਾਣਗੇ ਅਤੇ ਜਦੋਂ ਪੰਜਾਬੀ ਉਸ ਨੂੰ ਆਪਣੇ ਦਿਲਾਂ 'ਚੋਂ ਕੱਢ ਦੇਣਗੇ ਉਹ ਖਤਮ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਦੀ ਫੇਰੀ ਮੌਕੇ ਪ੍ਰਸੰਸਕਾਂ ਦੇ ਪਿਆਰ ਨੂੰ ਵੇਖਦਿਆਂ ਮਾਂ ਦੀ ਬੁੱਕਲ ਵਰਗਾ ਨਿੱਘ ਮਹਿਸੂਸ ਹੋਇਆ ਜੋ ਕਿ ਉਨ੍ਹਾਂ ਨੂੰ ਦੁਨੀਆਂ ਦੇ ਕਿਸੇ ਕੋਨੇ 'ਚ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਨੇਕੀ ਅਤੇ ਪੰਜਾਬੀਆਂ ਦਾ ਪਿਆਰ ਹੀ ਉਸ ਦੀ ਸ਼ਕਤੀ ਹੈ ਅਤੇ ਇਸੇ ਸ਼ਕਤੀ ਨਾਲ ਉਸ ਨੂੰ ਮਹਾਂਰਾਸ਼ਟਰ ਦੀ ਧਰਤੀ 'ਤੇ ਪ੍ਰਸਿੱਧੀ ਦਾ ਮਾਣ ਹਾਸਲ ਕਰਵਾਇਆ ਹੈ ਜਦਕਿ ਦਰਮਿਆਨੇ ਘਰ ਦੇ ਇਕ ਲੜਕੇ ਦਾ ਇਸ ਮੁਕਾਮ 'ਤੇ ਪਹੁੰਚਣਾ ਨਾਮੁਮਕਿਨ ਸੀ। ਇਸ ਮੌਕੇ ਉਨ੍ਹਾਂ ਦੀਆਂ ਫਿਲਮ ਜਗਤ 'ਚ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਰੁਸਤਮੇ ਬਾਲੀਵੁੱਡ ਦੇ ਖਿਤਾਬ ਨਾਲ ਨਿਵਾਜਿਆ ਗਿਆ। ਉਨ੍ਹਾਂ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦਿਲੀ ਤਮੰਨਾ ਹੈ ਕਿ ਸਾਰੀ ਦੁਨੀਆਂ ਇਕ ਹੋ ਜਾਵੇ।

ਧੰਨਵਾਦ ਸਾਹਿਤ ਅਜੀਤ ਜਲੰਧਰ ‘ਚੋਂ 10.02.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms