Friday, February 4, 2011

ਬੱਚਿਆਂ ਨੂੰ ਮੰਦਬੁੱਧੀ ਬਣਾਉਂਦੀ ਹੈ ਅਪ੍ਰਤੱਖ ਸਿਗਰਟਨੋਸ਼ੀ

ਸਿਨਸਿਨਾਟੀ ਦੇ ਚਿਲਡ੍ਰਨ’ਸ ਇਨਵਾਇਰਨਮੈਂਟਸ ਹੈਲਥ ਦੇ ਵਿਗਿਆਨਕਾਂ ਨੇ ਇਕ ਖੋਜ ‘ਚ ਦੇਖਿਆ ਕਿ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀਆਂ ਵੱਲੋਂ ਛੱਡਿਆ ਗਿਆ ਧੂੰਆਂ ਸਾਹ ਰਾਹੀਂ ਬੱਚਿਆਂ ਦੇ ਸਰੀਰ ‘ਚ ਪਹੁੰਚਦਾ ਹੈ ਅਤੇ ਇਹ ਅਪ੍ਰਤੱਖ ਸਿਗਰਟਨੋਸ਼ੀ ਬੱਚਿਆਂ ਨੂੰ ਮੰਦਬੁੱਧੀ ਬਣਾਉਂਦੀ ਹੈ।

ਇਸ ਅਧਿਐਨ ਲਈ ਵਿਗਿਆਨਕਾਂ ਨੇ 6 ਤੋਂ 16 ਸਾਲ ਦੀ ਉਮਰ ਵਰਗ ਦੇ 6 ਹਜ਼ਾਰ 400 ਬੱਚਿਆਂ ਦੀ ਜਾਂਚ ਕੀਤੀ। ਕਿਹੜਾ ਬੱਚਾ ਕਿੰਨੀ ਦੇਰ ਤਕ ਸਿਗਰਟਨੋਸ਼ੀ ਵਾਲੇ ਮਾਹੌਲ ‘ਚ ਰਿਹਾ, ਇਹ ਪਤਾ ਲਗਾਉਣ ਲਈ ਉਨ੍ਹਾਂ ਦੇ ਖੂਨ ਦੀ ਜਾਂਚ ਕੀਤੀ ਗਈ। ਇਸ ਜਾਂਚ ‘ਚ ਉਨ੍ਹਾਂ ਦੇ ਸਰੀਰ ‘ਚ ਮੌਜੂਦ ਕੋਟੀਨਿਨ ਦਾ ਪੱਧਰ ਮਾਪਿਆ ਗਿਆ। ਸਾਹ ਰਾਹੀਂ ਜਾਂ ਕਿਸੇ ਹੋਰ ਤਰੀਕੇ ਰਾਹੀਂ ਸਰੀਰ ‘ਚ ਪਹੁੰਚੇ ਨਿਕੋਟਿਨ ਨੂੰ ਸਾਡਾ ਸਰੀਰ ਕੋਟੀਨਿਨ ‘ਚ ਤਬਦੀਲ ਕਰ ਦਿੰਦਾ ਹੈ। ਇਸ ਪਿੱਛੋਂ ਸਾਰੇ ਬੱਚਿਆਂ ਦੀ ਮਾਨਸਿਕ ਯੋਗਤਾ ਦੀ ਜਾਂਚ ਲਈ ਇਕ ਟੈਸਟ ਲਿਆ ਗਿਆ। ਵਿਗਿਆਨਕਾਂ ਨੇ ਦੇਖਿਆ ਕਿ ਜੋ ਬੱਚੇ ਸਿਗਰਟਨੋਸ਼ੀ ਵਾਲੇ ਮਾਹੌਲ ‘ਚ ਬਹੁਤੀ ਦੇਰ ਤਕ ਰਹੇ ਸਨ, ਜਿਨ੍ਹਾਂ ਦੇ ਸਰੀਰ ‘ਚ ਕੋਟੀਨਿਨ ਦਾ ਪੱਧਰ ਵਧੇਰੇ ਸੀ, ਟੈਸਟ ‘ਚ ਉਨ੍ਹਾਂ ਦਾ ਪ੍ਰਦਰਸ਼ਨ ਓਨਾ ਹੀ ਬੁਰਾ ਰਿਹਾ। ਇਹ ਬੱਚੇ ਗਣਿਤ, ਡਿਬੇਟ ਅਤੇ ਰੀਜ਼ਨਿੰਗ ਦੇ ਇਮਤਿਹਾਨ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ।

ਖੋਜ ‘ਚ ਇਹ ਵੀ ਦੇਖਿਆ ਗਿਆ ਕਿ ਘੱਟ ਸਮੇਂ ਤਕ ਸਿਗਰਟਨੋਸ਼ੀ ਵਾਲੇ ਮਾਹੌਲ ‘ਚ ਰਹਿਣ ਨਾਲ ਵੀ ਬੱਚਿਆਂ ਦੀ ਮਾਨਸਿਕ ਸਮਰੱਥਾ ‘ਤੇ ਅਸਰ ਹੁੰਦਾ ਹੈ ਪਰ ਵਧੇਰੇ ਸਮੇਂ ਤਕ ਇਸ ਮਾਹੌਲ ‘ਚ ਰਹਿਣ ਨਾਲ ਬਹੁਤ ਨੁਕਸਾਨ ਹੁੰਦਾ ਹੈ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 03.02.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms