Sunday, January 30, 2011

ਆਦਰਸ਼ ਪਤੀ ਪਤਨੀ ਦੇ ਗੁਣ - ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ


੧ ਹਮੇਸ਼ਾਂ ਸੱਚ ਬੋਲੋ। ਇਹ ਸੱਚੇ ਮਾਰਗ ਦਰਸ਼ਕ ਵਾਂਗ ਤੁਹਾਨੂੰ ਰਾਹ ਦਿਖਾਏਗਾ। ਮਾਮੂਲੀ ਝੂਠ ਵੀ ਬੇਯਕੀਨੀ ਪੈਦਾ ਕਰਦਾ ਹੈ।

੨ ਪਤੀ ਦਾ ਭੇਦ ਪਾਓ। ਉਸ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਪਹਿਨਣ ਦਾ ਪੂਰਾ ਧਿਆਨ ਰੱਖੋ। ਪਤੀ ਦੀ ਪਸੰਦ, ਨਾਪਸੰਦ ਨੋਟ ਕਰੋ।

੩ ਜਿਹੜੀਆਂ ਚੀਜ਼ਾਂ ਪਤੀ ਨੂੰ ਪਿਆਰੀਆਂ ਹਨ ਤੇ ਜਿਨ੍ਹਾਂ ਨੂੰ ਉਹ ਪਸੰਦ ਕਰਦਾ ਹੈ, ਉਨ੍ਹਾਂ ਪ੍ਰਤੀ ਵੀ ਦਿਲਚਸਪੀ ਪੈਦਾ ਕਰੋ। ਜਿਨ੍ਹਾਂ ਚੀਜ਼ਾਂ ਨਾਲ ਉਸ ਨੂੰ ਨਫ਼ਰਤ ਹੈ, ਉਨ੍ਹਾਂ ਨਾਲ ਆਪਣੀ ਪਸੰਦੀਦਗੀ ਦਾ ਇਜ਼ਹਾਰ ਨਾ ਕਰੋ। ਵਿਚਾਰਾਂ ’ਚ ਸਮਰੂਪਤਾ ਪੈਦਾ ਕਰੋ।

੪ ਜਦੋਂ ਪਤੀ ਬਾਹਰੋਂ ਥੱਕਿਆ-ਹਾਰਿਆ, ਪਰੇਸ਼ਾਨ ਤੇ ਚਿੰਤਾਗ੍ਰਸਤ ਘਰ ਆਏ ਤਾਂ ਉਸ ਦਾ ਖ਼ੁਸ਼ੀ ਨਾਲ ਸਵਾਗਤ ਕਰੋ। ਉਸ ਸਮੇਂ ਆਰਥਿਕ ਪਰੇਸ਼ਾਨੀਆਂ, ਖਾਨਦਾਨੀ ਝਗੜਿਆਂ ਤੇ ਘਰੇਲੂ ਮਾਮਲਿਆਂ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ।

੫ ਆਪਣੇ ਆਪ ਨੂੰ ਸਹੁਰੇ ਘਰਬਾਰ ਅਨੁਸਾਰ ਢਾਲੋ। ਸਹੁਰੇ ਘਰ ਦੇ ਕੰਮਕਾਰ ਤੇ ਤੌਰ-ਤਰੀਕਿਆਂ ਨੂੰ ਚੰਗੀ ਤਰ੍ਹਾਂ ਦੇਖੋ, ਸਮਝੋ ਅਤੇ ਅਪਨਾਓ।

੬ ਸਹੁਰਿਆਂ ਦੀਆਂ ਗੱਲਾਂ ਪੇਕਿਆਂ ਵਿਚ ਤੇ ਪੇਕਿਆਂ ਦੀਆਂ ਗੱਲਾਂ ਸਹੁਰਿਆਂ ਵਿਚ ਨਾ ਕਰੋ। ਘਰ ਦਾ ਕੋਈ ਵੀ ਮਸਲਾ ਮਿਲ-ਬੈਠ ਕੇ ਹੱਲ ਕਰੋ। ਬਹਿਸਬਾਜ਼ੀ ਤੋਂ ਬਚੋ।

੭ ‘ਜੀ ਕਹੋ, ਜੀ ਕਹਾਓ’ ਬਜ਼ੁਰਗਾਂ ਦਾ ਸਤਿਕਾਰ ਅਤੇ ਯੋਗ ਸਾਂਭ-ਸੰਭਾਲ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਪੂਰੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਕਰੋ।

੮ ਘਰ ਦੇ ਕੰਮਕਾਰ ਵਿਚ ਪਾਰਦਰਸ਼ਤਾ ਲਿਆਓ ਅਤੇ ਉਨ੍ਹਾਂ ਨੂੰ ਸੂਚੀਬੱਧ ਕਰੋ। ਘਰ ਨੂੰ ਨਿਯਮਤ ਢੰਗ ਨਾਲ ਚਲਾਓ। ਹਰ ਚੀਜ਼ ਨੂੰ ਸਮੇਂ ਸਿਰ ਟਿਕਾਣੇ ਤੇ ਰੱਖੋ।

੯ ਫ਼ਜ਼ੂਲ ਖ਼ਰਚੀ ਤੋਂ ਸੰਕੋਚ ਕਰੋ। ਆਪਣੇ ਪਤੀ ਦੀ ਆਮਦਨ ਤੇ ਆਪਣੇ ਸਰੋਤਾਂ ਨੂੰ ਦੇਖਦਿਆਂ ਖ਼ਰਚ ਕਰੋ। ਜੋ ਕੋਲ ਹੈ, ਉਸਦੀ ਕਦਰ ਕਰੋ। ਜੋ ਕੋਲ ਨਹੀਂ ਹੈ ਜਾਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਉਸ ਨੂੰ ਨਾ ਲੋਚੋ। ਲੋਕ ਦਿਖਾਵੇ ਤੋਂ ਬਚੋ।

੧੦ ਪਹਿਲਾਂ ਆਪਣੇ ਫਰਜ਼ਾਂ ਤੇ ਦਾਇਰੇ ਨੂੰ ਪਹਿਚਾਣੋਂ ਅਤੇ ਫਿਰ ਹੱਕਾਂ ਦੀ ਗੱਲ ਕਰੋ।

੧੧ ਗੈਰੀਅਤ ਨਾ ਵਰਤੋਂ। ਇਕ-ਦੂਜੇ ’ਤੇ ਵਿਸ਼ਵਾਸ ਕਰੋ। ਆਪਸੀ ਰਿਸ਼ਤਾ ਚੰਗੀਆਂ ਕਦਰਾਂ-ਕੀਮਤਾਂ ਅਤੇ ਆਪਸੀ ਸਤਿਕਾਰ ਉੱਪਰ ਕਾਇਮ ਰੱਖੋ।

੧੨ ਘਰ ਆਏ ਮਹਿਮਾਨਾਂ ਦਾ ਖਿੜੇ-ਮੱਥੇ ਸਵਾਗਤ ਕਰੋ, ਚਾਹੇ ਉਹ ਤੁਹਾਡੇ ਪੇਕਿਆਂ ਦੀ ਰਿਸ਼ਤੇਦਾਰੀ ਵਿਚੋਂ ਹੋਣ ਜਾਂ ਸਹੁਰਿਆਂ ਵੱਲੋਂ। ਸਭ ਦੀ ਇਕੋ ਜਿਹੀ ਮਹਿਮਾਨ-ਨਿਵਾਜ਼ੀ ਕਰੋ।

੧੩ ‘ਪਹਿਲਾਂ ਤੋਲੋ, ਫ਼ਿਰ ਬੋਲੋ’ ਕੋਈ ਵੀ ਗੱਲ ਪਹਿਲਾਂ ਸੋਚ ਕੇ ਭਾਵ ਤਿਆਰੀ ਕਰ ਕੇ ਕਹੋ ਤਾਂ ਕਿ ਸੁਣਨ ਵਾਲੇ ਨੂੰ ਕੋਈ ਗ਼ਲਤਫ਼ਹਿਮੀ ਜਾਂ ਬੇਸਮਝੀ ਨਾ ਹੋਵੇ। ਸ਼ਾਂਤੀ ਅਤੇ ਸੰਜਮ ਨਾਲ ਇਕ ਦੂਜੇ ਦੀ ਗੱਲ ਸੁਣੋ। ਆਪਣੇ ਆਪ ਤੇ ਕਾਬੂ ਰੱਖੋ।

੧੪ ਗਲਤੀ ਹੋਣ ਤੇ ਗਲਤੀ ਮੰਨੋ ਅਤੇ ਅੱਗੇ ਤੋਂ ਧਿਆਨ ਰੱਖਣ ਦਾ ਵਾਅਦਾ ਕਰੋ। ਗਲਤੀਆਂ ਤੋਂ ਨਸੀਹਤ ਲਵੋ।

੧੫ ਖ਼ੁਦਕੁਸ਼ੀ ਬਾਰੇ ਸੋਚਣਾਂ, ਕਾਇਰਤਾ ਅਤੇ ਆਪਣੀ ਕਿਸਮਤ ਨੂੰ ਰੋਣਾਂ, ਮੂਰਖ਼ਤਾ ਹੈ।

੧੬ ਕੁਝ ਨਵਾਂ ਸਿੱਖਣ ਦੀ ਸੋਚ ਨੂੰ ਕਦੇ ਨਾ ਮਾਰੋ। ਆਪਣੀ ਸੋਚ ਨੂੰ ਉੱਚੀ ਅਤੇ ਸੁੱਚੀ ਰੱਖੋ।

੧੭ ਲੋੜ ਤੋਂ ਜ਼ਿਆਦਾ ਨੀਂਦ, ਮੰਨੋਰੰਜਨ ਅਤੇ ਦੋਸਤਾਂ-ਸਹੇਲੀਆਂ ਨੂੰ ਪਹਿਲ ਕਦੇ ਨਾ ਦਿਓ।

੧੮ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਪਤੀ ਦੀ ਰਾਏ ਜ਼ਰੂਰ ਜਾਣ ਲਓ। ਪਤੀ ਕੋਲੋਂ ਹਰ ਕੰਮ ਵਿਚ ਯੋਗ ਅਗਵਾਈ ਲਓ।

੧੯ ਆਪਣੀਆਂ ਪਿਆਰ ਭਾਵਨਾਵਾਂ ਨੂੰ ਸ਼ਬਦਾਂ ਦਾ ਰੂਪ ਦਿਓ। ਦਿਲ ਦੀਆਂ ਗੱਲਾਂ ਦਿਲ ਵਿਚ ਨਾ ਰੱਖੋ।

੨੦ ਸਬਰ, ਸੰਤੋਖ ਵਾਲਾ ਤੇ ਸਾਦਾ ਜੀਵਨ ਬਸਰ ਕਰਨ ਵਿਚ ਹੀ ਭਲਾਈ ਹੈ। ਰੱਬ ਦਾ ਨਾਂ ਲੈ ਕੇ ਹਮੇਸ਼ਾ ਸ਼ਾਂਤ ਤੇ ਖ਼ੁਸ਼ ਰਹੋ। ਹਰ ਹਾਲਤ ’ਚ ਰੱਬ ਦਾ ਧੰਨਵਾਦ ਕਰੋ।

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms